ਕੁਆਰੀਆਂ ਕੁੜੀਆਂ ਇਸ ਤਰ੍ਹਾਂ ਰੱਖਣ 'ਹਰਤਾਲਿਕਾ ਤੀਜ' ਦਾ ਵਰਤ, ਜਾਣੋ ਪੂਜਾ ਵਿਧੀ ਤੇ ਮਹੱਤਵ

08/21/2020 10:52:19 AM

ਨਵੀਂ ਦਿੱਲੀ (ਬਿਊਰੋ) : ਇਸ ਸਾਲ ਹਰਤਾਲਿਕਾ ਤੀਜ 21 ਅਗਸਤ ਯਾਨੀ ਕੱਲ ਸ਼ੁੱਕਰਵਾਰ ਨੂੰ ਹੈ। ਕੁਆਰੀਆਂ ਕੁੜੀਆਂ ਯੋਗ ਜੀਵਨਸਾਥੀ ਮਿਲਣ ਦੀ ਕਾਮਨਾ ਨਾਲ ਹਰਤਾਲਿਕਾ ਤੀਜ ਦਾ ਵਰਤ ਰੱਖਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਵੀ ਮਾਤਾ ਪਾਰਵਤੀ ਵਾਂਗ ਉਨ੍ਹਾਂ ਦਾ ਮਨਚਾਹਿਆ ਵਰ ਪ੍ਰਾਪਤ ਹੋ ਸਕੇ। ਹਰਤਾਲਿਕਾ ਤੀਜ ਦੇ ਦਿਨ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ, ਨਾਲ ਹੀ ਭਗਵਾਨ ਗਣੇਸ਼ ਦੀ ਵੀ ਪੂਜਾ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦਾ ਵਰਤ ਬਿਨਾਂ ਕਿਸੇ ਰੁਕਵਾਟ ਦੇ ਸੰਪੂਰਨ ਹੋ ਸਕੇ। ਇਸ ਵਾਰ ਜੋ ਕੁੜੀਆਂ ਪਹਿਲੀ ਵਾਰ ਹਰਤਾਲਿਕਾ ਤੀਜ ਦਾ ਵਰਤ ਰੱਖਣਾ ਚਾਹੁੰਦੀਆਂ ਹਨ, ਆਓ ਜਾਣਦੇ ਹਾਂ ਵਰਤ ਅਤੇ ਪੂਜਾ ਦੀ ਪੂਰੀ ਵਿਧੀ ਬਾਰੇ :-

ਹਰਤਾਲਿਕਾ ਤੀਜ- ਕੁਆਰੀਆਂ ਕੁੜੀਆਂ ਲਈ ਮਹੱਤਵ
ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਜੀ ਨੂੰ ਪਤੀ ਦੇ ਰੂਪ 'ਚ ਪਾਉਣ ਲਈ ਸਖ਼ਤ ਤਪੱਸਿਆ ਕੀਤੀ। ਇਸ ਲਈ ਉਨ੍ਹਾਂ ਨੇ ਆਪਣੇ ਹੱਥੀਂ ਖ਼ੁਦ ਸ਼ਿਵਲਿੰਗ ਬਣਾਇਆ ਤੇ ਉਸ ਦੀ ਵਿਧੀ ਪੂਰਵਕ ਪੂਜਾ ਕੀਤੀ। ਇਸ ਦੇ ਫਲਸਰੂਪ ਭਗਵਾਨ ਸ਼ਿਵ ਜੀ ਉਨ੍ਹਾਂ ਨੂੰ ਪਤੀ ਦੇ ਰੂਪ 'ਚ ਪ੍ਰਾਪਤ ਹੋਏ। ਕੁਆਰੀਆਂ ਕੁੜੀਆਂ ਯੋਗ ਵਰ ਦੇ ਮਨੋਰਥ ਨਾਲ ਹਰਤਾਲਿਕਾ ਤੀਜ ਦਾ ਵਰਤ ਰੱਖਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਵੀ ਮਾਤਾ ਪਾਵਰਤੀ ਵਾਂਗ ਮਨਚਾਹਿਆ ਵਰ ਪ੍ਰਾਪਤ ਹੋ ਸਕੇ।

ਪੂਜਾ ਵਿਧੀ :-
ਭਾਦੋਂ ਮਹੀਨੇ ਦੇ ਚਾਨਣ ਪੱਖ ਦੀ ਤੀਜੀ ਯਾਨੀ 21 ਅਗਸਤ ਨੂੰ ਸਵੇਰੇ ਇਸ਼ਨਾਨ ਕਰ ਕੇ ਸਾਫ਼ ਕੱਪੜੇ ਪਹਿਨ ਲੈਣ। ਉਸ ਦੀ ਬਾਅਦ ਪੂਜਾ ਸਥਾਨ ਦੀ ਸਫ਼ਾਈ ਕਰੋ। ਹੁਣ ਹੱਥ 'ਚ ਜਲ ਤੇ ਫੁੱਲ ਲੈ ਕੇ ਹਰਤਾਲਿਕਾ ਤੀਜ ਵਰਤ ਦਾ ਸੰਕਲਪ ਲਵੋ। ਇਸ ਤੋਂ ਬਾਅਦ ਸਵੇਰੇ-ਸ਼ਾਮ ਪੂਜਾ ਮਹੂਰਤ ਦਾ ਧਿਆਨ ਰੱਖ ਕੇ ਪੂਜਾ ਕਰੋ।

