ਸੁਪਰਡੈਂਟ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਖ਼ਿਲਾਫ਼ ਕਪੂਰਥਲਾ ਡੀ. ਸੀ. ਦੀ ਸਖ਼ਤ ਕਾਰਵਾਈ

03/24/2023 2:33:00 PM

ਕਪੂਰਥਲਾ (ਭੂਸ਼ਣ/ਮਹਾਜਨ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਇਕ ਸਖ਼ਤ ਕਾਰਵਾਈ ਨੂੰ ਅਮਲੀਜਾਮਾ ਪਹਿਨਾਉਂਦੇ ਹੋਏ ਸੁਪਰਡੈਂਟ (ਰੈਵੀਨਿਊ) ਨੂੰ ਗੋਲੀ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਹਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਢੁੱਡੀਆਂਵਾਲ ਜ਼ਿਲ੍ਹਾ ਕਪੂਰਥਲਾ ਦਾ ਆਰਮਜ਼ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਡੀ. ਸੀ. ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਇਹ ਕਾਰਵਾਈ ਸੁਪਰਡੈਂਟ (ਰੈਵੀਨਿਊ) ਸਤਬੀਰ ਸਿੰਘ ਵਾਸੀ ਮਕਾਨ ਨੰਬਰ 189, ਗ੍ਰੀਨ ਪਾਰਕ, ਫੇਜ-1 ਕਪੂਰਥਲਾ ਵੱਲੋਂ ਇਸ ਸਬੰਧੀ ਦਿੱਤੀ ਗਈ ਲਿਖ਼ਤੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੀਤੀ ਹੈ।

ਸ਼ਿਕਾਇਤ ਮਿਲਣ ਤੋਂ ਬਾਅਦ ਹੋਈ ਜਾਂਚ ਦੇ ਬਾਅਦ ਖੁਲਾਸਾ ਹੋਇਆ ਕਿ ਡੀ. ਸੀ. ਦਫਤਰ ਕਪੂਰਥਲਾ ’ਚ ਸੀਨੀਅਰ ਸਹਾਇਕ ਨਰਿੰਦਰ ਸਿੰਘ ਨੂੰ ਬੀਤੀ 21 ਮਾਰਚ ਨੂੰ ਜ਼ਿਲ੍ਹਾ ਮਾਲ ਅਧਿਕਾਰੀ ਕਪੂਰਥਲਾ ਦੀ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਸ਼ਿਕਾਇਤ ਦੇ ਅਨੁਸਾਰ ਨਰਿੰਦਰ ਸਿੰਘ ਵੱਲੋਂ ਆਪਣੇ ਦੋ ਸਾਥੀਆਂ ਸਮੇਤ ਜ਼ਿਲ੍ਹਾ ਮਾਲ ਅਧਿਕਾਰੀ ਦੇ ਦਫ਼ਤਰ ’ਚ ਜਾ ਕੇ ਇਕ ਜਾਂਚ ਦੇ ਮਾਮਲੇ ’ਚ ਗਲਤ ਵਿਵਹਾਰ ਕੀਤਾ ਗਿਆ ਸੀ ਅਤੇ ਧਮਕਾਇਆ ਗਿਆ ਸੀ, ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਨਰਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੀ ਅਤੇ ਉਸ ਦੇ 2 ਸਾਥੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਸੀ।

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਟਾਂਡਾ ਵਿਖੇ ਓਵਰਡੋਜ਼ ਨਾਲ ਵਿਅਕਤੀ ਦੀ ਮੌਤ

