ਚੁਗਿੱਟੀ ਡੰਪ ਨੂੰ ਲੈ ਕੇ ਨਿਗਮ ਵੱਲੋਂ ਕੀਤੀ ਗਈ ਸਾਰੀ ਮਿਹਨਤ ਬੇਕਾਰ ਗਈ, ਹੁਣ ਫਿਰ ਉਥੇ ਸੁੱਟਿਆ ਜਾਣ ਲੱਗਾ ਕੂੜਾ

02/07/2024 11:52:40 AM

ਜਲੰਧਰ (ਖੁਰਾਣਾ)–ਐੱਨ. ਜੀ. ਓ. ਅਲਫਾ ਮਹਿੰਦਰੂ ਫਾਊਂਡੇਸ਼ਨ ਦੀ ਸ਼ਿਕਾਇਤ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜ਼ਿਲ੍ਹਾ ਪ੍ਰਸ਼ਾਸਨ ਜ਼ਰੀਏ ਨਗਰ ਨਿਗਮ ਨੂੰ ਨਿਰਦੇਸ਼ ਭੇਜੇ ਸਨ ਕਿ ਹਾਈਵੇਅ ਦੇ ਕਿਨਾਰੇ ਬਣੇ ਚੌਗਿੱਟੀ ਡੰਪ ਨੂੰ ਬੰਦ ਕੀਤਾ ਜਾਵੇ ਅਤੇ ਇਥੇ ਗ੍ਰੀਨ ਬੈਲਟ ਦਾ ਨਿਰਮਾਣ ਕੀਤਾ ਜਾਵੇ। ਲਗਭਗ 2 ਹਫ਼ਤੇ ਪਹਿਲਾਂ 23 ਜਨਵਰੀ ਨੂੰ ਇਸ ਮਾਮਲੇ ਵਿਚ ਜਲੰਧਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਐੱਨ. ਜੀ. ਟੀ. ਦੇ ਸਾਹਮਣੇ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਵੀ ਹੋਈ, ਜਿਸ ਕਾਰਨ ਨਗਰ ਨਿਗਮ ਨੇ ਚੌਗਿੱਟੀ ਡੰਪ ਨੂੰ ਪੂਰੀ ਤਰ੍ਹਾਂ ਨਾਲ ਸਾਫ਼ ਕਰਕੇ ਉਥੇ ਗ੍ਰੀਨ ਬੈਲਟ ਦਾ ਨਿਰਮਾਣ ਸ਼ੁਰੂ ਕਰ ਦਿੱਤਾ।

ਉਥੇ ਕੂੜਾ ਆਦਿ ਸਾਫ ਕਰਨ ਤੋਂ ਬਾਅਦ ਚੂਨਾ ਵਿਛਾਇਆ ਗਿਆ ਅਤੇ ਝੰਡੇ ਆਦਿ ਲਾ ਕੇ ਡੰਪ ਨੂੰ ਇਕ ਸੈਰਗਾਹ ਦਾ ਰੂਪ ਦੇਣ ਦਾ ਯਤਨ ਕੀਤਾ ਗਿਆ। ਉਦੋਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਇਥੇ ਲਾਈਟਿੰਗ ਦੀ ਵਿਵਸਥਾ ਕੀਤੀ ਜਾਵੇਗੀ, ਹਰੇ-ਭਰੇ ਪਾਰਕ ਵਰਗੀ ਸਹੂਲਤ ਦੇਣ ਲਈ ਇਥੇ ਵਾਕਿੰਗ ਟਰੈਕ ਬਣਾਏ ਅਤੇ ਲੋਕਾਂ ਦੇ ਬੈਠਣ ਲਈ ਬੈਂਚ ਰੱਖੇ ਜਾਣਗੇ। ਉਦੋਂ ਨਿਗਮ ਅਧਿਕਾਰੀਆਂ ਨੇ ਹੁਕਮ ਕੱਢਿਆ ਸੀ ਕਿ ਜੋ ਵੀ ਚੌਗਿੱਟੀ ਡੰਪ ’ਤੇ ਹੁਣ ਕੂੜਾ ਸੁੱਟੇਗਾ, ਉਸਨੂੰ ਜੁਰਮਾਨਾ ਮੌਕੇ ’ਤੇ 10 ਹਜ਼ਾਰ ਰੁਪਏ ਕੀਤਾ ਜਾਵੇਗਾ।
ਅਹਿਤਿਆਤ ਦੇ ਤੌਰ ’ਤੇ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਚੌਗਿੱਟੀ ਡੰਪ ’ਤੇ ਸੀ. ਸੀ. ਟੀ. ਵੀ. ਕੈਮਰੇ ਤਕ ਲਾਏ ਸਨ ਅਤੇ ਉਥੇ ਪੁਲਸ ਦੀ ਵੀ ਵਿਵਸਥਾ ਕੀਤੀ ਗਈ ਸੀ ਤਾਂ ਕਿ ਭਵਿੱਖ ਵਿਚ ਕੋਈ ਵੀ ਉਥੇ ਕੂੜਾ ਨਾ ਸੁੱਟ ਸਕੇ। ਨਿਗਮ ਵੱਲੋਂ ਕਈ ਦਿਨ ਲਾ ਕੇ ਅਤੇ ਭਾਰੀ ਰਕਮ ਖ਼ਰਚ ਕਰਕੇ ਕੀਤੀਆਂ ਗਈਆਂ ਇਹ ਸਾਰੀਆਂ ਤਿਆਰੀਆਂ ਬੀਤੇ ਦਿਨ ਉਸ ਸਮੇਂ ਫੇਲ ਸਾਬਿਤ ਹੋਈਆਂ ਅਤੇ ਨਿਗਮ ਵੱਲੋਂ ਹੁਣ ਤਕ ਇਸ ਮਾਮਲੇ ਵਿਚ ਕੀਤੀ ਗਈ ਸਾਰੀ ਮਿਹਨਤ ਉਸ ਸਮੇਂ ਬੇਕਾਰ ਗਈ, ਜਦੋਂ ਨੇੜਲੇ ਇਲਾਕੇ ਵਿਚੋਂ ਆਏ ਰੈਗ ਪਿਕਰਸ ਨੇ ਫਿਰ ਉਥੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ। ਚੁਗਿੱਟੀ ਡੰਪ ’ਤੇ ਕੂੜਾ ਆਉਂਦੇ ਹੀ ਉਥੇ ਆਵਾਰਾ ਪਸ਼ੂਆਂ ਨੇ ਫਿਰ ਆਉਣਾ-ਜਾਣਾ ਸ਼ੁਰੂ ਕਰ ਿਦੱਤਾ। ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹੀ ਹਾਲ ਰਿਹਾ ਤਾਂ ਇਸ ਇਲਾਕੇ ਵਿਚ ਫਿਰ ਕੂੜੇ ਦਾ ਡੰਪ ਨਜ਼ਰ ਆ ਸਕਦਾ ਹੈ।

