Navratri 2022 : ਅੱਸੂ ਦੇ ਨਰਾਤਿਆਂ ''ਚ 9 ਦਿਨ ਪਾਓ ਇਸੇ ਰੰਗ ਦੇ ਕੱਪੜੇ, ਹੋਣਗੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ

09/26/2022 11:10:20 AM

ਜਲੰਧਰ (ਬਿਊਰੋ) -  ਹਿੰਦੂ ਧਰਮ 'ਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਿੰਦੂ ਧਰਮ ਦੇ ਲੋਕ ਨਰਾਤੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਂਦੇ ਹਨ। ਨਰਾਤਿਆਂ ਦੇ 9 ਦਿਨਾਂ ਦੌਰਾਨ ਮਾਂ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਧਾਲੂ ਮਾਂ ਨੂੰ ਖੁਸ਼ ਕਰਨ ਲਈ ਵਰਤ ਵੀ ਰੱਖਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਨਰਾਤਿਆਂ ਦੌਰਾਨ ਦੁਰਗਾ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਨਰਾਤਿਆਂ ਦਾ ਸ਼ੁੱਭ ਮਹੂਰਤ 3:15 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਪਹਿਲੀ ਪੂਜਾ ਦਾ ਸ਼ੁੱਭ ਮਹੂਰਤ ਸਵੇਰੇ 6:11 ਤੋਂ ਸਵੇਰੇ 8 ਵਜੇ ਤੱਕ ਸੀ। ਇਸ ਸ਼ੁੱਭ ਮੌਕੇ 'ਤੇ ਗਾਂ ਦੇ ਘਿਓ ਦਾ ਦੀਵਾ ਜਗਾ ਕੇ ਦੁਰਗਾ ਚਾਲੀਸਾ ਦਾ ਪਾਠ ਕਰੋ ਅਤੇ ਗਾਂ ਦੇ ਗੋਹੇ 'ਤੇ ਗੁੱਗਲ ਦੀ ਧੂਪ ਲਗਾ ਕੇ ਮਾਤਾ ਦਾ ਸਵਾਗਤ ਕਰੋ ਅਤੇ ਵਰਤ ਰੱਖੋ। ਜੇਕਰ ਸੰਭਵ ਹੋ ਸਕੇ ਤਾਂ 9 ਦਿਨਾਂ ਲਈ ਪਿਆਜ਼ ਅਤੇ ਲਸਣ ਤੋਂ ਦੂਰੀ ਬਣਾ ਲਓ। ਇਸ ਦਿਨ ਮੰਦਰ 'ਚ ਜਾ ਕੇ ਮਾਂ ਦੁਰਗਾ ਨੂੰ ਉਨ੍ਹਾਂ ਦੀ ਮਨਪਸੰਦ ਲਾਲ ਚੁੰਨੀ ਭੇਟ ਕਰਨਾ ਨਾ ਭੁੱਲੋ। ਮੰਨਿਆ ਜਾਂਦਾ ਹੈ ਕਿ ਇਸ ਵਾਰ ਮਾਂ ਦੁਰਗਾ ਹਾਥੀ 'ਤੇ ਸਵਾਰ ਹੋ ਕੇ ਆ ਰਹੀ ਹੈ, ਯਾਨੀ ਇਸ ਵਾਰ ਮਾਂ ਦੁਰਗਾ ਦਾ ਵਾਹਨ ਹਾਥੀ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਐਤਵਾਰ ਅਤੇ ਸੋਮਵਾਰ ਤੋਂ ਨਰਾਤੇ ਸ਼ੁਰੂ ਹੁੰਦੇ ਹਨ ਤਾਂ ਮਾਂ ਹਾਥੀ 'ਤੇ ਬੈਠ ਕੇ ਆਉਂਦੀ ਹੈ।
ਦੱਸ ਦਈਏ ਕਿ ਨਰਾਤਿਆਂ ਦੇ 9 ਦਿਨਾਂ ਤੱਕ ਮਾਂ ਦੁਰਗਾ ਜੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਚੀਜ਼ਾਂ ਦੇ ਭੋਗ ਲਗਾਏ ਜਾਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਨਰਾਤਿਆਂ ਦੇ ਵਰਤ ਰੱਖਦੇ ਹਨ। ਇਸੇ ਲਈ ਜੇਕਰ ਨਰਾਤਿਆਂ ਦੇ ਦਿਨਾਂ 'ਚ ਵੱਖ-ਵੱਖ ਰੰਗਾਂ ਦੇ ਕੱਪੜੇ ਪਾ ਕੇ ਮਾਂ ਦੀ ਪੂਜਾ ਕੀਤੀ ਜਾਵੇ ਤਾਂ ਮਾਂ ਖ਼ੁਸ਼ ਹੋ ਕੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਨਰਾਤਿਆਂ ਦੇ ਇਨ੍ਹਾਂ 9 ਦਿਨਾਂ 'ਚ ਤੁਹਾਡੇ ਲਈ ਕਿਹੜੇ ਦਿਨ ਕਿਹੜੇ ਰੰਗ ਦੇ ਕੱਪੜੇ ਪਾਉਣੇ ਸ਼ੁੱਭ ਹਨ....

ਪਹਿਲੇ ਦਿਨ ਪੀਲੇ ਰੰਗ ਦੇ ਕੱਪੜੇ
ਪਹਿਲੇ ਦਿਨ ਮਾਂ ਦੁਰਗਾ ਦੇ ਪਹਿਲੇ ਰੂਪ ਮਾਤਾ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਮਾਂ ਦੇ ਭਗਤਾਂ ਨੂੰ ਪੀਲੇ ਰੰਗ ਦੇ ਕੱਪੜੇ ਪਾ ਕੇ ਮਾਂ ਦੀ ਅਰਾਧਨਾ ਕਰਨੀ ਚਾਹੀਦੀ ਹੈ।

ਦੂਜਾ ਦਿਨ ਹਰੇ ਰੰਗ ਦੇ ਕੱਪੜੇ
ਦੂਜੇ ਦਿਨ ਮਾਂ ਬ੍ਰਹਮਚਾਰਣੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਮਾਨਤਾ ਅਨੁਸਾਰ ਇਸ ਦਿਨ ਭਗਤਾਂ ਨੂੰ ਹਰੇ ਰੰਗ ਦੇ ਕੱਪੜੇ ਪਹਿਨ ਕੇ ਮਾਂ ਦੀ ਪੂਜਾ ਅਰਚਨਾ ਕਰਨੀ ਚਾਹੀਦੀ ਹੈ।

ਤੀਜਾ ਦਿਨ ਭੂਰੇ ਰੰਗ ਦੇ ਕੱਪੜੇ
ਨਰਾਤੇ ਦੇ ਤੀਜੇ ਦਿਨ ਮਾਂ ਦੁਰਗਾ ਦੇ ਚੰਦਰਘੰਟਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਭਗਤਾਂ ਨੂੰ ਭੂਰੇ ਰੰਗ ਦੇ ਕੱਪੜੇ ਪਾ ਕੇ ਮਾਂ ਦੀ ਪੂਜਾ ਅਰਚਨਾ ਕਰਨੀ ਚਾਹੀਦੀ ਹੈ। 

ਚੌਥੇ ਦਿਨ ਨਾਰੰਗੀ ਰੰਗ ਦੇ ਕੱਪੜੇ
ਨਰਾਤੇ ਦੇ ਚੌਥੇ ਦਿਨ ਦੁਰਗਾ ਮਾਂ ਦੇ ਕੁਸ਼ਮਾਂਡਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਮਾਂ ਦੇ ਭਗਤਾਂ ਨੂੰ ਨਾਰੰਗੀ ਰੰਗ ਦੇ ਕੱਪੜੇ ਪਾ ਕੇ ਪੂਜਾ ਅਰਚਨਾ ਕਰਨੀ ਚਾਹੀਦੀ ਹੈ। ਇਸ ਨਾਲ ਮਾਂ ਖ਼ੁਸ਼ ਹੋ ਕੇ ਆਪਣੇ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ।

ਪੰਜਵੇਂ ਦਿਨ ਸਫੇਦ ਰੰਗ ਦੇ ਕੱਪੜੇ
5ਵੇਂ ਦਿਨ ਮਾਂ ਸਕੰਦਮਾਤਾ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਇਸ ਮਾਂ ਨੂੰ ਆਪਣੇ ਭਗਤ ਸਫੇਦ ਰੰਗ ਦੇ ਕੱਪੜਿਆਂ 'ਚ ਪਸੰਦ ਆਉਂਦੇ ਹਨ। ਇਸ ਲਈ ਇਸ ਦਿਨ ਸਫੇਦ ਰੰਗ ਦੇ ਕੱਪੜੇ ਪਾ ਕੇ ਪੂਜਾ ਅਰਚਨਾ ਕਰਨੀ ਚਾਹੀਦੀ ਹੈ।

6ਵੇਂ ਦਿਨ ਲਾਲ ਰੰਗ ਦੇ ਕੱਪੜੇ
6ਵੇਂ ਦਿਨ ਮਾਂ ਕਾਤਯਾਨੀ ਦੀ ਪੂਜਾ ਕਰਨ ਦਾ ਰਿਵਾਜ ਹੈ। ਮਾਂ ਕਾਤਯਾਨੀ ਨੂੰ ਲਾਲ ਰੰਗ ਦੇ ਕੱਪੜੇ ਕਾਫੀ ਪਸੰਦ ਹਨ। ਇਸ ਲਈ ਭਗਤਾਂ ਨੂੰ ਲਾਲ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ।

7ਵੇਂ ਦਿਨ ਨੀਲੇ ਰੰਗ ਦੇ ਕੱਪੜੇ
7ਵੇਂ ਦਿਨ ਮਾਂ ਕਾਲਰਾਤਰੀ ਦੀ ਪੂਜਾ ਅਰਚਨਾ ਹੁੰਦੀ ਹੈ। ਭਗਤਾਂ ਨੂੰ ਇਸ ਦਿਨ ਨੀਲੇ ਕੱਪੜੇ ਪਾ ਕੇ ਪੂਜਾ ਅਰਚਨਾ ਕਰਨੀ ਚਾਹੀਦੀ ਹੈ।

8ਵੇਂ ਦਿਨ ਗੁਲਾਬੀ ਰੰਗ ਦੇ ਕੱਪੜੇ
8ਵੇਂ ਦਿਨ ਮਾਂ ਦੁਰਗਾ ਦੇ 8ਵੇਂ ਰੂਪ ਮਹਾਗੌਰੀ ਦੀ ਪੂਜਾ ਹੁੰਦੀ। ਇਸ ਦਿਨ ਪੂਜਨ ਕਰਦੇ ਸਮੇਂ ਭਗਤਾਂ ਨੂੰ ਗੁਲਾਬੀ ਰੰਗ ਦੇ ਕੱਪੜੇ ਪਾਉਣ ਚਾਹੀਦੇ ਹਨ।

9ਵੇਂ ਦਿਨ ਜਾਮਣੀ ਰੰਗ ਦੇ ਕੱਪੜੇ
9ਵੇਂ ਦਿਨ ਯਾਨੀ ਆਖ਼ਰੀ ਦਿਨ ਮਾਂ ਦੁਰਗਾ ਦੇ ਸਿੱਦੀਦਾਤਰੀ ਰੂਪ ਦੀ ਪੂਜਾ ਅਰਚਨਾ ਕਰਨੀ ਚਾਹੀਦੀ ਹੈ। ਇਸ ਭਗਤਾਂ ਲਈ ਜਾਮਣੀ ਰੰਗ ਦੇ ਕੱਪੜੇ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ।

ਕਿਉਂ ਮਨਾਏ ਜਾਂਦੇ ਹਨ ਅੱਸੂ ਦੇ ਨਰਾਤੇ ?
ਹਿੰਦੂਆਂ ਮਾਨਤਾਵਾਂ ਅਨੁਸਾਰ ਅੱਸੂ ਦੇ ਨਰਾਤਿਆਂ ਦਾ ਸਬੰਧ ਭਗਵਾਨ ਸ਼੍ਰੀ ਰਾਮ ਜੀ ਨਾਲ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨਰਾਤਿਆਂ ਦੀ ਸ਼ੁਰੂਆਤ ਰਾਮ ਜੀ ਨੇ ਕੀਤੀ ਸੀ। ਭਗਵਾਨ ਸ਼੍ਰੀ ਰਾਮ ਜੀ ਨੇ ਸਭ ਤੋਂ ਪਹਿਲਾਂ ਸਮੁੰਦਰ ਦੇ ਕਿਨਾਰੇ ਅੱਸੂ ਦੇ ਨਰਾਤਰਿਆਂ ਦੀ ਪੂਜਾ ਕਰਨੀ ਸ਼ੁਰੂ ਕੀਤੀ ਸੀ। ਸ਼੍ਰੀ ਰਾਮ ਨੇ ਪੂਰੇ ਰੀਤੀ-ਰਿਵਾਜਾਂ ਨਾਲ ਇਹ ਪੂਜਾ ਲਗਾਤਾਰ 9 ਦਿਨ ਕੀਤੀ। ਇਸ ਤੋਂ ਬਾਅਦ 10ਵੇਂ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰਿਆ ਸੀ। ਇਹੀ ਕਾਰਨ ਹੈ ਕਿ ਅੱਸੂ ਨਰਾਤਿਆਂ 'ਚ 9 ਦਿਨਾਂ ਤੱਕ ਦੁਰਗਾ ਮਾਂ ਦੀ ਪੂਜਾ ਕਰਨ ਤੋਂ ਬਾਅਦ 10ਵੇਂ ਦਿਨ ਦੇਸ਼ ਭਰ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਪੂਜਾ ਸਮੱਗਰੀ ਦੀ ਪੂਰੀ ਸੂਚੀ
ਅੱਸੂ ਦੇ ਨਰਾਤੇ 26 ਸਤੰਬਰ, 2022 ਨੂੰ ਸ਼ੁਰੂ ਹੋ ਰਹੇ ਹਨ। ਨਰਾਤਿਆਂ ’ਚ ਮਾਤਾ ਦੇ 9 ਰੂਪਾਂ ਦੀ ਪੂਜਾ ਕਰਨ ਲਈ ਖ਼ਾਸ ਪੂਜਾ ਸਮੱਗਰੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਲ ਲਈ ਲਾਲ ਚੁੰਨੀ, ਲਾਲ ਪਹਿਰਾਵਾ, ਮੌਲੀ, ਮੇਕਅਪ ਉਪਕਰਣ, ਦੀਵਾ, ਘਿਓ/ਤੇਲ, ਧੁੱਪ, ਨਾਰੀਅਲ, ਸਾਫ਼ ਚੌਲ, ਕੁਮਕੁਮ, ਫੁੱਲ, ਦੇਵੀ ਦੀ ਤਸਵੀਰ, ਪਾਨ, ਸੁਪਾਰੀ, ਲੌਂਗ, ਇਲਾਇਚੀ, ਬਤਾਸ਼ੇ ਜਾਂ ਮਿਸਰੀ, ਕਪੂਰ, ਫਲ, ਮਿਠਆਈ, ਕਲਾਵਾ ਆਦਿ ਸਮੱਗਰੀ ਦੀ ਲੋੜ ਹੁੰਦੀ ਹੈ।

sunita

This news is Content Editor sunita