ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

08/22/2019 9:52:37 AM

ਉੱਜੜੇ ਖੇਤ ਦਾ ਹਰਿਆ ਹੋਣਾ

(ਕਿਸ਼ਤ ਪੰਦਰ੍ਹਵੀਂ)

ਰਾਇ ਬੁਲਾਰ–ਸੁਣ ਬਈ ਸੱਜਣਾ! ਤੂੰ ਘਬਰਾ ਨਾ, ਕਾਹਲਾ ਨਾ ਪੈ, ਹੌਸਲਾ ਰੱਖ, ਧੀਰਜ ਰੱਖ। ਜੇ ਤੇਰਾ ਕੋਈ ਉਜਾੜਾ ਹੋਇਐ, ਨੁਕਸਾਨ ਹੋਇਐ ਤਾਂ ਤੈਨੂੰ ਹਰ ਹਾਲਤ ਵਿਚ ਉਸ ਦਾ ਬਣਦਾ ਹਰਜਾਨਾ ਮਿਲੇਗਾ। ਮੁਆਵਜ਼ਾ ਮਿਲੇਗਾ। ਮੌਕੇ ਦੀ ਨਜ਼ਾਕਤ ਅਤੇ ਨਿਆਂ ਦੇ ਤਕਾਜ਼ੇ ਅਨੁਸਾਰ ਰਾਇ ਸਾਹਿਬ ਨੇ ਇਹ ਆਖਦਿਆਂ ਕਿ ਦੋਸ਼ੀ (ਨਾਨਕ) ਤਾਂ ਹਾਲੇ ਨਿਆਣਾ ਹੈ, ਨਾਬਾਲਗ ਹੈ, ਆਪਣਾ ਇਕ ਬੰਦਾ ਮਹਿਤਾ ਕਾਲੂ ਜੀ ਨੂੰ ਇਸ ਕਰ ਕੇ ਬੁਲਾ ਕੇ ਲਿਆਉਣ ਲਈ ਭੇਜ ਦਿੱਤਾ ਕਿ ਪੁੱਤਰ ਦੀ ਥਾਂ ਉਹ ਆ ਕੇ, ਜੱਟ ਦੇ ਹੋਏ ਨੁਕਸਾਨ ਦੀ ਪੂਰਤੀ ਕਰੇ। ਜਦੋਂ ਬੰਦਾ ਮਹਿਤਾ ਜੀ ਨੂੰ ਲੈ ਕੇ ਆਉਣ ਲਈ ਚਲਾ ਗਿਆ ਤਾਂ ਪਿੱਛੋਂ ਸ਼ਿਕਾਇਤਕਰਤਾ ਜੱਟ ਨੇ ਆਪਣਾ ਗੁੱਭ-ਗੁਲਾਟ ਕੱਢਣਾ ਜਾਰੀ ਰੱਖਿਆ। ਕੋਲ ਖੜ੍ਹੇ ਨਾਨਕ ਵੱਲ ਟੇਢੀ ਨਜ਼ਰ ਨਾਲ ਵੇਖਦਿਆਂ, ਰਾਇ ਸਾਹਿਬ ਨੂੰ ਸੰਬੋਧਨ ਹੋ ਕੇ ਬੋਲਿਆ, ਵੇਖੋ ਰਾਇ ਸਾਹਿਬ ਇਹ ਮੀਸਣਾ ਹੁਣ ਕਿੱਦਾਂ ਮੂੰਹ ਵਿਚ ਘੁੰਗਣੀਆਂ ਪਾ ਕੇ ਚੁੱਪ-ਚਾਪ ਖੜ੍ਹਾ ਹੈ, ਜਿਵੇਂ ਕੁੱਝ ਕੀਤਾ ਹੀ ਨਾ ਹੋਵੇ। ਜਿਸ ਪਿਓ ਨੇ ਇਸ ਨੂੰ ਬਹੁਤਾ ਸਿਰ ਚੜ੍ਹਾਇਆ, ਹੁਣ ਜਦੋਂ ਉਸ ਨੂੰ ਇਸ ਦੁਆਰਾ ਕੀਤੇ ਨੁਕਸਾਨ ਦੇ ਦੰਮ ਭਰਨੇ ਪਏ ਤਾਂ ਪਤਾ ਲੱਗੂ। ਰਾਇ ਬੁਲਾਰ ਸਾਹਿਬ ਜੱਟ ਦੀਆਂ ਜਲੀਆਂ-ਕਟੀਆਂ ਵੀ ਸੁਣਦੇ ਰਹੇ ਅਤੇ ਨਾਲ ਦੀ ਨਾਲ ਆਪਣੀ ਧਿਆਨੀ ਮਸਤੀ ਦੀ ਮੌਜ ਅੰਦਰ ਅਡੋਲ ਅਤੇ ਅਹਿੱਲ ਖਲ੍ਹੋਤੇ ਕਾਲੂ-ਨੰਦਨ ਨਾਨਕ ਸਾਹਿਬ ਨੂੰ ਵੀ ਬੜੇ ਗਹੁ ਨਾਲ ਤੱਕਦੇ ਰਹੇ, ਨਿਹਾਰਦੇ ਰਹੇ। ਨਾਨਕ ਦੀ ਸ਼ਖ਼ਸੀਅਤ ਦਾ ਪ੍ਰਭਾਵ ਅਜਿਹਾ ਸੀ ਕਿ ਵੇਖਿਆਂ ਭੁੱਖ ਲਹਿੰਦੀ ਸੀ।

