Krishna Janmashtami: ਜਾਣੋ ਕਿਉਂ ਤੇ ਕਿਵੇਂ ਮਨਾਈ ਜਾਂਦੀ ਹੈ ਕ੍ਰਿਸ਼ਨ ਜਨਮ ਅਸ਼ਟਮੀ, ਕੀ ਹੈ ਇਸ ਦਾ ਮਹੱਤਵ

09/06/2023 8:56:38 AM

ਜਲੰਧਰ (ਬਿਊਰੋ) - ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਕ੍ਰਿਸ਼ਨ ਜਨਮ ਅਸ਼ਟਮੀ ਹਰ ਸਾਲ ਭਾਦੋ ਮਹੀਨੇ ਦੀ ਅਸ਼ਟਮੀ ਤਰੀਖ਼ ਨੂੰ ਮਨਾਈ ਜਾਂਦੀ ਹੈ। ਮਾਨਤਾਵਾਂ ਅਨੁਸਾਰ ਸ਼੍ਰੀ ਕ੍ਰਿਸ਼ਨ ਦਾ ਜਨਮ ਅਸ਼ਟਮੀ ਵਾਲੇ ਦਿਨ ਰੋਹਿਣੀ ਨਕਸ਼ਤਰ ਦੀ ਅੱਧੀ ਰਾਤ ਨੂੰ ਮਥੁਰਾ ਵਿੱਚ ਹੋਇਆ ਸੀ। ਇਸ ਸਾਲ ਜਨਮ ਅਸ਼ਟਮੀ 6 ਅਤੇ 7 ਸਤੰਬਰ ਨੂੰ ਦੋਵੇਂ ਦਿਨ ਮਨਾਈ ਜਾ ਰਹੀ ਹੈ। ਇਸ ਦਿਨ ਭਾਰਤ ਦੇ ਸਾਰੇ ਮੰਦਰਾਂ ਨੂੰ ਬਹੁਤ ਖ਼ੂਬਸੂਰਤ ਤਰੀਕੇ ਨਾਲ ਸਜਾਇਆ ਜਾਂਦਾ ਹੈ। ਰਾਤ ਦੇ 12 ਵਜੇ ਸ਼੍ਰੀ ਕ੍ਰਿਸ਼ਨ ਦਾ ਜਨਮ ਹੁੰਦਾ ਹੈ। 

ਜਾਣੋ ਕਿਉਂ ਮਨਾਈ ਜਾਂਦੀ ਹੈ ਕ੍ਰਿਸ਼ਨ ਜਨਮ ਅਸ਼ਟਮੀ
ਧਰਤੀ 'ਤੇ ਜਦੋਂ ਵੀ ਪਾਪ ਅਤੇ ਅਧਰਮ ਵਧਦੇ ਹਨ, ਤਾਂ ਇਨ੍ਹਾਂ ਚੀਜ਼ਾਂ ਨੂੰ ਘਟਾਉਣ ਲਈ ਪਰਮਾਤਮਾ ਨੂੰ ਖੁਦ ਧਰਤੀ 'ਤੇ ਅਵਤਾਰ ਧਾਰਣ ਕਰਨਾ ਪੈਦਾ ਹੈ। ਅਜਿਹਾ ਅਵਤਾਰ ਭਗਵਾਨ ਵਿਸ਼ਨੂੰ ਨੇ ਧਰਤੀ 'ਤੇ ਲਿਆ ਸੀ। ਸ਼੍ਰੀ ਕ੍ਰਿਸ਼ਨ ਭਗਵਾਨ ਵਿਸ਼ਨੂੰ ਦੇ 8ਵੇਂ ਅਵਤਾਰ ਸਨ। ਉਨ੍ਹਾਂ ਨੇ ਮਥੁਰਾ ਦੀ ਰਾਜਕੁਮਾਰੀ ਦੇਵਕੀ ਅਤੇ ਵਾਸੁਦੇਵ ਦੇ ਅੱਠਵੇਂ ਬੱਚੇ ਦੇ ਰੂਪ ਵਿੱਚ ਧਰਤੀ ਦੇ ਤਲ 'ਤੇ ਅਵਤਾਰ ਲਿਆ ਸੀ। ਸ਼੍ਰੀ ਕ੍ਰਿਸ਼ਨ ਜੀ ਨੇ ਜਨਮ ਤੋਂ ਹੀ ਬਹੁਤ ਸਾਰੇ ਚਮਤਕਾਰ ਕੀਤੇ ਸਨ। ਉਸ ਦੇ ਜਨਮ ਨਾਲ ਸਬੰਧਤ ਕਈ ਅਜਿਹੀਆਂ ਕਹਾਣੀਆਂ ਹਨ, ਜੋ ਮਨੁੱਖ ਨੂੰ ਸਿੱਖਿਆ ਦਿੰਦੀਆਂ ਹਨ। ਜਨਮ ਅਸ਼ਟਮੀ ਨੂੰ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। 

ਜਨਮ ਅਸ਼ਟਮੀ ਦਾ ਮਹੱਤਵ
ਭਾਰਤ ਵਿੱਚ ਹਰੇਕ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਵੀ ਉਨ੍ਹਾਂ ਤਿਉਹਾਰਾਂ ਵਿੱਚੋਂ ਇੱਕ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਸ਼੍ਰੀ ਕ੍ਰਿਸ਼ਨ 3 ਦੇਵਤੇ (ਬ੍ਰਹਮਾ, ਵਿਸ਼ਨੂੰ, ਮਹੇਸ਼) ’ਚੋਂ ਭਗਵਾਨ ਵਿਸ਼ਨੂੰ ਦੇ ਅਵਤਾਰ ਹਨ। ਹਿੰਦੂ ਧਰਮ ਅਨੁਸਾਰ ਕੰਸ ਦੇ ਅੱਤਿਆਚਾਰਾਂ ਨੂੰ ਸਹਿਣ ਕਰਦੇ ਹੋਏ ਉਸਦੀ ਭੈਣ ਦੇਵਕੀ ਨੇ ਭਾਦਰਪਦ ਦੇ ਕ੍ਰਿਸ਼ਨ ਪੱਖ ਦੇ ਅੱਠਵੇਂ ਦਿਨ ਕ੍ਰਿਸ਼ਨ ਨੂੰ ਅੱਠਵੇਂ ਬੱਚੇ ਵਜੋਂ ਜਨਮ ਦਿੱਤਾ ਸੀ। ਕੰਸ ਦੇ ਅੱਤਿਆਚਾਰਾਂ ਤੋਂ ਧਰਤੀ ਨੂੰ ਬਚਾਉਣ ਲਈ ਭਗਵਾਨ ਵਿਸ਼ਨੂੰ ਨੇ ਖੁਦ ਧਰਤੀ 'ਤੇ ਅਵਤਾਰ ਧਾਰਿਆ ਸੀ। ਇਨ੍ਹਾਂ ਮਾਨਤਾਵਾਂ ਅਨੁਸਾਰ ਹਰ ਸਾਲ ਭਾਦਰਪਦ ਦੀ ਅਸ਼ਟਮੀ ਤਰੀਖ਼ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਂਦੀ ਹੈ। 

ਇੰਝ ਮਨਾਈ ਜਾਂਦੀ ਹੈ ਜਨਮ ਅਸ਼ਟਮੀ
ਜਨਮ ਅਸ਼ਟਮੀ ’ਤੇ ਹਰ ਸਾਲ ਕਈ ਲੋਕ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲੈਣ ਲਈ ਵਰਤ ਰੱਖਦੇ ਹਨ। ਵਰਤ ਰੱਖ ਕੇ ਲੋਕ ਅੱਧੀ ਰਾਤ ਨੂੰ ਪੂਰੀ ਵਿਧੀ ਨਾਲ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਹਨ। ਇਸ ਦਿਨ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਸੁੰਦਰ ਕੱਪੜੇ ਪਹਿਨਾਏ ਜਾਂਦੇ ਹਨ। ਉਨ੍ਹਾਂ ਦੇ ਝੂਲੇ ਨੂੰ ਫੁਲਾਂ ਨਾਲ ਸਜਾਉਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਝੂਲੇ ’ਚ ਵਿਰਾਜਮਾਨ ਕੀਤਾ ਜਾਂਦਾ ਹੈ। ਬਾਲ ਗੋਪਾਲ ਜੀ ਨੂੰ ਝੂਲੇ ‘ਚ ਬਿਠਾ ਕੇ ਖੂਬ ਝੁਲਾਇਆ ਜਾਂਦਾ ਹੈ। ਉਨ੍ਹਾਂ ਨੂੰ ਮੱਖਣ, ਮਿਸ਼ਰੀ, ਦੁੱਧ-ਦਹੀਂ ਸਣੇ ਕਈ ਵੱਖ-ਵੱਖ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ। ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੀ ਖੁਸ਼ੀ ਵਿੱਚ ਲੋਕ ਸ਼ਰਧਾ ਅਨੁਸਾਰ ਕੀਰਤਨ ਅਤੇ ਭਜਨ ਕਰਦੇ ਹਨ। ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਵੱਖ-ਵੱਖ ਪਕਵਾਨ ਤਿਆਰ ਕੀਤੇ ਜਾਂਦੇ ਹਨ। ਮੰਦਰਾਂ ਅਤੇ ਘਰਾਂ ਨੂੰ ਵੀ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ ਹੈ। 

rajwinder kaur

This news is Content Editor rajwinder kaur