ਹਾਈ ਅਲਰਟ ਤੋਂ ਬਾਅਦ ਐੱਸ. ਓ. ਜੀ. ਟੀਮ ਨੇ ਮੁਸਲਿਮ ਕਾਲੋਨੀ ’ਚ ਚਲਾਈ ਤਲਾਸ਼ੀ ਮੁਹਿੰਮ

12/07/2018 5:01:29 AM

ਜਲੰਧਰ, (ਰਾਜੇਸ਼)- ਪੰਜਾਬ ’ਚ ਹਾਈ ਅਲਰਟ ਦੇ ਚਲਦੇ ਜਲੰਧਰ ਦੇ ਏ. ਡੀ. ਸੀ. ਪੀ. ਸਿਟੀ-1 ਨੇ ਥਾਣਾ 8 ਤੇ ਰਾਮਾ ਮੰਡੀ ਦੇ ਇਲਾਕੇ ’ਚ ਭਾਰੀ ਪੁਲਸ ਫੋਰਸ ਨਾਲ ਤਲਾਸ਼ੀ  ਮੁਹਿੰਮ  ਚਲਾਈ, ਜਿਸ ’ਚ ਪੁਲਸ ਅਧਿਕਾਰੀਆਂ ਨੇ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਗਾਂਧੀ ਨਗਰ ਤੇ ਮੁਸਲਿਮ ਕਾਲੋੋਨੀ ’ਚ ਕਈ ਸ਼ੱਕੀ ਥਾਵਾਂ ’ਤੇ ਜਾ ਕੇ ਜਾਂਚ ਕੀਤੀ। 
ਮੁਸਲਿਮ ਕਾਲੋੋਨੀ ’ਚ ਹੋਈ ਅਚਾਨਕ ਪੁਲਸ ਸਰਚ ਕਾਰਨ ਲੋਕ ਸਹਿਮ ਗਏ। ਖੁਫੀਆਂ ਏਜੰਸੀਆਂ ਨੇ ਪੰਜਾਬ ’ਚ ਅੱਤਵਾਦੀ ਮੂਸਾ ਨੂੰ ਸਰਦਾਰ ਦੇ ਰੂਪ ’ਚ ਘੁੰਮਣ ਦੀ ਗੱਲ ਕਹੀ ਹੈ, ਜਿਸ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ ਚੱਲ ਰਿਹਾ ਹੈ। ਪੁਲਸ ਨਾਲ ਜਲੰਧਰ ਪੁੱਜੀ ਸਪੈਸ਼ਲ ਟੀਮ ਐੱਸ. ਓ. ਜੀ. ਦੇ 40 ਮੈਂਬਰਾਂ ’ਚੋਂ 20 ਮੈਂਬਰਾਂ ਨੇ ਅੱਜ ਨਾਰਥ ਇਲਾਕੇ ’ਚ ਪੁਲਸ ਨਾਲ  ਤਲਾਸ਼ੀ  ਮੁਹਿੰਮ  ਚਲਾਈ। ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਪੰਜਾਬ ’ਚ ਹਾਈ ਅਲਰਟ ਕਾਰਨ ਇਹ ਮੁਹਿੰਮ ਚਲਾਈ ਜਾ ਰਹੀ ਹੈ। 
ਦੂਰਬੀਨ ਤੋਂ ਰੱਖਦੀ ਹੈ ਐੱਸ. ਓ. ਜੀ. ਨਜ਼ਰ
ਏ. ਡੀ.ਸੀ.ਪੀ. ਨੇ ਦੱਸਿਆ ਕਿ  ਜਲੰਧਰ ’ਚ  ਐੱਸ. ਓ. ਜੀ. ਦੀ ਟੀਮ ਦੇ 40 ਮੈਂਬਰ ਆਏ ਹਨ, ਜਿਨ੍ਹਾਂ ਦਾ ਕੰਮ ਸ਼ਹਿਰ ’ਚ ਨਜ਼ਰ ਰੱਖਣਾ ਹੈ।  ਐੱਸ. ਓ. ਜੀ.  ਟੀਮ ਦੇ  ਮੈਂਬਰ ਸ਼ਹਿਰ ’ਚ ਸਭ ਤੋਂ ਉੱਚੀਅਾਂ ਬਿਲਡਿੰਗਾਂ ’ਤੇ  ਚੜ੍ਹ ਕੇ ਪੂਰੇ ਸ਼ਹਿਰ ’ਤੇ ਨਜ਼ਰ ਰੱਖ ਰਹੇ ਹਨ।
ਮਾਡਲ ਟਾਊਨ ’ਚ ਐੱਸ. ਓ. ਜੀ. ਕਮਾਂਡੋਜ਼ ਨਾਲ ਕੱਢਿਆ ਫਲੈਗ ਮਾਰਚ
ਜਲੰਧਰ, (ਵਰੁਣ)- ਮਾਡਲ ਟਾਊਨ ’ਚ ਪੁਲਸ ਟੀਮ ਨੇ ਐੱਸ. ਓ. ਜੀ. ਕਮਾਂਡੋਜ਼ ਦੀ ਟੀਮ ਨਾਲ ਫਲੈਗ ਮਾਰਚ ਕੱਢਿਆ। ਏ. ਸੀ. ਪੀ. ਸਕਿਓਰਿਟੀ ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਕੱਢੇ  ਗਏ ਫਲੈਗ ਮਾਰਚ ਵਿਚ ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ ਵੀ ਮੌਜੂਦ ਸਨ। ਏ.  ਸੀ. ਪੀ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੈਦਲ ਫਲੈਗ ਮਾਰਚ ਤੋਂ ਬਾਅਦ ਉਨ੍ਹਾਂ ਨੇ  ਮਾਡਲ ਟਾਊਨ ਏਰੀਏ ’ਚ ਨੋ ਪਾਰਕਿੰਗ ’ਚ ਖੜ੍ਹੀਆਂ ਗੱਡੀਆਂ ਦੇ ਚਲਾਨ ਕੱਟੇ। ਇਸ ਤੋਂ  ਇਲਾਵਾ ਜਿਨ੍ਹਾਂ ਦੁਕਾਨਦਾਰਾਂ ਨੇ ਸੜਕ ’ਤੇ ਸਾਮਾਨ ਰੱਖ ਕੇ ਕਬਜ਼ੇ ਕੀਤੇ ਹੋਏ ਸਨ,  ਉਨ੍ਹਾਂ ਨੂੰ ਵਾਰਨਿੰਗ ਦਿੱਤੀ ਗਈ ਤੇ ਭਵਿੱਖ ’ਚ ਸਾਮਾਨ ਸੜਕ ’ਤੇ ਰੱਖਣ ’ਤੇ ਸਖ਼ਤ  ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ।