ਸ਼ਰਾਬ ਸਮੱਗਲਰ ਕਾਲਾ ਰਾਏਪੁਰ ਦੀ ਭਾਲ ''ਚ ਰੇਡ ਜਾਰੀ

01/11/2020 6:42:21 PM

ਜਲੰਧਰ (ਵਰੁਣ)— ਸ਼ਰਾਬ ਸਮੱਗਲਰ ਅਤੇ ਕਾਂਗਰਸੀ ਆਗੂਆਂ ਦਾ ਸਿਰ 'ਤੇ ਹੱਥ ਹੋਣ ਕਾਰਣ ਸਮੱਗਲਿੰਗ ਦਾ ਨੈੱਟਵਰਕ ਚਲਾ ਰਹੇ ਕਾਲਾ ਰਾਏਪੁਰ ਦੇ ਸਾਥੀ ਕ੍ਰਿਸ਼ਨ ਕਾਂਤ ਨੂੰ ਸੀ. ਆਈ. ਏ. ਸਟਾਫ 1 ਨੇ ਜੇਲ ਭੇਜ ਦਿੱਤਾ ਹੈ। ਕ੍ਰਿਸ਼ਨ ਕਾਂਤ ਨੂੰ ਪੁਲਸ ਨੇ ਇਕ ਦਿਨ ਦੇ ਰਿਮਾਂਡ 'ਤੇ ਲਿਆ ਸੀ। ਪੁਲਸ ਸ਼ਰਾਬ ਸਮੱਗਲਰ ਦਲਜੀਤ ਸਿੰਘ ਉਰਫ ਕਾਲਾ ਰਾਏਪੁਰ ਪੁੱਤਰ ਸੁੱਚਾ ਸਿੰਘ ਵਾਸੀ ਰਾਏਪੁਰ-ਰਸੂਲਪੁਰ ਦੀ ਭਾਲ ਲਗਾਤਾਰ ਕਰ ਰਹੀ ਹੈ ਪਰ ਉਹ ਫਰਾਰ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮ ਕਾਲੇ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਕਾਲਾ ਰਾਏਪੁਰ ਖਿਲਾਫ 2019 ਵਿਚ ਵੀ ਸ਼ਰਾਬ ਸਮੱਗਲਿੰਗ ਦਾ ਕੇਸ ਦਰਜ ਹੋਇਆ ਸੀ, ਜਿਸ 'ਚ ਉਸ ਕੋਲੋਂ 675 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ਸੀ, ਜਿਸ ਤੋਂ ਕੁਝ ਦਿਨਾਂ ਬਾਅਦ ਤੱਕ ਉਹ ਫਰਾਰ ਰਿਹਾ ਅਤੇ ਬਾਅਦ 'ਚ ਉਸ ਨੇ ਹਾਈ ਕੋਰਟ ਤੋਂ ਜ਼ਮਾਨਤ ਲੈ ਲਈ ਸੀ।

ਜ਼ਮਾਨਤ 'ਤੇ ਆਉਣ ਤੋਂ ਬਾਅਦ ਕਾਲਾ ਰਾਏਪੁਰ ਨੇ ਦੁਬਾਰਾ ਸ਼ਰਾਬ ਸਮੱਗਲਿੰਗ ਸ਼ੁਰੂ ਕਰ ਦਿੱਤੀ। ਦੱਸਣਯੋਗ ਹੈ ਕਿ ਕਾਲਾ ਰਾਏਪੁਰ ਨੇ ਇੰਡਸਟਰੀਅਲ ਅਸਟੇਟ 'ਚ ਕਿਰਾਏ 'ਤੇ ਗੋਦਾਮ ਲੈ ਕੇ ਉਥੇ ਸ਼ਰਾਬ ਡੰਪ ਕੀਤੀ ਹੋਈ ਸੀ। ਸੀ. ਆਈ. ਏ. ਸਟਾਫ 1 ਨੇ ਉਥੇ ਰੇਡ ਕਰਕੇ 783 ਪੇਟੀਆਂ ਸ਼ਰਾਬ ਦੀਆਂ ਫੜੀਆਂ, ਜਦੋਂਕਿ ਕਾਲਾ ਗੋਦਾਮ 'ਚ ਨਹੀਂ ਸੀ। ਪੁਲਸ ਨੇ ਉਸ ਦੇ ਸਾਥੀ ਕ੍ਰਿਸ਼ਨ ਕਾਂਤ ਨੂੰ ਅਰੈਸਟ ਕੀਤਾ ਸੀ, ਜਿਸ ਨੂੰ ਪੁੱਛਗਿੱਛ ਲਈ ਇਕ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਸੀ। ਕਾਲੇ ਕੋਲ ਤਿੰਨ ਨਾਜਾਇਜ਼ ਵੈਪਨ ਵੀ ਹਨ। ਭਾਵੇਂ ਇਹ ਵੈਪਨ ਪਹਿਲਾਂ ਲਾਇਸੈਂਸਸ਼ੁਦਾ ਸਨ ਪਰ ਅਗਵਾ ਸਣੇ ਸ਼ਰਾਬ ਸਮੱਗਲਿੰਗ ਦਾ ਕੇਸ ਦਰਜ ਹੋਣ ਤੋਂ ਬਾਅਦ 2018 ਵਿਚ ਉਸਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਸੀ।

ਕ੍ਰਿਸ਼ਨ ਕਾਂਤ ਦੀ ਮੋਬਾਇਲ ਡਿਟੇਲ ਕਢਵਾਏਗੀ ਪੁਲਸ
ਕਾਲਾ ਰਾਏਪੁਰ ਦੇ ਸਾਥੀ ਕ੍ਰਿਸ਼ਨ ਕਾਂਤ ਦੀ ਪੁਲਸ ਮੋਬਾਇਲ ਡਿਟੇਲ ਕਢਵਾਏਗੀ। ਇਸ ਨਾਲ ਲੋਕਲ ਨੈੱਟਵਰਕ 'ਚ ਜੁੜੇ ਸਾਰੇ ਸਮੱਗਲਰਾਂ ਦੇ ਨੰਬਰ ਮਿਲਣ ਦੀ ਸੰਭਾਵਨਾ ਹੈ। ਭਾਵੇਂ ਕਿ ਕ੍ਰਿਸ਼ਨ ਕਾਂਤ ਵਟਸਐਪ ਗਰੁੱਪ 'ਤੇ ਜ਼ਿਆਦਾਤਰ ਗੱਲਾਂ ਕਰਦਾ ਸੀ ਪਰ ਕੁਝ ਸਮੱਗਲਰਾਂ ਦੇ ਨੰਬਰ ਪੁਲਸ ਦੇ ਹੱਥ ਲੱਗੇ ਹਨ।

shivani attri

This news is Content Editor shivani attri