ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

08/29/2019 10:56:34 AM

ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

(ਕਿਸ਼ਤ ਸੋਲ੍ਹਵੀਂ)

ਨਾਨਕ ਕਲਾਧਾਰੀ ਪੁਰਸ਼ ਹੈ : ਜਿੰਨੇ ਮੂੰਹ, ਓਨੀਆਂ ਗੱਲਾਂ

ਸੁਣ ਕੇ ਰਾਇ ਸਾਹਿਬ ਅਤੇ ਉੱਥੇ ਬੈਠੇ ਹੋਰ ਲੋਕ ਬੜੇ ਅਸਚਰਜ ਹੋਏ। ਉਨ੍ਹਾਂ ਦੀ ਗੱਲ ’ਤੇ ਯਕੀਨ ਬੱਝਦਾ ਨਾ ਵੇਖ, ਪੁਸ਼ਟੀ ਕਰਨ ਦੇ ਇਰਾਦੇ ਨਾਲ ਉਨ੍ਹਾਂ ਸਬੰਧਤ ਕਿਸਾਨ ਨੂੰ ਸੰਬੋਧਨ ਹੁੰਦਿਆਂ ਪੁੱਛਿਆ, ਕਿਉਂ ਓਏ ਭਲਿਆ ਮਾਣਸਾ ! ਇਹ ਤਿੰਨੇ ਜੋ ਕਹਿ ਰਹੇ ਹਨ, ਕੀ ਉਹ ਸੱਚ ਹੈ?

ਕਿਸਾਨ ਬੋਲਿਆ, ਮਾਈ—ਬਾਪ! ਗੁਸਤਾਖ਼ੀ ਮੁਆਫ਼, ਇਹ ਜੋ ਕਹਿ ਰਹੇ ਹਨ, ਉਹ ਸੋਲ੍ਹਾਂ ਆਨੇ ਸੱਚ ਹੈ ਜੀ। ਰਾਇ ਸਾਹਿਬ—(ਗੁੱਸੇ ਨਾਲ) ਫੇਰ ਤੂੰ ਸਾਡੇ ਕੋਲ ਝੂਠੀ ਸ਼ਿਕਾਇਤ ਕਿਉਂ ਕੀਤੀ? ਕੂੜੇ ਰੋਣੇ ਕਿਉਂ ਰੋਏ? ਸਾਡਾ ਸਮਾਂ ਕਿਉਂ ਬਰਬਾਦ ਕੀਤਾ? ਕਿਸਾਨ— (ਰੋਣ ਹਾਕਾ ਹੁੰਦਿਆਂ ਅਤੇ ਇਕ ਪਾਸੇ ਚੁੱਪਚਾਪ ਅਡੋਲ ਖੜ੍ਹੇ ਨਾਨਕ ਵੱਲ ਚੋਰ ਅੱਖੀਂ ਤੱਕਦਿਆਂ) ਸਾਹਿਬ ਜੀ! ਸਹੁੰ ਅੱਲ੍ਹਾ ਪਾਕ ਦੀ, ਸਹੁੰ ਦੁੱਧ-ਪੁੱਤ ਦੀ। ਮੈਂ ਕੋਈ ਝੂਠ ਨਹੀਂ ਸੀ ਬੋਲਿਆ। ਮੈਂ ਕੋਈ ਕੁਫ਼ਰ ਨਹੀਂ ਸੀ ਤੋਲਿਆ। ਰਾਇ ਬੁਲਾਰ ਸਾਹਿਬ— (ਗੁੱਸੇ ਅਤੇ ਹਾਸੇ ਦੇ ਮਿਲਵੇਂ ਭਾਵਾਂ ਨਾਲ) ਫੇਰ ਹੁਣ ਤੂੰ ਹੀ ਦੱਸ, ਤੇਰੇ ਉਜੜੇ ਖੇਤ ਨੂੰ ਹਰਾ-ਭਰਾ ਕੌਣ ਕਰ ਗਿਆ? ਕਿਸਾਨ-ਰਾਇ ਸਾਹਿਬ ! ਦੁਹਾਈ ਹੈ, ਅੱਲ੍ਹਾ ਪਾਕ ਦੀ। ਮੈਨੂੰ ਜਾਪਦੈ ਇਹ ਮੁੰਡਾ (ਨਾਨਕ ਵੱਲ ਇਸ਼ਾਰਾ ਕਰਦਿਆਂ) ਕੋਈ ਜਾਦੂਗਰ ਹੈ, ਗ਼ੈਬੀ ਬੰਦਾ ਹੈ, ਤਪੱਸਵੀ ਹੈ। ਇਹ ਜੋਗੀਆਂ ਪਾਸ ਬੈਠਦਾ ਏ। ਤਪੀਏ ਇਸ ਦੇ ਯਾਰ ਬੇਲੀ ਨੇ। ਏਸੇ ਨੇ ਹੀ ਕੋਈ ਚਮਤਕਾਰ ਕੀਤਾ ਹੈ। ਖੇਡ ਖੇਡੀ ਹੈ। ਮੰਤਰ ਮਾਰ ਕੇ ਉਜੜਿਆ ਖੇਤ ਮੁੜ ਹਰਿਆ-ਭਰਿਆ ਕਰ ਦਿੱਤਾ ਸੂ।

ਰਾਇ ਸਾਹਿ- ਸੱਚੀ ਗੱਲ ਦੱਸ, ਤੂੰ ਅੱਖੀਂ ਡਿੱਠਾ ਸੀ ਖੇਤ ਖਾਧਾ ਹੋਇਆ? ਕਿਸਾਨ- ਜੀ ਜਨਾਬ ! ਮੇਰਾ ਯਕੀਨ ਜਾਣੋ। ਮੈਂ ਆਪਣੇ ਇਨ੍ਹਾਂ ਦੋਹਾਂ ਨੈਣਾਂ, ਜੋ ਤੁਹਾਨੂੰ ਪਲੰਘ ’ਤੇ ਬੈਠਿਆਂ ਨੂੰ ਪਏ ਤੱਕਦੇ ਨੇ, ਨਾਲ ਵੇਖਿਆ ਸੀ। ਸਹੁੰ ਰਸੂਲ ਪਾਕ ਦੀ। ਪਸ਼ੂਆਂ ਨੇ ਸਾਰਾ ਖੇਤ ਖਾਧਾ ਅਤੇ ਉਜਾੜਿਆ ਹੋਇਆ ਸੀ। ਰਾਇ ਸਾਹਿਬ— ਪਰ ਜੱਟਾ, ਹੁਣ ਤਾਂ ਤੂੰ ਇਨ੍ਹਾਂ ਤਿੰਨਾਂ ਨਾਲ ਜਾ ਕੇ ਆਪਣੀਆਂ ਅੱਖਾਂ ਨਾਲ ਵੇਖ ਆਇਆ ਹੈਂ ਕਿ ਸਭ ਕੁੱਝ ਠੀਕ ਠਾਕ ਹੈ। ਇਸ ਹਾਲਤ ਵਿਚ ਹੁਣ ਮੇਰੇ ਕਰਨ ਵਾਲੀ ਤਾਂ ਕੋਈ ਗੱਲ ਰਹੀ ਨਹੀਂ। ਫਿਰ ਵੀ ਤੇਰੀ ਸੰਤੁਸ਼ਟੀ ਲਈ ਇੱਥੇ ਇਕੱਤਰ ਹੋਏ ਪਿੰਡ ਵਾਸੀਆਂ ਅਤੇ ਮੋਹਤਬਰ ਸੱਜਣਾਂ ਨੂੰ ਪੁੱਛ ਲੈਂਦੇ ਹਾਂ ਕਿ ਉਹ ਇਸ ਸਾਰੇ ਮਾਮਲੇ/ਘਟਨਾ ਚੱਕਰ ਬਾਰੇ ਕੀ ਸੋਚਦੇ ਹਨ, ਕੀ ਰਾਇ ਰੱਖਦੇ ਹਨ? ਰਾਇ ਬੁਲਾਰ ਸਾਹਿਬ ਦੇ ਪੁੱਛਣ ਦੀ ਦੇਰ ਸੀ, ਸਾਰੇ ਵੰਨ-ਸੁਵੰਨੇ ਵਿਚਾਰ ਪੇਸ਼ ਕਰਨ ਲੱਗੇ। ਗੱਲ ਕੀ, ਜਿੰਨੇ ਮੂੰਹ, ਓਨੀਆਂ ਗੱਲਾਂ।

ਇਕ ਆਖਿਆ, ਮਹਿਤੇ ਦਾ ਪੁੱਤ ਕੋਈ ਕਮਲਾ ਥੋੜ੍ਹਾ ਹੈ। ਉਸ ਦੀ ਬਚਪਨ ਤੋਂ ਜਵਾਨੀ ’ਚ ਪੈਰ ਰੱਖਣ ਵਾਲੀ ਅੱਲੜ੍ਹ ਉਮਰ ਹੈ। ਇਸ ਕੱਚੀ ਉਮਰੇ ਨੀਂਦਰਾਂ ਆ ਹੀ ਜਾਂਦੀਆਂ ਨੇ। ਮੈਨੂੰ ਜਾਪਦੈ ਪਈ ਪਸ਼ੂ ਚਾਰਦਿਆਂ ਦਰਖ਼ਤ ਹੇਠ ਬੈਠੇ ਦੀ ਕਿਤੇ ਅੱਖ ਲੱਗ ਗਈ ਹੋਵੇਗੀ, ਏਨੇ ਵਿਚ ਮੱਝੀਆਂ ਨੇ ਇਸ ਦੇ ਖੇਤ ਵਿਚ ਮਾੜਾ—ਮੋਟਾ ਮੂੰਹ ਮਾਰ ਲਿਆ ਹੋਣੈ। ਏਸ ਨੇ ਐਵੇਂ ਬਾਤ ਦਾ ਬਤੰਗੜ ਬਣਾ ਧਰਿਐ।

ਦੂਜੇ ਆਖਿਆ, ਨਹੀਂ ਜਨਾਬ ! ਮੈਨੂੰ ਲਗਦੈ, ਇਹ ਕਿਸਾਨ ਸੱਚਾ ਹੈ। ਨਾਨਕ ਤਪੱਸਵੀ ਹੈ। ਜੋਗ ਕਲਾ ਦਾ ਧਾਰਨੀ ਹੈ। ਰਿੱਧੀਆਂ-ਸਿੱਧੀਆਂ ਵਾਲਾ ਕਲਾਧਾਰੀ ਪੁਰਸ਼ ਹੈ। ਇਸ ਨੇ ਜ਼ਰੂਰ ਕੋਈ ਕਲਾ ਵਰਤਾਈ ਹੈ, ਲੀਲਾ ਕੀਤੀ ਹੈ।

ਤੀਜੇ ਆਖਿਆ, ਮਾਈ-ਬਾਪ ! ਸਾਡੇ ਗਰਾਂ ਅਤੇ ਇਲਾਕੇ ਵਿਚ ਇਹ ਬਾਲਕ ਇਕ ਤਪੇ ਵਜੋਂ ਜਾਣਿਆ ਜਾਂਦਾ ਹੈ। ਇਸ ਨੇ ਆਪਣੇ ਤਪੋ-ਬਲ ਨਾਲ ਅਨਹੋਣੀ ਨੂੰ ਹੋਣੀ ਕਰ ਵਿਖਾਇਆ ਹੈ।

ਚੌਥੇ ਆਖਿਆ, ਸਰਦਾਰ ਸਾਹਿਬ ! ਮੇਰੀ ਜਾਚੇ ਇਹ ਕੋਈ ਆਮ ਸਾਧਾਰਣ ਬਾਲਕ ਨਹੀਂ। ਇਹ ਕੋਈ ਜਾਦੂਗਰ ਅਤੇ ਜੋਗੀ ਵੀ ਨਹੀਂ। ਇਹ ਤਾਂ ਕੋਈ ਅੱਲ੍ਹਾ ਦਾ ਬਹੁਤ ਪਿਆਰਾ ਭਗਤ ਹੈ, ਮੁਰੀਦ ਹੈ। ਮੈਂ ਇਸ ਨੂੰ ਅਨੇਕ ਵਾਰ ਵਣਾਂ ਵਿਚ ਬੈਠੇ ਨੂੰ ਹਿੰਦਕੀ ਬੋਲੀ (ਸਾਧ ਭਾਸ਼ਾ) ਵਿਚ ਅੱਲ੍ਹਾ ਦਾ, ਪਰਮਾਤਮਾ ਦਾ ਗੁਣਗਾਨ ਕਰਦਿਆਂ ਅਤੇ ਆਪਣੀ ਮਸਤੀ ਵਿਚ ਝੂਮਦਿਆਂ ਡਿੱਠਾ ਹੈ।

