ਸੰਤ ਸੀਚੇਵਾਲ ਵੱਲੋਂ ਘਾਟ ਨਿਰਮਾਣ ਦੀ ਕਾਰਸੇਵਾ ਦੂਜੇ ਗੇੜ ''ਚ

08/17/2019 1:25:43 PM

ਸੁਲਤਾਨਪੁਰ ਲੋਧੀ (ਅਸ਼ਵਨੀ)— 550 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਪ ਅਸਥਾਨ 'ਤੇ ਉਨ੍ਹਾਂ ਦੀ ਚਰਨ ਛੋਹ ਪਵਿੱਤਰ ਕਾਲੀ ਵੇਈਂ ਦਾ ਮੇਲ ਕਰਵਾਉਣ ਵਾਸਤੇ ਵਾਤਾਵਰਣ ਦੇ ਵਾਰਸ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਆਰੰਭੀ ਘਾਟ ਨਿਰਮਾਣ ਦੀ ਕਾਰਸੇਵਾ ਦੂਜੇ ਗੇੜ 'ਚ ਪ੍ਰਵੇਸ਼ ਕਰ ਗਈ ਹੈ। ਆਜ਼ਾਦੀ ਦਿਹਾੜੇ ਮੌਕੇ ਗੁ. ਸ੍ਰੀ ਬੇਰ ਸਾਹਿਬ ਤੋਂ ਅੱਗੇ ਪੱਛਮੀ ਦਿਸ਼ਾ ਵੱਲ ਘਾਟ ਦੇ ਨਿਰਮਾਣ ਦੀ ਆਰੰਭਤਾ ਸੰਤ ਸੀਚੇਵਾਲ ਵੱਲੋਂ ਅਰਦਾਸ ਨਾਲ ਕੀਤੀ ਗਈ, ਜਿਸ ਵਿਚ ਸੰਤ ਦਇਆ ਸਿੰਘ ਟਾਹਲੀ ਸਾਹਿਬ, ਸੰਤ ਅਮਰੀਕ ਸਿੰਘ, ਸੰਤ ਲੀਡਰ ਸਿੰਘ, ਸੰਤ ਸੁਖਜੀਤ ਸਿੰਘ ਸੀਚੇਵਾਲ, ਆਦਿ ਸੰਤਾਂ-ਮਹਾਪੁਰਸ਼ਾਂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਸਾਬਕਾ ਖਜ਼ਾਨਾ ਮੰਤਰੀ, ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਇੰਜੀਨੀਅਰ ਸਵਰਨ ਸਿੰਘ, ਸੱਜਣ ਸਿੰਘ ਚੀਮਾ, ਸੁਰਜੀਤ ਸਿੰਘ ਢਿੱਲੋਂ, ਮਾਸਟਰ ਗੁਰਦੇਵ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ, ਗੁਰਵਿੰਦਰ ਕੌਰ, ਅਮਰੀਕ ਸਿੰਘ ਸੰਧੂ, ਦਇਆ ਸਿੰਘ, ਗੁਰਦੇਵ ਸਿੰਘ ਫੌਜੀ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਉਸ ਸੱਚ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਿਤ ਮਹੱਤੁ' ਜੋ ਅੱਜ ਪ੍ਰਦੂਸ਼ਿਤ ਹੋ ਚੁੱਕੇ ਕੁਦਰਤੀ ਪਾਣੀਆਂ ਦੇ ਸੋਮਿਆਂ ਅਤੇ ਵਾਤਾਵਰਣ ਨੂੰ ਚੁਣੌਤੀ ਦੇਣ ਲਈ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜੋ ਬੀੜਾ 2008 'ਚ ਅਰਦਾਸ ਕਰਨ ਉਪਰੰਤ ਚੁੱਕਿਆ ਸੀ, ਦੇ ਨਤੀਜੇ ਬਿਹਤਰੀਨ ਆਉਣੇ ਸ਼ੁਰੂ ਹੋ ਗਏ ਹਨ।
ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਦੀ ਆਰੰਭਤਾ ਦਾ ਇਤਿਹਾਸਕ ਤੱਥ
ਸ੍ਰੀ ਗੁਰੂ ਨਾਨਕ ਦੇਵ ਦੇਵ ਜੀ ਦੀ ਪਿਆਰੀ ਪਵਿੱਤਰ ਵੇਈਂ ਦੀ ਸਫਾਈ ਦੀ ਕਾਰਸੇਵਾ ਸ਼ੁਰੂ ਹੋਣ ਦਾ ਇਤਿਹਾਸਕ ਤੱਥ ਇਹ ਹੈ ਕਿ ਸੱਥ ਲਾਂਬੜਾ ਵਾਲਿਆਂ ਨੇ ਇਸ ਵੇਈਂ ਦੀ ਸਫਾਈ ਕਰਨ ਲਈ ਵੱਡੀ ਇਕੱਤਰਤਾ ਬੁਲਾਈ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਚਿੰਤਾ ਪ੍ਰਗਟ ਕਰਦਿਆਂ ਸਰਕਾਰਾਂ ਦੇ ਸਿਰ ਭਾਂਡਾ ਭੰਨਦਿਆਂ ਇਸ ਵੇਈਂ ਨੂੰ ਮੁੜ ਕੁਦਰਤੀ ਰੂਪ ਦੇਣ ਦੀ ਮੰਗ ਕੀਤੀ। ਇਕੱਤਰਤਾ ਵਿਚ ਸੰਤ ਸੀਚੇਵਾਲ ਨੇ ਕਿਹਾ ਕਿ ਜੇ ਆਪਾਂ ਵਾਕਿਆ ਹੀ ਸੰਜੀਦਾ ਅਤੇ ਸੁਹਿਰਦ ਹਾਂ ਤਾਂ ਸਰਕਾਰਾਂ ਨੂੰ ਕਾਹਦਾ ਉਲਾਂਭਾ। ਚਲੋ ਹੁਣੇ ਹੀ ਸ਼ੁਰੂ ਕਰੀਏ ਵੇਈਂ ਦੀ ਸੇਵਾ ਦੇ ਕਾਰਜ।

