ਸੰਤ ਸੀਚੇਵਾਲ ਨੇ ਹਰਬਲ ਖੇਤੀ ਦੀ ਮਾਰਕਟਿੰਗ ਤੇ ਪ੍ਰੋਸੈਸਿੰਗ ਦੇ ਪੱਕੇ ਪ੍ਰਬੰਧ ਕਰਨ ‘ਤੇ ਦਿੱਤਾ ਜ਼ੋਰ

07/24/2021 3:55:08 PM

ਸੁਲਤਾਨਪੁਰ ਲੋਧੀ- ਪੰਜਾਬ ਨੂੰ ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲਾ ਦੇ ਉੱਤਰੀ ਖੇਤਰੀ ਸਹੂਲਤ ਕੇਂਦਰ ਦੇ ਰੀਜਨਲ ਡਾਇਰੈਕਟਰ ਡਾ. ਅਰੁਣ ਚੰਦਨ ਅਤੇ ਡਾ. ਸੌਰਵ ਸ਼ਰਮਾਂ ਨਾਲ ਨਿਰਮਲ ਕੁਟੀਆ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ ਮੀਟਿੰਗ ਹੋਈ। ਪੰਜਾਬ ਵਿੱਚ ਹਰਬਲ ਖੇਤੀ ਨੂੰ ਪ੍ਰਫੂਲਤ ਕਰਨ ਲਈ 35 ਤੋਂ ਵੱਧ ਕਿਸਮਾਂ ਜਿੰਨ੍ਹਾਂ ਦੀ ਪੰਜਾਬ ਦੇ ਕਿਸਾਨਾਂ ਲਈ ਚੋਣ ਕੀਤੀ ਗਈ ਹੈ, ਉਸ ਸਬੰਧੀ ਡਾ. ਅਰੁਣ ਨੇ ਸੰਤ ਸੀਚੇਵਾਲ ਜੀ ਨੂੰ ਜਾਣਕਾਰੀ ਦਿੱਤੀ। 

ਇਸ ਮੌਕੇ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਬਦਲਵੀ ਖੇਤੀ ਲਈ ਤਾਂ ਹੀ ਜਾਗਰੂਕ ਕੀਤਾ ਜਾ ਸਕਦਾ ਹੈ, ਜੇ ਪਹਿਲਾਂ ਹਰਬਲ ਖੇਤੀ ਦੀਆਂ ਫਸਲਾਂ ਦੀ ਮਾਰਕਟਿੰਗ ਅਤੇ ਪ੍ਰੋਸੈਸਿੰਗ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਕਿਸਾਨਾਂ ਨੂੰ ਭਰੋਸਾ ਹੋਵੇ ਕਿ ਸਾਡੀ ਹਰਬਲ ਖੇਤੀ ਝੋਨੇ ਦੇ ਫਸਲੀ ਚੱਕਰ ਨਾਲੋਂ ਵੱਧ ਮੁਨਾਫ਼ਾ ਦੇਣ ਦੇ ਕਾਬਲ ਹੈ। ਪਹਿਲਾਂ ਇਕ ਦੋ ਏਕੜ ਵਿੱਚ ਹਰਬਲ ਖੇਤੀ ਕਰਕੇ ਸਫ਼ਲ ਮਾਡਲ ਕਿਸਾਨਾਂ ਅੱਗੇ ਰੱਖਿਆ ਜਾਵੇ। ਇਸ ਮੌਕੇ ਹਰਬਲ ਖੇਤੀ ਦੀ ਯੋਜਨਾ ‘ਤੇ ਪਿਛਲੇ ਇਕ ਸਾਲ ਤੋਂ ਕੰਮ ਕਰ ਰਹੀ ਸੰਤ ਸੀਚੇਵਾਲ ਦੀ ਟੀਮ ਦੇ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਜਾਣਕਾਰੀ ਦਿੱਤੀ ਕਿ ਸੰਤ ਸੀਚੇਵਾਲ ਜੀ ਹਰ ਸਮੱਸਿਆ ਦਾ ਸਥਾਈ ਹੱਲ ਦੇਣ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ। ਉਹ ਚਾਹੇ ਸੈਂਕੜੇ ਕਿਲੋਮੀਟਰ ਰਸਤੇ ਬਣਾ ਖੇਤਾਂ ਵਿੱਚੋਂ ਕਿਸਾਨਾਂ ਦੀਆਂ ਫਸਲਾਂ ਨਿਕਲਦੀਆਂ ਕਰਨ ਦੀ ਸੇਵਾ ਹੋਵੇ, ਕਿਸਾਨਾਂ ਦੀ ਪਰਾਲੀ ਸੰਭਾਲਣ ਲਈ ਮਦਦ ਹੋਵੇ, ਨਦੀਆਂ ਦਰਿਆਵਾਂ ਨੂੰ ਸਾਫ਼ ਕਰ ਕਿਸਾਨਾਂ ਨੂੰ ਹੜਾਂ ਤੋਂ ਮੁਕਤੀ ਦਵਾਉਣ ਦੀ ਮਹਾਨ ਸੇਵਾ ਹੋਵੇ ਜਾਂ ਪਿੰਡਾਂ ਦੇ ਗੰਦੇ ਪਾਣੀ ਸੀਚੇਵਾਲ ਮਾਡਲ ਅਨੁਸਾਰ ਸੋਧ ਕੇ ਖੇਤੀ ਨੂੰ ਦੇ ਕੇ ਜ਼ਹਿਰ ਮੁਕਤ ਖੇਤੀ ਵੱਲ ਮੋੜਾ ਦਿੱਤਾ ਹੋਵੇ, ਸੰਤ ਜੀ ਹਮੇਸ਼ਾਂ ਕਿਸਾਨਾਂ ਲਈ ਤਨ ਮਨ ਧਨ ਨਾਲ ਖੜੇ ਹੋਏ ਹਨ।

