ਹਾਦਸਿਅਾਂ ’ਚ 1 ਦੀ ਮੌਤ, 1 ਜ਼ਖਮੀ

12/06/2018 1:38:34 AM

ਮੁਕੇਰੀਆਂ,  (ਬਲਵੀਰ)-  ਅੱਜ ਸਵੇਰੇ ਕੌਮੀ ਮਾਰਗ ਜਲੰਧਰ-ਪਠਾਨਕੋਟ ’ਤੇ ਸਥਿਤ ਕਸਬਾ ਮੀਰਥਲ ਦੇ ਕੋਲ ਹੋਏ ਸਡ਼ਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੀ ਪਛਾਣ ਲੇਖ ਰਾਜ ਪੁੱਤਰ ਵੀਰ ਭਾਨ ਵਾਸੀ ਬਡ਼ੋਈ ਉਪਰਵਾਲੀ, ਤਹਿਸੀਲ ਤੇ ਜ਼ਿਲਾ ਪਠਾਨਕੋਟ ਵਜੋਂ ਹੋਈ ਹੈ। ਮ੍ਰਿਤਕ ਨੂੰ ਸਿਵਲ ਹਸਪਤਾਲ ਪਹੁੰਚਾਉਣ ਵਾਲੇ ਹਰਿਆਣਾ ਰੋਡਵੇਜ਼ ਬੱਸ ਨੰ. ਐੱਚ. ਆਰ. 37-8508 ਦੇ ਚਾਲਕ ਰਾਮ ਦਾਸ ਪੁੱਤਰ ਖੁਸ਼ੀ ਰਾਮ  ਨੇ ਦੱਸਿਆ ਕਿ ਉਹ ਸਵੇਰੇ ਆਪਣੀ ਬੱਸ ਲੈ ਕੇ ਕੱਟਡ਼ਾ ਤੋਂ ਅੰਬਾਲਾ ਜਾ ਰਿਹਾ ਸੀ ਕਿ ਉਕਤ ਵਿਅਕਤੀ ਵੀ ਉਸਦੀ ਬੱਸ ਅੱਗੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਜਦੋਂ ਮੋਟਰਸਾਈਕਲ ਚਾਲਕ ਮੀਰਥਲ ਦੇ ਕੋਲ ਪਹੁੰਚਾ ਤਾਂ ਕਿਸੇ ਵਾਹਨ ਨੇ ਉਸਨੂੰ ਫੇਟ ਮਾਰ ਦਿੱਤੀ ਤੇ ਵਾਹਨ ਭਜਾ ਕੇ ਲੈ ਗਿਆ, ਜਿਸ ਤੋਂ ਬਾਅਦ ਉਸਨੂੰ ਸਰਕਾਰੀ ਹਸਪਤਾਲ ਮਕੇਰੀਆਂ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਇਸ ਸਬੰਧ ’ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੇਹਟੀਆਣਾ, (ਸੰਜੀਵ)-ਹੁਸ਼ਿਆਰਪੁਰ-ਫਗਵਾਡ਼ਾ ਮੁੱਖ ਮਾਰਗ  ’ਤੇ ਪਿੰਡ ਅੱਤੋਵਾਲ ਵਿਖੇ ਪੀ. ਆਰ. ਟੀ. ਸੀ. ਦੀ ਬੱਸ ਵੱਲੋਂ ਇਕ ਕਾਰ ਨੂੰ ਪਿੱਛੋਂ ਟੱਕਰ ਮਾਰ ਦੇਣ ਨਾਲ ਕਾਰ ਚਾਲਕ ਗੰਭੀਰ  ਰੂਪ ਵਿਚ ਜ਼ਖ਼ਮੀ ਹੋ ਗਿਆ। ਜਾਣਕਾਰੀ  ਅਨੁਸਾਰ ਕਾਰ ਨੰ. ਪੀ. ਬੀ. 08-ਟੀ-9370 ਦੇ ਚਾਲਕ ਲਖਵੀਰ ਸਿੰਘ ਪੁੱਤਰ ਰਾਮ ਸਰੂਪ ਵਾਸੀ ਪਿੰਡ ਢੱਕੋਵਾਲ ਨੇ ਦੱਸਿਆ ਕਿ ਉਹ ਸਵੇਰੇ ਕਰੀਬ 8.30 ਵਜੇ ਆਪਣੀ ਮਾਤਾ ਕਸ਼ਮੀਰ ਕੌਰ ਨੂੰ ਪਿੰਡ ਅੱਤੋਵਾਲ ਵਿਖੇ ਛੱਡ ਕੇ ਅੱਤੋਵਾਲ ਦੇ ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਕਾਰ ਨੂੰ ਸਡ਼ਕ ਕਿਨਾਰੇ ਖਡ਼੍ਹਾ ਕੀਤਾ ਸੀ ਕਿ ਇਸ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਨੰ. ਪੀ. ਬੀ. 03-ਏ. ਟੀ-0355 ਨੇ ਉਸਦੀ ਕਾਰ ਨੂੰ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸਿਰ ’ਚ ਗਹਿਰੀ ਸੱਟ ਲੱਗਣ ਨਾਲ ਉਸਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ ਗਿਆ। 
ਮੌਕੇ ’ਤੇ ਹਾਜ਼ਰ ਰਾਹਗੀਰਾਂ ਨੇ ਦੱਸਿਆ ਕਿ ਬੱਸ ਚਾਲਕ ਬੱਸ ਚਲਾਉਂਦੇ ਸਮੇਂ ਆਪਣੇ ਮੋਬਾਇਲ ਫੋਨ ’ਤੇ ਗੱਲ ਕਰ ਰਿਹਾ ਸੀ ਅਤੇ ਉਸਦੇ ਗੱਲਬਾਤ ਦੇ ਢੰਗ ਤੋਂ ਲੱਗਦਾ ਸੀ ਕਿ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਸੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੇਹਟੀਆਣਾ ਦੇ ਏ. ਐੱਸ. ਆਈ. ਗੁਰਦਿਆਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਬੱਸ ਚਾਲਕ ਨੂੰ ਹਿਰਾਸਤ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਵਿਚ ਜਿਥੇ ਕਾਰ ਚਾਲਕ ਗੰਭੀਰ ਰੂਪ  ’ਚ ਜ਼ਖ਼ਮੀ ਹੋ ਗਿਆ, ਉਥੇ ਕਾਰ ਵੀ ਕਾਫੀ ਨੁਕਸਾਨੀ ਗਈ।