ਸ਼ਰਾਬ ਕਾਰੋਬਾਰੀ ਤੇ ਡੀ. ਈ. ਟੀ. ਸੀ. ''ਚ ਛਿੜੀ ਜੰਗ

09/04/2019 3:07:58 PM

ਜਲੰਧਰ (ਜ.ਬ.)— ਜਲੰਧਰ ਦੇ ਡੀ. ਈ. ਟੀ. ਸੀ. ਸਨਲ ਵਾਲੀਆ ਖਿਲਾਫ ਮੋਗਾ ਦੇ ਸ਼ਰਾਬ ਕਾਰੋਬਾਰੀ ਰਵਿੰਦਰਪਾਲ ਸਿੰਘ ਜੋ ਕਿ ਜਲੰਧਰ 'ਚ ਡੋਡਾ ਵਾਈਜ਼ ਦੇ ਨੁਮਾਇੰਦੇ ਹਨ, ਨੇ ਜਿਥੇ ਮੁੱਖ ਮੰਤਰੀ ਅਤੇ ਪ੍ਰਿੰਸੀਪਲ ਸਕੱਤਰ ਪੰਜਾਬ ਨੂੰ ਸ਼ਿਕਾਇਤ ਭੇਜੀ ਹੈ, ਉਥੇ ਹੀ ਪੰਜਾਬ ਦੇ ਫਾਈਨਾਂਸ ਕਮਿਸ਼ਨਰ, ਆਬਕਾਰੀ ਕਮਿਸ਼ਨਰ ਅਤੇ ਉਕਤ ਡੀ. ਈ. ਟੀ. ਸੀ. ਸਨਲ ਵਾਲੀਆ ਨੂੰ ਲੀਗਲ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਮਾਮਲੇ ਬਾਰੇ ਵਿਭਾਗੀ ਸੂਤਰਾਂ ਤੇ ਲੀਗਲ ਨੋਟਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਆਪਣੇ ਵਕੀਲ ਦੇ ਜ਼ਰੀਏ ਰਵਿੰਦਰਪਾਲ ਸਿੰਘ ਨੇ ਵਿਭਾਗੀ ਅਧਿਕਾਰੀਆਂ ਤੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਉਕਤ ਡੀ. ਈ. ਟੀ. ਸੀ. ਖਿਲਾਫ ਸਖਤ ਐਕਸ਼ਨ ਲੈਣ ਕਿਉਂਕਿ ਉਹ ਸ਼ਰਾਬ ਕਾਰੋਬਾਰੀ ਨੂੰ ਜਾਣਬੁੱਝ ਕੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਕੇ ਜਲੰਧਰ ਵਿਚ ਬਣਨ ਵਾਲੇ ਸਿੰਡੀਕੇਟ ਦਾ ਹਿੱਸਾ ਬਣਨ ਦਾ ਪ੍ਰੈਸ਼ਰ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਿੰਡੀਕੇਟ ਜਾਂ ਪੂਲ ਅਸਲ ਵਿਚ ਪੰਜਾਬ ਆਬਕਾਰੀ ਨਿਯਮਾਂ ਦੇ ਉਲਟ ਹੈ ਤੇ ਇਹ ਪ੍ਰਤੱਖ ਤੌਰ 'ਤੇ ਸ਼ਰਾਬ ਕਾਰੋਬਾਰੀਆਂ ਦੇ ਗਲਬੇ ਨੂੰ ਉਤਸ਼ਾਹਿਤ ਕਰਦਾ ਹੈ। ਅਜਿਹਾ ਨਾ ਕਰਨ 'ਤੇ ਡੀ. ਈ. ਟੀ. ਸੀ. ਵੱਲੋਂ ਨਾ ਸਿਰਫ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਸਗੋਂ ਉਨ੍ਹਾਂ ਦੇ ਵਿਭਾਗ ਦੇ ਹੇਠਲੇ ਸਟਾਫ ਵਲੋਂ ਉਨ੍ਹਾਂ ਨੂੰ ਵਾਰ-ਵਾਰ ਫੋਨ ਕਰ ਕੇ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਉਹ ਸਿੰਡੀਕੇਟ ਦਾ ਹਿੱਸਾ ਨਹੀਂ ਬਣਦੇ ਤਾਂ ਉਨ੍ਹਾਂ ਲਈ ਚੰਗਾ ਨਹੀਂ ਹੋਵੇਗਾ।

ਸਾਰੇ ਮਾਮਲੇ 'ਚ ਸ਼ਿਕਾਇਤਕਰਤਾ ਸ਼ਰਾਬ ਕਾਰੋਬਾਰੀ ਰਵਿੰਦਰਪਾਲ ਨੇ ਕੁਝ ਮੋਬਾਇਲ ਕਾਲ ਰਿਕਾਰਡਿੰਗਜ਼ ਵੀ ਵਾਇਰਲ ਕੀਤੀਆਂ ਹਨ, ਜਿਨ੍ਹਾਂ 'ਚ ਵਿਭਾਗ ਦੇ ਕੁਝ ਕਰਮਚਾਰੀ ਉਨ੍ਹਾਂ ਨੂੰ ਵਾਰ-ਵਾਰ ਡੀ. ਈ. ਟੀ. ਸੀ. ਦੇ ਅੱਗੇ ਪੇਸ਼ ਹੋਣ ਲਈ ਕਹਿ ਰਹੇ ਹਨ ਅਤੇ ਇਸ ਮਾਮਲੇ 'ਚ ਉਨ੍ਹਾਂ ਨੂੰ ਕੋਈ ਉਪਾਅ ਲੱਭਣ ਲਈ ਕਿਹਾ ਜਾ ਰਿਹਾ ਹੈ। ਲੀਗਲ ਨੋਟਿਸ ਅਤੇ ਸ਼ਿਕਾਇਤ 'ਚ ਉਕਤ ਸ਼ਿਕਾਇਤਕਰਤਾ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਕੀ ਕਿਸੇ ਡੀ. ਈ. ਟੀ. ਸੀ. ਕੋਲ ਪਾਵਰ ਹੈ ਕਿ ਉਹ ਕਿਸੇ ਸ਼ਰਾਬ ਕਾਰੋਬਾਰੀ ਨੂੰ ਸਿੰਡੀਕੇਟ 'ਚ ਸ਼ਾਮਲ ਹੋਣ ਲਈ ਮਜਬੂਰ ਕਰ ਸਕਦਾ ਹੈ ਅਤੇ ਜੇਕਰ ਕੋਈ ਕਾਰੋਬਾਰੀ ਸਿੰਡੀਕੇਟ ਦਾ ਹਿੱਸਾ ਨਹੀਂ ਬਣਦਾ ਹੈ ਤਾਂ ਕੀ ਉਸ ਨੂੰ ਨਤੀਜੇ ਭੁਗਤਣ ਲਈ ਕਿਹਾ ਜਾ ਸਕਦਾ ਹੈ।
ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਸਰਕਾਰੀ ਰੇਟਾਂ ਤੋਂ ਵੱਧ ਮੁੱਲ 'ਤੇ ਸ਼ਰਾਬ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਿੰਡੀਕੇਟ ਦੇ ਜ਼ਰੀਏ ਵੱਧ ਕੀਮਤਾਂ 'ਤੇ ਸ਼ਰਾਬ ਵਿਕਵਾ ਕੇ ਉਕਤ ਅਧਿਕਾਰੀ ਉਪਰ ਦੀ ਸਾਰੀ ਕਮਾਈ ਆਪਣੀ ਜੇਬ 'ਚ ਪਾਉਣ ਲਈ ਉਤਾਵਲਾ ਹੈ। ਉਸ ਨੇ ਮੰਗ ਕੀਤੀ ਹੈ ਕਿ ਉਸ ਨੂੰ ਪ੍ਰੇਸ਼ਾਨ ਕਰਨ ਵਾਲੇ ਡੀ. ਈ. ਟੀ. ਸੀ. ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਤੇ ਉਸ 'ਤੇ ਪੁਲਸ ਕੇਸ ਦਰਜ ਕੀਤਾ ਜਾਵੇ। ਸਾਡੇ ਨਾਲ ਗੱਲਬਾਤ ਕਰਦਿਆਂ ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਸ਼ਿਕਾਇਤ ਅਤੇ ਰਿਕਾਰਡਿੰਗਜ਼ ਸੀ. ਐੱਮ. ਅਤੇ ਪ੍ਰਿੰਸੀਪਲ ਸਕੱਤਰ ਨੂੰ ਈਮੇਲ ਕਰ ਦਿੱਤੀ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਕੀ ਕਾਰਵਾਈ ਹੁੰਦੀ ਹੈ।

ਡੋਡਾ ਗਰੁੱਪ ਤੋਂ ਨਾਜਾਇਜ਼ ਸ਼ਰਾਬ ਫੜੀ ਸੀ, ਇਸ ਲਈ ਕੇਸ ਦਬਾਉਣ ਲਈ ਸਾਜਿਸ਼ ਰਚੀ ਜਾ ਰਹੀ : ਡੀ. ਈ. ਟੀ. ਸੀ. ਵਾਲੀਆ
ਮਾਮਲੇ ਬਾਰੇ ਡੀ. ਈ. ਟੀ. ਸੀ. ਸਨਲ ਵਾਲੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਉਨ੍ਹਾਂ ਨੂੰ ਦਬਾਉਣ ਲਈ ਸਾਜ਼ਿਸ਼ ਦੇ ਤੌਰ 'ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਕੋਈ ਲੀਗਲ ਨੋਟਿਸ ਨਹੀਂ ਮਿਲਿਆ ਅਤੇ ਨਾ ਹੀ ਵਿਭਾਗ ਵੱਲੋਂ ਕਿਸੇ ਸ਼ਿਕਾਇਤ ਲਈ ਨੋਟਿਸ ਮਿਲਿਆ ਹੈ। ਜਦੋਂ ਮਿਲੇਗਾ ਤਾਂ ਉਹ ਕਾਨੂੰਨੀ ਤਰੀਕੇ ਨਾਲ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਅਸਲ ਵਿਚ ਬੀਤੇ ਦਿਨ ਉਨ੍ਹਾਂ ਡੋਡਾ ਗਰੁੱਪ ਦੇ ਠੇਕਿਆਂ ਤੋਂ ਕਾਫੀ ਨਾਜਾਇਜ਼ ਸ਼ਰਾਬ ਫੜੀ ਸੀ, ਇਸ ਕਾਰਣ ਉਕਤ ਗਰੁੱਪ ਦੇ ਠੇਕੇਦਾਰ ਆਪਣੇ ਕੇਸ ਨੂੰ ਕਮਜ਼ੋਰ ਕਰਨ ਲਈ ਉਨ੍ਹਾਂ 'ਤੇ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦੱਬਣ ਵਾਲੇ ਨਹੀਂ ਹਨ ਅਤੇ ਜਿਨ੍ਹਾਂ ਕੋਲੋਂ ਨਾਜਾਇਜ਼ ਸ਼ਰਾਬ ਫੜੀ ਗਈ ਹੈ, ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਵੇਗੀ।

ਉਥੇ ਇਸ ਮਾਮਲੇ ਨੂੰ ਲੈ ਕੇ ਆਬਕਾਰੀ ਵਿਭਾਗ 'ਚ ਹਲਚਲ ਮਚੀ ਹੋਈ ਹੈ ਕਿਉਂਕਿ ਵਿਭਾਗ ਦੇ ਉੱਚ ਅਧਿਕਾਰੀ 'ਤੇ ਦੋਸ਼ ਲੱਗ ਰਹੇ ਹਨ। ਵਿਭਾਗ 'ਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ, ਜਿਨ੍ਹਾਂ ਰਾਹੀਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਲੰਧਰ 'ਚ ਸਿੰਡੀਕੇਟ ਬਣਾਉਣ ਲਈ ਵਿਭਾਗ ਵੱਲੋਂ ਹੀ ਠੇਕੇਦਾਰਾਂ 'ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਪਰ ਇਸ 'ਚ ਕਿਹੜੇ-ਕਿਹੜੇ ਅਧਿਕਾਰੀ ਸ਼ਾਮਲ ਹਨ ਅਤੇ ਕਿਉਂ ਉਹ ਸਿੰਡੀਕੇਟ ਬਣਾਉਣਾ ਚਾਹੁੰਦੇ ਹਨ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਦੇਖਣਾ ਹੋਵੇਗਾ ਕਿ ਡੀ. ਈ. ਟੀ. ਸੀ. ਅਤੇ ਸ਼ਰਾਬ ਕਾਰੋਬਾਰੀ ਦਰਮਿਆਨ ਛਿੜੀ ਜੰਗ ਦਾ ਕੀ ਨਤੀਜਾ ਸਾਹਮਣੇ ਆਉਂਦਾ ਹੈ।

shivani attri

This news is Content Editor shivani attri