ਇਹ ਵੀ ਪੜ੍ਹੋ: ਮੋਰਿੰਡਾ ਪਹੁੰਚੇ ਨਵਜੋਤ ਸਿੱਧੂ ਬੋਲੇ, 'ਕਿਸਾਨ ਮੋਰਚਾ ਕਿਸੇ ਤੀਰਥ ਨਾਲੋਂ ਘੱਟ ਨਹੀਂ, ਬੁਲਾਉਣ ਤਾਂ ਜਾਵਾਂਗਾ ਨੰਗੇ ਪੈਰ

ਉਨ੍ਹਾਂ ਕਿਹਾ ਕਿ ਦੋ ਹਫ਼ਤੇ ਪਹਿਲਾਂ ਕੁਦਰਤੀ ਖੇਤੀ ਕਰਦੇ ਕਿਸਾਨ ਪਰਮਜੀਤ ਸਿੰਘ, ਪੰਜਾਬ ਚਿੰਤਕ ਪਾਲ ਸਿੰਘ ਨੌਲੀ ਸਮੇਤ ਸੰਤ ਸੀਚੇਵਾਲ ਜੀ ਦੀ ਟੀਮ ਦੀ ਸ਼੍ਰੀ ਧੰਨਵੰਤਰੀ ਹਰਬਲ ਦੇ ਡਾ. ਜੇ. ਪੀ. ਸਿੰਘ ਨਾਲ ਹਰਬਲ ਖੇਤੀ ਸਬੰਧੀ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ ਸੀ। ਜਿਸ ਵਿੱਚ ਡਾ. ਜੇ. ਪੀ ਸਿੰਘ ਨੇ ਅਯੁਰਵੈਦਿਕ ਦਵਾਈਆਂ ਬਣਾਉਣ ਲਈ ਸ਼ੁੱਧ ਹਰਬਲ ਜੜੀ ਬੂਟੀਆਂ ਦੀ ਕਮੀ ‘ਤੇ ਚਿੰਤਾ ਜ਼ਾਹਿਰ ਕੀਤੀ ਸੀ। ਉਨ੍ਹਾਂ ਵੱਲੋਂ ਪਹਿਲ ਕਦਮੀ ਕਰਦਿਆਂ ਪੰਜਾਬ ਦੇ ਛੋਟੇ ਕਿਸਾਨਾਂ ਨੂੰ ਸੰਤ ਸੀਚੇਵਾਲ ਜੀ ਦੀ ਸਹਾਇਤਾ ਨਾਲ ਹਰਬਲ ਖੇਤੀ ਵੱਲ ਪ੍ਰੇਰਨ ਲਈ ਐਕਸ਼ਨ ਪਲਾਨ ਬਣਾਉਣ ਲਈ ਆਯੂਸ਼ ਮਹਿਕਮਾ ਦੀ ਟੀਮ ਨੂੰ ਸੁਲਤਾਨਪੁਰ ਲੋਧੀ ਭੇਜਿਆ ਗਿਆ ਹੈ। ਜਿਸ ਨਾਲ ਛੋਟੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਯੋਜਨਾ ‘ਤੇ ਅਮਲ ਹੋਵੇਗਾ ਤੇ ਨਾਲ ਆਯੁਰਵੈਦਿਕ ਦਵਾਈਆਂ ਲਈ ਸ਼ੁੱਧ ਹਰਬਲ ਪਦਾਰਥ ਇੱਕਤਰ ਕਰਨ ਨੂੰ ਯਕੀਨੀ ਬਣਾਉਣ ‘ਤੇ ਕੰਮ ਹੋਵੇਗਾ।

