ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਫੜਿਆ

11/12/2019 2:57:26 PM

ਜਲੰਧਰ (ਜ.ਬ.)— ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਤਿੰਨਾਂ ਮੁਲਜ਼ਮਾਂ 'ਤੇ ਪੁਰਾਣੇ ਕਈ ਲੁੱਟਖੋਹ ਦੇ ਕੇਸ ਕੋਰਟ 'ਚ ਵਿਚਾਰ ਅਧੀਨ ਹਨ। ਪੁਲਸ ਨੇ ਤਿੰਨਾਂ ਨੂੰ ਉਸ ਸਮੇਂ ਫੜਿਆ ਜਦੋਂ ਬੀਤੇ ਦਿਨ ਜੌਹਲ ਮਾਰਕੀਟ 'ਚ ਰਿਕਸ਼ਾ 'ਤੇ ਘਰ ਜਾ ਰਹੀ ਬਬੀਤਾ ਨਾਂ ਦੀ ਔਰਤ ਦਾ ਪਰਸ ਖੋਹਣ ਦੀ ਇਨ੍ਹਾਂ ਕੋਸ਼ਿਸ਼ ਕੀਤੀ ਸੀ। ਲੁਟੇਰੇ ਔਰਤ ਦਾ ਪਰਸ ਤਾਂ ਨਹੀਂ ਖੋਹ ਸਕੇ ਪਰ ਖਿੱਚ-ਧੂਹ ਦੌਰਾਨ ਔਰਤ ਰਿਕਸ਼ੇ ਤੋਂ ਹੇਠਾਂ ਡਿੱਗ ਪਈ, ਜਿਸ ਕਾਰਣ ਉਸ ਨੂੰ ਕਾਫੀ ਸੱਟਾਂ ਲੱਗੀਆਂ।ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਬੂਟਾ ਪਿੰਡ ਦੇ ਰਹਿਣ ਵਾਲੇ ਕਰਨ (23) ਪ੍ਰਤਾਪ ਨਗਰ ਦੇ ਜਤਿੰਦਰ ਕੁਮਾਰ ਉਰਫ ਜੈਕੀ (29) ਅਤੇ ਲਾਂਬੜਾ ਦੇ ਰਹਿਣ ਵਾਲੇ ਮਨਦੀਪ ਸਿੰਘ ਉਰਫ ਦੀਪੂ (28) ਦੇ ਤੌਰ 'ਤੇ ਹੋਈ ਹੈ। 

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਰਨ 'ਤੇ ਕੁੱਲ 6 ਕੇਸ, ਜੈਕੀ 'ਤੇ 3 ਤੇ ਦੀਪੂ 'ਤੇ 4 ਕੇਸ ਕੋਰਟ 'ਚ ਵਿਚਾਰ ਅਧੀਨ ਹਨ। ਜਿਨ੍ਹਾਂ 'ਚੋਂ ਜ਼ਿਆਦਾਤਰ ਥਾਣਾ ਨੰ. 6 'ਚ ਹੀ ਦਰਜ ਹਨ ਕਿਉਂਕਿ ਤਿੰਨਾਂ ਮੁਲਜ਼ਮਾਂ ਨੇ ਜ਼ਿਆਦਾਤਰ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਮਾਡਲ ਟਾਊਨ ਏਰੀਏ 'ਚ ਹੀ ਅੰਜਾਮ ਦਿੱਤਾ। ਮੁਲਜ਼ਮਾਂ ਕੋਲੋਂ ਇਕ ਸਪਲੈਂਡਰ ਬਾਈਕ ਵੀ ਬਰਾਮਦ ਹੋਇਆ ਹੈ। ਜਿਸ 'ਤੇ ਦੱਸਿਆ ਜਾ ਰਿਹਾ ਹੈ ਕਿ ਜਾਅਲੀ ਨੰਬਰ ਪਲੇਟ ਲੱਗੀ ਹੈ। ਉਸ ਨੰਬਰ ਬਾਰੇ ਵੀ ਆਰ. ਟੀ. ਏ. ਦਫਤਰ ਤੋਂ ਰਿਕਾਰਡ ਮੁਹੱਈਆ ਕਰਵਾਇਆ ਜਾ ਰਿਹਾ ਹੈ। ਤਿੰਨਾਂ ਨੂੰ ਕੋਰਟ 'ਚ ਪੇਸ਼ ਕਰਕੇ ਦੋ-ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਕੋਈ 8 ਅਤੇ ਕੋਈ 10 ਤੱਕ ਪੜ੍ਹਿਆ, ਤਿੰਨੇ ਨਸ਼ੇ ਦੇ ਆਦੀ 
ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਤਿੰਨਾਂ ਨੂੰ ਉਨ੍ਹਾਂ ਦੇ ਘਰੋਂ ਹੀ ਗ੍ਰਿਫਤਾਰ ਕੀਤਾ ਹੈ। ਜਾਂਚ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਤਿੰਨੇ ਨਸ਼ਾ ਕਰਨ ਦੇ ਆਦੀ ਹਨ ਤੇ ਤਿੰਨਾਂ 'ਚੋਂ ਕੋਈ ਵੀ ਦਸਵੀਂ ਜਮਾਤ ਤੋਂ ਅੱਗੇ ਨਹੀਂ ਪੜ੍ਹਿਆ। ਮੁਲਜ਼ਮਾਂ ਤੋਂ ਲੁੱਟੇ ਗਏ ਸਾਮਾਨ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।

shivani attri

This news is Content Editor shivani attri