19 ਫਰਵਰੀ ਨੂੰ ''ਭੂਮੀ ਸਿਹਤ ਕਾਰਡ ਦਿਵਸ'' ਮਨਾਇਆ ਜਾਵੇਗਾ: ਡਾ. ਨਾਜਰ ਸਿੰਘ

02/18/2020 2:17:58 PM

ਜਲੰਧਰ (ਨਰੇਸ਼ ਗੁਲਾਟੀ)—ਭੂਮੀ ਸਿਹਤ ਸੁਧਾਰ ਸਕੀਮ ਅਧੀਨ ਜ਼ਿਲਾ ਜਲੰਧਰ 'ਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਦੇ ਸਮੂਹ ਪਿੰਡਾਂ 'ਚੋਂ ਮਿੱਟੀ ਦੇ ਸੈਂਪਲ ਲੈਣ ਉਪਰੰਤ ਭੂਮੀ ਸਿਹਤ ਕਾਰਡ ਵੰਡੇ ਜਾ ਚੁੱਕੇ ਹਨ। ਡਾ. ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 19 ਫਰਵਰੀ 2020 ਨੂੰ ਜ਼ਿਲਾ ਭਰ ਦੇ ਸਮੂਹ ਬਲਾਕਾਂ ਦੇ ਚੁਣੇ ਹੋਏ 10 ਪਿੰਡਾਂ 'ਚ 'ਭੂਮੀ ਸਿਹਤ ਕਾਰਡ ਦਿਵਸ' ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜ਼ਿਲੇ ਦੇ 10 ਪਿੰਡਾਂ 'ਚ ਮਹਿਕਮਾ ਖੇਤੀਬਾੜੀ ਦੇ ਤਕਨੀਕੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਭੂਮੀ ਸਿਹਤ ਕਾਰਡ ਰਾਹੀਂ ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

ਡਾ.ਨਾਜਰ ਸਿੰਘ ਨੇ ਅੱਗੇ ਦੱਸਿਆ ਹੈ ਕਿ ਜ਼ਿਲੇ ਦੇ ਚੁਣੇ ਗਏ 10 ਪਿੰਡਾਂ 'ਚੋਂ ਸਾਲ 2019 'ਚੋਂ 5285 ਮਿੱਟੀ ਦੇ ਸੈਂਪਲ ਲਏ ਗਏ ਸਨ ਅਤੇ ਇੰਨ੍ਹੇ ਹੀ ਭੂਮੀ ਸਿਹਤ ਕਾਰਡ ਚੁਣੇ ਗਏ ਪਿੰਡਾਂ ਦੇ ਕਿਸਾਨਾਂ ਨੂੰ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ 19 ਫਰਵਰੀ 2020 ਨੂੰ ਆਪਣੇ ਇਲਾਕੇ ਦੇ ਖੇਤੀਬਾੜੀ ਅਧਿਕਾਰੀ ਜਾਂ ਕਰਮਚਾਰੀ ਨਾਲ ਰਾਬਤਾ ਕਾਇਮ ਕਰਦੇ ਹੋਏ ਭੂਮੀ ਸਿਹਤ ਕਾਰਡ ਅਧੀਨ ਲਾਏ ਜਾ ਰਹੇ ਜਾਗਰੂਕਤਾ ਕੈਂਪਾਂ 'ਚ ਜਰੂਰ ਸ਼ਾਮਲ ਹੋਣ ਤਾਂ ਜੋ ਭੂਮੀ ਦੀ ਸਿਹਤ ਨੂੰ ਬਰਕਰਾਰ ਰੱਖਦੇ ਹੋਏ ਖਾਦਾਂ ਦਾ ਖਰਚਾ ਘਟਾਇਆ ਜਾ ਸਕੇ।

ਡਾ.ਨਾਜਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲੇ ਦੇ ਸਮੂਹ 1005 ਪਿੰਡਾਂ 'ਚ ਸਾਂਝੀਆਂ ਥਾਵਾਂ ਜਿਵੇ ਸਹਿਕਾਰੀ ਸਭਾਵਾਂ, ਪੰਚਾਇਤ ਘਰ ਆਦਿ ਵਿਖੇ ਤਕਰੀਬਨ 2190 ਭੂਮੀ ਸਿਹਤ ਮੈਪ ਲਗਾਏ ਜਾ ਰਹੇ ਹਨ। ਭੂਮੀ ਸਿਹਤ ਨੂੰ ਦਰਸਾਉਂਦੇ ਹੋਏ ਇਨ੍ਹਾਂ ਨਕਸ਼ਿਆਂ ਦਾ ਮਕਸਦ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਕਿਸਾਨ ਭੂਮੀ ਸਿਹਤ ਦੀ ਮਹਤੱਤਾ ਨੂੰ ਸਮਝਦੇ ਹੋਏ ਰਸਾਇਣਿਕ ਖਾਦਾਂ ਦਾ ਆਉਂਦਾ ਖਰਚਾ ਘਟਾ ਸਕਣ।
ਸੰਪਰਕ ਅਫਸਰ,
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

Iqbalkaur

This news is Content Editor Iqbalkaur