ਤੇਲ ਟੈਂਕਰ ਅਤੇ ਥ੍ਰੀ-ਵ੍ਹੀਲਰ ਵਿਚਕਾਰ ਟੱਕਰ, ਇਕ ਦੀ ਮੌਤ

06/04/2019 3:25:32 AM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮਾਡਲ ਟਾਊਨ ਅਧੀਨ ਨਲੋਈਆਂ ਚੌਕ ਨਜ਼ਦੀਕ ਅੰਬੇ ਵੈਲੀ ਸਾਹਮਣੇ ਸਵੇਰੇ ਤੇਲ ਟੈਂਕਰ ਅਤੇ ਥ੍ਰੀ-ਵ੍ਹੀਲਰ ਵਿਚਕਾਰ ਹੋਈ ਟੱਕਰ ’ਚ ਥ੍ਰੀ-ਵ੍ਹੀਲਰ ਚਾਲਕ ਸੁਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮੁਗਲਪੁਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਸ-ਪਾਸ ਦੇ ਲੋਕ ਟੈਂਕਰ ਚਾਲਕ ਨੂੰ ਕਾਬੂ ਕਰ ਕੇ ਜ਼ਖ਼ਮੀ ਸੁਰਿੰਦਰ ਸਿੰਘ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਕਰ ਹੀ ਰਹੇ ਸਨ ਕਿ ਉਸ ਨੇ ਦਮ ਤੋਡ਼ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪੁਲਸ ਮੌਕੇ ’ਤੇ ਪਹੁੰਚੀ। ਉਨ੍ਹਾਂ ਕਾਬੂ ਟੈਂਕਰ ਚਾਲਕ ਨੂੰ ਹਿਰਾਸਤ ’ਚ ਲੈ ਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਿਵਲ ਹਸਪਤਾਲ ’ਚ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ 3 ਬੇਟੀਆਂ ਦਾ ਪਿਤਾ ਸੁਰਿੰਦਰ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਥ੍ਰੀ-ਵੀਲਰ ਚਲਾ ਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਰੋਜ਼ਾਨਾ ਵਾਂਗ ਅੱਜ ਸਵੇਰੇ ਵੀ ਉਹ ਥ੍ਰੀ-ਵ੍ਹੀਲਰ ’ਤੇ ਸਵਾਰੀਆਂ ਲੈਣ ਲਈ ਪਿੰਡ ਅੱਜੋਵਾਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਰਸਤੇ ’ਚ ਅੰਬੇ ਵੈਲੀ ਸਾਹਮਣੇ ਤੇਲ ਟੈਂਕਰ ਨੇ ਥ੍ਰੀ-ਵ੍ਹੀਲਰ ਨੂੰ ਪਿਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ’ਚ ਗੰਭੀਰ ਜ਼ਖ਼ਮੀ ਸੁਰਿੰਦਰ ਸਿੰਘ ਦੀ ਜਿੱਥੇ ਮੌਕੇ ’ਤੇ ਹੀ ਮੌਤ ਹੋ ਗਈ, ਉਥੇ ਹੀ ਉਸ ਦਾ ਥ੍ਰੀ-ਵ੍ਹੀਲਰ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

ਪੁਲਸ ਵੱਲੋਂ ਟੈਂਕਰ ਚਾਲਕ ਖਿਲਾਫ਼ ਮਾਮਲਾ ਦਰਜ

ਸੰਪਰਕ ਕਰਨ ’ਤੇ ਥਾਣਾ ਮਾਡਲ ਟਾਊਨ ਦੇ ਐੱਸ.ਐੱਚ.ਓ. ਭਰਤ ਮਸੀਹ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਹੰਸਰਾਜ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਦੋਸ਼ੀ ਟੈਂਕਰ ਚਾਲਕ ਪਿਆਰਾ ਲਾਲ ਪੁੱਤਰ ਗੁਲਾਬ ਰਾਮ ਵਾਸੀ ਭਟੇਰ, ਜ਼ਿਲਾ ਮੰਡੀ (ਹਿਮਾਚਲ ਪ੍ਰਦੇਸ਼) ਨੂੰ ਕਾਬੂ ਕਰ ਲਿਆ। ਪੁਲਸ ਨੇ ਟੈਂਕਰ ਚਾਲਕ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa