ਪਾਂਧਾ ਗੋਪਾਲ ਜੀ ਦੀ ਪਾਠਸ਼ਾਲਾ

05/30/2019 1:36:47 PM

ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ
(ਕਿਸ਼ਤ ਚੌਥੀ)
ਪਾਂਧਾ ਗੋਪਾਲ ਜੀ ਦੀ ਪਾਠਸ਼ਾਲਾ

ਪ੍ਰੋਹਿਤ ਹਰਿਦਿਆਲ ਨੇ ਸਮਝਾਇਆ, ਫ਼ਿਕਰ ਨਾ ਕਰੋ ਜਜਮਾਨ, ਤੁਹਾਡਾ ਪੁੱਤਰ ਏਡਾ ਮਾੜਾ ਨਹੀਂ, ਜਿੰਨਾ ਤੁਸੀਂ ਸਮਝਦੇ ਹੋ। ਹਰ ਪ੍ਰਕਾਰ ਨਾਲ ਤੁਹਾਡੇ ਕਹਿਣੇ ਵਿੱਚ ਹੈ। ਕਿਸੇ ਪ੍ਰਕਾਰ ਦੀ ਗੁਸਤਾਖ਼ੀ ਵੀ ਨਹੀਂ ਕਰਦਾ। ਤੁਹਾਨੂੰ ਪਿਆਰ ਵੀ ਬਥੇਰਾ ਕਰਦੈ। ਮਾਣ-ਸਤਿਕਾਰ ਵੀ ਦਿੰਦੈ। ਮੇਰੀ ਮੰਨੋ, ਇਸਨੂੰ ਪਾਂਧੇ (ਪਾਧੇ) ਗੋਪਾਲ ਪਾਸ ਪੜ੍ਹਨੇ ਪਾਓ। ਘਰੋਂ ਬਾਹਰ ਰਹੇਗਾ ਤਾਂ ਦਾਨ ਦਾ ਅਵਸਰ ਘਟੂ। ਨਾਲੇ ਖੱਤਰੀ ਦਾ ਪੁੱਤਰ ਹੈ, ਜੇਕਰ ਹਿਸਾਬ-ਕਿਤਾਬ, ਲੇਖਿਆਂ-ਵਹੀਆਂ ਦਾ ਕੰਮ ਸਿੱਖ ਜਾਵੇਗਾ ਤਾਂ ਤੁਹਾਥੋਂ ਬਾਅਦ ਕਾਰਦਾਰੀ ਸਾਂਭਣ ਦੇ ਯੋਗ ਹੋ ਜਾਵੇਗਾ। ਘਰ ਦੀ ਆਮਲੀ, ਘਰੇ ਬਣੀ ਰਹੇਗੀ।
ਪ੍ਰੋਹਿਤ ਹਰਿਦਿਆਲ ਜੀ ਦੀ ਸਲਾਹ ਨੂੰ ਮੰਨਦਿਆਂ, ਮਹਿਤਾ ਕਾਲੂ ਜੀ ਨੇ ਜਦੋਂ 1532 ਬਿਕਰਮੀ (1475 ਈਸਵੀ) ਵਿੱਚ ਬਾਲ ਨਾਨਕ ਜੀ ਨੂੰ ਗੋਪਾਲ ਪਾਂਧੇ ਪਾਸ ਪੜ੍ਹਨੇ ਪਾਇਆ, ਉਸ ਸਮੇਂ ਉਨ੍ਹਾਂ ਦੀ ਉਮਰ ਲਗਭਗ 06-07 ਵਰ੍ਹਿਆਂ ਦੀ ਸੀ। ਸਾਡੇ ਪੁਰਾਤਨ ਪਰੰਪਰਕ ਵਿੱਦਿਅਕ ਤੰਤਰ ਵਿੱਚ ਪਾਧਾ (ਪਾਂਧਾ) ਅਤੇ ਪਾਡਾ (ਪਾਂਡਾ) ਦੋ ਪ੍ਰਕਾਰ ਦੇ ਵਿਦਵਾਨ ਜਾਂ ਗਿਆਨਵਾਨ ਸ਼ਖ਼ਸ ਹਨ। ਪਾਧਾ/ਪਾਂਧਾ ਉਹ ਵਿਦਵਾਨ/ਪੰਡਿਤ ਜਾਂ ਗੁਣੀ ਜਨ ਹੁੰਦੈ, ਜਿਸਦਾ ਦਾਇਰਾ ਅਥਵਾ ਕਰਮ-ਖੇਤਰ ਕਿਸੇ ਇੱਕ ਜਾਂ ਤਿੰਨ-ਚਾਰ ਪਿੰਡਾਂ ਤੱਕ ਮਹਿਦੂਦ ਹੁੰਦੈ। ਪਾਂਧੇ ਦੇ ਪੱਕੇ ਅਤੇ ਸਥਿਰ ਕਰਮ-ਖੇਤਰ ਦੇ ਮੁਕਾਬਲੇ ਪਾਂਡਾ, ਪਾਡਾ ਜਾਂ ਪੰੰਡਾ, ਪੰਡਤ/ਵਿਦਵਾਨ/ਗਿਆਨਵਾਨ ਜਾਂ ਗੁਣੀ-ਜਨਾਂ ਦੀ ਉਹ ਵੰਨਗੀ ਹੈ ਜਿਨ੍ਹਾਂ ਦਾ ਕੋਈ ਸਥਿਰ ਜਾਂ ਪੱਕਾ ਟਿਕਾਣਾ ਨਹੀਂ ਹੁੰਦਾ। ਇਹ ਇੱਕ ਪ੍ਰਕਾਰ ਨਾਲ ਰਮਤੇ, ਘੁੰਮਕੜ, ਤੁਰਦੇ-ਫਿਰਦੇ ਜਾਂ ਚੱਕਰਵਰਤੀ ਪੰਡਤ (ਵਿਦਵਾਨ) ਹੁੰਦੇ ਹਨ ਜੋ ਇਕੱਲੇ-ਦੁਕੱਲੇ ਜਾਂ ਵਹੀਰ ਦੇ ਰੂਪ ਵਿੱਚ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ, ਦੂਰ-ਦੂਰ ਤੱਕ ਘੁੰਮਦੇ ਰਹਿੰਦੇ ਹਨ।
ਪਾਂਧੇ ਅਤੇ ਪਾਂਡੇ ਵਿਚਲੀ ਬਾਰੀਕ ਸਾਂਝ ਅਤੇ ਵੱਖਰਤਾ ਤੋਂ ਸਪਸ਼ਟ ਹੈ ਕਿ ਪਾਂਧਾ ਗੋਪਾਲ ਜੀ ਦਾ ਕਰਮ-ਖੇਤਰ ਰਾਇ ਭੋਇ ਦੀ ਤਲਵੰਡੀ ਅਤੇ ਉਸਦੇ ਆਸ-ਪਾਸ ਦੇ ਦੋ-ਚਾਰ ਪਿੰਡਾਂ ਤੱਕ ਸੀਮਤ ਸੀ। ਉਸ ਸਮੇਂ ਗੁਣੀ-ਜਨਾਂ ਵੱਲੋਂ ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰਨਾ ਅਤੇ ਵਿੱਦਿਆ ਦੀ ਵਿਚਾਰ ਕਰਨੀ ਇੱਕ ਪਰਉਪਕਾਰ ਅਤੇ ਪੁੰਨ ਵਾਲਾ ਪਵਿੱਤਰ ਕਾਰਜ ਸੀ। ਸਮੇਂ ਦੀ ਲੋੜ ਅਤੇ ਸਮੇਂ ਦੇ ਪ੍ਰਚਲਿਤ ਦਸਤੂਰ ਅਨੁਸਾਰ ਪਾਂਧਾ ਗੋਪਾਲ ਜੀ ਨੇ ਤਲਵੰਡੀ ਪਿੰਡ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕੇ ਦੇ ਬੱਚਿਆਂ ਨੂੰ ਵਿੱਦਿਆ ਦਾ ਦਾਨ ਦੇਣ ਹਿਤ, ਤਲਵੰਡੀ ਪਿੰਡ ਅੰਦਰ ਇੱਕ ਪਾਠਸ਼ਾਲਾ ਖੋਲ੍ਹੀ ਹੋਈ ਸੀ, ਜਿੱਥੇ ਉਹ ਚਾਹਵਾਨ ਬੱਚਿਆਂ ਨੂੰ ਹਿਸਾਬ-ਕਿਤਾਬ (ਮੁਨੀਮੀ) ਅਤੇ ਦੇਵਨਾਗਰੀ ਪੜ੍ਹਾਇਆ ਕਰਦੇ ਸਨ।
ਮਹਿਤਾ ਕਾਲੂ ਜੀ ਪਿੰਡ ਅਤੇ ਇਲਾਕੇ ਦੀ ਮੰਨੀ-ਪਰਮੰਨੀ ਹਸਤੀ ਸਨ। ਸਿੱਟੇ ਵਜੋਂ ਜਿਵੇਂ ਹੀ ਬਾਲ ਨਾਨਕ ਜੀ, ਪਾਂਧਾ ਗੋਪਾਲ ਜੀ ਦੀ ਪਾਠਸ਼ਾਲਾ ਵਿੱਚ ਦਾਖ਼ਲ ਹੋਏ, ਉੁਨ੍ਹਾਂ ਨੇ ਬੜੇ ਚਾਅ ਅਤੇ ਅਦਬ ਨਾਲ ਨਾਨਕ ਨੂੰ ਆਪਣਾ ਸ਼ਗਿਰਦ ਬਣਾਇਆ। ਉਪਰੰਤ ਬੜੇ ਵਿਧੀਵੱਧ ਢੰਗ ਨਾਲ ਬਾਲ ਨਾਨਕ ਦੀ ਪੜ੍ਹਾਈ-ਲਿਖਾਈ ਦਾ ਸਿਲਸਲਾ ਆਰੰਭ ਕਰ ਦਿੱਤਾ। ਇੱਕ ਸ਼ਿਸ਼, ਸਿਖਿਆਰਥੀ, ਸ਼ਗਿਰਦ ਜਾਂ ਚੇਲੇ ਦੇ ਰੂਪ ਵਿੱਚ, ਬਾਲ (ਗੁਰੂ) ਨਾਨਕ ਜੀ ਦੀ ਸਿੱਖਣ-ਯੋਗਤਾ ਬਾਕਮਾਲ ਸੀ। ਉਹ ਬਹੁਤ ਹੀ ਬੀਬੇ ਸ਼ਗਿਰਦ ਅਤੇ ਹੁਸ਼ਿਆਰ ਪੜ੍ਹਾਕੂ/ਪਾੜ੍ਹੇ ਸਾਬਤ ਹੋਏ। ਇਹ ਇੱਕ ਮੰਨਿਆ ਹੋਇਆ ਤੱਥ ਹੈ ਕਿ ਜਦੋਂ ਕਿਸੇ ਕਾਮਲ ਉਸਤਾਦ ਨੂੰ ਕੋਈ ਲਿਸ਼ਕਾਰੇ ਅਤੇ ਪ੍ਰਤਿਭਾ ਵਾਲਾ ਹੁਸ਼ਿਆਰ ਸ਼ਗਿਰਦ ਮਿਲ ਜਾਂਦਾ ਹੈ ਤਾਂ ਉਸਦਾ ਗਿਆਨ, ਸਿਖਾਉਣ ਯੋਗਤਾ ਅਤੇ ਸਿਰਜਣਾਤਮਕ ਮੂਡ ਵੀ ਪੂਰੇ ਜਲੌਅ ਵਿੱਚ ਆ ਜਾਂਦਾ ਹੈ। ਉਸਤਾਦ ਗੋਪਾਲ ਜੀ, ਸ਼ਗਿਰਦ ਬਾਲ ਨਾਨਕ ਸਾਹਿਬ ਨੂੰ ਜੋ ਕੁੱਝ ਵੀ ਦੱਸਦੇ, ਉਹ ਬਹੁਤ ਜਲਦੀ ਉਸਨੂੰ ਸਮਝ ਅਤੇ ਸਿੱਖ ਜਾਂਦੇ।
ਸਭ ਤੋਂ ਪਹਿਲਾਂ ਪਾਂਧਾ ਜੀ ਨੇ ਅੱਖਰ-ਬੋਧ ਲਈ, ਉਨ੍ਹਾਂ ਨੂੰ ਫੱਟੀ (ਪਟੀ/ਪੱਟੀ) ’ਤੇ ਟਾਕਰੇ (ਉਸ ਸਮੇਂ ਦੀ ਗੁਰਮੁਖੀ ਦੇ) ਅੱਖਰ ਪਾ ਕੇ ਦਿੱਤੇ। ਬਾਲ ਨਾਨਕ ਨੇ ਬਿਜਲਈ ਤੇਜ਼ੀ ਨਾਲ ਇੱਕੋ ਦਿਨ ਵਿੱਚ ਸਾਰੇ ਅੱਖਰ ਸਮਝ ਅਤੇ ਸਿੱਖ ਲਏ। ਉਪਰੰਤ ਸਾਰੀ ਫੱਟੀ, ਦੁਹਰਾਉ ਦੀ ਪ੍ਰਕਿਰਿਆ ਅਧੀਨ ਦੁਬਾਰਾ-ਦੁਬਾਰਾ ਆਪਣੇ ਆਪ ਲਿਖਣੀ ਅਰਥਾਤ ਉਤਾਰਨੀ ਸ਼ੁਰੂ ਕਰ ਦਿੱਤੀ। ਟਾਕਰੀ ਅਤੇ ਦੇਵਨਾਗਰੀ ਭਾਸ਼ਾ/ਲਿਪੀ ਵਿੱਚ ਮੁਹਾਰਤ ਹਾਸਲ ਕਰ ਲੈਣ ਪਿਛੋਂ ਪਾਂਧਾ ਗੋਪਾਲ ਜੀ ਨੇ ਉਨ੍ਹਾਂ ਨੂੰ ਹਿਸਾਬ-ਕਿਤਾਬ (ਮੁਨੀਮੀ) ਦੀ ਸਿਖਲਾਈ ਦੇਣੀ ਆਰੰਭ ਕਰ ਦਿੱਤੀ। ਅੰਕਾਂ ਅਤੇ ਪਹਾੜਿਆਂ ਤੋਂ ਸ਼ੁਰੂ ਹੋਇਆ ਗਣਿਤ ਦੀ ਸਿਖਲਾਈ ਦਾ ਸਫ਼ਰ ਵੀ ਬਾਲ ਨਾਨਕ ਜੀ ਨੇ ਦਿਨਾਂ ਵਿੱਚ ਹੀ ਮੁਕਾ ਲਿਆ। ਛੇਤੀ ਹੀ ਉਹ ਵਿਆਜ ਦੇ ਸਵਾਲਾਂ ਤੱਕ ਅੱਪੜ ਗਏ।
ਬਾਲ ਨਾਨਕ ਜੀ ਦੀ ਤੇਜ਼ੀ, ਸੰਜੀਦਗੀ, ਹੁਸ਼ਿਆਰੀ, ਲਗਨ, ਧਿਆਨ-ਮਗਨਤਾ ਅਤੇ ਵਿਸ਼ੇਸ਼ ਕਰਕੇ ਸਿੱਖਣ-ਯੋਗਤਾ ਵੇਖ, ਪਾਂਧਾ ਗੋਪਾਲ ਜੀ ਡਾਢੇ ਪ੍ਰਸੰਨ ਅਤੇ ਅਸਚਰਜ ਹੋਏ। ਬਾਲ ਨਾਨਕ ਜੀ ਦੀ ਸਿੱਖਣ-ਯੋਗਤਾ ਤੋਂ ਇਲਾਵਾ, ਉਨ੍ਹਾਂ ਨੂੰ ਹੈਰਾਨੀ ਇਸ ਗੱਲ ਦੀ ਵੀ ਸੀ ਕਿ ਅਜਿਹੇ ਆਗਿਆਕਾਰ, ਸੰਜੀਦਾ, ਬੀਬੇ, ਹੁਸ਼ਿਆਰ ਅਤੇ ਪ੍ਰਤਿਭਾਵਾਨ ਪੁੱਤਰ ਤੋਂ ਪਿਤਾ ਮਹਿਤਾ ਕਾਲੂ ਜੀ ਆਖ਼ਰਕਾਰ ਏਨੇ ਨਾਰਾਜ਼, ਔਖੇ ਅਤੇ ਦੁੱਖੀ ਕਿਉਂ ਹਨ? ਬਤੌਰ ਉਸਤਾਦ ਬਾਲ ਨਾਨਕ ਜੀ ਨੂੰ ਨੇੜਿਉਂ ਵਾਚਦਿਆਂ, ਉਨ੍ਹਾਂ ਨੂੰ ਸ਼ਿੱਦਤੀ ਅਹਿਸਾਸ ਇਹ ਹੋਇਆ ਕਿ ਇਹ ਬਾਲ, ਆਮ ਬਾਲਾਂ ਵਰਗਾ ਬਿਲਕੁਲ ਵੀ ਨਹੀਂ। ਬੇਹੱਦ ਸਹਿਜ, ਸਾਊ, ਸੰਜੀਦਾ, ਗਹਿਰ-ਗੰਭੀਰ, ਆਗਿਆਕਾਰ ਅਤੇ ਸੂਝ-ਬੂਝ ਵਾਲਾ ਹੈ। ਅੱਖਾਂ ਵਿੱਚ ਅਨੋਖੀ ਚਮਕ ਹੈ। ਅੰਤਾਂ ਦਾ ਊਰਜਾਵਾਨ ਹੈ। ਸਦਾ ਖਿੜਿਆ ਰਹਿੰਦਾ ਹੈ, ਮੁਸਕਰਾਉਂਦਾ ਰਹਿੰਦਾ ਹੈ। ਕੋਈ ਕੰਮ ਕਹੀਏ, ਚਾਂਈ-ਚਾਂਈ ਕਰਦਾ ਹੈ, ਰਤੀ ਭਰ ਵੀ ਮੱਥੇ ਵੱਟ ਨਹੀਂ ਪਾਉਂਦਾ। ਨਾਂਹ-ਨੁਕਰ ਨਹੀਂ ਕਰਦਾ। ਆਮ ਜਨ-ਸਾਧਾਰਣ ਬਾਲਾਂ ਦੇ ਐਨ ਉਲਟ ਸ਼ਰਾਰਤੀ, ਖਰੂਦੀ ਅਤੇ ਗੈਰ-ਜ਼ਿੰਮੇਵਾਰ ਤਾਂ ਬਿਲਕੁਲ ਵੀ ਨਹੀਂ ਹੈ।
ਇੱਕ ਸੁਹਿਰਦ, ਸੰਜੀਦਾ ਅਤੇ ਸਕਰਮਕ ਵਿਦਿਆਰਥੀ ਵਾਂਗ ਵਿਚਰਦਿਆਂ, ਬਾਲ ਨਾਨਕ ਜੀ ਨੇ ਜਦੋਂ ਦਿਨਾਂ ਵਿੱਚ ਹੀ ਬੜੀ ਤੇਜ਼ੀ ਅਤੇ ਕਾਰਜ-ਕੁਸ਼ਲਤਾ ਨਾਲ ਦੇਵਨਾਗਰੀ ਅਤੇ ਟਾਕਰੀ ਦਾ ਸਮੁੱਚਾ ਭਾਸ਼ਾਈ ਅਤੇ ਹਿਸਾਬ-ਕਿਤਾਬ ਦਾ ਸਾਰਾ ਗਿਆਨ ਹਾਸਲ/ਅਰਜਿਤ ਕਰ ਲਿਆ ਤਾਂ ਪਾਂਧਾ ਗੋਪਾਲ ਜੀ ਨੇ ਉਨ੍ਹਾਂ ਨੂੰ ਆਹਰੇ ਲਾਈ ਰੱਖਣ, ਅਤੇ ਇਸ ਤੋਂ ਵੀ ਵੱਧ, ਉਨ੍ਹਾਂ ਨੂੰ ਲੰਮੇ ਅਰਸੇ ਤੱਕ ਆਪਣੇ ਕੋਲ ਬਣਾਈ ਰੱਖਣ ਦੇ ਮਕਸਦ ਦੀ ਪੂਰਤੀ ਹਿਤ, ਦੁਹਰਾਈ ਦਾ ਕੰਮ ਆਰੰਭ ਕਰਵਾ ਦਿੱਤਾ।
ਦੁਹਰਾਈ ਦੀ ਪ੍ਰਕਿਰਿਆ ਅਤੇ ਸਮੇਂ ਦੌਰਾਨ, ਸੀਨੇ ਠੰਢ ਪਾਉਣ ਵਾਲੇ ਇੱਕ ਤੇਜੱਸਵੀ, ਕਾਬਲ, ਹੁਸ਼ਿਆਰ ਅਤੇ ਚੁੰਬਕੀ ਖਿੱਚ ਵਾਲੇ ਸ਼ਗਿਰਦ (ਬਾਲ ਨਾਨਕ) ਅੱਗੇ ਦਿਲ ਹਾਰ ਚੁੱਕੇ ਉਸਤਾਦ ਪੰਡਿਤ ਗੋਪਾਲ ਜੀ ਨੇ, ਬੜੀ ਅਸਚਰਜਤਾਈ ਨਾਲ ਨੇੜਿਉਂ ਤੱਕਿਆ ਕਿ ਪੜ੍ਹਾਈ-ਲਿਖਾਈ ਕਰਦਿਆਂ-ਕਰਦਿਆਂ ਕਿਸੇ-ਕਿਸੇ ਵੇਲੇ, ਬਾਲ ਨਾਨਕ ਅੱਖਾਂ ਮੀਟ ਕੇ ਧਿਆਨ-ਮਗਨ ਹੋ ਜਾਂਦਾ ਹੈ। ਕਿਸੇ ਹੋਰ ਹੀ ਦੁਨੀਆ ਵਿੱਚ ਗਵਾਚ ਜਾਂਦਾ ਹੈ, ਗੁੰਮ-ਸੁੰਮ ਹੋ ਜਾਂਦਾ ਹੈ। ਪਹਿਲਾਂ ਪਹਿਲ ਉਨ੍ਹਾਂ ਨੂੰ ਲੱਗਿਆ ਸ਼ਾਇਦ ਸੌਂ ਜਾਂਦਾ ਹੈ, ਪਰ ਜਲਦੀ ਹੀ ਅਹਿਸਾਸ ਹੋਇਆ ਕਿ ਇਹ ਸੌਂਦਾ ਨਹੀਂ ਸਗੋਂ ਅੰਤਰ-ਧਿਆਨ ਹੋ ਜਾਂਦਾ ਹੈ। ਅੰਤਰ-ਯਾਤਰਾ ਕਰਦਿਆਂ, ਅੰਤਰ-ਆਤਮੇ ਡੂੰਘਾ ਉਤਰ ਜਾਂਦਾ ਹੈ। ਸਮਾਧੀ-ਲੀਨ ਹੋ ਜਾਂਦਾ ਹੈ। ਨਾਲ ਦੀ ਨਾਲ ਕਿਸੇ ਅਨੋਖੇ ਵਿਸਮਾਦੀ ਅਰਥਾਤ ਪਰਮਾਤਮੀ ਰੰਗ ਵਿੱਚ ਰੰਗਿਆ ਵੀ ਜਾਂਦਾ ਹੈ।
                                                                       ਚਲਦਾ....


ਜਗਜੀਵਨ ਸਿੰਘ (ਡਾ.)
ਫੋਨ: 99143—01328

jasbir singh

This news is Edited By jasbir singh