ਹੈਰੋਇਨ ਦੀ ਜਲੰਧਰ ਦੇਣ ਆ ਰਹੇ ਸਨ ਡਿਲਿਵਰੀ, ਪੁਲਸ ਨੇ ਨਾਕੇ ''ਤੇ ਡਰਾਈਵਰ ਸਮੇਤ 3 ਫੜੇ

06/30/2019 6:04:59 PM

ਜਲੰਧਰ (ਸ਼ੋਰੀ)— ਦਿਹਾਤੀ ਪੁਲਸ ਦੇ ਸੀ. ਏ. ਆਈ. ਸਟਾਫ ਨੇ ਚੈਕਿੰਗ ਦੌਰਾਨ ਕਾਰ ਸਵਾਰ ਇਕ ਮਹਿਲਾ ਸਮੇਤ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਹਾਲਾਂਕਿ ਡਰਾਈਵਰ ਦੇ ਕੋਲੋਂ ਪੁਲਸ ਨੂੰ ਕਿਸੇ ਤਰ੍ਹਾਂ ਦੀ ਰਿਕਵਰੀ ਨਹੀਂ ਹੋਈ ਹੈ ਪਰ ਫਿਰ ਵੀ ਪੁਲਸ ਉਸ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਦਿਹਾਤੀ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ 'ਚ ਤਾਇਨਾਤ ਐੱਸ. ਆਈ. ਨਿਰਮਲ ਸਿੰਘ ਪੁਲਸ ਪਾਰਟੀ ਨਾਲ ਚੈਕਿੰਗ ਕਰਨ ਲਈ ਪਿੰਡ ਬੋਪਾਰਾਏ ਦੇ ਕੋਲ ਮੌਜੂਦ ਸਨ। ਇਕ ਕਾਰ ਜੋ ਪੁਲਸ ਦੇ ਨਾਕੇ 'ਤੇ ਲੰਘਣ ਲੱਗੀ ਤਾਂ ਪੁਲਸ ਨੂੰ ਸ਼ੱਕ ਹੋਣ 'ਤੇ ਕਾਰ ਸਵਾਰ ਨੂੰ ਰੋਕ ਕੇ ਉਸ ਦਾ ਨਾਂ ਪੁੱਛਿਆ, ਜਿਸ ਨੇ ਆਪਣਾ ਨਾਂ ਦਵਿੰਦਰ ਕੁਮਾਰ ਉਰਫ ਗੌਰਵ (30) ਪੁੱਤਰ ਗੇਂਦਾ ਲਾਲ ਵਾਸੀ ਤਿਰਲੋਕਪੁਰੀ ਨਵੀਂ ਦਿੱਲੀ ਦੱਸਿਆ। ਕਾਰ ਦੀ ਪਿਛਲੀ ਸੀਟ 'ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਅਸ਼ੋਕ ਕੁਮਾਰ (33) ਪੁੱਤਰ ਰਾਮਜੀ ਵਾਸੀ ਕੇਵਲੀ ਰੋਡ ਖਾਨਪੁਰ ਨਵੀਂ ਦਿੱਲੀ ਦੱਸਿਆ ਅਤੇ ਉਸ ਦੇ ਨਾਲ ਬੈਠੀ ਔਰਤ ਨੇ ਖੁਦ ਦਾ ਨਾਂ ਜੈਕਲੀਨ (24) ਪਤਨੀ ਡੈਨੀਅਲ ਉੱਤਮ ਨਗਰ ਵੈਸਟ ਨਵੀਂ ਦਿੱਲੀ ਦੱਸਿਆ।

ਐੱਸ. ਆਈ. ਨਿਰਮਲ ਸਿੰਘ ਨੇ ਮੌਕੇ 'ਤੇ ਡੀ. ਐੱਸ. ਪੀ. ਫਿਲੌਰ ਅਸ਼ਵਨੀ ਅਤਰੀ ਨੂੰ ਬੁਲਾਇਆ ਅਤੇ ਮਹਿਲਾ ਪੁਲਸ ਕਰਮਚਾਰੀ ਵੀ ਮੌਕੇ 'ਤੇ ਬੁਲਾਈ। ਪੁਲਸ ਨੇ ਦਵਿੰਦਰ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ ਗੈਰ-ਕਾਨੂੰਨੀ ਚੀਜ਼ਾਂ ਨਹੀਂ ਮਿਲੀਆਂ। ਇਸ ਤੋਂ ਬਾਅਦ ਅਸ਼ੋਕ ਦੇ ਹੱਥ 'ਚ ਫੜੇ ਬੈਗ ਦੀ ਤਲਾਸ਼ੀ ਕਰਨ 'ਤੇ ਮੋਮੀ ਲਿਫਾਫੇ 'ਚੋਂ 800 ਗ੍ਰਾਮ ਹੈਰੋਇਨ ਬਰਾਮਦ ਹੋਈ। ਲੜਕੀ ਜੈਕਲੀਨ ਦੀ ਤਲਾਸ਼ੀ ਮਹਿਲਾ ਕਰਮਚਾਰੀ ਅਮਨਦੀਪ ਕੌਰ ਦੀ ਹਾਜ਼ਰੀ 'ਚ ਕਰਵਾਈ ਗਈ ਸੀ। ਉਸ ਦੇ ਹੱਥ 'ਚ ਫੜੇ ਲੇਡੀਜ਼ ਪਰਸ ਵਿਚੋਂ ਮੋਮੀ ਲਿਫਾਫੇ 'ਚੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਸ ਨੇ ਥਾਣਾ ਗੋਰਾਇਆ 'ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਂ ਦੇ ਨਾਲ ਸਨ ਸਬੰਧ, ਬਾਅਦ 'ਚ ਬੇਟੀ ਨੂੰ ਬਣਾਇਆ ਨਸ਼ਾ ਸਮੱਗਲਰ
ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਸ਼ੋਕ ਦਿੱਲੀ ਤੋਂ ਹੈਰੋਇਨ ਲੈ ਕੇ ਪਹਿਲਾਂ ਜਲੰਧਰ ਵਿਚ ਕਰੀਬ 3 ਵਾਰ ਚੱਕਰ ਲਗਾ ਕੇ ਡਿਲਿਵਰੀ ਦੇ ਚੁੱਕਾ ਹੈ। ਦਰਅਸਲ ਜੈਕਲੀਨ ਦੀ ਮਾਂ ਜਿਸ ਦੀ ਮੌਤ ਹੋ ਚੁੱਕੀ ਹੈ, ਉਸ ਦੇ ਨਾਲ ਅਸ਼ੋਕ ਦੇ ਸਬੰਧ ਸਨ ਅਤੇ ਹੌਲੀ-ਹੌਲੀ ਉਹ ਜੈਕਲੀਨ ਨੂੰ ਵੀ ਨਸ਼ੇ ਦੇ ਧੰਦੇ 'ਚ ਪਾਉਣ ਲੱਗਾ ਅਤੇ ਬਦਲੇ ਵਿਚ ਉਸ ਨੂੰ ਪੈਸੇ ਕਮਾਉਣ ਅਤੇ ਰਾਤੋ-ਰਾਤ ਅਮੀਰ ਹੋਣ ਦੇ ਸੁਪਨੇ ਦਿਖਾਉਣ ਲੱਗਾ।

shivani attri

This news is Content Editor shivani attri