ਰੈੱਡ ਅਲਰਟ ਤੋਂ ਬਾਅਦ ਰੇਲਵੇ ਸਟੇਸ਼ਨ ’ਤੇ ਪੁਲਸ ਨੇ ਵਧਾਈ ਚੌਕਸੀ

11/19/2018 2:52:04 AM

 ਰੂਪਨਗਰ,   (ਕੈਲਾਸ਼)-  ਅੱਜ  ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਅੱਤਵਾਦੀਆਂ ਦੁਆਰਾ ਕੀਤੀ ਗਈ ਘਿਨਾਉਣੀ ਹਰਕਤ ਜਿਸ  ਵਿਚ ਕਈ ਬੇਕਸੂਰ ਵਿਅਕਤੀ ਜੋ ਸਤਿਸੰਗ ਸੁਣ ਰਹੇ ਸਨ, ਮਾਰੇ ਗਏ, ਦੇ ਮੱਦੇਨਜ਼ਰ ਪੰਜਾਬ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਇਸ ਸਬੰਧ ਵਿਚ ਜੀ. ਆਰ. ਪੀ. ਰੂਪਨਗਰ ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਤੋਂ ਮਿਲੇ ਨਿਰਦੇਸ਼ਾਂ ’ਤੇ ਰੇਲਵੇ ਸਟੇਸ਼ਨ ’ਤੇ ਪੁਲਸ ਗਸ਼ਤ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅੱਜ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੁਆਰਾ ਸੰਯੁਕਤ ਰੂਪ ਨਾਲ ਸਟੇਸ਼ਨ ’ਤੇ ਆਉਣ-ਜਾਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਅਤੇ ਪਾਰਕਿੰਗ ਵਿਚ ਖਡ਼੍ਹੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ  ਇਹ ਚੈਕਿੰਗ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਸਟੇਸ਼ਨ ’ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਲਾਵਾਰਿਸ ਚੀਜ਼ ਨੂੰ ਨਾ ਛੂਹਣ ਅਤੇ ਇਸ ਦੀ ਸੂਚਨਾ ਪੁਲਸ ਨੂੰ ਤੁਰੰਤ ਦਿੱਤੀ ਜਾਵੇ। ਇਸ ਸਮੇਂ ਜੀ. ਆਰ. ਪੀ. ਇੰਚਾਰਜ ਸੁਗਰੀਵ ਚੰਦ ਤੇ ਆਰ. ਪੀ. ਐੱਫ. ਦੇ ਇੰਚਾਰਜ ਬਲਦੇਵ ਸਿੰਘ ਮੁੱਖ ਰੂਪ ਵਿਚ ਮੌਜੂਦ ਸਨ।