ਸੇਵਾ-ਮੁਕਤ ਫ਼ੌਜੀਆਂ ਨਾਲ ਲੱਖਾਂ ਰੁਪਏ ਦੀ ਮਾਰੀ ਠੱਗੀ, ਟਰੇਡਿੰਗ ਕੰਪਨੀ ਦੇ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ

07/22/2022 3:42:42 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਸੇਵਾਮੁਕਤ ਫ਼ੌਜੀ ਆਪਣੀ ਰਕਮ ਨੂੰ ਡਬਲ ਕਰਨ ਦੇ ਚੱਕਰ ’ਚ ਟਰੇਡਿੰਗ ਕੰਪਨੀ ਹੱਥੋਂ ਲੱਖਾਂ ਰੁਪਏ ਲੁਟਾ ਬੈਠੇ | ਠੱਗੀ ਦਾ ਸ਼ਿਕਾਰ ਹੋਏ ਫ਼ੌਜੀਆਂ ਦੇ ਬਿਆਨ ਦੇ ਅਾਧਾਰ ’ਤੇ ਹੁਣ ਟਾਂਡਾ ਪੁਲਸ ਨੇ ਟਰੇਡਿੰਗ ਕੰਪਨੀ ਦੇ 4 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਗੁਰਪਾਲ ਸਿੰਘ ਪੁੱਤਰ ਰੁਲਦਾ ਰਾਮ ਵਾਸੀ ਲੋਧੀਚੱਕ ਦੇ ਬਿਆਨ ਦੇ ਅਾਧਾਰ ’ਤੇ ਰਾਜਪਾਲ ਮੱਲੜ ਪੁੱਤਰ ਧਰਮਵੀਰ ਸਿੰਘ ਵਾਸੀ ਸ਼ਕਤੀ ਨਗਰ ਬਹਾਦਰਗੜ੍ਹ ਹਰਿਆਣਾ, ਪਵਨ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਖੇੜੀ ਸਾਂਪਲਾ ਰੋਹਤਕ ਹਰਿਆਣਾ, ਗੁਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਵੜਿੰਗ ਜਲੰਧਰ ਕੈਂਟ ਅਤੇ ਸ਼੍ਰੀਨਿਵਾਸ ਰਾਓ ਵਾਸੀ ਨੰਦੀ ਦੇਰਗਾ ਰੋਡ ਕਰਨਾਟਕਾ ਦੇ ਖ਼ਿਲਾਫ਼ ਦਰਜ ਕੀਤਾ ਹੈ |

ਆਪਣੇ ਬਿਆਨ ਵਿਚ ਗੁਰਪਾਲ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਆਪਣੀ ਸ਼ੁਭਪ੍ਰਦਾ ਵੈਂਚਰਸ (ਫਾਰ ਵੀ ਗ੍ਰੋਅ ਟਰੇਡਰਜ਼) ਕੰਪਨੀ ਰਾਹੀਂ ਉਨ੍ਹਾਂ ਦੀ ਰਕਮ ਡਬਲ ਕਰਨ ਦਾ ਝਾਂਸਾ ਦੇ ਕੇ 2019 ਸਾਲ ਤੋਂ ਉਸ ਦੀ ਅਤੇ ਉਸ ਦੇ ਸਾਥੀ ਸੇਵਾਮੁਕਤ ਫੌਜੀ ਨਿਸ਼ਾਨ ਸਿੰਘ ਅਤੇ ਦਲੀਪ ਸਿੰਘ ਵਾਸੀ ਬੇਗੋਵਾਲ ਦੀ ਲੱਗਭਗ 37 ਲੱਖ ਰੁਪਏ ਦੀ ਰਕਮ ਇਨਵੈਸਟ ਕਰਵਾਈ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਅਤੇ ਉਨ੍ਹਾਂ ਦੀ ਰਕਮ ਵੀ ਡਕਾਰ ਲਈ | ਆਪਣੇ ਨਾਲ ਠੱਗੀ ਹੋਣ ’ਤੇ ਉਨ੍ਹਾਂ ਵੱਲੋਂ 2 ਦਸੰਬਰ 2021 ਨੂੰ ਜ਼ਿਲ੍ਹਾ ਪੁਲਸ ਮੁਖੀ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਐੱਸ. ਪੀ. ਤਫਤੀਸ਼ ਮੁਖਤਿਆਰ ਰਾਏ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਹੁਣ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣੇਦਾਰ ਦਲਜੀਤ ਸਿੰਘ ਹੁਣ ਅਗਲੇਰੀ ਕਾਰਵਾਈ ਕਰ ਰਹੇ ਹਨ |

Manoj

This news is Content Editor Manoj