ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਰਾਡ਼ ਦੇ ਰਹੇ ਰਾਜਨੀਤਕ ਸਕੱਤਰ ਦੀ ਚੱਲਦੀ ਗੱਡੀ ਨੂੰ ਲੱਗੀ ਅੱਗ

12/07/2018 12:27:06 AM

ਬੰਗਾ,(ਚਮਨ ਲਾਲ/ਰਾਕੇਸ਼)- ਪੰਜਾਬ ਦੇ  ਸਾਬਕਾ  ਮੁੱਖ ਮੰਤਰੀ ਸਵ. ਹਰਚਰਨ ਸਿੰਘ ਬਰਾਡ਼ ਦੇ ਰਹੇ ਰਾਜਨੀਤਕ ਸਕੱਤਰ ਗੁਰਪ੍ਰੀਤ ਸਿੰਘ ਸੰਧੂ ਦੀ ਚੱਲਦੀ ਇਨੋਵਾ  ਗੱਡੀ ਨੂੰ ਉਸ ਸਮੇਂ ਅਚਾਨਕ ਅੱਗ ਲੱਗ ਗਈ, ਜਦੋਂ ਉਹ ਆਪਣੀ ਪਤਨੀ ਹਰਸੰਜੀਵ ਕੌਰ ਤੇ ਆਪਣੇ ਇਕ ਸੇਵਾਦਾਰ ਕਿਸ਼ੋਰੀ ਲਾਲ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ  ਚੰਡੀਗਡ਼੍ਹ ਨੂੰ ਜਾ ਰਹੇ ਸਨ। 
ਜਾਣਕਾਰੀ ਦਿੰਦਿਅਾਂ ਗੁਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਪਰਿਵਾਰ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਿਸੇ ਕਰੀਬੀ ਰਿਸ਼ਤੇਦਾਰ ਦੇ ਘਰ ਪਾਠ ਦੇ ਭੋਗ ’ਤੇ ਗਏ ਸਨ।  ਦੇਰ ਸ਼ਾਮ ਜਦੋਂ ਉਹ ਖੁਦ ਗੱਡੀ ਡਰਾਈਵ ਕਰ ਵਾਪਸ ਆ ਰਹੇ ਸਨ ਤਾਂ ਜਿਵੇਂ ਹੀ ਉਹ ਬੰਗਾ ਨੇਡ਼ੇ ਪੈਂਦੇ ਪਿੰਡ ਮਜਾਰੀ ਕੋਲ ਪੁੱਜੇ ਤਾਂ ਉਨ੍ਹਾਂ ਦੇ ਨਾਲ ਦੀ ਸੀਟ ’ਤੇ ਬੈਠੀ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਗੱਡੀ ਵਿਚ ਕੁਝ ਸਡ਼ਨ ਦੀ ਬਦਬੂ ਆ ਰਹੀ ਹੈ। ਜਦੋਂ ਉਨ੍ਹਾਂ ਨੇ ਗੱਡੀ ਰੋਕ ਕੇ  ਵੇਖਿਆ ਤਾਂ ਗੱਡੀ ਨੂੰ  ਅੱਗ ਲੱਗ ਗਈ। ਗੱਡੀ ਨੂੰ ਅੱਗ ਲੱਗੀ ਵੇਖ ਮੌਕੇ ’ਤੇ ਆਸ-ਪਾਸ ਦੇ ਘਰਾਂ ਵਾਲਿਅਾਂ ਦੇ ਨਾਲ-ਨਾਲ ਨੈਸ਼ਨਲ ਹਾਈਵੇ ਅਥਾਰਟੀ  ਦੇ ਕਰਮਚਾਰੀ ਵੀ ਮੌਕੇ ’ਤੇ ਪੁੱਜ ਗਏ।  ਕੁਝ ਹੀ ਪਲਾਂ ਵਿਚ ਉਨ੍ਹਾਂ ਦੀ ਗੱਡੀ ਸਡ਼ ਕੇ ਸੁਆਹ ਹੋ ਗਈ। ਇਸ ਹਾਦਸੇ ਵਿਚ ਉਨ੍ਹਾਂ ਦਾ ਖੱਬਾ ਹੱਥ ਵੀ ਮਾਮੂਲੀ ਸਡ਼ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਬੰਗਾ ਥਾਣਾ ਸਦਰ, ਥਾਣਾ ਸਿਟੀ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਅੱਗ ਨਾਲ ਪੂਰੀ ਤਰ੍ਹਾਂ ਸਡ਼ੀ ਗੱਡੀ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।