ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

07/25/2019 9:37:37 AM

(ਕਿਸ਼ਤ ਬਾਰ੍ਹਵੀਂ)

ਆਗਿਆਕਾਰ ਪੁੱਤਰ

ਵੈਰਾਗ, ਗੁਣਵੱਤਾ, ਚਮਕ, ਸਿਆਣਪ ਅਤੇ ਬਜ਼ੁਰਗੀ ਦਾ ਉਮਰਾਂ ਅਤੇ ਗਿਣਤੀਆਂ-ਮਿਣਤੀਆਂ ਨਾਲ ਕੋਈ ਸਬੰਧ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਦੇ ਬਚਪਨ ਦੇ ਨਿਕਟ ਅਧਿਐਨ ਤੋਂ ਜ਼ਾਹਰ ਹੈ ਕਿ ਉਹ ਨੌਂ ਵਰ੍ਹਿਆਂ ਦੀ ਆਰਜ਼ਾ ਤੱਕ ਪੁੱਜਦਿਆਂ-ਪੁੱਜਦਿਆਂ ਆਪਣੇ ਆਲੇ-ਦੁਆਲੇ ਦੇ ਸਮਾਜ ਵਿਸ਼ੇਸ਼ ਕਰ ਕੇ ਬੁੱਧੀਜੀਵੀ ਵਰਗ ਅੰਦਰ ਇਕ ਲਿਸ਼ਕਾਰੇ ਵਾਲੇ ਸੂਝਵਾਨ ਸ਼ਿਸ਼ ਅਤੇ ਉਸਤਾਦ, ਵੈਰਾਗੀ, ਪ੍ਰਵਚਨਕਾਰ ਅਤੇ ਸੰਵਾਦਕਾਰ ਵਜੋਂ ਆਪਣੀ ਨਿਵੇਕਲੀ ਪਛਾਣ ਸਥਾਪਿਤ ਕਰ ਚੁੱਕੇ ਸਨ। ਉਨ੍ਹਾਂ ਦਾ ‘ਵੈਰਾਗੀ ਮਨ’ ਸੰਸਾਰ ਅਤੇ ਸੰਸਾਰਕ ਕਾਰਵਿਹਾਰਾਂ ਪ੍ਰਤੀ ਉਪਰਾਮਤਾ, ਬੇਲਾਗਤਾ ਅਤੇ ਬੇਨਿਆਜ਼ੀ ਦੇ ਭਾਵਾਂ ਨਾਲ ਪੂਰੀ ਤਰ੍ਹਾਂ ਓਤਪੋਤ ਸੀ, ਉੱਥੇ ਨਾਲ ਦੀ ਨਾਲ ‘ਨਿਰੰਕਾਰ’ ਨਾਲ ਗਹਿਰੇ ਪਿਆਰ ਅਤੇ ਜੁੜਾਓ ਦੇ ਤੀਬਰ ਅਹਿਸਾਸਾਂ ਨਾਲ ਪੂਰੀ ਤਰ੍ਹਾਂ ਗੜੁੱਚ ਵੀ ਸੀ।