ਇਹ ਵੀ ਪੜ੍ਹੋ: ਸਿੱਧੂ ਦੀ ਪ੍ਰਧਾਨਗੀ ਤੋਂ ਬਾਅਦ ਹਰੀਸ਼ ਰਾਵਤ ਹੁਣ ਜਾਣਗੇ ਉਤਰਾਖੰਡ, ਪੰਜਾਬ ’ਚ ਬਣੇਗਾ ਨਵਾਂ ਮੁਖੀ

ਇਸ ਮੌਕੇ ਸੰਤ ਸੀਚੇਵਾਲ ਜੀ ਵਲੋਂ ਆਈ ਟੀਮ ਨੂੰ ਕਿਸ਼ਤੀ ਰਾਹੀ ਪਵਿੱਤਰ ਵੇਈਂ ਦੀ ਯਾਤਰਾ ਕਰਵਾਈ ਗਈ ਨਾਲੇ ਦੋ ਦਹਾਕਿਆਂ ਦੌਰਾਨ 40 ਤੋਂ ਵੱਧ ਕਿਸਮਾਂ ਦੇ ਵੇਈਂ ਕੰਢੇ ਲਗਾਏ ਹਰਬਲ ਬੂਟੇ ਵੀ ਵਿਖਾਏ ਗਏ। ਪਵਿੱਤਰ ਵੇਈਂ ਦੀ ਕਾਰ ਸੇਵਾ ਨਾਲ ਬਦਲੀ ਨੁਹਾਰ ਬਾਰੇ ਲੱਗੀ ਪ੍ਰਦਰਸ਼ਨੀ ਵੀ ਵਿਖਾਈ। ਆਯੂਸ਼ ਮਹਿਕਮੇ ਦੀ ਆਈ ਟੀਮ ਦਾ ਬਾਬਾ ਜੀ ਵੱਲੋਂ ਸਨਮਾਨ ਕੀਤਾ ਗਿਆ।  ਇਸ ਮੌਕੇ ਡਾ ਭੁਪਿੰਦਰ ਸਿੰਘ ਪ੍ਰਜੈਕਟ ਡਾਇਰੈਕਟਰ ਆਤਮਾ ਸਕੀਮ ਪੰਜਾਬ, ਡਾ. ਰਾਜੇਸ਼ ਕੁਮਾਰ ਸਹਾਇਕ ਪ੍ਰੋਫ਼ੈਸਰ ਫਿਜ਼ਕਸ ਮਹਿਕਮਾ ਡੀ. ਏ. ਵੀ. ਕਾਲਜ ਅੰਮ੍ਰਿਤਸਰ, ਡਾ. ਰੁਪਿੰਦਰਜੀਤ ਕੌਰ ਸਹਾਇਕ ਪ੍ਰੋਫ਼ੈਸਰ ਬਾਇਓਟੈਕਨਾਲਜੀ ਡੀ. ਏ. ਵੀ. ਕਾਲਜ ਅ੍ਰਿਮੰਤਸਰ, ਯਾਦਵਿੰਦਰ ਸਿੰਘ, ਸੁਰਜੀਤ ਸਿੰਘ ਸ਼ੰਟੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਗੋਰਾਇਆ ਵਿਖੇ ਨਵ-ਜਨਮੇ ਬੱਚੇ ਦੀ ਪਤੀਲੇ ‘ਚ ਪਾ ਕੇ ਸੁੱਟੀ ਲਾਸ਼

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri