3 ਇਮੀਗ੍ਰੇਸ਼ਨ ਤੇ ਟ੍ਰੈਵਲ ਕਾਰੋਬਾਰੀਆਂ ਦੇ ਦਫਤਰਾਂ ਸਮੇਤ ਹੋਰ ਟਿਕਾਣਿਆਂ 'ਤੇ ED ਵਲੋਂ ਛਾਪੇਮਾਰੀ

11/26/2019 9:37:16 PM

ਜਲੰਧਰ,(ਸੁਧੀਰ) : ਸਥਾਨਕ ਬੱਸ ਸਟੈਂਡ ਕੋਲ ਸਥਿਤ ਏ. ਜੀ. ਆਈ. ਬਿਜ਼ਨੈੱਸ ਸੈਂਟਰ 'ਚ ਅੱਜ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਨਫੋਰਸਮੈਂਟ ਵਿਭਾਗ (ਈ. ਡੀ.) ਦੀਆਂ ਟੀਮਾਂ ਨੇ ਜੁਆਇੰਟ ਡਾਇਰੈਕਟਰ ਅਸ਼ੋਕ ਗੌਤਮ ਦੀ ਅਗਵਾਈ ਹੇਠ 3 ਇਮੀਗ੍ਰੇਸ਼ਨ ਤੇ ਟ੍ਰੈਵਲ ਕਾਰੋਬਾਰੀਆਂ ਦੇ ਦਫਤਰਾਂ ਤੇ ਘਰਾਂ 'ਚ ਇਕੋ ਵੇਲੇ ਛਾਪੇਮਾਰੀ ਕੀਤੀ। ਸ਼ਹਿਰ 'ਚ ਅਚਾਨਕ ਇਮੀਗ੍ਰੇਸ਼ਨ ਕਾਰੋਬਾਰੀਆਂ 'ਤੇ ਹੋਈ ਵੱਡੀ ਕਾਰਵਾਈ ਦੀ ਸੂਚਨਾ ਮਿਲਦਿਆਂ ਹੀ ਟ੍ਰੈਵਲ ਕਾਰੋਬਾਰੀਆਂ ਨੂੰ ਭਾਜੜਾਂ ਜਿਹੀਆਂ ਪੈ ਗਈਆਂ। ਕਈ ਟ੍ਰੈਵਲ ਏਜੰਟ ਤਾਂ ਆਪਣੇ ਦਫਤਰਾਂ ਤੋਂ ਹੀ ਗਾਇਬ ਹੋ ਗਏ, ਜਦਕਿ ਕਈਆਂ ਨੇ ਆਪਣੇ ਦਫਤਰ ਬੰਦ ਕਰ ਦਿੱਤੇ। ਈ. ਡੀ. ਵਿਭਾਗ ਦੀਆਂ ਟੀਮਾਂ ਨੇ ਇਮੀਗ੍ਰੇਸ਼ਨ ਕਾਰੋਬਾਰੀਆਂ ਦੇ ਵੱਖ-ਵੱਖ ਟਿਕਾਣਿਆਂ 'ਤੇ ਸਰਚ ਮੁਹਿੰਮ ਚਲਾਈ ਤੇ ਕਾਰੋਬਾਰੀਆਂ ਕੋਲੋਂ ਪੁੱਛਗਿੱਛ ਕੀਤੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਟ੍ਰੈਵਲ ਕਾਰੋਬਾਰੀਆਂ ਨੇ ਵਿਦੇਸ਼ ਵਿਚ ਨਾਜਾਇਜ਼ ਤੌਰ 'ਤੇ ਕਰੋੜਾਂ ਰੁਪਏ ਦੀ ਟਰਾਂਜ਼ੈਕਸ਼ਨ ਕੀਤੀ ਹੈ। ਵਿਭਾਗ ਦੀ ਟੀਮ ਨੇ ਇਕੋ ਵੇਲੇ ਤਿੰਨਾਂ ਕਾਰੋਬਾਰੀਆਂ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਦੇ ਘਰਾਂ, ਦਫਤਰਾਂ ਅਤੇ ਹੋਰ ਟਿਕਾਣਿਆਂ 'ਤੇ ਸਵੇਰੇ ਛਾਪੇਮਾਰੀ ਕੀਤੀ। ਵਿਭਾਗ ਵਲੋਂ ਸਵੇਰ ਤੋਂ ਚੱਲ ਰਹੀ ਛਾਪੇਮਾਰੀ ਦੇਰ ਰਾਤ ਤੱਕ ਜਾਰੀ ਰਹੀ। ਜਾਣਕਾਰੀ ਮੁਤਾਬਕ ਇਨਫੋਰਸਮੈਂਟ ਵਿਭਾਗ ਨੂੰ ਕੁਝ ਟ੍ਰੈਵਲ ਕਾਰੋਬਾਰੀਆਂ ਦੇ ਟਿਕਾਣਿਆਂ ਤੋਂ ਵਿਦੇਸ਼ੀ ਕਰੰਸੀ ਅਤੇ ਕਈ ਜ਼ਰੂਰੀ ਦਸਤਾਵੇਜ਼ ਹੱਥ ਲੱਗੇ ਹਨ, ਜਿਨ੍ਹਾਂ ਨੂੰ ਵਿਭਾਗ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਉਥੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕੁਝ ਟ੍ਰੈਵਲ ਕਾਰੋਬਾਰੀਆਂ ਦੇ ਟਿਕਾਣਿਆਂ ਤੋਂ ਵਿਭਾਗ ਨੇ 50 ਲੱਖ ਦੇ ਕਰੀਬ ਰਕਮ ਬਰਾਮਦ ਕੀਤੀ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਵਿਭਾਗ ਦੀ ਕਾਰਵਾਈ ਜਾਰੀ ਸੀ। ਦੇਰ ਸ਼ਾਮ ਈ. ਡੀ. ਦੇ ਜੁਆਇੰਟ ਡਾਇਰੈਕਟਰ ਅਸ਼ੋਕ ਗੌਤਮ ਨੇ ਤਿੰਨੋਂ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਜਾ ਕੇ ਖੁਦ ਵੀ ਜਾਂਚ ਕੀਤੀ। ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜੇਕਰ ਵਿਭਾਗ ਦੀ ਅੱਜ ਜਾਂਚ ਪੂਰੀ ਨਾ ਹੋਈ ਤਾਂ ਇਹ ਕਾਰਵਾਈ ਕੱਲ ਤੱਕ ਵੀ ਜਾਰੀ ਰਹਿ ਸਕਦੀ ਹੈ।

ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦੀ ਜਾਂਚ ਵਿਚ ਜੁਟਿਆ ਵਿਭਾਗ 
ਦੂਸਰੇ ਪੈਸੇ ਐਨਫੋਰਸਮੈਂਟ ਵਿਭਾਗ ਦੇਰ ਰਾਤ ਤੱਕ ਮਾਮਲੇ ਦੀ ਜਾਂਚ ’ਚ ਜੁਟਿਆ ਰਿਹਾ। ਉਥੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਤੋਂ ਡਿਪੋਰਟ 11 ਨੌਜਵਾਨਾਂ ਦੇ ਬਾਰੇ ਵਿਭਾਗ ਜਾਣਕਾਰੀ ਹਾਸਲ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 311 ਨੌਜਵਾਨਾਂ ਦੇ ਡਿਪੋਰਟ ਹੋਣ ਤੋਂ ਬਾਅਦ ਪੰਜਾਬ ਦੇ ਕੁਝ ਏਜੰਟਾਂ ਦਾ ਨਾਂ ਸਾਹਮਣੇ ਆਇਆ ਸੀ, ਜਿਸ ਦੇ ਬਾਅਦ ਈ. ਡੀ. ਵਿਭਾਗ ਮਾਮਲੇ ਦੀ ਜਾਂਚ ਕਈ ਪਹਿਲੂਆਂ ਤੋਂ ਕਰ ਰਿਹਾ ਹੈ ਕਿ ਉਕਤ ਕਾਰੋਬਾਰੀ ਲੋਕਾਂ ਅਤੇ ਵਿਦਿਆਰਥੀਆਂ ਨੂੰ ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਦੇ ਹਨ ਜਾਂ ਨਾਜਾਇਜ਼ ਰੂਪ ਨਾਲ, ਜਿਸ ਸਬੰਧ ਵਿਚ ਵਿਭਾਗ ਕਾਰੋਬਾਰੀਆਂ ਦੀ ਸਾਰੀ ਸੂਚੀ ਜੁਟਾ ਰਿਹਾ ਹੈ, ਉਥੇ ਸੂਤਰਾਂ ਤੋਂ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੂੰ ਕਈ ਅਹਿਮ ਸੁਰਾਗ ਮਿਲੇ ਹਨ। ਫਿਲਹਾਲ ਦੇਰ ਰਾਤ ਤੱਕ ਵਿਭਾਗ ਵਲੋਂ ਮਾਮਲੇ ਦੀ ਜਾਂਚ ਜਾਰੀ ਸੀ।