ਇਹ ਵੀ ਪੜ੍ਹੋ: ਸਸਤੀ ਦਾਲ ਤੇ ਆਟੇ ਤੋਂ ਬਾਅਦ ਹੁਣ ਜਲੰਧਰ ਦੀ ਇਸ ਮੰਡੀ 'ਚ ਮਿਲ ਰਹੇ ਸਸਤੇ ਚੌਲ

ਇਥੇ ਆਉਂਦਾ ਕੂੜਾ ਕਿਥੇ ਜਾਵੇਗਾ, ਇਸ ਦੀ ਕੋਈ ਪਲਾਨਿੰਗ ਹੀ ਨਹੀਂ ਕੀਤੀ
ਸ਼ਹਿਰ ਦੇ ਕੂੜੇ ਨੂੰ ਸੰਭਾਲਣ ਵਿਚ ਜਲੰਧਰ ਨਿਗਮ ਦੇ ਅਧਿਕਾਰੀ ਹੁਣ ਤਕ ਫੇਲ ਸਾਬਿਤ ਹੋਏ ਹਨ। ਚੁਗਿੱਟੀ ਡੰਪ ਮਾਮਲੇ ਵਿਚ ਵੀ ਅਜਿਹਾ ਹੀ ਹੋਇਆ। ਐੱਨ. ਜੀ. ਟੀ. ਦੇ ਡੰਡੇ ਦੇ ਡਰ ਨਾਲ ਅਧਿਕਾਰੀਆਂ ਨੇ ਇਥੇ ਕੂੜਾ ਸੁੱਟਣਾ ਬੰਦ ਤਾਂ ਕਰਵਾ ਿਦੱਤਾ ਪਰ ਨੇੜਲੇ ਇਲਾਕੇ ਵਿਚੋਂ ਇਥੇ ਆਉਂਦਾ ਕੂੜਾ ਹੁਣ ਕਿਥੇ ਜਾਵੇਗਾ, ਇਸ ਦਾ ਕੋਈ ਠੋਸ ਪ੍ਰਬੰਧ ਨਹੀਂ ਕੀਤਾ। ਉਦੋਂ ਦੱਸਿਆ ਗਿਆ ਸੀ ਕਿ ਚੌਗਿੱਟੀ ਡੰਪ ’ਤੇ ਆਉਂਦਾ ਕੂਡ਼ਾ ਦਕੋਹਾ, ਬੜਿੰਗ, ਧੰਨੋਵਾਲੀ ਅਤੇ ਪ੍ਰਤਾਪ ਬਾਗ ਡੰਪ ’ਤੇ ਜਾਇਆ ਕਰੇਗਾ। ਚੁਗਿੱਟੀ ਦੇ ਨੇੜਲੇ ਇਲਾਕਿਆਂ ਦੇ ਘਰ-ਘਰ ਵਿਚੋਂ ਕੂੜਾ ਚੁੱਕਣ ਵਾਲੇ ਰੈਗ ਪਿਕਰਸ ਦਾ ਕਹਿਣਾ ਹੈ ਕਿ ਜਦੋਂ ਉਹ ਦਕੋਹਾ ਡੰਪ ’ਤੇ ਕੂਡ਼ਾ ਸੁੱਟਣ ਗਏ ਤਾਂ ਉਥੋਂ ਲੋਕਾਂ ਨੇ ਉਨ੍ਹਾਂ ਨੂੰ ਭਜਾ ਿਦੱਤਾ ਅਤੇ ਕੂਡ਼ਾ ਸੁੱਟਣ ਨਹੀਂ ਦਿੱਤਾ। ਪ੍ਰਤਾਪ ਬਾਗ ਕਈ ਕਿਲੋਮੀਟਰ ਦੂਰ ਪੈਂਦਾ ਹੈ, ਜਿੱਥੇ ਜਾਣਾ ਸੰਭਵ ਹੀ ਨਹੀਂ ਹੈ। ਅਜਿਹੇ ਵਿਚ ਉਹ ਕੂੜਾ ਕਿਥੇ ਸੁੱਟਣ, ਨਿਗਮ ਅਧਿਕਾਰੀ ਕੁਝ ਨਹੀਂ ਦੱਸ ਪਾ ਰਹੇ। ਇਸੇ ਸਮੱਸਿਆ ਨੂੰ ਲੈ ਕੇ ਅੱਜ ਰੈਗ ਪਿਕਰਸ ਨੇ ਸਵੇਰੇ ਨਿਗਮ ਜਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ, ਜਿਸ ਤੋਂ ਬਾਅਦ ਯੂਨੀਅਨ ਆਗੂਆਂ ਨੇ ਉਨ੍ਹਾਂ ਨੂੰ ਚੌਗਿੱਟੀ ਡੰਪ ’ਤੇ ਹੀ ਕੂੜਾ ਸੁੱਟਣ ਲਈ ਉਕਸਾ ਦਿੱਤਾ।

