ਹੜਤਾਲ ਕਾਰਨ 1000 ਬਿਜਲੀ ਕਰਮਚਾਰੀ ਗੈਰ-ਹਾਜ਼ਰ: ਫੀਲਡ ’ਚ ਡਟੇ ਰਹੇ ਐਕਸੀਅਨ

12/06/2023 2:51:27 PM

ਜਲੰਧਰ (ਪੁਨੀਤ)–ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਸਮੇਤ ਪਾਵਰਕਾਮ ਦੀਆਂ 13 ਯੂਨੀਅਨਾਂ ਵੱਲੋਂ ਕੀਤੀ ਗਈ ਹੜਤਾਲ ਦੌਰਾਨ ਮਹਾਨਗਰ ਜਲੰਧਰ ਵਿਚ ਛੋਟੇ-ਵੱਡੇ ਮਿਲਾ ਕੇ 1500 ਤੋਂ ਵੱਧ ਫਾਲਟ ਪਏ। ਕੋਈ ਵੱਡਾ ਫਾਲਟ ਨਹੀਂ ਪਿਆ, ਜਿਸ ਕਾਰਨ ਪਾਵਰਕਾਮ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਖ਼ਪਤਕਾਰਾਂ ਨੂੰ ਵੀ ਕੋਈ ਖ਼ਾਸ ਦਿੱਕਤ ਨਹੀਂ ਉਠਾਉਣੀ ਪਈ। ਸੋਮਵਾਰ ਰਾਤ 12 ਵਜੇ ਤੋਂ ਸ਼ੁਰੂ ਹੋਈ ਹੜਤਾਲ ਮੰਗਲਵਾਰ ਰਾਤ 12 ਵਜੇ ਤਕ ਜਾਰੀ ਰਹੀ। ਇਸ ਦੌਰਾਨ ਦਰਜਨਾਂ ਥਾਵਾਂ ’ਤੇ ਧਰਨੇ-ਪ੍ਰਦਰਸ਼ਨ ਅਤੇ ਰੋਸ ਰੈਲੀਆਂ ਕੀਤੀਆਂ ਗਈਆਂ। ਮੈਨੇਜਮੈਂਟ ਵਿਰੋਧੀ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਜੁਆਇੰਟ ਫੋਰਮ ਦੇ ਬੁਲਾਰਿਆਂ ਨੇ ਦੱਸਿਆ ਕਿ ਵੱਖ-ਵੱਖ ਸਰਕਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਹਿਯੋਗੀ ਯੂਨੀਅਨਾਂ ਦਾ ਵੱਡੇ ਪੱਧਰ ’ਤੇ ਸਹਿਯੋਗ ਮਿਲਣ ਕਾਰਨ ਹੜਤਾਲ ਸਫ਼ਲ ਰਹੀ। ਨਾਰਥ ਜ਼ੋਨ ਜਲੰਧਰ ਬਾਰੇ ਦੱਸਦਿਆਂ ਬੁਲਾਰਿਆਂ ਨੇ ਕਿਹਾ ਕਿ ਅਧਿਕਾਰੀਆਂ ਦੇ ਦਬਾਅ ਦੇ ਬਾਵਜੂਦ ਇਥੇ 40-45 ਫ਼ੀਸਦੀ ਤਕ ਹੜਤਾਲ ਸਫ਼ਲ ਰਹੀ। ਹੜਤਾਲ ਦੌਰਾਨ ਜੁਆਇੰਟ ਫੋਰਮ ਵਿਚ ਸ਼ਾਮਲ ਬਿਜਲੀ ਕਰਮਚਾਰੀਆਂ ਦੀਆਂ ਯੂਨੀਅਨਾਂ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ, ਪਹਿਲਵਾਨ ਗਰੁੱਪ ਇੰਪਲਾਈਜ਼ ਫੈੱਡਰੇਸ਼ਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਦਲਜੀਤ ਸਿੰਘ ਦੀ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਥਰਮਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ, ਹੈੱਡ ਆਫਿਸ ਇੰਪਲਾਈਜ਼ ਫੈੱਡਰੇਸ਼ਨ, ਸਬ-ਸਟੇਸ਼ਨ ਵੈੱਲਫੇਅਰ ਐਸੋਸੀਏਸ਼ਨ ਸਮੇਤ ਕੁੱਲ 13 ਯੂਨੀਅਨਾਂ ਦਾ ਸਹਿਯੋਗ ਰਿਹਾ।

ਇਹ ਵੀ ਪੜ੍ਹੋ : PPR ਮਾਰਕੀਟ ’ਚ ਜਾਣ ਵਾਲੇ ਸਾਵਧਾਨ, ਵੱਡੇ ਐਕਸ਼ਨ ਦੀ ਤਿਆਰੀ 'ਚ ਪੁਲਸ, ਮਾਲਕ ਵੀ ਨਹੀਂ ਜਾਣਗੇ ਬਖ਼ਸ਼ੇ

ਯੂਨੀਅਨਾਂ ਦੀਆਂ ਮੁੱਖ ਮੰਗਾਂ : ਤਨਖਾਹ ’ਚ ਸੋਧ, ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨਾ
ਬੁਲਾਰਿਆਂ ਨੇ ਕਿਹਾ ਕਿ ਪਾਵਰਕਾਮ ਵੱਲੋਂ ਕਰਮਚਾਰੀਆਂ ਦੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਨਜ਼ਰਅੰਦਾਜ਼ ਕਰਨ ਵਾਲੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ, ਜਿਸ ਕਾਰਨ ਵੱਖ-ਵੱਖ ਯੂਨੀਅਨਾਂ ਵੱਲੋਂ ਵਾਰ-ਵਾਰ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ। ਮੰਗਾਂ ਸਬੰਧੀ ਦੱਸਦਿਆਂ ਉਨ੍ਹਾਂ ਕਿਹਾ ਕਿ ਤਨਖਾਹ ਵਿਚ ਸੋਧ ਕਰਦੇ ਹੋਏ ਕਰਮਚਾਰੀਆਂ ਦੇ ਸਕੇਲਾਂ ਦੀਆਂ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ, ਸਾਰੀਆਂ ਪੋਸਟਾਂ ’ਤੇ ਦਿੱਤੇ ਜਾਣ ਵਾਲੇ ਲਾਭ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਜਾਣ, ਡੀ. ਏ. ਦੀਆਂ ਪੈਂਡਿੰਗ ਕਿਸ਼ਤਾਂ ਨੂੰ ਰਿਲੀਜ਼ ਕੀਤਾ ਜਾਵੇ, ਸੀ. ਆਰ. ਏ. 295/19 ਤਹਿਤ ਭਰਤੀ ਸਹਾਇਕ ਲਾਈਨਮੈਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੀਆਂ ਨੀਤੀਆਂ ਨੂੰ ਖਤਮ ਕੀਤਾ ਜਾਵੇ। ਪ੍ਰੋਬੇਸ਼ਨ ਪੀਰੀਅਡ ਖ਼ਤਮ ਹੋਣ ਦੇ ਬਾਵਜੂਦ ਤਨਖਾਹ ਜਾਰੀ ਕਰਨ ਵਿਚ ਦੇਰੀ ਵਾਲੀਆਂ ਨੀਤੀਆਂ ਨੂੰ ਬੰਦ ਕੀਤਾ ਜਾਵੇ।

ਬਿਜਲੀ ਬੋਰਡ ਨੂੰ ਭੰਗ ਕਰਕੇ ਕੰਪਨੀਆਂ ਬਣਾਉਣ ਤੋਂ ਬਾਅਦ ਖ਼ਤਮ ਕੀਤੇ ਗਏ ਅਹੁਦਿਆਂ ਨੂੰ ਦੁਬਾਰਾ ਇਜਾਦ ਕਰਨਾ, ਖਾਲੀ ਪਈਆਂ ਪੋਸਟਾਂ ਨੂੰ ਭਰਨਾ, ਪੁਰਾਣੀ ਪੈਨਸ਼ਨ ਬਹਾਲੀ, ਕਰਮਚਾਰੀਆਂ ਨੂੰ ਤਰੱਕੀ, ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕੇ ਕਰਨਾ, ਗਰਿੱਡ ਸਟੇਸ਼ਨਾਂ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਓਵਰਟਾਈਮ ਦੀ ਅਦਾਇਗੀ ਅਤੇ ਕਾਂਟਰੈਕਟ ਵਰਕਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨਾ ਸ਼ਾਮਲ ਹੈ।

