ਬੱਸ ਨੇ ਐਕਟਿਵਾ ਸਵਾਰ ਦੋ ਦੋਸਤਾਂ ਨੂੰ ਮਾਰੀ ਟੱਕਰ, ਇਕ ਨੇ ਇਲਾਜ ਦੌਰਾਨ ਤੋੜਿਆ ਦਮ

12/14/2019 4:59:14 PM

ਜਲੰਧਰ (ਮ੍ਰਿਦੁਲ) : ਪਠਾਨਕੋਟ ਚੌਕ ਕੋਲ ਐਕਟਿਵਾ 'ਤੇ ਕੰਮ 'ਤੇ ਜਾ ਰਹੇ ਦੋ ਦੋਸਤਾਂ ਨੂੰ ਕਰਤਾਰ ਬੱਸ ਪ੍ਰਾਈੇਵੇਟ ਲਿਮ. ਦੀ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਐਕਟਿਵਾ ਸਵਾਰ ਪਿੱਛੇ ਬੈਠੇ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ਤੋਂ ਬੱਸ ਚਾਲਕ ਬੱਸ ਲੈ ਕੇ ਫਰਾਰ ਹੋ ਗਿਆ। ਮਾਮਲੇ ਸਬੰਧੀ ਥਾਣਾ ਨੰ. 8 ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਾਚੇ ਵਿਜੇ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਰਜਤ ਠਾਕੁਰ ਜੋ ਕਿ ਮੂਲ ਤੌਰ 'ਤੇ ਹਿਮਾਚਲ ਦਾ ਰਹਿਣ ਵਾਲਾ ਹੈ, ਉਹ ਕੁਝ ਸਾਲ ਪਹਿਲਾਂ ਜਲੰਧਰ ਆ ਕੇ ਬੇਅੰਤ ਨਗਰ 'ਚ ਰਹਿਣ ਲੱਗਾ ਤੇ ਨਿੱਜੀ ਕੰਪਨੀ 'ਚ ਜਾਬ ਕਰ ਰਿਹਾ ਸੀ।

ਉਹ ਬੀਤੀ ਸ਼ਾਮ ਕਰੀਬ 6.30 ਵਜੇ ਕਿਸੇ ਕੰਮ ਲਈ ਪਠਾਨਕੋਟ ਰੋਡ ਵੱਲ ਜਾ ਰਿਹਾ ਸੀ ਕਿ ਤੇਜ਼ ਰਫਤਾਰ ਕਰਤਾਰ ਬੱਸ ਨੇ ਟੱਕਰ ਮਾਰ ਦਿੱਤੀ ਅਤੇ ਟੱਕਰ ਮਾਰਨ ਤੋਂ ਬਾਅਦ ਬੱਸ ਚਾਲਕ ਬੱਸ ਲੈ ਕੇ ਫਰਾਰ ਹੋ ਗਿਆ। ਹਾਦਸੇ 'ਚ ਰਜਤ ਅਤੇ ਉਸ ਦਾ ਦੋਸਤ ਆਨੰਦ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਪਠਾਨਕੋਟ ਰੋਡ ਸਥਿਤ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਦੇਰ ਰਾਤ ਰਜਤ ਠਾਕੁਰ ਨੇ ਦਮ ਤੋੜ ਦਿੱਤਾ। ਹਸਪਤਾਲ 'ਚ ਭਤੀਜੇ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ, ਜਿੱਥੇ ਐੱਸ. ਐੱਚ. ਓ. ਸੁਖਜੀਤ ਸਿੰਘ ਫੋਰਸ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਵਿਜੇ ਕੁਮਾਰ ਦੇ ਬਿਆਨ 'ਤੇ ਕਰਤਾਰ ਬੱਸ ਪ੍ਰਾਈਵੇਟ ਲਿਮ. ਖਿਲਾਫ ਕੇਸ ਦਰਜ ਕਰ ਲਿਆ ਹੈ। ਜਲਦੀ ਹੀ ਪੁਖਤਾ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Anuradha

This news is Content Editor Anuradha