36 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਣੇ 2 ਕਾਬੂ

08/10/2020 11:19:07 PM

ਦਸੂਹਾ,(ਝਾਵਰ)- ਦਸੂਹਾ ਪੁਲਸ ਨੇ ਨਾਜਾਇਜ਼ ਸ਼ਰਾਬ ਦੇ ਸਮੱਗਲਰਾਂ ਨੂੰ ਫਡ਼ਨ ਲਈ ਮੁਹਿੰਮ ਜਾਰੀ ਰੱਖਦਿਆਂ ਇਕ ਵਿਅਕਤੀ ਸਾਂਝੀ ਰਾਮ ਪੁੱਤਰ ਪਿਆਰਾ ਲਾਲ ਵਾਸੀ ਮੁਹੱਲਾ ਕਸਬਾ, ਦਸੂਹਾ ਤੇ ਕੁਲਦੀਪ ਸਿੰਘ ਪੁੱਤਰ ਰਤਨ ਸਿੰਘ ਵਾਸੀ ਅਸ਼ਰਫਪੁਰ, ਦਸੂਹਾ ਕੋਲੋਂ 2 ਪਲਾਸਟਿਕ ਦੇ ਕੇਨ ਕਬਜ਼ੇ ਵਿਚ ਲਏ। ਜਿਨ੍ਹਾਂ ਵਿਚੋਂ 36 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਹ ਵਿਅਕਤੀ ਬਿਨਾਂ ਨੰਬਰੀ ਸਕੂਟਰੀ ’ਤੇ ਸੈਦੋਵਾਲ ਨਜ਼ਦੀਕ ਆ ਰਹੇ ਸਨ ਕਿ ਇਨ੍ਹਾਂ ਨੂੰ ਏ. ਐੱਸ. ਆਈ. ਪਵਨ ਕੁਮਾਰ ਤੇ ਪੁਲਸ ਪਾਰਟੀ ਨੇ ਸ਼ਰਾਬ ਸਮੇਤ ਗ੍ਰਿਫਤਾਰ ਕਰ ਲਿਆ।

ਇਸ ਤੋਂ ਇਲਾਵਾ ਦਸੂਹਾ ਪੁਲਸ ਨੇ ਦਡ਼ਾ-ਸੱਟਾ ਲਾਉਂਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ ਤੇ ਏ. ਐੱਸ. ਆਈ. ਪਵਨ ਕੁਮਾਰ, ਏ. ਐੱਸ. ਆਈ. ਮੋਹਣ ਸਿੰਘ ਨੇ ਦੱਸਿਆ ਕਿ ਦਸੂਹਾ ਦੇ ਵਾਰਡ ਨੰ.-1 ਮਹਾਜਨਾਂ ਮੁਹੱਲਾ ਦੇ ਬਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਕੋਲੋਂ ਦਡ਼ਾ-ਸੱਟਾ ਲਾਉਂਦਿਆਂ 4750 ਰੁਪਏ ਤੇ ਹੋਰ ਸਾਮਾਨ ਬਰਾਮਦ ਕੀਤਾ। ਇਸ ਦੇ ਨਾਲ ਹੀ ਮੁਹੱਲਾ ਮਹਾਜਨਾਂ ਦੇ ਜੋਗਿੰਦਰ ਸਿੰਘ ਪੁੱਤਰ ਬਾਬੂ ਰਾਮ, ਜੋ ਸ਼ਹਿਰ ’ਚ ਦਡ਼ਾ-ਸੱਟਾ ਲਾ ਰਿਹਾ ਸੀ, ਕੋਲੋਂ 26,038 ਰੁਪਏ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਕੋਲੋਂ 30,788 ਰੁਪਏ ਬਰਾਮਦ ਕੀਤੇ ਗਏ, ਇਨ੍ਹਾਂ ਦੋਹਾਂ ਵਿਰੁੱਧ ਗੈਂਬਲਿੰਗ ਐਕਟ ਅਧੀਨ ਕੇਸ ਦਰਜ ਕੀਤਾ ਗਿਆ।

Bharat Thapa

This news is Content Editor Bharat Thapa