ਇੰਨੇ ਨੂੰ ਭੇਜਿਆ ਬੰਦਾ ਮਹਿਤਾ ਕਾਲੂ ਜੀ ਨੂੰ ਲੈ ਆਇਆ। ਰਾਇ ਬੁਲਾਰ ਸਾਹਿਬ ਆਖਿਆ, ਸੁਣ ਬਈ ਮਹਿਤਾ! ਤੇਰੇ ਪੁੱਤ ਨਾਨਕ ਦੀ ਅਣਗਹਿਲੀ ਕਾਰਣ ਇਸ ਗ਼ਰੀਬ ਕਿਸਾਨ ਦੀ ਫ਼ਸਲ ਬਰਬਾਦ ਹੋਈ ਹੈ। ਸਾਰਾ ਮਾਮਲਾ ਸੁਣ ਮਹਿਤਾ ਕਾਲੂ ਜੀ ਬੜੇ ਪ੍ਰੇਸ਼ਾਨ ਹੋਏ। ਨਾਰਾਜ਼ਗੀ ਦੇ ਭਾਵ ਨਾਲ ਪੁੱਤਰ ਵੱਲ ਤੱਕਦਿਆਂ ਆਖਣ ਲੱਗੇ, ਮਾਲਕੋ! ਤੁਸੀਂ ਹੀ ਦੱਸੋ, ਮੈਂ ਇਸ ਨਿਖੱਟੂ ਦਾ ਕੀ ਇਲਾਜ ਕਰਾਂ? ਮੈਂ ਇਸ ਨੂੰ ਜਿਸ ਕੰਮ ਵੀ ਲਾਉਨਾ, ਇਹ ਮੈਨੂੰ ਉਲਾਂਭੇ ਹੀ ਦਿਵਾਉਂਦੈ, ਵੈਰਾਨ ਹੀ ਕਰਦੈ। ਇਸ ਦਾ ਕਮਲਪੁਣਾ, ਦੀਵਾਨਾਪਣ ਅਤੇ ਅਲਬੇਲਾਪਣ ਨਹੀਂ ਜਾਂਦਾ। ਰਾਇ ਆਖਿਆ, ਸੁਣ ਮਹਿਤਾ! ਮੈਂ ਇਸ ਦੇ ਮਸਤ ਅਤੇ ਲਟਬੌਰੇ ਸੁਭਾਅ ਬਾਰੇ ਤਾਂ ਕੁੱਝ ਨਹੀਂ ਆਖ ਸਕਦਾ ਪਰ ਮੇਰਾ ਖ਼ਿਆਲ ਹੈ ਕਿ ਇਹ ਅਜੇ ਬੱਚਾ ਹੈ, ਨਾਦਾਨ ਹੈ। ਆਪਣੇ ਆਪ ਵਿਚ ਨਹੀਂ ਹੈ। ਇਸ ਲਈ ਇਸ ਵੱਲੋਂ ਹੋਈ ਗਲਤੀ ਲਈ ਮੈਂ ਇਸ ਨੂੰ ਨਾ ਤਾਂ ਦੋਸ਼ੀ ਹੀ ਠਹਿਰਾ ਸਕਦਾ ਹਾਂ ਅਤੇ ਨਾ ਹੀ ਕੋਈ ਸਜ਼ਾ ਹੀ ਦੇ ਸਕਦਾ ਹਾਂ। ਹੁਣ ਮੈਨੂੰ ਮਿਲੀ ਸ਼ਿਕਾਇਤ ਦਾ ਨਿਬੇੜਾ ਇਹ ਹੈ ਕਿ ਤੇਰੇ ਪੁੱਤ ਹੱਥੋਂ ਜਾਣੇ-ਅਣਜਾਣੇ ਵਿਚ ਇਸ ਪੀੜਤ-ਹੱਲ ਵਾਹਕ ਦਾ ਜੋ ਨੁਕਸਾਨ ਹੋਇਆ ਹੈ, ਉਹ ਤੂੰ ਭਰ ਦੇ। ਰਾਇ ਸਾਹਿਬ ਦਾ ਫ਼ੈਸਲਾ ਸੁਣ ਕਿਸਾਨ ਬੜਾ ਖ਼ੁਸ਼ ਹੋਇਆ। ਲੱਗਾ ਅਸੀਸਾਂ ਦੇਣ। ਦੂਜੇ ਪਾਸੇ ਮਹਿਤਾ ਕਾਲੂ ਜੀ ਸੋਚੀਂ ਪੈ ਗਏ। ਸਮਝ ਨਾ ਆਏ ਕੀ ਬੋਲਣ, ਕੀ ਕਰਨ?

