ਬੱਲ ਹਸਪਤਾਲ ਦੀ ਅਲਟਰਾਸਾਊਂਡ ਸਕੈਨਿੰਗ ਮਸ਼ੀਨ ਸੀਲ

12/09/2018 3:47:43 AM

ਜਲੰਧਰ, (ਰੱਤਾ)- ਭਰੂਣ ਹੱਤਿਆ ਨੂੰ ਰੋਕਣ ਲਈ ਬਣਾਏ ਗਏ ਪੀ. ਸੀ. ਪੀ. ਐੱਨ. ਡੀ. ਟੀ.  ਐਕਟ ਨੂੰ ਜ਼ਿਲੇ ’ਚ ਸਹੀ ਢੰਗ ਨਾਲ ਲਾਗੂ ਕਰਨ ਲਈ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ  ਨੇ 35 ਅਲਟਰਾਸਾਊਂਡ ਸਕੈਨਿੰਗ ਸੈਂਟਰਾਂ ਦਾ ਰਿਕਾਰਡ ਚੈੱਕ ਕੀਤਾ। ਇਸ ਦੌਰਾਨ ਬੱਲ ਹਸਪਤਾਲ  ਨੇੜੇ ਕਾਲੀਆ ਕਾਲੋਨੀ ਦੀ ਅਲਸਟਰਾਸਾਊਂਡ ਮਸ਼ੀਨ ਸੀਲ ਕਰ ਦਿੱਤੀ ਗਈ।
ਸਿਵਲ ਸਰਜਨ ਡਿਸਟ੍ਰਿਕਟ ਐਪ੍ਰੋਪਰੀਏਟ ਅਥਾਰਟੀ ਡਾ. ਰਾਜੇਸ਼ ਕੁਮਾਰ ਬੱਗਾ ਨੇ 5 ਟੀਮਾਂ ਦਾ ਗਠਨ  ਕੀਤਾ, ਜਿਨ੍ਹਾਂ ’ਚੋਂ ਇਕ ਟੀਮ ਦੀ ਅਗਵਾਈ ਉਨ੍ਹਾਂ ਨੇ ਖੁਦ ਤੇ ਬਾਕੀ 4 ਸ਼ਾਹਕੋਟ ਦੇ  ਐੱਸ. ਐੱਸ. ਓਜ਼ ਨੇ ਕੀਤੀ। ਇਨ੍ਹਾਂ ਸਾਰੀਆਂ ਟੀਮਾਂ ਨੇ ਜ਼ਿਲੇ ਦੇ ਵੱਖ-ਵੱਖ ਖੇਤਰਾਂ ’ਚ  ਸਥਿਤ ਅਲਟਰਾਸਾਊਂਡ  ਸਕੈਨਿੰਗ ਸੈਂਟਰਾਂ ਦਾ ਰਿਕਾਰਡ ਚੈੱਕ ਕੀਤਾ। ਇਸ ਦੌਰਾਨ ਇਕ ਟੀਮ  ਜਦੋਂ ਬੱਲ ਹਸਪਤਾਲ ਪਹੁੰਚੀ ਤਾਂ ਦੇਖਿਆ ਕਿ ਉਨ੍ਹਾਂ ਦੀ ਅਲਟਰਾਸਾਊਂਡ ਸਕੈਨਿੰਗ ਦੀ  ਰਜਿਸਟ੍ਰੇਸ਼ਨ ਕੁਝ ਦਿਨ ਪਹਿਲਾਂ ਖਤਮ ਹੋ ਚੁੱਕੀ ਸੀ ਅਤੇ ਸੈਂਟਰ ਵਾਲਿਆਂ ਨੇ ਉਸ ਨੂੰ ਰੀਨਿਊ  ਨਹੀਂ ਕਰਵਾਇਆ ਸੀ, ਜਿਸ 'ਤੇ ਉਕਤ ਸੈਂਟਰ ਦੀ ਮਸ਼ੀਨ ਮੌਕੇ 'ਤੇ ਸੀਲ ਕਰ ਦਿੱਤੀ  ਗਈ। ਡਾ. ਬੱਗਾ  ਨੇ ਕਿਹਾ ਕਿ ਚੈਕਿੰਗ ਦਾ ਮਕਸਦ ਕਿਸੇ ਨੂੰ ਬਿਨਾਂ ਕਾਰਨ  ਤੰਗ ਕਰਨਾ ਨਹੀਂ ਸਗੋਂ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਦੀ ਸਹੀ ਪਾਲਣਾ ਕਰਵਾਉਣਾ  ਹੈ।