ਅਖ਼ੀਰ ਵਿਚ ਇਕ ਬਜ਼ੁਰਗ ਮੌਲਵੀ ਨੇ ਗੱਲ ਮੁਕਾਉਂਦਿਆਂ ਅਤੇ ਰਾਇ ਬੁਲਾਰ ਸਾਹਿਬ ਨੂੰ ਮਾਮਲਾ ਨਿਬੜ ਜਾਣ ਅਤੇ ਅੱਜ ਦੀ ਪੰਚਾਇਤ/ਬੈਠਕ ਬਰਖ਼ਾਸਤ ਕਰਨ ਦੀ ਗੁਜ਼ਾਰਿਸ਼ ਕਰਦਿਆਂ ਆਖਿਆ, ਰਾਇ ਸਾਹਿਬ ! ਹੁਣ ਸਾਰਾ ਮਸਲਾ ਆਪੇ ਹੀ ਨਿਤਰ ਕੇ ਸਾਹਮਣੇ ਆ ਗਿਆ ਹੈ। ਜੋ ਹੋਣਾ ਸੀ, ਉਹ ਹੋ ਗਿਆ। ਬਾਕੀ ਓਹ ਜਾਣੇ। ਅੱਲ੍ਹਾ ਦੇ ਭੇਦ ਅੱਲ੍ਹਾ ਜਾਣੇ। ਸ਼ਿਕਾਇਤਕਰਤਾ ਦੀ ਫ਼ਸਲ ਸਹੀ ਸਲਾਮਤ ਹੈ। ਇਸ ਲਈ ਉਹ ਖ਼ੁਸ਼ ਹੈ, ਸੰਤੁਸ਼ਟ ਹੈ। ਸੋ ਉਸ ਨੂੰ ਵਿਦਾ ਕਰੋ। ਦੂਜੇ ਬੰਨ੍ਹੇ ਮਹਿਤਾ ਜੀ ਵੀ ਸੁਰਖ਼ਰੂ ਹਨ, ਦੋਸ਼ ਮੁਕਤ ਹਨ। ਸੋ ਉਹ ਵੀ ਉੱਜਲੇ ਮੂੰਹ ਘਰ ਨੂੰ ਜਾਣ। ਮਹਿਤੇ ਦਾ ਫ਼ਰਜੰਦ ਵੀ ਬਿਲਕੁਲ ਨਿਰਦੋਸ਼ ਹੈ, ਪਾਕ ਸਾਫ਼ ਹੈ। ਉਹ ਵਿਚਾਰਾ ਕਦੋਂ ਦਾ ਏਥੇ ਟੰਗਿਆ ਖੜ੍ਹਾ ਹੈ। ਸੋ ਉਸ ਨੂੰ ਵੀ ਛੁੱਟੀਆਂ ਬਖ਼ਸ਼ੋ। ਉਹ ਜਾਵੇ ਅਤੇ ਹਾਣੀਆਂ ਨਾਲ ਖੇਡੇ-ਮੱਲੇ। ਇੱਥੇ ਇਕੱਠੇ ਹੋਏ ਹੋਰ ਸਾਰੇ ਵੀ ਆਪੋ ਆਪਣੇ ਘਰੀਂ ਜਾਣ, ਕੰਮੀਂ ਲੱਗਣ। ਮੇਰਾ ਵੀ ਪੇਸ਼ੀ ਦੀ ਨਮਾਜ਼ ਦਾ ਵੇਲਾ ਹੋ ਗਿਆ ਹੈ, ਮੈਂ ਭੀ ਜਾਵਾਂ।

ਮੌਲਵੀ ਸਾਹਿਬ ਦੀ ਰਾਇ ਦੀ ਤਾਈਦ ਕਰਦਿਆਂ ਰਾਇ ਬੁਲਾਰ ਸਾਹਿਬ ਫ਼ਰਮਾਇਆ, ਹਾਂ ਬਈ ਸੱਜਣੋ! ਮੌਲਵੀ ਸਾਹਿਬ ਠੀਕ ਪਏ ਕਹਿੰਦੇ ਨੇ। ਮਾਮਲਾ ਸੁਲਝ ਗਿਐ, ਹੁਣ ਐਵੇਂ ਪਾਣੀ ’ਚ ਮਧਾਣੀ ਨਾ ਪਾਓ। ਆਪੋ ਆਪਣੇ ਘਰ ਜਾਓ ਸਾਰੇ। ਵੰਨ-ਸੁਵੰਨੇ ਅਚੰਬਿਆਂ ਅਤੇ ਖ਼ਿਆਲਾਂ ’ਚ ਗਵਾਚੇ ਸਾਰੇ ਜਣੇ ਆਪੋ-ਆਪਣੇ ਰਾਹ ਪੈ ਗਏ।

ਭਮੰਤਰਿਆ ਕਿਸਾਨ ਸੋਚਦਾ ਜਾਂਦੈ ਪਈ ਆਖ਼ਰ ਇਹ ਹੋਇਆ ਕੀ? ਮਹਿਤਾ ਕਾਲੂ ਜੀ ਦੇ ਮਨ ਉੱਪਰ ਉਨ੍ਹਾਂ ਦੇ ਪੁੱਤਰ ਦੇ ਅਜਬ ਤਮਾਸ਼ਿਆਂ, ਕਮਲਪੁਣੇ ਅਤੇ ਰੰਗ-ਰੰਗਲੇਪਣ ਦਾ ਖ਼ਿਆਲ ਤਾਰੀ ਹੈ, ਜਿਸ ਕਾਰਣ ਉਹ ਹੈਰਾਨ ਵੀ ਹਨ ਅਤੇ ਪ੍ਰੇਸ਼ਾਨ ਵੀ ਹਨ। ਦੂਜੇ ਪਾਸੇ ਸਭ ਪ੍ਰਕਾਰ ਦੇ ਦੁਨਿਆਵੀ ਖ਼ਿਆਲਾਂ, ਝਮੇਲਿਆਂ ਅਤੇ ਸਰੋਕਾਰਾਂ ਤੋਂ ਪਾਰ, ਬਾਕੀ ਲੋਕਾਂ ਤੋਂ ਬਿਲਕੁਲ ਵੱਖਰੇ ਨਾਨਕ ਸਾਹਿਬ ਕਿਸੇ ਅਨੋਖੀ ਇਲਾਹੀ ਮਸਤੀ ਅਤੇ ਬੇਪਰਵਾਹੀ ਦੇ ਆਲਮ ਵਿਚ, ਦਿਲਖਿੱਚਵੀਂ ਸੁਰੀਲੀ ਅਤੇ ਮਿੱਠੀ ਆਵਾਜ਼ ਵਿਚ ਕੁੱਝ ਗਾਉਂਦੇ ਹੋਏ ਆਪਣੇ ਪਿਤਾ ਦੇ ਮਗਰ-ਮਗਰ ਠੁਮਕ-ਠੁਮਕ ਕਰਦੇ ਇਵੇਂ ਘਰ ਨੂੰ ਜਾ ਰਹੇ ਸਨ, ਜਿਵੇਂ ਕੁੱਝ ਵਾਪਰਿਆ ਹੀ ਨਾ ਹੋਵੇ। ਭਾਈ ਵੀਰ ਸਿੰਘ ਜੀ ਦੇ ਅੰਦਾਜ਼ੇ ਅਨੁਸਾਰ ਰੱਬੀ ਰੰਗ ਵਿਚ ਰੰਗੇ ਨਾਨਕ ਸਾਹਿਬ ਨੇ ਉਦੋਂ ਆਵੇਸ਼ ਵਿਚ ਆ ਕੇ ਰਾਗ ਸੂਹੀ ਵਿਚ ਜਿਹੜੀ ਸਦ ਲਾਈ, ਜਿਹੜਾ ਸ਼ਬਦ ਗਾਵਿਆ, ਉਹ ਇਹ ਸੀ :

ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ।। ਤਪੀਆ ਹੋਵੈ ਤਪੁ ਕਰੇ ਤੀਰਥ ਮਲਿ ਮਲਿ ਨਾਇ।।

ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ।। ਰਹਾਉ।।

ਜੈਸਾ ਬੀਜੈ ਸੋ ਲੁਣੈ ਜੋ ਖਟੇ ਸੋ ਖਾਇ।। ਅਗੈ ਪੁਛਿ ਨ ਹੋਵਈ ਜੇ ਸਣੁ ਨੀਸਾਣੈ ਜਾਇ।।

ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ।। ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ।।

ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ।। ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ।।

(ਚਲਦਾ...)

ਜਗਜੀਵਨ ਸਿੰਘ (ਡਾ.)

ਫੋਨ: 99143—01328