ਇਸ ਤਰੀਕੇ ਨਾਲ ਕਰੋ ਪੂਜਾ
ਸਭ ਤੋਂ ਪਹਿਲਾਂ ਮਿੱਟੀ ਦਾ ਇੱਕ ਸ਼ਿਵਲਿੰਗ, ਮਾਤਾ ਪਾਰਵਤੀ ਤੇ ਗਣੇਸ਼ ਦੀ ਇੱਕ ਮੂਰਤਾ ਬਣਾ ਲਵੋ। ਹੁਣ ਸਭ ਤੋਂ ਪਹਿਲਾਂ ਭਗਵਾਨ ਸ਼ਿਵ ਨੂੰ ਗੰਗਾ ਜਲ ਨਾਲ ਇਸ਼ਨਾਨ ਕਰਵਾਓ। ਉਸ ਨੂੰ ਭੰਗ, ਧਤੂਰਾ, ਬੇਲ ਪੱਤਰ, ਸਫ਼ੈਦ ਚੰਦਨ, ਚਿੱਟੇ ਫੁੱਲ, ਫਲ ਆਦਿ ਅਰਪਿਤ ਕਰੋ। ਇਸ ਦੌਰਾਨ ਓਮ ਨਮ:ਸ਼ਿਵਾਏ ਮੰਤਰ ਦਾ ਉਚਾਰਨ ਕਰੋ। ਫਿਰ ਮਾਤਾ ਪਾਰਵਤੀ ਨੂੰ ਚੌਲ, ਸੰਧੂਰ, ਫੁੱਲ, ਫਲ, ਧੂਫ, ਦੀਵਾ ਆਦਿ ਅਰਪਿਤ ਕਰੋ। ਇਸ ਦੌਰਾਨ ਓਮ ਉਮਾਏ ਨਮ: ਮੰਤਰ ਦਾ ਜਾਪ ਕਰੋ। ਤੁਸੀਂ ਯੋਗ ਵਰ ਦੀ ਕਾਮਨਾ ਲਈ ਇਹ ਵਰਤ ਰੱਖ ਰਹੇ ਹੋ, ਇਸ ਲਈ ਮਾਤਾ ਨੂੰ ਸੁਹਾਗ ਦੀ ਸਮੱਗਰੀ ਜਿਵੇਂ ਮਹਿੰਦੀ, ਚੂੜੀਆਂ, ਚੁੰਨੀ, ਸਾੜੀ, ਸੰਧੂਰ, ਕੰਗਣ ਆਦਿ ਅਰਪਿਤ ਕਰੋ। ਇਸ ਤੋਂ ਬਾਅਦ ਗਣੇਸ਼ ਜੀ ਦੀ ਵੀ ਪੂਜਾ ਕਰੋ। ਫਿਰ ਹਰਤਾਲਿਕਾ ਤੀਜ ਵਰਤ ਦੀ ਕਥਾ ਦਾ ਪਾਠ ਕਰੋ। ਆਖ਼ਰ 'ਚ ਮਾਤਾ ਪਾਰਵਤੀ, ਭਗਵਾਨ ਸ਼ਿਵ ਤੇ ਗਣੇਸ਼ ਜੀ ਦੀ ਆਰਤੀ ਕਰੋ। ਇਸ ਤੋਂ ਬਾਅਦ ਪੂਜਾ 'ਚ ਕੋਈ ਕਮੀ ਰਹਿ ਗਈ ਹੈ ਤਾਂ ਉਨ੍ਹਾਂ ਕੋਲੋਂ ਮੁਆਫ਼ੀ ਮੰਗ ਲਵੋ। ਸ਼ਾਮ ਨੂੰ ਪੂਜਾ ਤੋਂ ਬਾਅਦ ਪ੍ਰਸਾਦ ਗ੍ਰਹਿਣ ਕਰੋ, ਜੇ ਫਲਹਾਰੀ ਵਰਤ ਰੱਖਿਆ ਹੈ, ਨਹੀਂ ਤਾਂ ਅਗਲੇ ਦਿਨ ਇਸ਼ਨਾਨ ਆਦਿ ਤੋਂ ਬਾਅਦ ਭੋਜਨ ਗ੍ਰਹਿਣ ਕਰ ਕੇ ਵਰਤ ਨੂੰ ਪੂਰਾ ਕਰੋ।

sunita

This news is Content Editor sunita