9 ਸਾਲਾਂ ਦੀ ਉਮਰ ਤੱਕ (ਗੁਰੂ) ਨਾਨਕ ਸਾਹਿਬ ਦਾ ਆਪਣੇ ਇਲਾਕੇ ਦੇ ਜਿਨ੍ਹਾਂ ਪੰਜ ਨਾਮਵਰ ਦਾਨਿਸ਼ਮੰਦ ਇਨਸਾਨਾਂ (ਪ੍ਰੋਹਿਤ ਹਰਿਦਿਆਲ ਜੀ, ਪਾਂਧਾ ਗੋਪਾਲ ਜੀ, ਪੰਡਤ ਬ੍ਰਿਜ ਨਾਥ ਜੀ, ਮੌਲਵੀ ਕੁਤਬੁੱਦੀਨ ਜੀ ਅਤੇ ਰਾਇ ਬੁਲਾਰ ਜੀ) ਨਾਲ ਵਾਹ-ਵਾਸਤਾ ਪਿਆ, ਉਨ੍ਹਾਂ ਸਾਰਿਆਂ ਨੇ ਵੱਖ-ਵੱਖ ਢੰਗ ਨਾਲ ਇਹ ਗੱਲ ਤਸਦੀਕ ਕੀਤੀ ਕਿ ਨਾਨਕ ਸਾਹਿਬ ਕੋਈ ਸਾਧਾਰਣ ਬੱਚੇ ਨਹੀਂ ਸਗੋਂ ਇਲਾਹੀ ਰੰਗ ਅਤੇ ਫ਼ਕੀਰਾਨਾ ਛੂਹ ਵਾਲੇ ਦੁਨੀਆ ਨਾਲੋਂ ਵੱਖਰੇ ਕੋਈ ਬੇਹੱਦ ਸੂਝਵਾਨ ਬਾਲ ਹਨ। ਇਨ੍ਹਾਂ ਸਾਰਿਆਂ ਨੇ ਇਹ ਮੰਨਿਆ ਕਿ ਬਾਲ ਨਾਨਕ ਉੱਚੇ ਇਲਮ ਦਾ ਮਾਲਕ ਹੈ। ਉਸ ਵਿਚੋਂ ਪਰਮਾਤਮਾ ਬੋਲਦਾ ਹੈ। ਉਸ ਉੱਪਰ ਖ਼ੁਦਾ ਦੀ ਖ਼ਾਸ ਰਹਿਮਤ ਹੈ, ਬਖ਼ਸ਼ਿਸ਼ ਹੈ। ਇਸ ਕਰ ਕੇ ਇਹ ਸਾਰੇ ਉਨ੍ਹਾਂ ਨੂੰ ਸਾਦਰ ਸਿਜਦਾ ਕਰਦੇ ਹਨ, ਸੀਸ ਨਿਵਾਉਂਦੇ ਹਨ। ਇਹ ਵੀ ਸੱਚ ਹੈ ਕਿ ਇਨ੍ਹਾਂ ਸਾਰਿਆਂ ਨੇ ਮਨ ਹੀ ਮਨ ਅਤੇ ਜ਼ਾਹਰਾ ਤੌਰ ’ਤੇ ਨਾਨਕ ਸਾਹਿਬ ਨੂੰ ਆਪਣਾ ਰੂਹਾਨੀ ਉਸਤਾਦ/ਰਹਿਬਰ ਸਵੀਕਾਰ ਕੀਤਾ ਸੀ।

ਮੌਲਵੀ ਕੁਤਬੁੱਦੀਨ ਜੀ ਪਾਸ ਪੜ੍ਹਨੋਂ ਹਟਣ ਉਪਰੰਤ ਨਾਨਕ ਜੀ ਆਪਣੇ ਪਹਿਲਾਂ ਵਾਲੇ ਮਸਤ-ਮੌਲਾ ਫ਼ਕੀਰਾਨਾ ਰੰਗ ਵਿਚ ਆ ਗਏ। ਆਪਣੀ ਮੌਜ ਵਿਚ ਵਿਚਰਦੇ। ਘਰ ਬਹੁਤ ਘੱਟ ਸਮਾਂ ਠਹਿਰਦੇ। ਜਿੰਨਾ ਚਿਰ ਵੀ ਠਹਿਰਦੇ ਕਦੇ ਤਾਂ ਬੜੇ ਚਹਿਕੇ ਰਹਿੰਦੇ ਪਰ ਕਦੇ-ਕਦੇ ਬਹੁਤ ਦਿਲਗੀਰ ਅਤੇ ਉਦਾਸ ਹੋ ਜਾਂਦੇ। ਮਹਿਤਾ ਜੀ ਚਾਹੁੰਦੇ ਸਨ ਕਿ ਇਕਲੌਤਾ ਪੁੱਤਰ ਦੁਨਿਆਵੀ ਕਾਰ-ਵਿਹਾਰ ਵੱਲ ਧਿਆਨ ਦੇਵੇ। ਕੋਈ ਲਾਹੇ ਵਾਲਾ ਕੰਮ ਕਰੇ। ਘਰ ਦੇ ਕੰਮਾਂ-ਕਾਰਾਂ ਦਾ ਖ਼ਿਆਲ ਕਰੇ। ਪਰ ਨਾਨਕ ਸਾਹਿਬ ਦਾ ਇਸ ਪਾਸੇ ਕੋਈ ਧਿਆਨ ਨਹੀਂ ਸੀ। ਉਨ੍ਹਾਂ ਦਾ ਸਾਰਾ ਧਿਆਨ ਨਿਰੰਕਾਰ ਅਤੇ ਨਿਰੰਕਾਰ ਦੀ ਉਸਤਤ ਵੱਲ ਲੱਗਾ ਰਹਿੰਦਾ ਸੀ। ਪਿੰਡ ਦੇ ਨਾਲ ਲੱਗਦੇ ਸੰਘਣੇ ਜੰਗਲ ਵਿਚ ਜਾਣਾ ਅਤੇ ਉੱਥੇ ਕਿੰਨਾ-ਕਿੰਨਾ ਚਿਰ ਕੁਦਰਤੀ ਨਜ਼ਾਰਿਆਂ ਨੂੰ ਨਿਹਾਰਨਾ, ਕੁਦਰਤ ਦੇ ਬਲਿਹਾਰੇ ਜਾਵਣਾ ਅਤੇ ਪੀਰਾਂ-ਫਕੀਰਾਂ ਨਾਲ ਵਿਚਾਰ-ਵਟਾਂਦਰੇ ਕਰਨੇ, ਉਨ੍ਹਾਂ ਦਾ ਮਨਭਾਉਂਦਾ ਸ਼ੌਕ ਸੀ।

ਮਹਿਤਾ ਜੀ ਨੂੰ ਪੁੱਤਰ ਦੇ ਜੰਗਲ-ਬੇਲੇ ਘੁੰਮਣ-ਫਿਰਨ ’ਤੇ ਤਾਂ ਭਾਵੇਂ ਕੋਈ ਬਹੁਤਾ ਉਜਰ, ਇਤਰਾਜ਼ ਅਤੇ ਦੁੱਖ ਨਹੀਂ ਸੀ ਪਰ ਉੱਥੇ ਸਾਧਾਂ-ਸੰਤਾਂ ਦੀ ਸੰਗਤ ਵਿਚ ਕਿੰਨਾ-ਕਿੰਨਾ ਚਿਰ ਬੈਠੇ ਰਹਿਣ ਦੀ ਬੜੀ ਚਿੰਤਾ ਸੀ, ਤਕਲੀਫ ਸੀ। ਮਨ ਵਿਚ ਇਹ ਤੌਖ਼ਲਾ ਅਤੇ ਫ਼ਿਕਰ ਬੜਾ ਜ਼ੋਰਾਵਰ ਸੀ ਕਿ ਜੋਗੀਆਂ-ਸੰਨਿਆਸੀਆਂ ਦੀ ਸੰਗਤ ਕਰਦਾ-ਕਰਦਾ ਉਨ੍ਹਾਂ ਦਾ ਪੁੱਤ ਕਿਤੇ ਸਾਧ ਹੀ ਨਾ ਹੋ ਜਾਵੇ। ਅਜਿਹੀ ਚਿੰਤਾ ਵਿਚ ਵਿਚਰਦਿਆਂ ਉਨ੍ਹਾਂ ਨੂੰ ਇਕ ਦਿਨ ਫੁਰਨਾ ਫੁਰਿਆ ਕਿ ਪੁੱਤਰ ਦਾ ਬਹੁਤਾ ਸ਼ੌਕ ਜਾਂ ਰੁਝਾਨ ਕਿਉਂਕਿ ਵਣ ਵਿਚ ਜਾਣ ਦਾ ਹੈ, ਇਸ ਲਈ ਇਸ ਨੂੰ ਕਿਸੇ ਅਜਿਹੇ ਛੋਟੇ-ਮੋਟੇ ਆਹਰ ਜਾਂ ਕਿੱਤੇ ਵਿਚ ਲਾਇਆ ਜਾਵੇ ਕਿ ਜਿਸ ਨਾਲ ਇਸ ਦਾ ਵਣ ਵਿਚ ਜਾਣ ਦਾ ਸ਼ੌਕ ਵੀ ਪੂਰਾ ਹੁੰਦਾ ਰਹੇ ਅਤੇ ਨਾਲ ਦੀ ਨਾਲ ਕਿੱਤਾ ਵੀ ਚਲਦਾ ਰਹੇ।