ਅਧਿਕਾਰੀਆਂ ’ਤੇ ਲਟਕਦੀ ਰਹੀ ਨਿਰਵਿਘਨ ਸਪਲਾਈ ਦੀ ਤਲਵਾਰ, ਡਿਵੀਜ਼ਨਾਂ ’ਚ ਸਟੈਂਡ-ਬਾਏ ’ਤੇ ਰੱਖੀ ਰਿਕਵਰੀ ਵੈਨ
ਰਾਤ 10 ਵਜੇ ਤਕ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਸਰਕਲ ਅਧੀਨ ਨਿਰਵਿਘਨ ਬਿਜਲੀ ਸਪਲਾਈ ਚੱਲ ਰਹੀ ਸੀ। ਜੋ ਫਾਲਟ ਪੈ ਰਹੇ ਸਨ, ਉਨ੍ਹਾਂ ਨੂੰ ਸਮੇਂ ਅੰਦਰ ਨਿਪਟਾਇਆ ਜਾ ਰਿਹਾ ਸੀ। ਵਿਭਾਗ ਵੱਲੋਂ ਹਰੇਕ ਡਵੀਜ਼ਨ ਵਿਚ ਰਿਕਵਰੀ ਵੈਨ ਨੂੰ ਬੈਕਅਪ ’ਤੇ ਰੱਖਿਆ ਗਿਆ ਸੀ ਤਾਂ ਕਿ ਤੁਰੰਤ ਪ੍ਰਭਾਵ ਨਾਲ ਵੈਨ ਨੂੰ ਮੌਕੇ ’ਤੇ ਭੇਜਿਆ ਜਾ ਸਕੇ। ਐੱਸ. ਡੀ. ਓ. ਤੇ ਜੇ. ਈ. ਸਬ-ਸਟੇਸ਼ਨਾਂ ’ਤੇ ਨਜ਼ਰ ਰੱਖਦੇ ਰਹੇ। ਦੂਜੇ ਪਾਸੇ ਐਕਸੀਅਨ ਤੇ ਸੀਨੀ. ਅਧਿਕਾਰੀ ਫੀਲਡ ’ਚ ਘੁੰਮਦੇ ਨਜ਼ਰ ਆਏ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਨੌਜਵਾਨ ਨੇ ਮਾਸੀ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਰਿਟਾਇਰਮੈਂਟ ਕਾਰਨ ਕਈ ਆਗੂਆਂ ਨੇ ਪ੍ਰਦਰਸ਼ਨਾਂ ਤੋਂ ਬਣਾਈ ਦੂਰੀ
ਹੜਤਾਲ ਦੌਰਾਨ 1000 ਤੋਂ ਵੱਧ ਕਰਮਚਾਰੀ ਗੈਰ-ਹਾਜ਼ਰ ਪਾਏ ਗਏ। ਜ਼ੋਨ ਦੇ 2959 ਕਰਮਚਾਰੀਆਂ ਵਿਚੋਂ 1959 ਹਾਜ਼ਰ ਰਹੇ, ਜਦੋਂ ਕਿ 1000 ਦੇ ਲਗਭਗ ਕਰਮਚਾਰੀ ਗੈਰ-ਹਾਜ਼ਰ ਰਹੇ। ਇਨ੍ਹਾਂ ਵਿਚੋਂ 98 ਕਰਮਚਾਰੀ ਛੁੱਟੀ ’ਤੇ ਸਨ। ਅੰਕੜਿਆਂ ਮੁਤਾਬਕ ਸਾਰੀਆਂ ਯੂਨੀਅਨਾਂ ਦੀ ਹੜਤਾਲ ਵਿਚ ਸ਼ਾਮਲ ਕਰਮਚਾਰੀਆਂ ਦੀ ਗੈਰ-ਹਾਜ਼ਰੀ 31 ਫੀਸਦੀ ਰਹੀ। ਹੜਤਾਲ ਦੌਰਾਨ ਬਿਜਲੀ ਦਫਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਪਰ ਯੂਨੀਅਨ ਨਾਲ ਸਬੰਧਤ ਆਗੂ ਇਨ੍ਹਾਂ ਪ੍ਰਦਰਸ਼ਨਾਂ ਤੋਂ ਦੂਰੀ ਬਣਾਈ ਨਜ਼ਰ ਆਏ।

ਅਧਿਕਾਰੀਆਂ ਦਾ ਦਬਾਅ ਕੰਮ ਆਇਆ, ਸਫ਼ਲ ਨਹੀਂ ਹੋ ਸਕੀ ਹੜਤਾਲ
ਨਾਰਥ ਜ਼ੋਨ ’ਚ ਅਧਿਕਾਰੀਆਂ ਦਾ ਦਬਾਅ ਪੂਰੀ ਤਰ੍ਹਾਂ ਨਾਲ ਕੰਮ ਕਰਦਾ ਹੋਇਆ ਨਜ਼ਰ ਆਇਆ। ਇਥੇ ਹੜਤਾਲ ਦਾ ਕੋਈ ਖ਼ਾਸ ਅਸਰ ਨਹੀਂ ਰਿਹਾ, ਜਦੋਂ ਕਿ ਬਠਿੰਡਾ ਸਮੇਤ ਦੂਜੇ ਜ਼ੋਨ ਵਿਚ ਹੜਤਾਲ ਦੀ ਗਿਣਤੀ ਜ਼ਿਆਦਾ ਰਹੀ। ਨਾਰਥ ਜ਼ੋਨ ਦੇ ਅਧਿਕਾਰੀਆਂ ਤੇ ਖਾਸ ਤੌਰ ’ਤੇ ਜਲੰਧਰ ਸਰਕਲ ਨਾਲ ਸਬੰਧਤ ਸੀਨੀ. ਅਧਿਕਾਰੀਆਂ ਵੱਲੋਂ ਕਰਮਚਾਰੀਆਂ ਨੂੰ ਹੜਤਾਲ ਤੋਂ ਦੂਰੀ ਬਣਾਉਣ ਲਈ ਕਿਹਾ ਗਿਆ ਸੀ, ਜਿਸ ਕਾਰਨ ਅਧਿਕਾਰੀਆਂ ਦੇ ਦਬਾਅ ਵਿਚ ਆ ਕੇ ਵੱਖ-ਵੱਖ ਯੂਨੀਅਨਾਂ ਨਾਲ ਸਬੰਧਤ ਆਗੂਆਂ ਨੇ ਹੜਤਾਲ ’ਚ ਹਿੱਸਾ ਨਹੀਂ ਲਿਆ।

ਵਿਭਾਗ ਨੇ ਆਪਣੇ ਵੱਲੋਂ ਪੂਰੇ ਇੰਤਜ਼ਾਮ ਕੀਤੇ: ਇੰਜੀ. ਸੋਂਧੀ
ਸਰਕਲ ਹੈੱਡ ਅਤੇ ਸੁਪਰਿੰਟੈਂਡੈਂਟ ਇੰਜੀ. ਸੁਰਿੰਦਰ ਪਾਲ ਸੋਂਧੀ ਨੇ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਸੀ। ਸਰਕਲ ਦੀਆਂ 5 ਡਵੀਜ਼ਨਾਂ ਤੋਂ ਲਗਾਤਾਰ ਰਿਪੋਰਟ ਲਈ ਜਾ ਰਹੀ ਸੀ ਅਤੇ ਹਰੇਕ ਸਥਿਤੀ ਨਾਲ ਨਜਿੱਠਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜਲੰਧਰ ਸਰਕਲ ਵਿਚ ਕੋਈ ਖਾਸ ਦਿੱਕਤ ਪੇਸ਼ ਨਹੀਂ ਆਈ ਕਿਉਂਕਿ ਸਰਦੀਆਂ ਦੇ ਮੌਸਮ ਕਾਰਨ ਫਾਲਟ ਘੱਟ ਪੈਂਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਡਵੀਜ਼ਨ ’ਚ ਰਿਕਵਰੀ ਵੈਨ ਤਾਇਨਾਤ ਕੀਤੀ ਗਈ ਸੀ, ਜੇ. ਈ., ਐੱਸ. ਡੀ. ਓ. ਸਮੇਤ ਹਰੇਕ ਅਧਿਕਾਰੀ ਨੂੰ ਮੁਸਤੈਦੀ ਨਾਲ ਕੰਮ ਕਰਨ ਲਈ ਕਿਹਾ ਗਿਆ ਸੀ।

ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸਾਜ ਸੈਂਟਰ ’ਚ ਚੱਲ ਰਿਹੈ ਗੰਦਾ ਧੰਦਾ, ਸਾਹਮਣੇ ਆਏ ਸਟਿੰਗ ਨਾਲ ਹੋਇਆ ਵੱਡਾ ਖ਼ੁਲਾਸਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri