ਸਾਵਧਾਨ! ਆਨਲਾਈਨ ਠੱਗ ਕਰ ਰਹੇ ਫੇਕ ਪ੍ਰੋਫਾਈਲ ਸਕੈਮ

09/29/2022 3:17:00 PM

ਫਗਵਾੜਾ : (ਅਭਿਸ਼ੇਕ) ਅੱਜ ਦੇ ਦੌਰ ’ਚ ਇੰਟਰਨੈੱਟ ਦੇ ਨਾਲ ਦੁਨੀਆਂ ਨੇ ਬਹੁਤ ਤਰੱਕੀ ਕੀਤੀ ਹੈ ਜਿੱਥੇ ਇਸ ਦੇ ਸਮਾਜ ਲਈ ਕਾਫ਼ੀ ਫ਼ਾਇਦੇ ਹਨ ਉਸ ਦੇ ਨਾਲ ਹੀ ਇਸ ਦੀਆਂ ਕੁਝ ਬੁਰਾਈਆਂ ਵੀ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।

ਸਕੈਮ ਜਾਂ ਠੱਗੀ ਕਰਨ ਦਾ ਚਲਨ ਬਹੁਤ ਲੰਮੇ ਦੌਰ ਤੋਂ ਚਲਦਾ ਆ ਰਿਹਾ ਹੈ ਪਰ ਟੈਕਨਾਲੋਜੀ ਦੇ ਆਧੁਨਿਕ ਹੋਣ ਨਾਲ ਠੱਗੀ ਕਰਨ ਦੇ ਤਰੀਕਿਆਂ ’ਚ ਵੀ ਬਦਲਾਅ ਆ ਰਿਹਾ ਹੈ। ਜੇਕਰ ਗੱਲ ਅੱਜ ਦੀ ਕਰੀਏ ਤਾਂ ਆਨਲਾਈਨ ਠੱਗੀ, ਜਿਸ ਨੂੰ ‘ਸਕੈਮ’ ਦੀ ਦੁਨੀਆ ਵਿਚ ਫਿਸ਼ਿੰਗ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਇਕ ਚਲਨ ਬਣ ਚੁੱਕਾ ਹੈ। ਜਿਸ ਦੇ ਚਲਦੇ ਆਨਲਾਈਨ ਬੈਠੇ ਠੱਗ ਲੋਕਾਂ ਨੂੰ ਸਕੈਮ ਕਾਲ ਜਾਂ ਸਕੈਮ ਮੈਸਿਜ ਆਦਿ ਕਰ ਕੇ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ।ਉਕਤ ਠੱਗ ਲੋਕਾਂ ਕੋਲੋਂ ਉਨ੍ਹਾਂ ਦਾ ਓ. ਟੀ. ਪੀ. ਲੈ ਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੇ ਬਿਨਾਂ ਖ਼ਾਤੇ 'ਚੋ ਸਾਰੇ ਪੈਸੇ ਸਾਫ ਕਢਵਾ ਲੈਂਦੇ ਹਨ।

ਸਮੇਂ-ਸਮੇਂ ’ਤੇ ਬਦਲਿਆ ਜਾਂਦੈ ਸਕੈਮ ਦਾ ਤਰੀਕਾ

ਜਿਵੇਂ ਹੀ ਇਨ੍ਹਾਂ ਠੱਗਾਂ ਦੇ ਸਕੈਮ ਤਰੀਕੇ ਦੀ ਜਾਣਕਾਰੀ ਲੋਕਾਂ ਨੂੰ ਹੋ ਜਾਂਦੀ ਹੈ ਤਾਂ ਇਹ ਠੱਗ ਆਪਣਾ ਠੱਗੀ ਕਰਨ ਦਾ ਤਰੀਕਾ ਬਦਲ ਲੈਂਦੇ ਹਨ।
ਜ਼ਿਕਰਯੋਗ ਹੈ ਕਿ ਆਨਲਾਈਨ ਠੱਗੀ ਕਰਨ ਵਾਲੇ ਠੱਗ ਸਮੇਂ-ਸਮੇਂ ’ਤੇ ਸਕੈਮ ਕਰਨ ਦਾ ਤਰੀਕਾ ਬਦਲਦੇ ਰਹਿੰਦੇ ਹਨ। ਉਕਤ ਆਨਲਾਈਨ ਠੱਗ ਨਵੇਂ-ਨਵੇਂ ਤਰੀਕੇ ਦੇ ਸਕੈਮ ਘੜਦੇ ਰਹਿੰਦੇ ਹਨ ਅਤੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਚੂਨਾ ਲਗਾਉਂਦੇ ਹਨ।

ਕੀ ਹੈ ਫੇਕ ਪ੍ਰੋਫਾਈਲ ਸਕੈਮ

ਸੂਤਰਾਂ ਅਨੁਸਾਰ ਅੱਜ ਕੱਲ੍ਹ ਕਈ ਸਕੈਮਰ ਫੇਕ ਪ੍ਰੋਫਾਈਲ ਸਕੈਮ ਦਾ ਸਹਾਰਾ ਲੈ ਕੇ ਵੀ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ ਜਿਸ ਦੇ ਚੱਲਦਿਆਂ ਉਕਤ ਠੱਗ ਕਥਿਤ ਤੌਰ ’ਤੇ ਅਹੁਦੇਦਾਰ ਅਤੇ ਵੱਡੇ ਅਫ਼ਸਰਾਂ ਦੇ ਨਾਂ ਦੀ ਵਰਤੋਂ ਕਰ ਕੇ ਅਤੇ ਉਨ੍ਹਾਂ ਦੀ ਫੋਟੋ ਲਗਾ ਕੇ ਲੋਕਾਂ ਨੂੰ ਮੈਸੇਜ ਆਦਿ ਕਰਦੇ ਹਨ ਤਾਂ ਜੋ ਉਨ੍ਹਾਂ ਨਾਲ ਠੱਗੀ ਕੀਤੀ ਜਾ ਸਕੇ।

ਅਜਿਹੇ 'ਚ ਦੇਖਿਆ ਗਿਆ ਹੈ ਕੀ ਕਈ ਅਫ਼ਸਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਫੇਕ ਪ੍ਰੋਫਾਈਲਾਂ ਬਾਰੇ ਇਤਲਾਹ ਦਿੰਦੇ ਹੋਏ ਜਾਗਰੂਕ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਫਰਜ਼ੀ ਮੈਸੇਜ ਜਾਂ ਕਾਲ ਆਦਿ ਤੋਂ ਬਚਿਆ ਜਾਵੇ। ਅਜਿਹੇ ਵਿਚ ਇਹ ਸੁਭਾਵਿਕ ਹੈ ਕੀ ਅੱਜ ਦੇ ਦੌਰ ਵਿਚ ਅਸੀਂ ਸਾਡਾ ਨਿਜੀ ਡਾਟਾ ਸੁਰੱਖਿਅਤ ਹੋਣ ਦਾ ਦਾਅਵਾ ਨਹੀਂ ਕਰ ਸਕਦੇ, ਕਿਉਂਕਿ ਸਾਡੇ ਫੋਨ ਵਿਚੋਂ ਕੰਟੈਕਟਸ ਆਦਿ ਦਾ ਲੀਕ ਹੋਇਆ ਡਾਟਾ ਵੀ ਇਨ੍ਹਾਂ ਠੱਗਾਂ ਦਾ ਠੱਗੀ ਕਰਨ ਦਾ ਜ਼ਰੀਆ ਮੰਨਿਆ ਜਾ ਸਕਦਾ ਹੈ।

ਫੇਕ ਪ੍ਰੋਫਾਈਲ ਸਕੈਮ ਤੋਂ ਬਚਣ ਲੋਕ : ਐੱਸ. ਐੱਸ. ਪੀ. ਖੰਨਾ

ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਖੰਨਾ ਡੀ. ਐੱਚ. ਓਮ ਪ੍ਰਕਾਸ਼ ਨੇ ਕਿਹਾ ਕਿ ਫੇਕ ਪ੍ਰੋਫਾਈਲ ਸਕੈਮ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਕਤ ਸਕੈਮਰ ਟੈਲੀਕਾਮ ਕੰਪਨੀ ਜਾਂ ਫਿਰ ਕਿਸੇ ਹੋਰ ਸਾਧਨ ਰਾਹੀਂ ਮੋਬਾਇਲ ਨੰਬਰ ਲੈ ਲੈਂਦੇ ਹਨ ਅਤੇ ਉਨ੍ਹਾਂ ਨੂੰ ਆਨਲਾਈਨ ਅਧਿਕਾਰਿਕ ਵੈੱਬਸਾਈਟ ਤੋਂ ਬਾਕੀ ਦਾ ਡਾਟਾ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਕਿ ਕਿਸੇ ਅਫ਼ਸਰ ਦੇ ਨਾਲ ਕਿੰਨੇ ਲੋਕ ਜਾਂ ਅਫ਼ਸਰ ਲਿੰਕ ਹਨ। ਜਿਸ ਤੋਂ ਬਾਅਦ ਉਕਤ ਸਕੈਮਰ ਲੋਕਾਂ ਨੂੰ ਮੈਸੇਜ ਕਰਦੇ ਹਨ ਅਤੇ ਪੈਸੇ ਦੀ ਮੰਗ ਕਰਦੇ ਹਨ। ਕੁਝ ਲੋਕ ਉਨ੍ਹਾਂ ਨੂੰ ਪੈਸੇ ਮੁਹੱਈਆ ਕਰਵਾ ਵੀ ਦਿੰਦੇ ਹਨ ਅਤੇ ਕੁਝ ਲੋਕ ਪੈਸੇ ਦੇਣ ਤੋਂ ਪਹਿਲਾਂ ਇਕ ਵਾਰ ਕ੍ਰਾਸ ਚੈੱਕ ਕਰ ਲੈਂਦੇ ਹਨ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਜੇਕਰ ਕੋਈ ਕਿਸੇ ਵੀ ਨਾਮਵਰ ਅਫ਼ਸਰ ਜਾਂ ਵਿਅਕਤੀ ਵਿਸ਼ੇਸ਼ ਦੀ ਫੋਟੋ ਆਦਿ ਲਗਾ ਕੇ ਫੇਕ ਪ੍ਰੋਫਾਈਲ ਦਾ ਇਸਤੇਮਾਲ ਕਰ ਕੇ ਪੈਸੇ ਮੰਗਦਾ ਹੈ ਤਾਂ ਲੋਕਾਂ ਨੂੰ ਪੈਸੇ ਦੇਣ ਤੋਂ ਪਹਿਲਾਂ ਜ਼ਰੂਰ ਇਕ ਵਾਰ ਕਾਲ ਕਰ ਕੇ ਪਤਾ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨਾਲ ਅਜਿਹਾ ਸਕੈਮ ਹੁੰਦਾ ਹੈ ਤਾਂ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਾਈਬਰ ਫਰਾਡ ਕੰਪਲੇਂਟ ਦੇ ਨੰਬਰ ’ਤੇ ਸੰਪਰਕ ਕਰਨਾ ਚਾਹੀਦਾ ਹੈ ਅਤੇ ਅਜਿਹੇ ’ਚ ਉਨ੍ਹਾਂ ਦੇ ਖਾਤੇ ਵਿਚੋਂ ਹੋਈ ਟ੍ਰਾਂਸੈਕਸ਼ਨ ਇਕ ਘੰਟੇ ਦੇ ਅੰਦਰ ਰਿਵਰਟ ਵੀ ਕੀਤੀ ਜਾ ਸਕਦੀ ਹੈ।

ਕਿਸੇ ਨਾਲ ਵੀ ਆਪਣੀ ਨਿੱਜੀ ਜਾਣਕਾਰੀ ਨਾ ਕਰੋ ਸਾਂਝੀ : ਐੱਸ.ਪੀ.

ਐੱਸ. ਪੀ. ਫਗਵਾੜਾ ਮੁਖ਼ਤਿਆਰ ਰਾਏ ਨੇ ਕਿਹਾ ਕਿ ਆਨਲਾਈਨ ਸਕੈਮ ਤੋਂ ਬਚਣ ਲਈ ਲੋਕਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਆਪਣਾ ਨਿਜੀ ਡਾਟਾ ਉਹ ਸ਼ੇਅਰ ਕਰ ਰਹੇ ਹਨ, ਉਸ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ। ਜੇਕਰ ਕੋਈ ਵਿਅਕਤੀ ਕਾਲ ਜਾਂ ਮੈਸੇਜ ਤੇ ਤੁਹਾਡੇ ਕੋਲੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਤੁਹਾਨੂੰ ਪਹਿਲਾਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਸ ਦੀ ਪ੍ਰੋਫਾਈਲ ਫੋਟੋ ਉਹ ਇਸਤੇਮਾਲ ਕਰ ਰਿਹਾ ਹੈ ਉਹ ਪ੍ਰੋਫਾਇਲ ਫੋਟੋ ਉਸ ਵਿਅਕਤੀ ਦੀ ਹੀ ਹੈ ਅਤੇ ਉਹ ਕੋਈ ਸਕੈਮਰ ਨਹੀਂ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਮੈਸੇਜ ਆਦਿ ਰਾਹੀਂ ਆਉਣ ਵਾਲੇ ਕਿਸੇ ਅਣਜਾਣ ਲਿੰਕ ’ਤੇ ਕਲਿੱਕ ਨਹੀਂ ਕਰਨਾ ਚਾਹੀਦਾ। ਲੋਕਾਂ ਨੂੰ ਚਾਹੀਦਾ ਹੈ ਕੀ ਉਹ ਆਨਲਾਈਨ ਸਕੈਮ ਦੇ ਪ੍ਰਤੀ ਜਾਗਰੂਕ ਰਹਿਣ ਤਾਂ ਜੋ ਕੋਈ ਵੀ ਠੱਗੀ ਦਾ ਸ਼ਿਕਾਰ ਨਾ ਹੋਵੇ।

ਅਜਿਹੇ ਪ੍ਰੇਸ਼ਾਨੀ ਆਉਣ ’ਤੇ ਬੇਝਿਜਕ ਸਾਈਬਰ ਸੈੱਲ ਨਾਲ ਕਰੋ ਸੰਪਰਕ : ਅਮਨਦੀਪ ਕੌਰ

ਇੰਚਾਰਜ ਸਾਈਬਰ ਸੈੱਲ ਕਪੂਰਥਲਾ ਇੰਸਪੈਕਟਰ ਅਮਨਦੀਪ ਕੌਰ ਨੇ ਕਿਹਾ ਕਿ ਆਨਲਾਈਨ ਸਕੈਮ ਪ੍ਰਤੀ ਲੋਕਾਂ ਨੂੰ ਸਤਰਕ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਨਲਾਈਨ ਸਕੈਮ ਦੀਆਂ ਕਈ ਕੰਪਲੇਂਟਸ ਪ੍ਰਾਪਤ ਹੁੰਦੀਆਂ ਹਨ, ਜਿਨ੍ਹਾਂ ਵਿਚ ਸਕੈਮਰ ਵੱਲੋਂ ਲਿੰਕ ਆਦਿ ਭੇਜ ਕੇ ਸਕੈਮ ਕੀਤਾ ਜਾਂਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕੀ ਉਹ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰਨ ਅਤੇ ਜੇਕਰ ਕੋਈ ਅਜਿਹੀ ਕਾਲ ਜਾਂ ਮੈਸੇਜ ਆਉਂਦਾ ਹੈ ਤਾਂ ਉਸ ਦੀ ਪ੍ਰਮਾਣਿਕਤਾ ਦੀ ਪੜਤਾਲ ਕਰਨੀ ਚਾਹੀਦੀ ਹੈ। ਉਨ੍ਹਾਂ ਜੇਕਰ ਕਿਸੇ ਨੂੰ ਆਨਲਾਈਨ ਠੱਗੀ ਸਬੰਧੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਬੇਝਿਜਕ ਸਾਈਬਰ ਸੈੱਲ ਨਾਲ ਸੰਪਰਕ ਕਰ ਸਕਦਾ ਹੈ।

Harnek Seechewal

This news is Content Editor Harnek Seechewal