'ਸ਼ਰਦ ਪੁੰਨਿਆ' ਵਾਲੇ ਦਿਨ ਚਾਨਣੀ ਰਾਤ 'ਚ ਰੱਖੀ ਖੀਰ ਖਾਣ ਦੇ ਜਾਣੋ ਕੀ-ਕੀ ਹੁੰਦੇ ਨੇ ਫਾਇਦੇ

10/19/2021 9:54:19 AM

ਨਵੀਂ ਦਿੱਲੀ (ਬਿਊਰੋ) : ਅੱਸੂ ਮਹੀਨੇ ਦੀ ਪੁੰਨਿਆ ਨੂੰ 'ਸ਼ਰਦ ਪੁੰਨਿਆ' ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ 19 ਅਕਤੂਬਰ ਯਾਨੀਕਿ ਅੱਜ 'ਸ਼ਰਦ ਪੁੰਨਿਆ' ਮਨਾਈ ਜਾ ਰਹੀ ਹੈ। ਰੁੱਤ ਪਰਿਵਰਤਨ ਨੂੰ ਦਰਸਾਉਂਦੀ ਅਤੇ ਸਿਹਤ ਦੀ ਖ਼ੁਸ਼ਹਾਲੀ ਦੀ ਪ੍ਰਤੀਕ ਹੈ 'ਸ਼ਰਦ ਪੁੰਨਿਆ'। ਦੱਖਣੀ ਭਾਰਤ 'ਚ ਇਸ ਨੂੰ ਕੋਜ਼ਾਗਰੀ ਪੁੰਨਿਆ ਕਹਿੰਦੇ ਹਨ। ਸ਼ਰਦ ਪੁੰਨਿਆ ਪੁਰਬ ਰਾਸ ਪੁੰਨਿਆ ਜਾਂ ਕੌਮੁਦੀ ਵਰਤ ਵੀ ਅਖਵਾਉਂਦੀ ਹੈ। ਇਸ ਨੂੰ ਅੱਸੂ ਮਹੀਨੇ ਦੀ ਪੁੰਨਿਆ ਵੀ ਕਿਹਾ ਜਾਂਦਾ ਹੈ।

ਸ਼ਰਦ ਪੁੰਨਿਆ ਨੂੰ ਸ਼੍ਰੀ ਕ੍ਰਿਸ਼ਨ ਨੇ ਰਚਾਇਆ ਸੀ ਮਹਾਰਾਸ
ਜੋਤਿਸ਼ ਸ਼ਾਸਤਰਾਂ ਅਨੁਸਾਰ, ਪੂਰੇ ਸਾਲ 'ਚ ਸਿਰਫ਼ ਇਸੇ ਦਿਨ ਚੰਦਰਮਾ ਸੋਲਾਂ ਕਲਾ ਸੰਪੂਰਨ ਹੁੰਦਾ ਹੈ। ਮਾਨਤਾ ਹੈ ਕਿ ਇਸੇ ਦਿਨ ਸ਼੍ਰੀ ਕ੍ਰਿਸ਼ਨ ਨੇ ਮਹਾਰਾਸ ਰਚਾਇਆ ਸੀ। ਮਹਾਰਿਸ਼ੀ ਅਰਵਿੰਦ ਮਹਾਰਾਸ ਨੂੰ ਦਰਸ਼ਨ ਨਾਲ ਜੋੜਦੇ ਹਨ ਤੇ ਇਸ ਨੂੰ ਅਤਿਮਾਨਸ ਦੀ ਸੰਗਿਆ ਦਿੰਦੇ ਹਨ। ਅਧਿਆਤਮ ਦੇ ਨਜ਼ਰੀਏ ਤੋਂ ਦੇਖੀਏ ਤਾਂ ਮਹਾਰਾਸ ਅਲੌਕਿਕ ਪ੍ਰੇਮ ਦੀ ਸਰਬੋਤਮ ਉਦਾਹਰਨ ਹੈ। ਓਸ਼ੋ ਮੰਨਦੇ ਹਨ ਕਿ ਪ੍ਰੇਮੀ ਹੀ ਸ੍ਰਿਸ਼ਟੀ ਦਾ ਜਨਮਦਾਤਾ ਹੈ ਤੇ ਨਵੇਂ ਵਿਚਾਰਾਂ ਦਾ ਵੀ। ਇਹ ਸੱਚ ਹੈ ਕਿ ਤੰਦਰੁਸਤ ਸਰੀਰ 'ਚ ਹੀ ਨਵੇਂ ਤੇ ਸੁੰਦਰ ਵਿਚਾਰਾਂ ਦਾ ਜਨਮ ਹੁੰਦਾ ਹੈ।

ਸ਼ਰਦ ਪੁੰਨਿਆ ਨੂੰ ਖੀਰ ਚਾਨਣੀ ਰਾਤ 'ਚ ਰੱਖਣ ਦਾ ਮਹੱਤਵ
ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਰਾਤ ਚੰਦਰਮਾ ਦੀਆਂ ਕਿਰਨਾਂ ਅੰਮ੍ਰਿਤ ਬਰਸਾਉਂਦੀਆਂ ਹਨ। ਇਸ ਕਰਕੇ ਉੱਤਰੀ ਭਾਰਤ 'ਚ ਇਸ ਦਿਨ ਖੀਰ ਬਣਾ ਕੇ ਚਾਨਣੀ ਰਾਤ 'ਚ ਰੱਖਣ ਦਾ ਰਿਵਾਜ ਹੈ। ਜਿਹੜੇ ਸ਼ਰਦ ਪੁੰਨਿਆ ਮੌਕੇ ਚੰਦਰਮਾਂ ਦੀਆਂ ਉੱਜਲ ਕਿਰਨਾਂ ਨਾਲ ਆਲੋਕਿਤ ਹੋਈ ਖੀਰ ਦਾ ਆਨੰਦ ਮਾਣਦੇ ਹਨ, ਮਾਨਤਾ ਹੈ ਕਿ ਉਨ੍ਹਾਂ ਨੂੰ ਉੱਤਮ ਸਿਹਤ ਦੇ ਨਾਲ ਮਾਨਸਿਕ ਤਾਕਤ ਦਾ ਵਰਦਾਨ ਵੀ ਮਿਲ ਜਾਂਦਾ ਹੈ।

ਚੰਦਰਮਾ ਸਾਡੇ ਮਨ ਦਾ ਪ੍ਰਤੀਕ ਹੈ। ਸਾਡਾ ਮਨ ਵੀ ਚੰਦਰਮਾ ਸਮਾਨ ਘਟਦਾ-ਵਧਦਾ ਯਾਨੀ ਸਕਾਰਾਤਮਕ ਤੇ ਨਕਾਰਾਮਤਕ ਵਿਚਾਰਾਂ ਨਾਲ ਭਰਿਆ ਹੁੰਦਾ ਹੈ। ਜਿਸ ਤਰ੍ਹਾਂ ਮੱਸਿਆ ਦੇ ਹਨੇਰੇ ਤੋਂ ਚੰਦਰਮਾ ਨਿਰੰਤਰ ਅੱਗੇ ਵਧਦਾ ਹੋਇਆ ਪੁੰਨਿਆ ਦੇ ਪੂਰਨ ਪ੍ਰਕਾਸ਼ ਦੀ ਯਾਤਰਾ ਪੂਰਨ ਕਰਦਾ ਹੈ। ਉਸੇ ਤਰ੍ਹਾਂ ਮਨੁੱਖੀ ਮਨ ਵੀ ਨਕਾਰਾਤਮਕ ਵਿਚਾਰਾਂ ਦੇ ਹਨੇਰੇ ਤੋਂ ਪਾਰ ਪਾਉਂਦਾ ਹੋਇਆ ਸਕਾਰਾਤਮਕਤਾ ਦਾ ਪ੍ਰਕਾਸ਼ ਹਾਸਲ ਕਰਦਾ ਹੈ। ਇਹੀ ਮਨੁੱਖੀ ਜੀਵਨ ਦਾ ਟੀਚਾ ਹੈ ਤੇ ਇਹੀ ਸ਼ਰਦ ਪੁੰਨਿਆ ਦਾ ਸੰਦੇਸ਼ ਵੀ।
ਇਸ ਸਾਲ ਸ਼ਰਦ ਪੁੰਨਿਆ 19 ਅਕਤੂਬਰ ਦਿਨ ਸੋਮਵਾਰ ਨੂੰ ਹੈ। ਹਿੰਦੂ ਕੈਲੰਡਰ ਅਨੁਸਾਰ, ਸ਼ਰਦ ਪੁੰਨਿਆ ਅੱਸੂ ਮਹੀਨੇ ਦੀ ਪੁੰਨਿਆ ਨੂੰ ਹੁੰਦੀ ਹੈ। ਸ਼ਰਦ ਪੁੰਨਿਆ ਨੂੰ ਮਾਤਾ ਲਕਸ਼ਮੀ ਤੇ ਦੇਵਤਿਆਂ ਦੇ ਰਾਜਾ ਇੰਦਰ ਦੀ ਪੂਜਾ ਕਰਨ ਦਾ ਵਿਧਾਨ ਹੈ।

ਸ਼ਰਦ ਪੁੰਨਿਆ ਸ਼ੁੱਭ ਮਹੂਰਤ
ਸ਼ਰਦ ਪੁੰਨਿਆ ਤਿਥੀ ਆਰੰਭ : 19 ਅਕਤੂਬਰ ਸ਼ਾਮ 7 ਵਜੇ ਤੋਂ
ਸ਼ਰਦ ਪੁੰਨਿਆ ਤਿਥੀ ਸਮਾਪਤ : 20 ਅਕਤੂਬਰ ਰਾਤ 8:20 ਮਿੰਟ ਤਕ

ਪੁੰਨਿਆ ਵਾਲੇ ਦਿਨ ਕਿਉਂ ਬਣਾਉਂਦੇ ਹਨ ਖੀਰ ?
ਸ਼ਰਦ ਪੁੰਨਿਆ ਦੀ ਰਾਤ ਨੂੰ ਖੀਰ ਬਣਾ ਕੇ ਖੁੱਲ੍ਹੇ ਅਸਮਾਨ ਹੇਠਾਂ ਰੱਖੀ ਜਾਂਦੀ ਹੈ। ਇਸ ਦੇ ਪਿੱਛੇ ਵਿਗਿਆਨਕ ਕਾਰਨ ਹੈ। ਕਿਹਾ ਜਾਂਦਾ ਹੈ ਕਿ ਦੁੱਧ 'ਚ ਲੈਕਟਿਕ ਐਸਿਡ ਹੁੰਦਾ ਹੈ। ਇਹ ਚੰਦਰਮਾ ਦੀ ਤੇਜ਼ ਰੋਸ਼ਨੀ ਦੁੱਧ 'ਚ ਪਹਿਲਾਂ ਤੋਂ ਮੌਜੂਦ ਬੈਕਟੀਰੀਆ ਨੂੰ ਵਧਾਉਂਦੀ ਹੈ। ਚਾਂਦੀ ਦੇ ਬਰਤਨ 'ਚ ਰੋਗ-ਪ੍ਰਤੀਰੋਧਕ ਵਧਾਉਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਖੀਰ ਨੂੰ ਚਾਂਦੀ ਦੇ ਬਰਤਨ 'ਚ ਰੱਖੋ। ਸ਼ਰਦ ਪੁੰਨਿਆ ਵਾਲੇ ਦਿਨ ਚੰਦਰਮਾ ਦੀ ਰੋਸ਼ਨੀ ਸਭ ਤੋਂ ਤੇਜ਼ ਹੁੰਦੀ ਹੈ। ਇਸ ਕਾਰਨ ਖੁੱਲ੍ਹੇ ਅਸਮਾਨ ਹੇਠ ਖੀਰ ਰੱਖਣਾ ਫਾਇਦੇਮੰਦ ਹੁੰਦਾ ਹੈ।

sunita

This news is Content Editor sunita