ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਦੇ 89 ਨਵੇਂ ਮਾਮਲੇ ਆਏ ਸਾਹਮਣੇ, 2 ਦੀ ਮੌਤ

09/17/2020 2:29:15 AM

ਕਪੂਰਥਲਾ/ਫਗਵਾੜਾ,(ਮਹਾਜਨ, ਹਰਜੋਤ)- ਕੋਰੋਨਾ ਦੇ ਵੱਧਦੇ ਕਹਿਰ ਕਾਰਣ ਲੋਕ ਪਹਿਲਾਂ ਹੀ ਖੌਫ ’ਚ ਹਨ, ਉੱਥੇ ਹੀ ਹੁਣ ਕੋਰੋਨਾ ਨੇ ਰੇਲ ਟੈਕ ਕਪੂਰਥਲਾ ਦੇ ਕਰਮਚਾਰੀਆਂ ਨੂੰ ਆਪਣੀ ਲਪੇਟ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਪਾਜ਼ੇਟਿਵ ਪਾਏ ਗਏ 89 ਮਾਮਲਿਆਂ ’ਚ 8 ਮਰੀਜ਼ ਰੇਲ ਟੈਕ ਕਪੂਰਥਲਾ ਨਾਲ ਸਬੰਧਤ ਹਨ।

ਗੌਰ ਹੋਵੇ ਕਿ ਬੀਤੇ ਦਿਨ ਰੇਲ ਟੈਕ ਤੋਂ 11 ਮਰੀਜ਼ ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਹੁਣ ਤੱਕ ਉਕਤ ਰੇਲ ਟੈਕ ’ਚ ਕੰਮ ਕਰਨ ਵਾਲੇ 20 ਕਰਮਚਾਰੀ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਰੇਲ ਟੈਕ ਕਪੂਰਥਲਾ ’ਚ ਕਰੀਬ ਸੈਂਕਡ਼ੇ ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ ’ਚ 20 ਕਰਮਚਾਰੀ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ। ਇਸਦੇ ਬਾਵਜੂਦ ਵੀ ਰੇਲ ਟੈਕ ਕਪੂਰਥਲਾ ਦੀ ਮੈਨੇਜਮੈਂਟ ਵੱਲੋਂ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੁਲਤਾਨਪੁਰ ਲੋਧੀ ਰੋਡ ’ਤੇ ਸਥਿਤ ਰੇਲ ਟੈਕ ’ਚ ਭਾਰੀ ਗਿਣਤੀ ’ਚ ਕਰਮਚਾਰੀ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ ਤੋਂ ਬਾਅਦ ਕਈ ਦਿਨ ਤੱਕ ਰੇਲ ਟੈਕ ਦਾ ਕੰਮਕਾਜ ਪ੍ਰਭਾਵਿਤ ਰਿਹਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਰੇਲ ਟੈਕ ’ਚ ਜੋ ਸਾਮਾਨ ਬਣਾਇਆ ਜਾਂਦਾ ਹੈ, ਉਹ ਆਰ. ਸੀ. ਐੱਫ. ’ਚ ਅੱਗੇ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਮਾਡਰਨ ਜੇਲ ਕਪੂਰਥਲਾ ’ਚ ਵੀ ਕੋਰੋਨਾ ਆਪਣਾ ਅਸਰ ਦਿਖਾਉਣ ਲੱਗਾ ਹੈ, ਜਿਥੇ ਬੀਤੇ ਦਿਨੀ ਜੇਲ 3 ਕੋਰੋਨਾ ਮਰੀਜ਼ ਪਾਏ ਗਏ ਸਨ, ਉੱਥੇ ਹੀ 2 ਹੋਰ ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਹੁਣ ਜੇਲ ’ਚ ਕੁੱਲ 5 ਕੋਰੋਨਾ ਮਰੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਜੇਲ ਪ੍ਰਸ਼ਾਸਨ ਵੱਲੋਂ ਜੇਲ ’ਚ ਹੀ ਬਣਾਏ ਗਏ ਵਿਸ਼ੇਸ਼ ਆਈਸੋਲੇਸ਼ਨ ਸੈਂਟਰ ’ਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲਿਆਂ ਨੂੰ ਵੀ ਇਹਤਿਹਾਤ ਵਜੋਂ ਕੋਆਰੰਨਟੀਨ ਕਰ ਦਿੱਤਾ ਗਿਆ ਹੈ।

ਬੁੱਧਵਾਰ ਨੂੰ ਜ਼ਿਲੇ ਨਾਲ ਸਬੰਧਤ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਮਰੀਜ਼ਾਂ ’ਚੋਂ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾਂ ’ਚ ਸੁਭਾਨਪੁਰ ਦੇ ਪਿੰਡ ਧੰਮ ਵਾਸੀ 73 ਸਾਲਾ ਪੁਰਸ਼ ਜੋ ਕਿ ਜਲੰਧਰ ਦੇ ਨਿੱਜੀ ਹਸਪਤਾਲ ’ਚ ਇਲਾਜ ਕਰਵਾ ਰਿਹਾ ਸੀ, ਪਰ ਹਾਲਤ ਵਿਗਡ਼ਨ ਦੇ ਕਾਰਨ ਉਸਦੀ ਮੌਤ ਹੋ ਗਈ, ਜਦਕਿ ਦੂਜਾ ਮਰੀਜ ਫਗਵਾਡ਼ੇ ਨਾਲ ਸਬੰਧਤ ਹੈ। ਉੱਥੇ ਹੀ ਪਾਜ਼ੇਟਿਵ ਪਾਏ ਗਏ 89 ਮਰੀਜ਼ਾਂ ’ਚੋਂ ਕਪੂਰਥਲਾ ਸਬ ਡਵੀਜਨ ਤੋਂ 52, ਫਗਵਾਡ਼ਾ ਸਬ ਡਵੀਜਨ ਤੋਂ 17, ਭੁਲੱਥ ਸਬ ਡਵੀਜਨ ਤੋਂ 10 ਤੇ ਸੁਲਤਾਨਪੁਰ ਲੋਧੀ ਨਾਲ ਸਬੰਧਤ 4 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ 2 ਤੇ ਜਲੰਧਰ ਨਾਲ 4 ਮਰੀਜ਼ ਸਬੰਧਤ ਹਨ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਸਿਹਤ ਵਿਭਾਗ ਦੀ ਨਿਗਰਾਨੀ ’ਚ ਆਈਸੋਲੇਟ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਵੀ ਸਕਰੀਨਿੰਗ ਕੀਤੀ ਜਾ ਰਹੀ ਹੈ।

ਕੋਰੋਨਾ ਅਪਡੇਟ

ਕੁੱਲ ਕੇਸ : 2422

ਠੀਕ ਹੋਏ : 1494

ਐਕਟਿਵ ਕੇਸ : 666

58 ਮਰੀਜ਼ ਹੋਏ ਸਿਹਤਮੰਦ

ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਕੋਰੋਨਾ ਕਾਰਣ ਬੁੱਧਵਾਰ ਨੂੰ ਹੋਈ 2 ਮੌਤਾਂ ਦੇ ਬਾਅਦ ਕੁੱਲ 105 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਹੁਣ ਤੱਕ ਜ਼ਿਲੇ ’ਚ 2422 ਲੋਕ ਇਸ ਬੀਮਾਰੀ ਨਾਲ ਸੰਕਰਮਿਤ ਹੋ ਚੁੱਕੇ ਹਨ। ਜਿਨ੍ਹਾਂ ’ਚੋਂ 1494 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 666 ਮਰੀਜ਼ ਐਕਟਿਵ ਚੱਲ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬੁੱਧਵਾਰ ਨੂੰ 58 ਮਰੀਜ਼ਾਂ ਨੂੰ ਸਿਹਤਮੰਦ ਹੋਣ ਉਪਰੰਤ ਘਰ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲੇ ’ਚ 541 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਨ੍ਹਾਂ ’ਚ ਕਪੂਰਥਲਾ ਤੋਂ 148, ਆਰ. ਸੀ. ਐੱਫ. ਤੋਂ 22, ਸੁਲਤਾਨਪੁਰ ਲੋਧੀ ਤੋਂ 4, ਕਾਲਾ ਸੰਘਿਆਂ ਤੋਂ 51, ਟਿੱਬਾ ਤੋਂ 24, ਫੱਤੂਢੀਂਗਾ ਤੋਂ 65, ਬੇਗੋਵਾਲ ਤੋਂ 53, ਭੁਲੱਥ ਤੋਂ 25, ਢਿਲਵਾਂ ਤੋਂ 23, ਪਾਂਛਟਾ ਤੋਂ 87 ਤੇ ਫਗਵਾਡ਼ਾ ਤੋਂ 39 ਲੋਕਾਂ ਦੀ ਸੈਂਪਲਿੰਗ ਕੀਤੀ ਗਈ।

ਲੋਕ ਸਥਿਤੀ ਦੀ ਗੰਭੀਰਤਾ ਸਮਝਣ : ਡੀ. ਸੀ.

ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਜ਼ਿਲੇ ’ਚ ਕੋਰੋਨਾ ਕਾਰਣ ਹੋ ਰਹੀਆਂ ਮੌਤਾਂ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਅਤੇ ਤਬੀਅਤ ਵਿਚ ਥੋਡ਼੍ਹਾ ਵੀ ਵਿਗਾਡ਼ ਆਉਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲੇ ’ਚ ਕੋਰੋਨਾ ਕਾਰਣ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ 650 ਐਕਟਿਵ ਕੇਸ ਚੱਲ ਰਹੇ ਹਨ। ਲੋਕ ਕਰੋਨਾ ਵਰਗੀ ਮਹਾਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜਿਸ ਕਾਰਣ ਕੇਸ ਵਿਗਡ਼ ਰਹੇ ਹਨ ਅਤੇ ਮੌਤ ਦਰ ’ਚ ਵਾਧਾ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲੇ ’ਚ ਰੋਜ਼ਾਨਾ ਟੈਸਟਿੰਗ ਦੀ ਸਮਰੱਥਾ 950 ਤੋਂ 1000 ਤੱਕ ਪੁੱਜ ਚੁੱਕੀ ਹੈ। ਜਿਸ ਨੂੰ ਹੋਰ ਵਧਾਏ ਜਾਣ ਦੀ ਲੋਡ਼ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਕੋਰੋਨਾ ਨੂੰ ਕੋਈ ਸਮਾਜਿਕ ਧੱਬਾ ਨਾ ਸਮਝਣ ਕਿਉਂਕਿ ਇਸ ਮਹਾਮਾਰੀ ਨੇ ਜਿਥੇ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਲਪੇਟ ਵਿਚ ਲਿਆ ਹੈ, ਉੱਥੇ ਵਿਸ਼ਵ ਦੇ ਸਭ ਤੋਂ ਪ੍ਰਭਾਵਸ਼ਾਲੀ ਦੇਸ਼ਾਂ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

Bharat Thapa

This news is Content Editor Bharat Thapa