ਸਟੇਟ GST ਵਿਭਾਗ ਦੀ ਕਾਰਵਾਈ, 48 ਕਰੋੜ ਦੀ ਬੋਗਸ ਬਿਲਿੰਗ ਦੇ ਸਕੈਂਡਲ ’ਚ 12 ਫਰਮਾਂ ਨੂੰ 50.19 ਕਰੋੜ ਜੁਰਮਾਨਾ

09/20/2023 12:05:17 PM

ਜਲੰਧਰ (ਪੁਨੀਤ)–ਸਟੇਟ ਜੀ. ਐੱਸ. ਟੀ. ਵਿਭਾਗ ਨੇ 48 ਕਰੋੜ ਦੀ ਬੋਗਸ ਬਿਲਿੰਗ ਦੇ ਵੱਡੇ ਸਕੈਂਡਲ ਵਿਚ ਅਗਲੀ ਕਾਰਵਾਈ ਕਰਦੇ ਹੋਏ 12 ਫਰਮਾਂ ਨੂੰ 50.19 ਕਰੋੜ ਜੁਰਮਾਨਾ ਕੀਤਾ ਹੈ। ਵਿਭਾਗ ਨੇ ਜੀ. ਐੱਸ. ਟੀ. ਦੀ ਧਾਰਾ 122 ਤਹਿਤ ਕੀਤੀ ਇਸ ਕਾਰਵਾਈ ਵਿਚ ਦਸਮੇਸ਼ ਟਰੇਡਿੰਗ ਕੰਪਨੀ ਨੂੰ 13.14 ਕਰੋੜ, ਪੀ. ਵੀ. ਇੰਟੀਰੀਅਰ ਡੈਕੋਰ 7.44 ਕਰੋੜ, ਪੀ. ਕੇ. ਟਰੇਡਿੰਗ ਕੰਪਨੀ 3.45 ਕਰੋੜ, ਗੁਰੂ ਹਰਰਾਏ ਟਰੇਡਿੰਗ ਕੰਪਨੀ 5.24 ਕਰੋੜ, ਗਗਨ ਟਰੇਡਿੰਗ ਕੰਪਨੀ 6.37 ਕਰੋੜ, ਨਾਰਥ ਵੋਗ 2.23 ਕਰੋੜ, ਸ਼ਿਵ ਸ਼ਕਤੀ ਐਂਟਰਪ੍ਰਾਈਜ਼ਿਜ਼ 3.20 ਕਰੋੜ, ਕੁਸ਼ ਟਰੇਡਿੰਗ ਕੰਪਨੀ 3.54 ਕਰੋੜ, ਸ਼੍ਰੀ ਬਾਲਾਜੀ ਟਰੇਡਿੰਗ ਕੰਪਨੀ 1.69 ਕਰੋੜ, ਕ੍ਰਿਸ਼ ਐਂਟਰਪ੍ਰਾਈਜ਼ਿਜ਼ 1.71 ਕਰੋੜ, ਪੰਕਜ ਸਕ੍ਰੈਪ ਕੰਪਨੀ 1.35 ਕਰੋੜ ਅਤੇ ਰਾਧੇ ਕ੍ਰਿਸ਼ਨ ਐਂਟਰਪ੍ਰਾਈਜ਼ਿਜ਼ ਨੂੰ 83 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਇਸੇ ਸਾਲ ਜਨਵਰੀ ਮਹੀਨੇ ਦੇ ਆਖਿਰ ਵਿਚ ਵਿਭਾਗ ਵੱਲੋਂ ਇਸ ਸਕੈਂਡਲ ਨੂੰ ਫੜ ਕੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿਚ ਕਾਲੀਆ ਕਾਲੋਨੀ ਨਿਵਾਸੀ ਪੰਕਜ ਕੁਮਾਰ (ਉਰਫ ਪੰਕਜ ਆਨੰਦ), ਰਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਨੂੰ ਜੇਲ ਜਾਣਾ ਪਿਆ, ਜਦੋਂ ਕਿ ਗੁਰਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੀ ਉਸੇ ਦਿਨ ਜ਼ਮਾਨਤ ਹੋ ਗਈ ਸੀ। ਇਸ ਮਾਮਲੇ ਵਿਚ ਫਰਜ਼ੀ ਬਿਲਿੰਗ ਕਰਕੇ ਪਲਾਸਟਿਕ ਅਤੇ ਲੋਹੇ ਦੀ ਸਕ੍ਰੈਪ ਦਾ ਕਾਰੋਬਾਰ ਵਿਖਾਇਆ ਜਾ ਰਿਹਾ ਸੀ, ਜਦੋਂ ਕਿ ਇਸ ਦੀ ਖ਼ਰੀਦੋ-ਫ਼ਰੋਖ਼ਤ ਸਿਰਫ਼ ਕਾਗਜ਼ਾਂ ਵਿਚ ਹੋ ਰਹੀ ਸੀ। ਇਹ ਲੋਕ ਆਈ. ਟੀ. ਸੀ. (ਇਨਪੁੱਟ ਟੈਕਸ ਕ੍ਰੈਡਿਟ) ਲਈ ਹੇਰਾਫੇਰੀ ਕਰ ਕੇ ਵਿਭਾਗ ਨੂੰ ਵੱਡੇ ਪੱਧਰ ’ਤੇ ਚੂਨਾ ਲਾ ਰਹੇ ਸਨ। ਬੈਂਕਾਂ ਵਿਚ ਐਂਟਰੀ ਵਿਖਾਉਣ ਲਈ ਜਿਹੜੇ ਪੈਸੇ ਜਮ੍ਹਾ ਕਰਵਾਏ ਜਾਂਦੇ ਸਨ, ਉਨ੍ਹਾਂ ਨੂੰ ਤੁਰੰਤ ਕਢਵਾ ਲਿਆ ਜਾਂਦਾ ਸੀ, ਜਿਸ ਦੇ ਆਧਾਰ ’ਤੇ ਵਿਭਾਗ ਨੇ ਸਬੂਤ ਜੁਟਾਉਣੇ ਸ਼ੁਰੂ ਕੀਤੇ ਅਤੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ। ਸ਼ੁਰੂਆਤੀ ਕ੍ਰਮ ਵਿਚ ਸਟੇਟ ਜੀ. ਐੱਸ. ਟੀ. ਵਿਭਾਗ ਨੇ ਮੁਲਜ਼ਮਾਂ ਖ਼ਿਲਾਫ਼ ਜੀ. ਐੱਸ. ਟੀ. ਐਕਟ ਸੈਕਸ਼ਨ 132 ਤਹਿਤ ਮਾਮਲਾ ਦਰਜ ਕੀਤਾ ਸੀ ਪਰ ਇਸ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਧਾਰਾ 122 ਵੀ ਜੋੜੀ ਗਈ ਹੈ। ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਵਿਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ

ਈ-ਵੇਅ ਬਿੱਲਾਂ ’ਤੇ ਐਕਟਿਵਾ ਦੇ ਨੰਬਰਾਂ ਤੋਂ ਫੜਿਆ ਗਿਆ ਮਾਮਲਾ
ਈ-ਵੇਅ ਜ਼ਰੀਏ ਕੀਤੀ ਗਈ ਬਿਲਿੰਗ ਵਿਚ ਕਮਰਸ਼ੀਅਲ (ਮਾਲਵਾਹਕ) ਵਾਹਨਾਂ ਦੇ ਜਿਹੜੇ ਨੰਬਰ ਦਿੱਤੇ ਗਏ ਸਨ, ਉਹ ਫਰਜ਼ੀ ਪਾਏ ਗਏ ਸਨ। ਉਥੇ ਹੀ, ਕਈ ਬਿੱਲਾਂ ਵਿਚ ਦਿੱਤੇ ਗਏ ਟਰੱਕਾਂ ਦੇ ਨੰਬਰਾਂ ’ਤੇ ਐਕਟਿਵਾ ਚੱਲ ਰਹੇ ਹਨ। ਵਿਭਾਗ ਵੱਲੋਂ ਵਾਹਨਾਂ ਦੇ ਨੰਬਰਾਂ ਦੀ ਜਾਂਚ ਕੀਤੀ ਗਈ, ਜਿਸ ਤਹਿਤ ਐਕਟਿਵਾ ਦੇ ਨੰਬਰਾਂ ’ਤੇ ਟਰੱਕ ਦਿਖਾਉਣ ਨਾਲ ਇਹ ਮਾਮਲਾ ਫੜਿਆ ਗਿਆ। ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਸੀ। ਇਸ ਸਕੈਂਡਲ ਵਿਚ ਲੋਹੇ ਦੀ ਸਕ੍ਰੈਪ ਨਾਲ ਜੁੜੇ ਮਾਮਲੇ ’ਤੇ ਵਿਭਾਗ ਵੱਲੋਂ ਮੁੱਖ ਤੌਰ ’ਤੇ ਫੋਕਸ ਕੀਤਾ ਗਿਆ ਹੈ, ਜਿਸ ’ਤੇ 18 ਫੀਸਦੀ ਦੀ ਦਰ ਨਾਲ ਜੀ. ਐੱਸ. ਟੀ. ਲਾਗੂ ਹੁੰਦਾ ਹੈ।

ਫਰਜ਼ੀ ਬਿਲਿੰਗ ਜ਼ਰੀਏ ਨੁਕਸਾਨ ਪਹੁੰਚਾਉਣ ਵਾਲੇ ਨਿਸ਼ਾਨੇ ’ਤੇ: ਰਜਮਨਦੀਪ ਕੌਰ
ਅਸਿਸਟੈਂਟ ਕਮਿਸ਼ਨਰ ਜਲੰਧਰ-2 ਰਜਮਨਦੀਪ ਕੌਰ ਨੇ ਕਿਹਾ ਕਿ ਫਰਜ਼ੀ ਬਿਲਿੰਗ ਜ਼ਰੀਏ ਨੁਕਸਾਨ ਪਹੁੰਚਾਉਣ ਵਾਲੇ ਵਿਭਾਗ ਦੇ ਨਿਸ਼ਾਨੇ ’ਤੇ ਹਨ। ਫਰਜ਼ੀ ਬਿਲਿੰਗ ਦੇ ਇਸ ਕਾਂਡ ਵਿਚ ਵਿਭਾਗੀ ਜਾਂਚ ਜਾਰੀ ਹੈ। ਜਿਹੜੀਆਂ ਫਰਮਾਂ ਇਸ ਸਕੈਂਡਲ ਵਿਚ ਸ਼ਾਮਲ ਹੋਣਗੀਆਂ, ਉਨ੍ਹਾਂ ’ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਅਜੇ ਹੋਰ ਮੀਂਹ, ਜਾਣੋ ਆਉਣ ਵਾਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri