ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ 493ਵੇਂ ਟਰੱਕ ਦੀ ਰਾਹਤ ਸਮੱਗਰੀ

01/24/2019 6:07:11 AM

ਜਲੰਧਰ, (ਜੁਗਿੰਦਰ ਸੰਧੂ)– ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਲਈ ਆਮ ਵਰਗੇ ਹਾਲਾਤ ਕਦੇ ਵੀ ਨਹੀਂ ਰਹੇ। ਸਰਹੱਦ ’ਤੇ ਜਦੋਂ ਵੀ ਗੜਬੜ ਹੁੰਦੀ ਹੈ ਤਾਂ ਇਨ੍ਹਾਂ ਪਰਿਵਾਰਾਂ ਕੋਲ ਆਪਣੇ ਘਰ-ਘਾਟ ਛੱਡ ਕੇ ਸੁਰੱਖਿਅਤ ਸਥਾਨਾਂ ਵੱਲ ਪਲਾਇਨ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ।
ਇਨ੍ਹਾਂ ਸਰਹੱਦੀ ਇਲਾਕਿਅਾਂ ਤਕ ਬੁਨਿਆਦੀ ਸਹੂਲਤਾਂ ਦਾ ਵਿਸਥਾਰ ਵੀ ਹੋਰ ਥਾਵਾਂ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ ਅਤੇ ਰੋਜ਼ਗਾਰ ਦੇ ਮੌਕੇ ਤਾਂ ਬਿਲਕੁਲ ਨਾਮਾਤਰ ਹੀ ਹੁੰਦੇ ਹਨ। ਕਾਰਨ ਇਹ ਵੀ ਹੈ ਕਿ ਅਜਿਹੇ ਨਾਜ਼ੁਕ ਸਥਿਤੀ ਵਾਲੇ ਖੇਤਰਾਂ ’ਚ ਸਰਕਾਰੀ ਜਾਂ ਗੈਰ-ਸਰਕਾਰੀ ਉਦਯੋਗ ਸਥਾਪਤ ਕਰਨ ਤੋਂ ਗੁਰੇਜ਼ ਹੀ ਕੀਤਾ ਜਾਂਦਾ ਹੈ। ਇਨ੍ਹਾਂ ਸਭ ਸਥਿਤੀਅਾਂ ਦਾ ਖਮਿਆਜ਼ਾ ਉਥੇ ਰਹਿਣ ਵਾਲੇ ਲੋਕ ਹੀ ਭੁਗਤਦੇ ਹਨ, ਜਿਨ੍ਹਾਂ ਨੂੰ ਹਰ ਵੇਲੇ ਆਪਣੇ ਜਾਨ-ਮਾਲ ਦੀ ਸੁਰੱਖਿਆ ਦਾ ਫਿਕਰ ਵੀ ਸਤਾਉਂਦਾ ਰਹਿੰਦਾ ਹੈ। 
ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਸਰਹੱਦੀ ਖੇਤਰਾਂ ਦੇ ਅਜਿਹੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਹੀ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਪਿਛਲੇ ਦਿਨੀਂ 493ਵੇਂ ਟਰੱਕ ਦੀ ਰਾਹਤ-ਸਮੱਗਰੀ ਡੇਰਾ ਬਾਬਾ ਨਾਨਕ ਇਲਾਕੇ ਦੇ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ।  ਇਸ ਟਰੱਕ ਦੀ ਸਮੱਗਰੀ ਦਾ ਯੋਗਦਾਨ ਇਸਕਾਨ ਜਗਨਨਾਥ ਮੰਦਰ ਲੁਧਿਆਣਾ ਵਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਸ਼੍ਰੀ ਸੰਜੀਵ ਸੂਦ ਬਾਂਕਾ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਅਮਿਤ ਗਰਗ, ਸੋਨੂ ਅਜਮਾਨੀ, ਬਿੰਦੀਆ ਮਦਾਨ, ਨੀਤੂ ਅਰੋੜਾ ਅਤੇ ਬਿੱਟੂ ਗੁੰਬਰ ਨੇ ਵੀ ਵਡਮੁੱਲਾ ਸਹਿਯੋਗ ਦਿੱਤਾ। ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ, ਸਰਦ ਰੁੱਤ ਨੂੰ ਧਿਆਨ ’ਚ ਰੱਖਦਿਅਾਂ, 300 ਰਜਾਈਅਾਂ ਸ਼ਾਮਲ ਸਨ। 
ਲਾਇਨ ਜੇ. ਬੀ. ਸਿੰਘ ਚੌਧਰੀ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਸਬੰਧਤ ਖੇਤਰਾਂ ਤਕ ਜਾਣ ਵਾਲੀ ਰਾਹਤ ਟੀਮ ਵਿਚ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ, ਜਨਹਿੱਤ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਚੇਅਰਪਰਸਨ ਡੌਲੀ ਹਾਂਡਾ, ਸ਼੍ਰੀਮਤੀ ਵੀਨਾ ਮਹਾਜਨ, ਸ਼੍ਰੀਮਤੀ ਪ੍ਰੋਮਿਲਾ ਅਰੋੜਾ, ਸੁਖਦੇਵ ਰਾਜ ਅਤੇ ਧਰਮਕੋਟ (ਬਟਾਲਾ) ਦੇ ਸ਼੍ਰੀ ਅਸ਼ੋਕ ਭਗਤ ਵੀ ਸ਼ਾਮਲ ਸਨ।