ਸ਼ਿਕਾਇਤਕਰਤਾ ਸਤਬੀਰ ਸਿੰਘ ਵੱਲੋਂ ਡੀ. ਸੀ. ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਗਿਆ ਸੀ ਕਿ ਮੁਅੱਤਲ ਕੀਤੇ ਗਏ ਨਰਿੰਦਰ ਸਿੰਘ ਦੇ ਭਰਾ ਹਰਵਿੰਦਰ ਸਿੰਘ ਚੀਮਾ ਜੋ ਕਿ ਨਰਿੰਦਰ ਸਿੰਘ ਨੂੰ ਸਸਪੈਂਡ ਕਰਵਾਉਣ ’ਚ ਉਸ ਨੂੰ ਜ਼ਿੰਮੇਵਾਰ ਮੰਨਦਾ ਹੈ, ਨੇ ਸਤਬੀਰ ਸਿੰਘ ਨੂੰ ਧਮਕੀ ਦਿੱਤੀ ਕਿ ਉਸ ਦੇ ਰਿਵਾਲਵਰ ’ਚ 6 ਗੋਲੀਆਂ ਹਨ, ਜੋ ਕਿ ਉਸਦੇ ਸੀਨੇ ’ਤੇ ਚਲਾ ਸਕਦਾ ਹੈ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਹਰਵਿੰਦਰ ਸਿੰਘ ਚੀਮਾ ਉਸਦੇ ਘਰ ਦੇ ਸਾਹਮਣੇ ਰਹਿੰਦਾ ਹੈ, ਜਿਸ ਦੇ ਕਾਰਨ ਉਸ ਨੂੰ ਜਾਨ ਮਾਲ ਦਾ ਖ਼ਤਰਾ ਹੈ। ਡੀ. ਸੀ. ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਤੋਂ ਬਾਅਦ ਤਤਕਾਲ ਕਾਰਵਾਈ ਕਰਦੇ ਹੋਏ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਦੇ ਲਈ ਆਰਮਜ਼ ਐਕਟ 1959 ਦੀ ਧਾਰਾ 17 (3) ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਢੁੱਡੀਆਂਵਾਲ ਜ਼ਿਲਾ ਕਪੂਰਥਲਾ ਦਾ ਆਰਮਜ਼ ਲਾਇਸੰਸ, ਜਿਸ ’ਤੇ 32 ਬੋਰ ਰਿਵਾਲਵਰ ਤੇ 12 ਬੋਰ ਦੀ ਗੰਨ ਹਥਿਆਰ ਦਰਜ ਹਨ, ਨੂੰ ਲੋਕ ਹਿੱਤ ਤੇ ਸ਼ਿਕਾਇਤਕਰਤਾ ਦੀ ਸੁਰੱਖਿਆ ਦੇ ਮੱਦੇਨਜ਼ਰ ਸਸਪੈਂਡ ਕਰ ਦਿੱਤਾ ਹੈ। ਡੀ. ਸੀ. ਕਪੂਰਥਲਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਆਰਮਜ਼ ਲਾਇਸੰਸ ਧਾਰਕ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣਾ ਅਸਲਾ ਸਬੰਧਤ ਥਾਣੇ ’ਚ ਜਮ੍ਹਾ ਕਰਵਾਏ, ਜਿਸ ਦਾ 15 ਦਿਨਾਂ ਦੇ ਅੰਦਰ ਸਬੰਧਤ ਦਫਤਰ ਨੂੰ ਜਵਾਬ ਦਿੱਤਾ ਜਾਵੇ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪਾਕਿ ਲਿਜਾਣ ਦੀ ਕੋਸ਼ਿਸ਼ 'ਚ ISI, ਰਿੰਦਾ, ਖੰਡਾ ਅਤੇ ਪੰਮਾ ਹੋਏ ਐਕਟਿਵ

ਡੀ. ਸੀ. ਕਪੂਰਥਲਾ ਨੇ ਕਿਹਾ ਕਿ ਕਿਸੇ ਵੀ ਕਰਮਚਾਰੀ ਨੂੰ ਧਮਕੀਆਂ ਦੇਣ ਵਾਲੇ ਤੇ ਡਿਊਟੀ ’ਚ ਵਿਘਨ ਪਾਉਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਪੂਰੀ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਧਮਕੀਆਂ ਦੇਣ ਵਾਲੇ ਅਤੇ ਸਰਕਾਰੀ ਕੰਮਕਾਜ ’ਚ ਵਿਘਨ ਪਾਉਣ ਵਾਲੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਡੀ. ਸੀ. ਕਪੂਰਥਲਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਲਿਖ਼ਤੀ ਤੌਰ ’ਤੇ ਕਿਹਾ ਹੈ ਕਿ ਜੇਕਰ ਉਕਤ ਵਿਅਕਤੀ ਨੇ ਆਪਣੇ ਲਾਇਸੈਂਸੀ ਹਥਿਆਰ ਤੁਰੰਤ ਜਮ੍ਹਾ ਨਾ ਕਰਵਾਏ ਤਾਂ ਨਿਯਮਾਂ ਦੇ ਅਨੁਸਾਰ ਉਸਦੇ ਹਥਿਆਰ ਜ਼ਬਤ ਕਰ ਲਏ ਜਾਣ।

ਕੀ ਕਹਿੰਦੇ ਹਨ ਡੀ. ਸੀ.
ਇਸ ਸਬੰਧ ’ਚ ਜਦੋਂ ਡੀ. ਸੀ. ਕਪੂਰਥਲਾ ਵਿਸ਼ੇਸ਼ ਸਾਰੰਗਲ ਨਾਲ ਸੰਪਰਕ ਕੀਤਾ ਗਿਆ ਤਾਂ ਕਿਸੇ ਵੀ ਵਿਅਕਤੀ ਨੂੰ ਲਾਇਸੈਂਸੀ ਹਥਿਆਰਾਂ ਦੇ ਬੱਲ ’ਤੇ ਧਮਕੀਆਂ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri