ਸਾਉਣ ਮਹੀਨੇ ਘਰ 'ਚ ਲਗਾ ਰਹੇ ਹੋ ਭਗਵਾਨ ਸ਼ਿਵ ਜੀ ਦੀ ਮੂਰਤੀ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

07/24/2023 11:05:10 AM

ਜਲੰਧਰ (ਬਿਊਰੋ) - ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਹਿੰਦੂ ਧਰਮ ’ਚ ਸਾਉਣ ਦਾ ਮਹੀਨਾ ਮਹਾਦੇਵ ਨੂੰ ਸਮਰਪਿਤ ਹੁੰਦਾ ਹੈ। ਸੋਮਵਾਰ ਦੇ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਸਾਉਣ ਦਾ ਮਹੀਨਾ ਸ਼ਿਵ ਜੀ ਦੀ ਭਗਤੀ ਦਾ ਮਹੀਨਾ ਮੰਨਿਆ ਜਾਂਦਾ ਹੈ। ਇਸ ਸਾਲ ਸਾਉਣ 59 ਦਿਨਾਂ ਦਾ ਹੈ ਅਤੇ ਸੋਮਵਾਰ ਦੇ 8 ਵਰਤ ਰੱਖੇ ਜਾਣਗੇ। ਹਿੰਦੂ ਮਾਨਤਾ ਅਨੁਸਾਰ ਸੋਮਵਾਰ ਦਾ ਦਿਨ ਭਗਵਾਨ ਸ਼ਿਵ ਜੀ ਦੀ ਅਰਾਧਨਾ ਲਈ ਸ਼ੁੱਭ ਮੰਨਿਆ ਜਾਂਦਾ ਹੈ। ਮਾਨਤਾ ਅਨੁਸਾਰ ਇਸ ਮਹੀਨੇ ਭੋਲੇਨਾਥ ਦੀ ਪੂਜਾ ਕਰਨ ਨਾਲ ਲੋਕਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਉਨ੍ਹਾਂ ਦੀ ਮਿਹਰ ਸਦਕਾ ਵੱਡੀ ਤੋਂ ਵੱਡੀ ਮੁਸੀਬਤ ਟਲ ਜਾਂਦੀ ਹੈ। ਵਾਸਤੂ ਸ਼ਾਸਤਰ ਅਨੁਸਾਰ ਸਾਉਣ ਮਹੀਨੇ ਘਰ ਵਿੱਚ ਭਗਵਾਨ ਸ਼ਿਵ ਜੀ ਦੀ ਤਸਵੀਰ ਜਾਂ ਮੂਰਤੀ ਰੱਖਣੀ ਸ਼ੁਭ ਮੰਨੀ ਜਾਂਦੀ ਹੈ। ਜੇਕਰ ਤੁਸੀਂ ਘਰ ਵਿੱਚ ਸ਼ਿਵ ਜੀ ਦੀ ਮੂਰਤੀ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਜ਼ਰੂਰ ਰੱਖੋ....

ਇਸ ਦਿਸ਼ਾ 'ਚ ਲਗਾਓ ਭਗਵਾਨ ਸ਼ਿਵ ਦੀ ਤਸਵੀਰ
ਮਾਨਤਾਵਾਂ ਅਨੁਸਾਰ ਭਗਵਾਨ ਸ਼ਿਵ ਦਾ ਨਿਵਾਸ ਕੈਲਾਸ਼ ਪਰਬਤ ਦੇ ਉੱਤਰ-ਪੂਰਬ ਦਿਸ਼ਾ ਵਿੱਚ ਸਥਿਤ ਹੈ। ਇਸ ਲਈ ਜੇਕਰ ਤੁਸੀਂ ਸਾਉਣ ਮਹੀਨੇ ਘਰ 'ਚ ਭਗਵਾਨ ਸ਼ਿਵ ਦੀ ਤਸਵੀਰ ਲਗਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਉੱਤਰ ਦਿਸ਼ਾ 'ਚ ਲਗਾਓ। ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਭਗਵਾਨ ਸ਼ਿਵ ਦੀ ਅਜਿਹੀ ਮੂਰਤੀ ਭੁੱਲ ਕੇ ਵੀ ਨਾ ਲਗਾਓ, ਜਿਸ ਵਿੱਚ ਉਹ ਗੁੱਸੇ ਦੀ ਮੁਦਰਾ ਵਿਚ ਹੋਣ। ਅਜਿਹੀ ਤਸਵੀਰ ਘਰ ਦੀ ਤਬਾਹੀ ਦਾ ਪ੍ਰਤੀਕ ਹੁੰਦੀ ਹੈ।

ਸ਼ਿਵ ਪਰਿਵਾਰ ਦੀ ਫੋਟੋ
ਸਾਉਣ ਮਹੀਨੇ ਘਰ 'ਚ ਸ਼ਿਵ ਪਰਿਵਾਰ ਦੀ ਤਸਵੀਰ ਲਗਾਉਣੀ ਬਹੁਤ ਸ਼ੁਭ ਹੁੰਦੀ ਹੈ। ਇਸ ਨਾਲ ਤੁਹਾਡੇ ਘਰ ਵਿੱਚ ਕਲੇਸ਼ ਨਹੀਂ ਪਵੇਗਾ। ਇਸ ਤਸਵੀਰ ਦਾ ਤੁਹਾਡੇ ਘਰ ਵਿੱਚ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਅਤੇ ਬੱਚੇ ਵੀ ਆਗਿਆਕਾਰੀ ਬਣ ਜਾਂਦੇ ਹਨ।

ਇਸ ਜਗ੍ਹਾ 'ਤੇ ਸ਼ਿਵ ਦੀ ਮੂਰਤੀ ਕਰੋ ਵਿਰਾਜਮਾਨ
ਵਾਸਤੂ ਸ਼ਾਸਤਰ ਅਨੁਸਾਰ ਸਾਉਣ ਮਹੀਨੇ ਭਗਵਾਨ ਸ਼ਿਵ ਦੀ ਮੂਰਤੀ ਜਾਂ ਤਸਵੀਰ ਨੂੰ ਅਜਿਹੀ ਜਗ੍ਹਾ 'ਤੇ ਵਿਰਾਜਮਾਨ ਕਰਨਾ ਚਾਹੀਦਾ ਹੈ, ਜਿੱਥੇ ਹਰ ਕੋਈ ਉਨ੍ਹਾਂ ਨੂੰ ਦੇਖ ਸਕੇ। ਅਜਿਹੀ ਜਗ੍ਹਾ 'ਤੇ ਤਸਵੀਰ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਇਸ ਤਰ੍ਹਾਂ ਦੀ ਲਗਾਓ ਤਸਵੀਰ 
ਸਾਉਣ ਮਹੀਨੇ ਲੋਕਾਂ ਨੂੰ ਆਪਣੇ ਘਰ 'ਚ ਸ਼ਿਵ ਜੀ ਦੀ ਅਜਿਹੀ ਤਸਵੀਰ ਲਗਾਉਣੀ ਚਾਹੀਦੀ ਹੈ, ਜਿਸ 'ਚ ਉਹ ਖੁਸ਼ ਅਤੇ ਹੱਸਦੇ ਹੋਏ ਨਜ਼ਰ ਆ ਰਹੇ ਹੋਣ। ਅਜਿਹੀ ਤਸਵੀਰ ਘਰ 'ਚ ਲਗਾਉਣ ਨਾਲ ਤੁਹਾਡੇ ਜੀਵਨ 'ਚ ਹਮੇਸ਼ਾ ਖੁਸ਼ਹਾਲੀ ਅਤੇ ਸੁੱਖ-ਸਮਰਿੱਧੀ ਬਣੀ ਰਹਿੰਦੀ ਹੈ।

ਸਫ਼ਾਈ ਦਾ ਵੀ ਖ਼ਾਸ ਧਿਆਨ ਰੱਖੋ
ਜਿਸ ਥਾਂ 'ਤੇ ਤੁਸੀਂ ਭਗਵਾਨ ਸ਼ਿਵ ਜੀ ਦੀ ਮੂਰਤੀ ਸਥਾਪਿਤ ਕੀਤੀ ਹੈ, ਉਸ ਸਥਾਨ ਨੂੰ ਹਮੇਸ਼ਾ ਸਾਫ਼ ਰੱਖੋ। ਧਿਆਨ ਰੱਖੋ ਕਿ ਤਸਵੀਰ ਦੇ ਆਲੇ-ਦੁਆਲੇ ਜ਼ਿਆਦਾ ਗੰਦਗੀ ਨਾ ਹੋਵੇ। ਜੇਕਰ ਤਸਵੀਰ ਦੇ ਨੇੜੇ ਗੰਦਗੀ ਹੈ, ਤਾਂ ਤੁਹਾਡੇ ਘਰ ਵਿੱਚ ਵਾਸਤੂ ਨੁਕਸ ਵਧ ਸਕਦੇ ਹਨ ਅਤੇ ਘਰ ਵਿੱਚ ਧਨ ਦੀ ਘਾਟ ਹੋ ਸਕਦੀ ਹੈ।

rajwinder kaur

This news is Content Editor rajwinder kaur