ਇਹ ਸੋਚਦਿਆਂ ਉਨ੍ਹਾਂ ਮਨ ਹੀ ਮਨ ਇਹ ਨਿਰਣਾ ਕਰ ਲਿਆ ਕਿ ਹੁਣ ਨਾਨਕ ਨੂੰ ਘਰ ਦੀਆਂ ਮਹੀਆਂ-ਗਾਵਾਂ ਚਾਰਨ ਦਾ ਕੰਮ ਸੌਂਪਿਆ ਜਾਵੇ। ਇਵੇਂ ਇਹ ਕਿਸੇ ਆਹਰ ਵੀ ਲੱਗ ਜਾਵੇਗਾ ਅਤੇ ਇਸ ਦਾ ਜੰਗਲ ਵਿਚ ਭੌਣ ਦਾ ਸ਼ੌਕ ਵੀ ਪੂਰਾ ਹੋ ਜਾਵੇਗਾ। ਇਹ ਵੀ ਸੰਭਵ ਹੈ ਕਿ ਜੇਕਰ ਭਵਿੱਖ ਵਿਚ ਇਹ ਕੰਮ ਚੰਗਾ ਚਲ ਪਿਆ ਤਾਂ ਆਪਾਂ ਇਸ ਨੂੰ ਪਸ਼ੂਆਂ ਦਾ ਵੱਡਾ ਵਗ ਲੈ ਦਿਆਂਗੇ। ਇਸ ਵਾਸਤੇ ਪਸ਼ੂਆਂ ਦੀ ਖਰੀਦ-ਵੇਚ ਅਤੇ ਦੁੱਧ-ਘਿਓ ਦਾ ਕਿੱਤਾ ਵੀ ਕੋਈ ਮਾੜਾ ਨਹੀਂ।

ਮਸਤ-ਮੌਲਾ ਪੁੱਤਰ ਦਾ ਪ੍ਰਭਾਵ ਅਜਿਹਾ ਸੀ ਕਿ ਮਹਿਤਾ ਕਾਲੂ ਜੀ ਕਈ ਦਿਨਾਂ ਤੱਕ ਇਸ ਬਾਰੇ ਪੁੱਤਰ ਨਾਲ ਕੋਈ ਗੱਲ ਨਾ ਕਰ ਸਕੇ। ਮਨ ਵਿਚ ਦੁਬਿਧਾ ਅਤੇ ਡਰ ਸੀ ਕਿ ਪਤਾ ਨਹੀਂ ਪੁੱਤਰ ਇਸ ਕੰਮ ਲਈ ਹਾਮੀ ਭਰੇਗਾ ਜਾਂ ਨਹੀਂ। ਲੰਮੀ ਉਧੇੜ-ਬੁਣ ਪਿੱਛੋਂ ਆਖ਼ਰਕਾਰ ਇਕ ਦਿਨ ਮਨ ਨੂੰ ਪੱਕਿਆਂ ਕਰ ਕੇ ਉਨ੍ਹਾਂ ਇਸ ਬਾਰੇ ਪੁੱਤਰ ਨਾਲ ਗੱਲ ਕੀਤੀ। ਆਸ ਤੋਂ ਉਲਟ ਨਾਨਕ ਸਾਹਿਬ ਨੇ ਆਪਣੇ ਪਿਤਾ ਜੀ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਮੰਨੀ। ਉਹ ਆਪਣੇ ਮਾਤਾ-ਪਿਤਾ ਦੇ ਬੜੇ ਲਾਡਲੇ ਅਤੇ ਆਗਿਆਕਾਰ ਪੁੱਤਰ ਸਨ। ਅਮੋੜ, ਆਪਹੁਦਰਾ ਅਤੇ ਗੁਸਤਾਖ਼ ਹੋਣਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਨਹੀਂ ਸੀ।

