3 ਹਜ਼ਾਰ ਨਸ਼ੇ ਵਾਲੀਆਂ ਗੋਲ਼ੀਆਂ ਤੇ ਯਮੁਨਾਨਗਰ ਤੋਂ ਲਿਆਂਦਾ 32 ਬੋਰ ਦਾ ਪਿਸਤੌਲ ਸਣੇ 4 ਗ੍ਰਿਫ਼ਤਾਰ

05/11/2022 3:28:48 PM

ਜਲੰਧਰ (ਮਹੇਸ਼)- ਸਪੈਸ਼ਲ ਆਪਰੇਸ਼ਨ ਯੂਨਿਟ ਦੀ ਟੀਮ ਨੇ ਨਸ਼ੇ ਵਾਲੀਆਂ 3 ਹਜ਼ਾਰ ਗੋਲ਼ੀਆਂ, 32 ਬੋਰ ਦਾ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕਰਦੇ ਹੋਏ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਸੀ. ਪੀ. ਇਨਵੈਸਟੀਗੇਸ਼ਨ ਨਿਰਮਲ ਸਿੰਘ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਐੱਸ. ਆਈ. ਅਸ਼ੋਕ ਕੁਮਾਰ ਸ਼ਰਮਾ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋਂ ਕਾਬੂ ਕੀਤੇ ਗਏ ਉਕਤ ਮੁਲਜ਼ਮਾਂ ਦੀ ਪਛਾਣ ਤਰਨ ਕੁਮਾਰ ਉਰਫ਼ ਤੰਨੂ ਪੁੱਤਰ ਤਰਸੇਮ ਲਾਲ ਨਿਵਾਸੀ ਮੁਹੱਲਾ ਨੰਬਰ-31 ਜਲੰਧਰ ਕੈਂਟ, ਸੁਮਿਤ ਉਰਫ ਫ਼ੌਜੀ ਉਰਫ਼ ਗੋਰਾ ਪੁੱਤਰ ਅਸ਼ੋਕ ਨਿਵਾਸੀ ਮਹੱਲਾ-30 ਜਲੰਧਰ ਕੈਂਟ ਹਾਲ ਵਾਸੀ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ, ਦਲੇਰ ਸਿੰਘ ਪੁੱਤਰ ਸਾਧਾ ਸਿੰਘ ਅਤੇ ਜਗਜੀਤ ਸਿੰਘ ਉਰਫ਼ ਟੋਨਾ ਪੁੱਤਰ ਗੁਰਦੇਵ ਸਿੰਘ ਦੋਵੇਂ ਨਿਵਾਸੀ ਮਾਨ ਸਿੰਘ ਨਗਰ ਲੱਧੇਵਾਲੀ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਰੇਲਵੇ ਸਟੇਸ਼ਨ ਨੇੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਮੁਲਜ਼ਮਾਂ ਖ਼ਿਲਾਫ਼ ਥਾਣਾ ਜਲੰਧਰ ਕੈਂਟ ਅਤੇ ਥਾਣਾ ਰਾਮਾ ਮੰਡੀ ’ਚ ਕੇਸ ਦਰਜ ਕੀਤੇ ਗਏ ਹਨ। ਚਾਰਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ’ਚ 29 ਸਾਲਾ ਤਰਨ ਕੁਮਾਰ ਨੇ ਦੱਸਿਆ ਕਿ ਉਸਨੇ ਬੀ. ਏ. ਤੱਕ ਦੀ ਪੜ੍ਹਾਈ ਕੀਤੀ ਹੈ। ਉਹ ਟਰੈਵਲ ਏਜੰਟ ਵਜੋਂ ਕੰਮ ਕਰਦਾ ਹੈ। ਉਸ ਦੇ ਦੋਸਤ ਸੁਮਿਤ ਫੌਜੀ ਦਾ ਝਗੜਾ ਜਲੰਧਰ ਕੈਂਟ ਦੇ ਨੌਜਵਾਨਾਂ ਨਾਲ ਹੋਇਆ ਸੀ, ਜਿਸ ਦਾ ਬਦਲਾ ਲੈਣ ਲਈ ਉਸਨੇ ਸੁਮਿਤ ਫੌਜੀ ਨੂੰ ਯਮਨਾਨਗਰ ਤੋਂ ਪਿਸਟਲ ਲਿਆ ਕੇ ਦਿੱਤਾ ਸੀ।

32 ਸਾਲਾ ਸੁਮਿਤ ਨੇ ਕਿਹਾ ਕਿ ਉਹ ਕੈਂਟ ਬੋਰਡ ’ਚ ਸਫਾਈ ਸੇਵਕ ਦਾ ਕੰਮ ਕਰਦਾ ਹੈ। 3 ਅਪ੍ਰੈਲ ਨੂੰ ਦੁਸਹਿਰਾ ਗਰਾਊਂਡ ’ਚ ਉਸ ਦੀ ਲੜਾਈ ਹੋਈ ਸੀ, ਜਿਸ ਦਾ ਬਦਲਾ ਲੈਣ ਲਈ ਉਸ ਨੇ ਤਰਨ ਤੋਂ ਪਿਸਟਲ ਮੰਗਵਾਇਆ ਸੀ। ਇਸੇ ਤਰ੍ਹਾਂ ਨਸ਼ੇ ਦੀਆਂ ਗੋਲ਼ੀਆਂ ਸਮੇਤ ਫੜੇ ਗਏ 52 ਸਾਲਾ ਦਲੇਰ ਸਿੰਘ ਨੇ ਕਿਹਾ ਕਿ ਉਹ ਕਾਫ਼ੀ ਸਮਾਂ ਤੋਂ ਡਰਾਈਵਰੀ ਕਰ ਰਿਹਾ ਸੀ। ਡਰਾਈਰੀ ਦੇ ਕੰਮ ’ਚ ਮੰਦੀ ਆਉਣ ’ਤੇ ਉਸਨੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। 50 ਸਾਲਾ ਜਗਜੀਤ ਸਿੰਘ ਟੋਨਾ ਨੇ ਕਿਹਾ ਕਿ ਉਹ ਨਸ਼ਾ ਕਰਨ ਦਾ ਆਦੀ ਹੈ, ਜਿਸ ਦੀ ਪੂਰਤੀ ਲਈ ਨਸ਼ੇ ਦੀਆਂ ਜ਼ਿਆਦਾ ਗੋਲ਼ੀਆਂ ਲਿਆ ਕੇ ਕੁਝ ਖ਼ੁਦ ਖਾ ਲੈਂਦਾ ਸੀ ਅਤੇ ਬਾਕੀ ਵੇਚ ਕੇ ਅਪਣਾ ਖ਼ਰਚ ਚਲਾਉਂਦਾ ਸੀ।

ਇਹ ਵੀ ਪੜ੍ਹੋ: ਮੋਹਾਲੀ ਵਿਖੇ ਹੋਏ ਰਾਕੇਟ ਹਮਲੇ ਦੇ ਮਾਮਲੇ ’ਚ ਪੁਲਸ ਯੂ-ਟਿਊਬ ’ਤੇ ਰੱਖਣ ਲੱਗੀ ਨਜ਼ਰ, ਮਿਲੇ ਅਹਿਮ ਸੁਰਾਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri