ਸਰਕਾਰੀ ਹਸਪਤਾਲ ਗੜ੍ਹਸ਼ੰਕਰ ਦੇ 10 ਮੁਲਾਜ਼ਮ ਕੋਰੋਨਾ ਪਾਜ਼ੇਟਿਵ

08/25/2020 10:24:55 PM

ਗੜ੍ਹਸ਼ੰਕਰ,(ਸ਼ੋਰੀ)- ਗੜ੍ਹਸ਼ੰਕਰ ਸ਼ਹਿਰ ਵਿੱਚ ਹਰ ਰੋਜ਼ ਆ ਰਹੇ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਨੂੰ ਮੁੱਖ ਰੱਖਦੇ ਆਮ ਲੋਕਾਂ ਵਿਚ ਭਾਰੀ ਡਰ ਅਤੇ ਭੈਅ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਅੱਜ ਦੀ ਰਿਪੋਰਟ ਅਨੁਸਾਰ 8 ਨਵੇਂ ਕੇਸ ਸਾਹਮਣੇ ਆਏ ਜਿਨ੍ਹਾਂ ਵਿੱਚ 6 ਸਰਕਾਰੀ ਹਸਪਤਾਲ ਦੇ ਸਿਹਤ ਅਮਲੇ 'ਚੋਂ ਹਨ। ਇਨ੍ਹਾਂ ਨੂੰ ਮਿਲਾ ਕੇ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਦੇ ਕੁੱਲ 10 ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਗ੍ਰਿਫ਼ਤ 'ਚ ਲੈ ਲਿਆ ਹੈ।
ਸਰਕਾਰੀ ਹਸਪਤਾਲ ਦੇ 10 ਮੁਲਾਜ਼ਮਾਂ ਦੇ ਪਾਜ਼ੇਟਿਵ ਆ ਜਾਣ ਕਾਰਨ ਜਿੱਥੇ ਉੱਥੇ ਕੰਮ ਕਰਨ ਵਾਲੇ ਸਮੁੱਚੇ ਸਟਾਫ ਅੰਦਰ ਬੇਚੈਨੀ ਦੇਖੀ ਜਾ ਰਹੀ ਹੈ ਉਥੇ ਨਾਲ ਹੀ ਸ਼ਹਿਰ ਵਾਸੀ ਅਤੇ ਇਲਾਕੇ ਦੇ ਪਿੰਡਾਂ ਦੇ ਲੋਕ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਵਿੱਚ ਜਾਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ।

ਮੁੱਖ ਮੰਤਰੀ ਤੋਂ ਹਸਪਤਾਲ ਬੰਦ ਕਰਨ ਦੀ ਕੀਤੀ ਮੰਗ
ਸ਼ਹਿਰ ਦੇ ਇੱਕ ਸਮਾਜ ਸੇਵਕ ਨੇ ਮੁੱਖ ਮੰਤਰੀ ਨੂੰ ਇੱਕ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸਰਕਾਰੀ ਹਸਪਤਾਲ ਵਿੱਚ ਕੋਰੋਨਾ ਪਾਜ਼ੇਟਿਵ ਕੇਸਾਂ ਨੂੰ ਮੁੱਖ ਰੱਖਦੇ ਤਿੰਨ ਦਿਨ ਲਈ ਸਰਕਾਰੀ ਹਸਪਤਾਲ ਨੂੰ ਮੁਕੰਮਲ ਤੌਰ 'ਤੇ ਬੰਦ ਕੀਤਾ ਜਾਵੇ ਅਤੇ ਹਸਪਤਾਲ ਨੂੰ ਸੈਨੀਟਾਇਜ਼ਰ ਕਰਨ ਉਪਰੰਤ ਮੁੜ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ ਜਾਵੇ।
ਉਨ੍ਹਾਂ ਕਿਹਾ ਕਿ ਤਿੰਨ ਦਿਨ ਹਸਪਤਾਲ ਬੰਦ ਰਹਿਣ ਨਾਲ ਕੋਰੋਨਾ ਵਾਇਰਸ ਜੇਕਰ ਐਕਟਿਵ ਹਾਲਤ ਵਿੱਚ ਹਸਪਤਾਲ ਦੀ ਬਿਲਡਿੰਗ ਅੰਦਰ ਕਿਧਰੇ ਵੀ ਹੋਵੇਗਾ ਤਾਂ ਉਹ ਆਪਣੇ ਆਪ ਖ਼ਤਮ ਹੋ ਜਾਵੇਗਾ ਅਤੇ ਹੋਰ ਲੋਕਾਂ ਵਿੱਚ ਫੈਲਣ ਤੋਂ ਇਸ ਨੂੰ ਰੋਕਿਆ ਜਾ ਸਕਦਾ ਹੈ।

Bharat Thapa

This news is Content Editor Bharat Thapa