ਮਾਮਲਾ ਕਾਫ਼ੀ ਗਰਮਾ ਅਤੇ ਲਮਕ ਜਾਣ ਕਰਕੇ ਇੰਨੇ ਨੂੰ ਰਾਇ ਬੁਲਾਰ ਦੀ ਹਵੇਲੀ ਵਿਚ ਪੀੜਤ ਕਿਸਾਨ ਅਤੇ ਮਹਿਤਾ ਕਾਲੂ ਜੀ ਦੇ ਪੱਖ ਤੋਂ ਆਏ ਲੋਕਾਂ ਦਾ ਚੰਗਾ ਇਕੱਠ ਹੋ ਚੁੱਕਾ ਸੀ। ਉਨ੍ਹਾਂ ਦੇ ਪਲੰਘ ਦੇ ਪਿੱਛੇ ਅਤੇ ਅੱਗੇ ਸਫ਼ਾਂ ਉੱਪਰ ਕਾਫ਼ੀ ਲੋਕ ਆ ਜੁੜੇ ਸਨ। ਮਹਿਤਾ ਜੀ ਨੂੰ ਸੋਚੀਂ ਪਿਆ ਵੇਖ ਸਾਰੇ ਚੁੱਪ-ਚਾਪ ਸਨ। ਤਦ ਸ਼ਾਂਤ ਖਲ੍ਹੋਤੇ ਪਾਣੀ ਵਿਚ ਵੱਟਾ ਮਾਰਨ ਵਾਂਗ ਅਚਾਨਕ ਇਕ ਮੋਹਤਬਰ ਸਿਆਣਾ ਸੱਜਣ ਬੋਲਿਆ, ਰਾਇ ਸਾਹਿਬ ! ਮੇਰੀ ਜਾਚੇ ਤੁਹਾਡਾ ਨਿਰਣਾ ਆਪਣੀ ਥਾਂ ਉਚਿਤ ਹੈ ਪਰ ਕਾਲੂ ਜੀ ਵੱਲੋਂ ਭਰਿਆ ਜਾਣ ਵਾਲਾ ਹਰਜਾਨਾ ਨਿਸ਼ਚਿਤ ਕਰਨ ਤੋਂ ਪਹਿਲਾਂ ਸਾਨੂੰ ਮੌਕੇ ’ਤੇ ਜਾ ਕੇ ਹੋਏ ਨੁਕਸਾਨ ਦਾ ਇਕ ਵਾਰ ਆਪਣੀ ਅੱਖੀਂ ਜਾਇਜ਼ਾ ਜ਼ਰੂਰ ਲੈਣਾ ਚਾਹੀਦੈ। ਕੰਨੀ ਸੁਣੀ ਗੱਲ ’ਤੇ ਯਕੀਨ ਕਰਨਾ ਵਾਜਿਬ ਨਹੀਂ। ਐਨ ਮੌਕੇ ’ਤੇ ਸਾਹਮਣੇ ਆਈ ਸਹੀ ਅਤੇ ਸੂਝ ਭਰੀ ਸਲਾਹ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰਦਿਆਂ ਅਤੇ ਸਰਾਹੁੰਦਿਆਂ ਰਾਇ ਸਾਹਿਬ ਫ਼ਰਮਾਇਆ, ਇਸ ਭੱਦਰ ਪੁਰਸ਼ ਨੇ ਬਿਲਕੁੱਲ ਖਰੀ ਗੱਲ ਆਖੀ ਹੈ। ਲੋਕ-ਨਿਆਂ ਦਾ ਕਾਇਦਾ ਅਤੇ ਵਿਧੀ-ਵਿਧਾਨ ਵੀ ਇਹੋ ਕਹਿੰਦਾ ਹੈ ਕਿ ਆਪਣੇ ਅੱਖੀਂ ਮੌਕਾ ਵੇਖੇ ਬਿਨਾਂ ਅਤੇ ਦੋਹਾਂ ਧਿਰਾਂ ਵੱਲੋਂ ਪੇਸ਼ ਸਬੂਤਾਂ ਦੀ ਘੋਖਵੀਂ ਜਾਂਚ-ਪੜਤਾਲ ਕੀਤੇ ਬਗ਼ੈਰ ਕਿਸੇ ਨਿਰਣੇ ’ਤੇ ਨਹੀਂ ਪਹੁੰਚਣਾ ਚਾਹੀਦਾ।

ਸਬੰਧਿਤ ਕਿਸਾਨ ਨੂੰ ਇਵੇਂ ਕਰਨ ’ਤੇ ਕੋਈ ਇਤਰਾਜ਼ ਨਹੀਂ ਸੀ। ਉਸ ਪੂਰੇ ਆਤਮ-ਵਿਸ਼ਵਾਸ ਅਤੇ ਜ਼ਬਤ ਨਾਲ ਆਖਿਆ, ਇਕ ਵਾਰ ਨਹੀਂ ਤੁਸੀਂ ਸੌ ਵਾਰ ਮੌਕਾ ਵੇਖੋ। ਮੈਂ ਕੋਈ ਝੂਠ ਥੋੜ੍ਹਾ ਬੋਲਿਆ ਹੈ। ਜੇ ਮੈਂ ਗ਼ਲਤ ਹੋਵਾਂ ਤਾਂ ਬੇਸ਼ੱਕ ਸੌ ਛਿੱਤਰ ਮਾਰਿਓ। ਰਾਇ ਸਾਹਿਬ ਨੇ ਉੱਥੇ ਮੌਜੂਦ ਬੰਦਿਆਂ ਵਿਚੋਂ ਤਿੰਨ ਸਿਆਣੇ ਬੰਦਿਆਂ ਨੂੰ ਚੁਣਿਆ ਅਤੇ ਹੁਕਮ ਕੀਤਾ ਕਿ ਤੁਸੀਂ ਤਿੰਨੇ ਜਣੇ ਸ਼ਿਕਾਇਤਕਰਤਾ ਨੂੰ ਨਾਲ ਲੈ ਕੇ ਮੌਕਾ ਵੇਖ ਕੇ ਆਓ ਅਤੇ ਨਾਲ ਹੀ ਹੋਏ ਨੁਕਸਾਨ ਦਾ ਸਹੀ-ਸਹੀ ਹਿਸਾਬ ਵੀ ਲਾ ਕੇ ਲਿਆਓ। ਜਦੋਂ ਚਾਰੇ ਜਣੇ ਨੁਕਸਾਨੀ ਦੱਸੀ ਜਾਂਦੀ ਪੈਲੀ ਵਿਚ ਪਹੁੰਚੇ ਤਾਂ ਕੀ ਵੇਖਦੇ ਹਨ ਕਿ ਖੇਤ ’ਚ ਖੜ੍ਹੀ ਕਣਕ ਦੀ ਸਾਰੀ ਫ਼ਸਲ ਬਿਲਕੁਲ ਸਹੀ ਸਲਾਮਤ ਹੈ, ਹਰੀ-ਭਰੀ ਹੈ। ਖੇਤ ਅੰਦਰ ਮੱਝਾਂ ਦੇ ਵੜਨ ਅਤੇ ਫ਼ਸਲ ਦੇ ਚਰ ਜਾਂ ਨੁਕਸਾਨੇ ਜਾਣ ਦਾ ਵੀ ਉਨ੍ਹਾਂ ਨੂੰ ਕਿਧਰੇ ਕੋਈ ਨਿਸ਼ਾਨ ਨਾ ਮਿਲਿਆ। ਸਾਰਾ ਦ੍ਰਿਸ਼ ਅਤੇ ਆਲਾ-ਦੁਆਲਾ ਵੇਖਣ ਪਿੱਛੋਂ ਤਿੰਨਾਂ ਸਿਆਣੇ ਬੰਦਿਆਂ ਨੇ ਸ਼ਿਕਾਇਤਕਰਤਾ ਕਿਸਾਨ ਵੱਲ ਅਸਚਰਜਤਾ ਅਤੇ ਉਤਸੁਕਤਾ ਨਾਲ ਤੱਕਿਆ। ਬੁਰੀ ਤਰ੍ਹਾਂ ਹੈਰਾਨ-ਪ੍ਰੇਸ਼ਾਨ ਅਤੇ ਛਿੱਥਾ ਹੋਇਆ ਉਹ ਗੁਨਾਹਗਾਰਾਂ ਵਾਂਗ ਨੀਵੀਂ ਪਾ ਗਿਆ। ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ। ਸੁਸਰੀ ਵਾਂਗ ਸੌਂ ਗਿਆ। ਉਸ ਨੂੰ ਚੁੱਪ ਖੜ੍ਹਾ ਵੇਖ, ਤਿੰਨੇ ਜਣੇ ਵਾਪਸ ਰਾਇ ਬੁਲਾਰ ਦੀ ਹਵੇਲੀ ਨੂੰ ਹੋ ਤੁਰੇ। ਉਹ ਵੀ ਪੈਰ ਘੜੀਸਦਾ ਉਨ੍ਹਾਂ ਦੇ ਮਗਰ ਹੋ ਤੁਰਿਆ। ਖੇਤ ਵੱਲ ਆਉਂਦਿਆਂ, ਉਸ ਦੇ ਪੈਰ ਧਰਤੀ ਨਾਲ ਨਹੀਂ ਸਨ ਲੱਗਦੇ ਪਰ ਹੁਣ ਖੇਤੋਂ ਮੁੜਦਿਆਂ ਨਮੋਸ਼ੀ ਕਾਰਣ ਤੁਰਿਆ ਨਹੀਂ ਸੀ ਜਾਂਦਾ। ਚਾਰੇ ਜਣੇ ਜਦੋਂ ਰਾਇ ਬੁਲਾਰ ਪਾਸ ਪਹੁੰਚੇ ਤਾਂ ਸ਼ਿਕਾਇਤਕਰਤਾ ਕਿਸਾਨ ਸਾਹਮਣੇ ਆਉਣ ਦੀ ਥਾਂ ਬਾਕੀ ਤਿੰਨਾਂ ਦੇ ਪਿੱਛੇ ਲੁਕਦਾ ਫਿਰੇ। ਅੱਖਾਂ ਚੁਰਾਉਂਦਾ ਫਿਰੇ। ਤਿੰਨਾਂ ਮੋਹਤਬਰ ਬੰਦਿਆਂ ਨੇ ਜੋ ਕੁੱਝ ਵੇਖਿਆ ਸੀ, ਸਾਰੇ ਦਾ ਸਾਰਾ ਰਾਇ ਸਾਹਿਬ ਨੂੰ ਦੱਸ ਦਿੱਤਾ। ਚਲਦਾ...........

ਜਗਜੀਵਨ ਸਿੰਘ (ਡਾ.)

ਫੋਨ:99143-01328