ਯੂਨੀਅਨ ਆਗੂਆਂ ਨੇ ਦਿਖਾਇਆ ਡਰਾਉਣਾ ਰੂਪ, ਕੂੜੇ ਨਾਲ ਭਰੀਆਂ ਗੱਡੀਆਂ ਨਿਗਮ ਲਿਆ ਕੇ ਖੜ੍ਹੀਆਂ ਕਰ ਦਿੱਤੀਆਂ
ਪਿਛਲੇ ਲੰਮੇ ਸਮੇਂ ਤੋਂ ਨਿਗਮ ਅਧਿਕਾਰੀਆਂ ਨੇ ਕੂੜੇ ਦੇ ਕੰਮ ਵਿਚ ਲੱਗੇ ਆਊਟਸੋਰਸ ਕਰਮਚਾਰੀਆਂ ਨੂੰ ਤਨਖਾਹ ਦਾ ਭੁਗਤਾਨ ਨਹੀਂ ਕੀਤਾ, ਜਿਸ ਨੂੰ ਲੈ ਕੇ ਰੋਸ ਪ੍ਰਗਟ ਕਰਨ ਲਈ ਅੱਜ ਉਕਤ ਕਰਮਚਾਰੀ ਕੂੜੇ ਨਾਲ ਭਰੀਆਂ ਗੱਡੀਆਂ ਲੈ ਕੇ ਨਿਗਮ ਕੰਪਲੈਕਸ ਪਹੁੰਚ ਗਏ ਅਤੇ ਉਥੇ ਉਨ੍ਹਾਂ ਕੂੜੇ ਦੇ ਢੇਰ ਲਾਉਣ ਦੀ ਧਮਕੀ ਦੇ ਦਿੱਤੀ। ਇਨ੍ਹਾਂ ਕਰਮਚਾਰੀਆਂ ਅਤੇ ਠੇਕੇਦਾਰਾਂ ਦੇ ਪੱਖ ਵਿਚ ਯੂਨੀਅਨ ਆਗੂ ਬੰਟੂ ਸੱਭਰਵਾਲ, ਚੰਦਨ ਗਰੇਵਾਲ, ਸ਼ੰਮੀ ਲੂਥਰ ਆਦਿ ਵੀ ਨਿਗਮ ਅਧਿਕਾਰੀਆਂ ਦੇ ਆਫਿਸ ਵਿਚ ਇਕੱਠੇ ਹੋ ਗਏ, ਜਿਥੇ ਇਕ ਅਧਿਕਾਰੀ ਦੀ ਕਾਰਜਸ਼ੈਲੀ ਨੂੰ ਲੈ ਕੇ ਕਾਫੀ ਤੂੰ-ਤੂੰ, ਮੈਂ-ਮੈਂ ਹੋਈ। ਨਿਗਮ ਅਧਿਕਾਰੀਆਂ ਵੱਲੋਂ ਜਲਦ ਪੇਮੈਂਟ ਰਿਲੀਜ਼ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਯੂਨੀਅਨ ਆਗੂ ਸ਼ਾਂਤ ਹੋਏ। ਪੇਮੈਂਟ ਦਾ ਭਰੋਸਾ ਮਿਲਣ ਤੋਂ ਬਾਅਦ ਠੇਕੇਦਾਰ ਸਤਪਾਲ ਨੇ ਡੰਪ ਸਥਾਨ ਤੋਂ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰ ਿਦੱਤਾ, ਨਹੀਂ ਤਾਂ ਕਈ ਿਦਨਾਂ ਤੋਂ ਉਸਨੇ ਲਿਫ਼ਟਿੰਗ ਦਾ ਕੰਮ ਬੰਦ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ: ਪੁਰਤਗਾਲ 'ਚ ਦਸੂਹਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਚੁਗਿੱਟੀ ਡੰਪ ’ਤੇ ਹੋਇਆ ਖੂਬ ਹੰਗਾਮਾ, ਬੇਵੱਸ ਦਿਸੀ ਪੁਲਸ
ਪਿਛਲੇ ਕਈ ਦਿਨਾਂ ਤੋਂ ਲੱਧੇਵਾਲੀ ਅਤੇ ਰਾਮਾ ਮੰਡੀ ਇਲਾਕੇ ਦੇ ਰੈਗ ਪਿਕਰਸ ਨਗਰ ਨਿਗਮ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਕੂੜਾ ਸੁੱਟਣ ਵਾਸਤੇ ਉਚਿਤ ਸਥਾਨ ਦੀ ਮੰਗ ਕਰ ਰਹੇ ਸਨ ਪਰ ਨਿਗਮ ਅਧਿਕਾਰੀ ਇਸ ਸਮੱਸਿਆ ਦਾ ਹੱਲ ਨਹੀਂ ਲੱਭ ਪਾ ਰਹੇ ਸਨ।
ਅਜਿਹੇ ਵਿਚ ਬੀਤੇ ਦਿਨ ਪ੍ਰੇਸ਼ਾਨ ਰੈਗ ਪਿਕਰਸ ਨੇ ਜਦੋਂ ਚੁਗਿੱਟੀ ਡੰਪ ’ਤੇ ਹੀ ਕੂੜਾ ਸੁੱਟਣ ਦਾ ਪਲਾਨ ਬਣਾਇਆ ਤਾਂ ਉਥੇ ਮੌਜੂਦ ਪੁਲਸ ਵਾਲਿਆਂ ਨਾਲ ਉਨ੍ਹਾਂ ਦੀ ਕਾਫੀ ਝੜਪ ਹੋਈ। ਉਥੇ ਕਾਫ਼ੀ ਗਿਣਤੀ ਵਿਚ ਰੈਗ ਪਿਕਰਸ ਇਕੱਠੇ ਹੋ ਗਏ, ਜਿਨ੍ਹਾਂ ਨੇ ਜਬਰੀ ਉਥੇ ਕੂੜਾ ਸੁੱਟ ਦਿੱਤਾ। ਡੰਪ ’ਤੇ ਮੌਜੂਦ ਪੁਲਸ ਵਾਲੇ ਕਾਫ਼ੀ ਦੇਰ ਤਕ ਉਨ੍ਹਾਂ ਨਾਲ ਬਹਿਸਦੇ ਰਹੇ ਅਤੇ ਕੂੜਾ ਸੁੱਟਣ ਤੋਂ ਮਨ੍ਹਾ ਕਰਦੇ ਰਹੇ ਪਰ ਫਿਰ ਵੀ ਉਥੇ ਵੇਖਦੇ ਹੀ ਵੇਖਦੇ ਕੂੜੇ ਦੇ ਢੇਰ ਲੱਗ ਗਏ।

ਇਹ ਵੀ ਪੜ੍ਹੋ:  ਹੁਸ਼ਿਆਰਪੁਰ ਦੇ ਪਰਲ ਕਪੂਰ ਨੇ ਮਾਰੀਆਂ ਵੱਡੀਆਂ ਮੱਲਾਂ, ਦੇਸ਼ ਭਰ 'ਚ ਅਰਬਪਤੀ ਬਣ ਕੇ ਚਮਕਾਇਆ ਨਾਂ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

shivani attri

This news is Content Editor shivani attri