ਕਾਰ ਅੱਗੇ ਪਸ਼ੂ ਆਉਣ ਨਾਲ ਐਡਵੋਕੇਟ ਝਾਂਜੀ ਦੀ ਗੱਡੀ ਡਿਵਾਈਡਰ ਨਾਲ ਟਕਰਾਈ, ਮੌਤ

12/14/2018 5:49:02 AM

ਜਲੰਧਰ,   (ਵਰੁਣ)-  ਹਰਿਦੁਆਰ ਤੋਂ ਵਾਪਸ ਜਲੰਧਰ ਪਰਤਦੇ ਸਮੇਂ ਭਾਜਪਾ ਦੇ ਲੀਗਲ ਸੈੱਲ  ਦੇ ਜ਼ਿਲਾ ਪ੍ਰਧਾਨ ਐਡਵੋਕੇਟ ਹਰਸ਼ ਝਾਂਜੀ ਦੀ ਪਤਨੀ ਐਡਵੋਕੇਟ ਜੌਲੀ ਝਾਂਜੀ ਦੀ  ਯਮੁਨਾਨਗਰ  ’ਚ ਹੋਏ ਸੜਕ ਹਾਦਸੇ ’ਚ ਮੌਤ ਹੋ ਗਈ। ਜੌਲੀ ਝਾਂਜੀ ਆਪਣੀ ਨਣਾਨ ਨਾਲ ਵਾਪਸ ਜਲੰਧਰ ਵੱਲ  ਆ ਰਹੀ ਸੀ, ਜਦੋਂਕਿ ਪਤੀ ਹਰਸ਼ ਝਾਂਜੀ ਆਪਣੇ ਜੀਜੇ ਨਾਲ ਦੂਜੀ ਗੱਡੀ ਵਿਚ ਸਨ। ਕਾਰ ਅੱਗੇ  ਅਚਾਨਕ ਆਵਾਰਾ ਪਸ਼ੂ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ। 
ਦੋ ਦਿਨ ਪਹਿਲਾਂ ਜੌਲੀ ਝਾਂਜੀ ਆਪਣੇ ਪਤੀ ਹਰਸ਼ ਝਾਂਜੀ, ਨਣਾਨ ਕੰਚਨ ਉਰਫ ਮੁੰਨਾ ਤੇ ਕੰਚਨ ਦੇ ਪਤੀ ਭਾਸਕਰ (ਵਾਸੀ  ਪਟਿਆਲਾ) ਨਾਲ ਹਰਿਦੁਆਰ ਗਏ ਸਨ। ਦੋਵੇਂ ਪਰਿਵਾਰ ਆਪਣੀ-ਆਪਣੀ ਗੱਡੀ ਲੈ ਕੇ ਗਏ ਸਨ ਕਿਉਂਕਿ  ਰਸਤੇ ’ਚ ਕੰਚਨ ਨੇ ਆਪਣੇ ਪਤੀ ਨਾਲ ਪਟਿਆਲਾ ਲਈ ਨਿਕਲ ਜਾਣਾ ਸੀ। ਬੁੱਧਵਾਰ ਦੀ ਸਵੇਰ  ਦੋਵੇਂ ਪਰਿਵਾਰ ਵਾਪਸ ਆ ਰਹੇ ਸਨ। ਜੌਲੀ ਝਾਂਜੀ ਆਪਣੀ ਨਣਾਨ ਦੇ ਨਾਲ ਆਪਣੀ ਕਾਰ ਵਿਚ ਸੀ,  ਜਦੋਂਕਿ ਹਰਸ਼ ਝਾਂਜੀ ਜੀਜੇ ਦੀ ਗੱਡੀ ’ਚ ਸਵਾਰ ਸਨ। ਕਾਰ ਜੌਲੀ ਝਾਂਜੀ ਚਲਾ ਰਹੀ ਸੀ।  ਬੁੱਧਵਾਰ ਸਵੇਰੇ ਕਰੀਬ 10 ਵਜੇ ਜਿਵੇਂ ਹੀ ਉਹ ਅੰਬਾਲਾ-ਯਮੁਨਾਨਗਰ ਰੋਡ ’ਤੇ ਪਹੁੰਚੇ ਤਾਂ  ਜੌਲੀ ਝਾਂਜੀ ਦੀ ਗੱਡੀ ਅੱਗੇ ਆਵਾਰਾ ਪਸ਼ੂ ਦੇ ਆਉਣ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ  ਨਾਲ ਟਕਰਾ ਗਈ। ਕਾਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਕਾਰ  ਬੁਰੀ ਤਰ੍ਹਾਂ ਨੁਕਸਾਨੀ ਗਈ,  ਜਦੋਂਕਿ  ਛਾਤੀ ਦਬਾ  ਜਾਣ ਨਾਲ ਜੌਲੀ ਝਾਂਜੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਕਰੀਬ ਦੋ  ਮਿੰਟ ਬਾਅਦ ਹੀ ਪਿੱਛਿਓਂ  ਆ ਰਹੇ ਹਰਸ਼ ਝਾਂਜੀ ਜੌਲੀ ਝਾਂਜੀ ਤੇ ਕੰਚਨ ਨੂੰ ਤੁਰੰਤ ਨੇੜੇ  ਹੀ ਸਥਿਤ ਗਾਬਾ ਹਸਪਤਾਲ ਲੈ ਗਏ। ਬੁੱਧਵਾਰ ਰਾਤ 10 ਵਜੇ ਜੌਲੀ ਝਾਂਜੀ ਨੂੰ ਡਾਕਟਰਾਂ ਨੇ  ਮ੍ਰਿਤਕ ਐਲਾਨ ਕਰ ਦਿੱਤਾ ਤੇ ਕੰਚਨ ਨੂੰ ਮੋਹਾਲੀ ਰੈਫਰ ਕਰ ਦਿੱਤਾ। ਵੀਰਵਾਰ   ਸਵੇਰ ਜੌਲੀ ਦੀ ਲਾਸ਼ ਜਲੰਧਰ ਦੇ ਜਸਵੰਤ ਨਗਰ ਸਥਿਤ ਘਰ ’ਚ ਲਿਆਂਦੀ ਗਈ ਤੇ ਸ਼ਾਮ 4 ਵਜੇ  ਕਿਸ਼ਨਪੁਰਾ ਸ਼ਮਸ਼ਾਨਘਾਟ ’ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ  ਵਿਚ ਕਾਂਗਰਸ ਦੇ ਸੀਨੀਅਰ ਆਗੂ ਅਵਤਾਰ ਹੈਨਰੀ, ਬੀ. ਜੇ. ਪੀ. ਆਗੂ ਕੇ. ਡੀ. ਭੰਡਾਰੀ ਸਣੇ  ਕਈ ਸੀਨੀਅਰ ਤੇ ਜੂਨੀਅਰ  ਐਡਵੋਕੇਟ ਸਣੇ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਲੋਕ ਮੌਜੂਦ  ਸਨ। 

13 ਸਾਲ ਦੇ ਇਕਲੌਤੇ ਪੁੱਤਰ ਨੇ ਕੀਤਾ ਮਾਂ ਦਾ ਅੰਤਿਮ ਸੰਸਕਾਰ
ਐਡਵੋਕੇਟ  ਹਰਸ਼ ਝਾਂਜੀ ਤੇ ਐਡਵੋਕੇਟ ਜੌਲੀ ਝਾਂਜੀ ਦਾ ਇਕਲੌਤਾ ਪੁੱਤਰ ਓਮ ਝਾਂਸੀ (13 ਸਾਲ) ਜੋ  ਸੱਤਵੀਂ ਕਲਾਸ ’ਚ ਪੜ੍ਹਦਾ ਹੈ ਤੇ ਕਿਸੇ ਕਾਰਨ ਮਾਤਾ-ਪਿਤਾ ਨਾਲ ਹਰਿਦੁਆਰ ਨਹੀਂ ਜਾ ਸਕਿਆ  ਸੀ। ਸ਼ਮਸ਼ਾਨਘਾਟ ਵਿਚ ਮਾਂ ਦੀ ਚਿਖਾ ਨੂੰ ਅਗਨੀ ਦੇਣ ਤੋਂ ਪਹਿਲਾਂ ਓਮ ਆਪਣੇ ਪਿਤਾ ਨਾਲ  ਲਿਪਟ-ਲਿਪਟ ਕੇ ਰੋਂਦਾ ਵੇਖਿਆ ਨਹੀਂ ਸੀ ਜਾ ਰਿਹਾ। ਹਮੇਸ਼ਾ ਲਈ ਮਾਂ ਨੂੰ ਗੁਆ ਚੁੱਕੇ ਓਮ  ਨੂੰ ਰਿਸ਼ਤੇਦਾਰ ਚੁੱਪ ਕਰਵਾ ਰਹੇ ਸਨ ਪਰ ਓਮ ਸਮਝ ਚੁੱਕਾ ਸੀ ਕਿ ਹੁਣ ਉਸ ਨੂੰ ਮਾਂ ਕਦੇ  ਨਹੀਂ ਮਿਲ ਸਕੇਗੀ।