ਉਨ੍ਹਾਂ ਦੀ ਹਾਰਦਿਕ ਇੱਛਾ ਹਮੇਸ਼ਾ ਇਹੋ ਹੁੰਦੀ ਸੀ ਕਿ ਉਹ ਆਪਣੇ ਮਾਪਿਆਂ ਦਾ ਆਖਾ ਮੰਨਣ, ਉਨ੍ਹਾਂ ਨੂੰ ਦੁੱਖ ਜਾਂ ਤਕਲੀਫ਼ ਦੇਣ ਵਾਲਾ ਕੋਈ ਕੰਮ ਨਾ ਕਰਨ। ਭਵਿੱਖ ਵਿਚ ਇਕ ਰਾਹਨੁਮਾ ਵਜੋਂ ‘ਕਿਰਤ ਕਰੋ’ ਦਾ ਹੋਕਾ ਦੇਣ ਵਾਲਿਆਂ ਦਾ ਵਿਹਲੜ ਅਖਵਾ, ਵਿਹਲੀਆਂ ਖਾਣ ਦਾ ਵੀ ਕੋਈ ਇਰਾਦਾ ਨਹੀਂ ਸੀ। ਪਿਤਾ ਦੇ ਫ਼ੈਸਲੇ ਅੱਗੇ ਸਨਿਮਰ ਸਿਰ ਝੁਕਾਉਂਦਿਆਂ ਉਹ ਝੱਟ ਮੰਨ ਗਏ ਅਤੇ ਉਸੇ ਦਿਨ ਘਰ ਦੀਆਂ ਮੱਝਾਂ-ਗਾਵਾਂ ਨੂੰ ਅੱਗੇ ਲਾ ਕੇ ਜੰਗਲ ਨੂੰ ਤੁਰ ਪਏ।

ਮਾਪੇ, ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਖ਼ੁਸ਼ ਅਤੇ ਸੰਤੁਸ਼ਟ ਸਨ ਪਰ ਪਿੰਡ ਦੇ ਗੁਣੀ-ਜਨ (ਪ੍ਰੋਹਿਤ ਹਰਿਦਿਆਲ, ਪਾਂਧਾ ਗੋਪਾਲ, ਪੰਡਤ ਬ੍ਰਿਜ ਨਾਥ ਅਤੇ ਮੌਲਵੀ ਕੁਤਬੁੱਦੀਨ ਜੀ) ਇਸ ਗੱਲੋਂ ਡਾਢੇ ਅਸਚਰਜ ਸਨ ਕਿ ਸਾਨੂੰ ਤਥਾਕਥਿਤ ਗੁਣੀ-ਜਨਾਂ ਨੂੰ ਸਾਈਂ ਦੇ ਦੇਸ਼ ਦੀਆਂ ਉਡਾਰੀਆਂ ਮਰਵਾਉਣ ਵਾਲਾ, ਰੱਬੀ ਗਿਆਨ ਪ੍ਰਦਾਨ ਕਰਨ ਵਾਲਾ ਅਤੇ ਇਲਾਹੀ ਰਮਜ਼ਾਂ ਸਮਝਾਉਣ ਵਾਲਾ ਸਿੱਧ ਅਤੇ ਦਾਤਾਰ ਪੁਰਸ਼, ਮੱਝਾਂ-ਗਾਵਾਂ ਚਾਰਨ ਵਾਲਾ ਚਰਵਾਹਾ ਬਣ ਗਿਆ ਹੈ। ਪਸ਼ੂਆਂ ਦਾ ਪਾਲੀ ਜਾਂ ਵਾਗੀ ਬਣ ਗਿਆ ਹੈ। ਉਹ ਕਰਤਾਰ ਦੇ ਅਨੋਖੇ ਰੰਗ ਵੇਖ, ਬੜੇ ਹੈਰਾਨ ਸਨ। ਉਨ੍ਹਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ ਹੈ।

(ਚਲਦਾ...)

ਜਗਜੀਵਨ ਸਿੰਘ (ਡਾ.)

ਫੋਨ: 99143-01328