ਰੂਪਨਗਰ ਜ਼ਿਲ੍ਹੇ ’ਚ ਕੋਰੋਨਾ ਦੇ 58 ਨਵੇਂ ਮਾਮਲੇ ਆਏ ਸਾਹਮਣੇ, 3 ਦੀ ਮੌਤ
09/20/2020 11:12:21 PM
ਰੂਪਨਗਰ, (ਵਿਜੇ ਸ਼ਰਮਾ)- ਜ਼ਿਲ੍ਹਾ ਰੂਪਨਗਰ ’ਚ ਕੋਰੋਨਾ ਮਹਾਮਾਰੀ ਦੀ ਕਰੋਪੀ ਜਾਰੀ ਹੈ ਜਿਸਦੇ ਚੱਲਦਿਆਂ ਰੋਜ਼ਾਨਾ ਹੀ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਜਾਨ ਵੀ ਜਾ ਰਹੀ ਹੈ। ਅੱਜ ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ 3 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 58 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਜ਼ਿਲੇ ’ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 54 ਹੋ ਗਈ ਹੈ ਜਦਕਿ ਐਕਟਿਵ ਮਾਮਲਿਆਂ ਦੀ ਗਿਣਤੀ ਵਧਕੇ 565 ਹੋ ਗਈ ਹੈ।
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹਾ ਰੂਪਨਗਰ ’ਚ ਨੂਰਪੁਰਬੇਦੀ ਬਲਾਕ ਦੇ ਦੋ ਲੋਕਾਂ ਦੀ ਮੌਤ ਹੋ ਗਈ ਜਿਸ ’ਚ ਇਕ ਨੂਰਪੁਰਬੇਦੀ ਨਾਲ ਸਬੰਧਤ 71 ਸਾਲਾ ਵਿਅਕਤੀ ਅਤੇ ਪਿੰਡ ਸੰਗਤਪੁਰਾ ਦਾ 36 ਸਾਲਾ ਵਿਅਕਤੀ ਸ਼ਾਮਲ ਹੈ। ਨੂਰਪੁਰਬੇਦੀ ਨਾਲ ਸਬੰਧਤ ਵਿਅਕਤੀ ਕਿਸੇ ਹੋਰ ਬੀਮਾਰੀ ਤੋਂ ਪੀਡ਼ਤ ਸੀ ਜੋ ਕਿ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਸੀ ਜਦਕਿ ਸੰਗਤਪੁਰਾ ਨਾਲ ਸਬੰਧਤ ਵਿਅਕਤੀ ਲੀਵਰ ਅਤੇ ਹੋਰ ਗੰਭੀਰ ਬੀਮਾਰੀਆਂ ਦਾ ਮਰੀਜ਼ ਸੀ। ਇਨ੍ਹਾਂ ਦੋਵਾਂ ਮ੍ਰਿਤਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਇਸੇ ਤਰ੍ਹਾਂ ਐਤਵਾਰ ਨੂੰ ਨੰਗਲ ਦੀ 55 ਸਾਲਾ ਔਰਤ ਦੀ ਵੀ ਮੌਤ ਹੋ ਗਈ ਹੈ ਜੋ ਕਿ ਕਿਸੇ ਹੋਰ ਬੀਮਾਰੀ ਤੋਂ ਪੀਡ਼ਤ ਹੋਣ ਦੇ ਨਾਲ-ਨਾਲ ਕੋਰੋਨਾ ਪਾਜ਼ੇਟਿਵ ਵੀ ਪਾਈ ਗਈ ਸੀ।
ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲਾ ਰੂਪਨਗਰ ’ਚ ਹੁਣ ਤੱਕ 43,684 ਲੋਕਾਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ’ਚੋਂ 41,976 ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ 398 ਦੀ ਰਿਪੋਰਟ ਅਜੇ ਪੈਂਡਿੰਗ ਹੈ ਜਦਕਿ ਅੱਜ ਵੀ 298 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲੇ ’ਚ 1,711 ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ ਜਦਕਿ 1,092 ਰਿਕਵਰ ਵੀ ਹੋ ਚੁੱਕੇ ਹਨ।
ਐਤਵਾਰ ਨੂੰ ਜ਼ਿਲੇ ’ਚੋਂ 58 ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ ਸਭ ਤੋਂ ਵੱਧ ਨੰਗਲ ਤੋਂ 21 ਦੀ ਰਿਪੋਰਟ ਪਾਜ਼ੇਟਿਵ ਆਈ ਜਦਕਿ ਭਰਤਗਡ਼੍ਹ ਤੋਂ ਵੀ 13 ਲੋਕ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਰੂਪਨਗਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ 10-10 ਅਤੇ ਮੋਰਿੰਡਾ ਅਤੇ ਨੂਰਪੁਰਬੇਦੀ ਤੋਂ ਵੀ 2-2 ਕੋਰੋਨਾ ਪਾਜ਼ੇਟਿਵ ਡਿਟੈਕਟ ਹੋਏ ਹਨ। ਨੂਰਪੁਰਬੇਦੀ ਤੋਂ ਪਾਜ਼ੇਟਿਵ ਪਾਏ ਗਏ ਦੋਵੇਂ ਮਰੀਜ਼ ਨਾਬਾਲਗ ਹਨ ਜੋ ਕਿ 13 ਸਾਲਾ ਲਡ਼ਕਾ ਤੇ 13 ਸਾਲਾ ਲਡ਼ਕੀ ਹੈ। ਇਸ ਦੌਰਾਨ ਰਾਹਤ ਦੀ ਖ਼ਬਰ ਹੈ ਕਿ ਐਤਵਾਰ ਨੂੰ 33 ਮਰੀਜ਼ਾਂ ਨੂੰ ਰਿਕਵਰ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।