ਸ਼੍ਰੋਮਣੀ ਕਮੇਟੀ ਨੇ ਨਹੀਂ ਦਿੱਤਾ ਕਦੇ ਵੀ ਧਿਆਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪਹਿਲਾਂ ਹੀ ਹਾਰ ਮੰਨ ਚੁੱਕੀ ਸੀ। ਜਿਹੜੀਆਂ ਸੰਗਤਾਂ ਕਦੇ ਪਵਿੱਤਰ ਵੇਈ ਵਿਚ ਇਸ਼ਨਾਨ ਕਰਕੇ ਗੁਰੂ ਜੀ ਦਾ ਆਸ਼ੀਰਵਾਦ ਹਾਸਲ ਕਰਦੀਆਂ ਸਨ, ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਵਾਸਤੇ ਬੇਰ ਸਾਹਿਬ ਵਿਖੇ ਵੀ ਸਰੋਵਰ ਤਾਮੀਰ ਕਰ ਲਿਆ। ਇੱਥੇ ਹੀ ਬਸ ਨਹੀਂ, ਸ੍ਰੀ ਦਰਬਾਰ ਸਾਹਿਬ ਅਤੇ ਵੇਈਂ ਦੇ ਵਿਚਕਾਰ ਰੋਕਾਂ ਹਟਾਉਣ ਦੀ ਥਾਂ ਵੇਈਂ ਵਾਲੇ ਪਾਸੇ ਨਿਰਮਾਣ ਕਰਵਾ ਦਿੱਤਾ ਗਿਆ, ਜਿਸ ਕਾਰਨ ਵੇਈਂ ਗੁਰੂ ਘਰ ਤੋਂ ਦੂਰ ਹੋ ਗਈ ਅਤੇ ਹਮੇਸ਼ਾ ਵਗਣ ਵਾਲੀ ਵੇਈਂ ਬਰਸਾਤੀ ਨਾਲਾ ਹੀ ਬਣ ਕੇ ਰਹਿ ਗਈ ਸੀ।

ਭੂ-ਮਾਫੀਆ ਦੀ ਨਜ਼ਰ ਹਰ ਵੇਲੇ ਵੇਈਂ ਦੇ ਹਿੱਸੇ ਨੂੰ ਹਥਿਆਉਣ 'ਤੇ ਰਹੀ
ਇਸ ਵੇਈਂ ਦੀ ਸਫਾਈ ਦੀ ਸੇਵਾ ਆਰੰਭਦਿਆਂ ਹੀ ਭੂ-ਮਾਫੀਆ 'ਚ ਹੜਕੰਪ ਮਚ ਗਿਆ, ਕੁਝ ਕਬਜ਼ੇਦਾਰਾਂ ਨੇ ਸਿਆਸੀ ਆਕਾਵਾਂ ਦੀ ਤਾਕਤ ਨਾਲ ਸੰਤ ਸੀਚੇਵਾਲ ਦੇ ਹੌਸਲੇ ਨੂੰ ਤੋੜਨ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਬਾਬੇ ਨਾਨਕ ਦੇ ਆਸ਼ੀਰਵਾਦ ਸਦਕਾ ਹਰ ਕੋਸ਼ਿਸ਼ ਨਾਕਾਮ ਸਿੱਧ ਰਹੀ।

ਦੋ ਗੁਰੂ ਘਰਾਂ ਦਾ ਮਿਲਣ ਪਹਿਲਾਂ ਹੀ ਕਰਵਾ ਚੁੱਕੇ ਹਨ ਸੰਤ ਸੀਚੇਵਾਲ 
ਗੁਰਦੁਆਰਾ ਬੇਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਅੰਤਰਯਾਮਤਾ ਤਕ (ਜਿੱਥੇ ਜਪੁਜੀ ਸਾਹਿਬ ਦੀ ਸਿਰਜਣਾ ਹੋਈ ਸੀ) ਵੇਈਂ ਦੇ ਦੋਵੇਂ ਪਾਸੇ ਸੁੰਦਰ ਕੁਦਰਤੀ ਘਾਟ ਉਸਾਰੇ ਗਏ ਹਨ, ਜਿਨ੍ਹਾਂ ਕਿਨਾਰੇ ਉਸਾਰੇ ਗਏ ਰਸਤਿਆਂ ਨੇ ਦੋ ਗੁਰੂ ਘਰਾਂ ਦਾ ਮਿਲਣ ਕਰਵਾਉਣ ਵਿਚ ਅਹਿਮ ਰੋਲ ਅਦਾ ਕੀਤਾ ਹੈ।

shivani attri

This news is Content Editor shivani attri