ਕੇਂਦਰ ਵੱਲੋਂ ਬਣਾਈ ਖੇਤੀ ਸੁਧਾਰ ਕਮੇਟੀ ਕਿਸਾਨਾਂ ਨਾਲ ਵੱਡਾ ਧੋਖਾ: ਜੰਗਵੀਰ ਸਿੰਘ ਚੌਹਾਨ

07/21/2022 5:19:25 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਕੇਂਦਰ ਸਰਕਾਰ ਵੱਲੋਂ ਕਿਸਾਨ ਮੋਰਚਾ ਖ਼ਤਮ ਕਰਵਾਉਣ ਸਮੇਂ ਕਿਸਾਨਾਂ ਨਾਲ ਜਿਸ ਖੇਤੀ ਸੁਧਾਰ ਕਮੇਟੀ ਨੂੰ ਗਠਿਤ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਜੇ ਸਬੰਧੀ 12 ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਉਸ ਨੂੰ ਕਿਸਾਨ ਮੋਰਚਾ ਨੇ ਕਿਸਾਨਾਂ ਨਾਲ ਧੋਖਾ ਕਰਾਰ ਦਿੱਤਾ ਹੈ। ਇਸ ਬਾਰੇ ਗੱਲ ਕਰਦਿਆਂ ਸਥਾਨਕ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਸੁਧਾਰ ਕਮੇਟੀ ਦੇ ਨੋਟੀਫਿਕੇਸ਼ਨ ਵਿਚ ਕਮੇਟੀ ਦਾ ਚੇਅਰਮੈਨ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੂੰ ਬਣਾਇਆ ਗਿਆ ਹੈ। 

ਇਸ ਦੇ ਨਾਲ ਹੀ ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਵੀ ਇਸ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਅਧਿਕਾਰੀ ਕਿਸਾਨ ਵਿਰੋਧੀ ਕਾਨੂੰਨਾਂ ਦੇ ਜਨਮ ਦਾਤੇ ਮੰਨੇ ਜਾਂਦੇ ਹਨ। ਕਿਸਾਨ ਸੰਘਰਸ਼ ਦੌਰਾਨ ਵੀ ਸਰਕਾਰ ਵੱਲੋਂ ਵੱਧ ਚੜ੍ਹ ਕੇ ਇਹ ਦੋਵੇਂ ਕਿਸਾਨ ਮਾਰੂ ਕਾਨੂੰਨਾਂ ਦੀ ਬੇਲੋੜੀ ਵਕਾਲਤ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ  ਇਸ ਕਮੇਟੀ ਵਿੱਚ ਕ੍ਰਿਸ਼ੀ ਵੀਰ ਚੌਧਰੀ ਭਾਰਤੀ ਕ੍ਰਿਸ਼ਕ ਸਮਾਜ, ਪ੍ਰਮੋਦ ਕੁਮਾਰ ਚੌਧਰੀ ਭਾਰਤੀ ਕਿਸਾਨ ਸੰਘ, ਗੁਨੀ ਪ੍ਰਕਾਸ਼ ਹਰਿਆਣਾ ਦੀ ਸਰਕਾਰ ਪੱਖੀ ਜਥੇਬੰਦੀ, ਸਈਦ ਪਾਸ਼ਾ ਪਟੇਲ ਭਾਜਪਾ ਦੇ ਸਾਬਕਾ ਐਮਐਲਸੀ, ਗੁਣਵੰਤ ਪਟੇਲ  ਸ਼ੇਤਕਾਰੀ ਸੰਗਠਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਇਹ ਪੰਜੇ ਵਿਅਕਤੀ ਭਾਵੇਂ ਕਿ ਕਿਸਾਨਾਂ  ਦੇ ਨਾਂ ਤੇ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਹਨ ਪਰ ਇਹ ਕਿਸੇ ਨਾ ਕਿਸੇ ਤਰ੍ਹਾਂ ਭਾਜਪਾ ਜਾਂ ਆਰਐਸਐਸ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਦੇ ਮੁੱਢਲੇ ਮੈਂਬਰਾਂ ਵਿੱਚੋਂ ਇਕ ਹਨ, ਜੋਕਿ ਕਿਸਾਨ ਜਥੇਬੰਦੀਆਂ ਬਣਾ ਕੇ ਕਿਸਾਨਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਦਾ ਕੰਮ ਕਰਦੇ ਹਨ। ਇਹ ਕਦੀ ਵੀ ਕਿਸਾਨ ਪੱਖੀ ਗੱਲ ਨਹੀਂ ਕਰਨਗੇ ਅਤੇ ਸਰਕਾਰ ਦੇ ਪੱਖ ਵਿਚ ਹੀ ਭੁਗਤਣਗੇ। 

ਇਹ ਵੀ ਪੜ੍ਹੋ:  ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨੂੰ ਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ, ਜਾਣੋ ਕਦੋਂ ਕੀ-ਕੀ ਹੋਇਆ

ਉਨ੍ਹਾਂ ਕਿਹਾ ਕਿ ਭਾਵੇਂ ਕਿ ਸੰਯੁਕਤ ਕਿਸਾਨ ਮੋਰਚੇ ਲਈ ਇਸ ਕਮੇਟੀ ਵਿੱਚ ਤਿੰਨ ਸੀਟਾਂ ਖਾਲੀ ਛੱਡੀਆਂ ਗਈਆਂ ਹਨ, ਪਰ ਕਮੇਟੀ ਬਣਾਉਣ ਸਮੇਂ ਸੰਯੁਕਤ ਕਿਸਾਨ ਮੋਰਚੇ ਨੂੰ ਯਕੀਨ ਵਿੱਚ ਨਾ ਲੈਣਾ ਸਰਕਾਰ ਦੀ ਨੀਅਤ ਤੇ ਸ਼ੱਕ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਤੋਮਰ ਵੱਲੋਂ ਲੋਕ ਸਭਾ ਵਿੱਚ ਬਿਆਨ ਦੇਣ ਸਮੇਂ ਕਹਿਣਾ ਕਿ ਐੱਮ. ਐੱਸ. ਪੀ. 'ਤੇ ਕਾਨੂੰਨ ਬਣਾਉਣ ਦੀ ਕੋਈ ਗਾਰੰਟੀ ਨਹੀਂ ਹੈ ਅਤੇ ਨਾ ਹੀ ਖੇਤੀ ਸੁਧਾਰ ਕਮੇਟੀ ਅਤੇ ਨੇ ਹੀ ਸਰਕਾਰ ਇਸ ਨੂੰ ਵਿਚਾਰੇਗੀ। ਇਹ ਸਰਕਾਰ ਦੀ ਨੀਅਤ ਦੇ ਖੋਟ ਨੂੰ ਜੱਗ ਜ਼ਾਹਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਾਲੇ ਵੀ ਆਪਣੇ ਕਿਸਾਨ ਵਿਰੋਧੀ ਨੀਤੀਆਂ ਤੋਂ ਪਿੱਛੇ ਨਹੀਂ  ਹਟ ਰਹੀ ਅਤੇ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਵਰਗੇ ਕਿਸਾਨ ਵਿਰੋਧੀ ਕਾਨੂੰਨ ਫਿਰ ਤੋਂ ਲਿਆ ਸਕਦੀ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚਾ ਇਹ ਸਮਝਦਾ ਹੈ ਕਿ ਅਜਿਹੀ ਕਿਸਾਨ ਵਿਰੋਧੀ ਕਮੇਟੀ ਵਿਚ ਸ਼ਾਮਲ ਹੋਣਾ ਵਾਜਬ ਨਹੀਂ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਕਮੇਟੀ ਦਾ ਆਮ ਲੋਕਾਂ ਵਿਚ ਪਰਦਾਫਾਸ਼ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲਾਂ ਨੂੰ ਪੁਲਸ ਨੇ ਇੰਝ ਪਾਇਆ ਸੀ ਘੇਰਾ, ਚਸ਼ਮਦੀਦਾਂ ਨੇ ਬਿਆਨ ਕੀਤਾ ਐਨਕਾਊਂਟਰ ਦਾ ਮੰਜ਼ਰ 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri