ਬਰਿਆਰ ਪਿੰਡ ''ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਤੋਂ ਬਾਅਦ ਹਲਕਾ ਭੁਲੱਥ ''ਚ ਸਿਆਸੀ ਕਲੇਸ਼ ਸ਼ੁਰੂ

03/30/2023 12:07:06 PM

ਭੁਲੱਥ (ਰਜਿੰਦਰ)- ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਵੱਲੋਂ ਪਿਛਲੇ ਦਿਨੀਂ ਬੇਗੋਵਾਲ ਨੇੜਲੇ ਪਿੰਡ ਬਰਿਆਰ ਵਿਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਹਲਕਾ ਭੁਲੱਥ ਦੀ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ। ਜਿਸ ਦੌਰਾਨ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣੇ ਸਮਰਥਕਾਂ ਸਮੇਤ ਐੱਸ. ਡੀ. ਐੱਮ. ਭੁਲੱਥ ਦੇ ਦਫ਼ਤਰ ਵਿਖੇ ਪਹੁੰਚੇ। ਮੌਕੇ 'ਤੇ ਐੱਸ. ਡੀ. ਐੱਮ. ਆਪਣੇ ਦਫ਼ਤਰ ਵਿਚ ਮੌਜੂਦ ਨਹੀਂ ਸਨ। ਪਰ ਖਹਿਰਾ ਆਪਣੇ ਸਮਰਥਕਾਂ ਸਮੇਤ ਇਸੇ ਦਫ਼ਤਰ ਵਿਚ ਬੈਠ ਗਏ ਅਤੇ ਐੱਸ. ਡੀ. ਐੱਮ. ਭੁਲੱਥ ਨੂੰ ਫੋਨ ਲਗਾ ਦਿੱਤਾ। ਅੱਗਿਓ ਐੱਸ. ਡੀ. ਐੱਮ. ਸੰਜੀਵ ਕੁਮਾਰ ਨੇ ਫੋਨ ਚੁੱਕ ਕੇ ਜਵਾਬ ਦਿੱਤਾ ਕਿ ਉਹ ਅੱਜ ਛੁੱਟੀ 'ਤੇ ਹਨ। 

ਮੌਕੇ 'ਤੇ ਵਿਧਾਇਕ ਖਹਿਰਾ ਨੇ ਐੱਸ. ਡੀ. ਐੱਮ. ਭੁਲੱਥ ਨੂੰ ਕਿਹਾ ਕਿ ਉਨ੍ਹਾਂ ਨੇ ਤਹਾਨੂੰ ਬਰਿਆਰ ਪਿੰਡ ਵਿਚ ਰਣਜੀਤ ਸਿੰਘ ਰਾਣਾ ਵੱਲੋਂ ਰੱਖੇ ਗਏ ਨੀਂਹ ਪੱਥਰ ਸੰਬੰਧੀ ਕਾਰਵਾਈ ਲਈ ਕਿਹਾ ਸੀ, ਜਿਸ 'ਤੇ ਐੱਸ. ਡੀ. ਐੱਮ. ਨੇ ਕਿਹਾ ਕਿ ਇਹ ਮਾਮਲਾ ਪੇਂਡੂ ਵਿਕਾਸ ਦਾ ਹੋਣ ਕਰਕੇ ਇਸ ਸੰਬੰਧੀ ਇਕ ਹਫ਼ਤੇ ਵਿਚ ਕਾਰਵਾਈ ਕਰਨ ਲਈ ਆਖਿਆ ਗਿਆ ਹੈ। ਜਦਕਿ ਖਹਿਰਾ ਨੇ ਐੱਸ. ਡੀ. ਐੱਮ. ਨੂੰ ਆਖਿਆ ਕਿ ਜੇਕਰ ਇਕ ਹਫ਼ਤੇ ਬਾਅਦ ਇਹ ਨੀਂਹ ਪੱਥਰ ਨਾ ਹਟਾਇਆ ਗਿਆ ਤਾਂ ਉਹ ਤੁਹਾਡੇ ਦਫ਼ਤਰ ਮੂਹਰੇ ਧਰਨਾ ਲਗਾ ਕੇ ਆਪਣਾ ਰੋਸ ਜ਼ਾਹਿਰ ਕਰਨਗੇ।

ਇਹ ਵੀ ਪੜ੍ਹੋ : ਜਲੰਧਰ: ਵਿਆਹ ਸਮਾਗਮ 'ਚ ਗਿਆ ਸੀ ਪਰਿਵਾਰ, ਵਾਪਸ ਆਏ ਤਾਂ ਪੁੱਤ ਨੂੰ ਇਸ ਹਾਲ ਵੇਖ ਉੱਡੇ ਹੋਸ਼ 
ਇਸੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਖਹਿਰਾ ਨੇ ਆਖਿਆ ਕਿ ਪਿਛਲੇ ਦਿਨੀਂ ਬਲਾਕ ਨਡਾਲਾ ਦੇ ਪਿੰਡ ਬਰਿਆਰ ਵਿਚ ਇਥੋਂ ਦੇ ਆਮ ਆਦਮੀ ਪਾਰਟੀ ਦੇ ਆਗੂ ਰਣਜੀਤ ਸਿੰਘ ਰਾਣਾ ਨੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਹੈ, ਜਦਕਿ ਉਕਤ ਵਿਅਕਤੀ ਵਿਧਾਨ ਸਭਾ ਦੀ ਚੋਣ ਹਾਰਿਆ ਹੋਇਆ ਹੈ ਅਤੇ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਨਹੀਂ ਹੈ ਅਤੇ ਨਾ ਹੀ ਉਸ ਕੋਲ ਕੋਈ ਸੰਵਿਧਾਨਕ ਅਹੁੱਦਾ ਹੈ।  ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਸੰਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸ਼ਿਕਾਇਤ ਪੱਤਰ ਭੇਜਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਯਮਾਂ ਅਤੇ ਸ਼ਰਤਾਂ ਨੂੰ ਛਿੱਕੇ 'ਤੇ ਟੰਗਦਿਆ ਇਕ ਅਜਿਹੇ ਵਿਅਕਤੀ ਤੋਂ ਪਿੰਡ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰਖਵਾਇਆ ਗਿਆ ਹੈ, ਜੋਕਿ ਚੁਣਿਆ ਹੋਇਆ ਨੁਮਾਇੰਦਾ ਨਹੀਂ ਹੈ। ਇਹ ਮਾਮਲਾ ਸਿੱਧੇ ਤੌਰ 'ਤੇ ਇਕ ਚੁਣੇ ਹੋਏ ਨੁਮਾਇੰਦੇ ਵਜੋਂ ਉਸ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੈ। ਇਸ ਲਈ ਉਸ ਦੀ ਤਹਾਨੂੰ ਬੇਨਤੀ ਹੈ ਕਿ ਇਸ ਗੈਰਕਾਨੂੰਨੀ ਨੀਂਹ ਪੱਥਰ ਨੂੰ ਤੁਰੰਤ ਹਟਾਇਆ ਜਾਵੇ ਅਤੇ ਅਜਿਹੀ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਕਾਰਵਾਈ ਵਿਚ ਸ਼ਾਮਲ ਸਾਰੇ ਸਰਕਾਰੀ ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਵੀ ਸਰਕਾਰੀ ਕਰਮਚਾਰੀ ਅਜਿਹੇ ਕੰਮਾਂ ਤੋਂ ਗੁਰੇਜ ਕਰੇ। 

ਇਸ ਤੋਂ ਇਲਾਵਾ ਇਹ ਸਾਰਾ ਮਾਮਲਾ ਪ੍ਰੀਵੇਲੇਜ ਕਮੇਟੀ ਨੂੰ  ਵੀ ਅਗਲੇਰੀ ਕਾਰਵਾਈ ਲਈ ਸੌਂਪਿਆ ਜਾਵੇ। ਇਸ ਮੌਕੇ ਭੁਲੱਥ ਦੇ ਸਾਬਕਾ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ, ਰਸ਼ਪਾਲ ਸਿੰਘ ਬੱਚਾਜੀਵੀ, ਕੁਲਦੀਪ ਸਿੰਘ ਕੰਗ, ਅਮਨਦੀਪ ਸਿੰਘ ਖੱਸਣ, ਅੰਗਰੇਜ ਸਿੰਘ ਕੰਗ, ਨਿਰਮਲ ਸਿੰਘ ਸਰਪੰਚ ਰਾਮਗੜ੍ਹ, ਪਲਵਿੰਦਰ ਸਿੰਘ ਭਿੰਡਰ, ਕ੍ਰਿਸਨ ਲਾਲ ਬੱਬਰ, ਲਖਵਿੰਦਰ ਸਿੰਘ ਮੁਲਤਾਨੀ, ਦਿਲਦੀਪ ਸਿੰਘ ਬਾਗੜੀਆ, ਲਕਸ਼ ਚੌਧਰੀ, ਦੇਵਾ ਸਿੰਘ ਕਮਰਾਏ, ਪਰਮਜੀਤ ਸਿੰਘ ਕਾਲਾ, ਕਰਨੈਲ ਸਿੰਘ ਕਮਰਾਏ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋ :  3 ਮਹੀਨਿਆਂ ਬਾਅਦ ਪੰਜਾਬ ਪਰਤੀ ਮਸਕਟ ’ਚ ਫਸੀ ਸਵਰਨਜੀਤ ਕੌਰ, ਸੁਣਾਈ ਹੱਡਬੀਤੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri