ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

07/04/2019 10:48:06 AM

(ਕਿਸ਼ਤ ਨੌਵੀਂ)
ਮਹਿਤਾ ਕਾਲੂ ਜੀ ਦੀ ਚਿੰਤਾ ਅਤੇ ਰਾਇ ਬੁਲਾਰ ਜੀ ਦੀ ਸਲਾਹ

ਬਹੁਤ ਹੀ ਪਿਆਰੇ ਸ਼ਿਸ਼ ਨਾਨਕ ਜੀ ਦੇ ਚਮਕਾਰੇ ਵਾਲੇ ਚੁੰਬਕੀ ਵਿਅਕਤਿਤਵ, ਚੌੜੇ ਤਪੱਸਵੀ ਮੱਥੇ ਅਤੇ ਮਨ ਨੂੰ ਮੋਹ ਲੈਣ ਵਾਲੇ ਕੌਤਕਾਂ ਨੂੰ ਵੇਖ-ਵੇਖ ਅਤੇ ਉਨ੍ਹਾਂ ਦੇ ਡੂੰਘੇ ਅਤੇ ਉਚੇਰੇ ਰਮਜ਼-ਮਈ ਬਚਨ-ਬਿਲਾਸਾਂ ਨੂੰ ਸੁਣ-ਸੁਣ ਕੇ, ਪੰਡਤ ਗੋਪਾਲ ਜੀ ਵਾਂਗ ਪੰਡਤ ਬ੍ਰਿਜ ਨਾਥ ਜੀ ਦੀ ਵੀ ਕਾਇਆ ਕਲਪ ਹੋ ਗਈ। ਰੂਹ ਖਿੜ ਗਈ। ਉਹ ਸ਼ਿਸ਼ ਦੇ ਸ਼ਿਸ਼ ਹੋ ਗਏ, ਪੱਕੇ ਸ਼ਰਧਾਲੂ ਹੋ ਗਏ। ਇਕ ਪ੍ਰਕਾਰ ਨਾਲ ਦੀਵਾਨੇ ਹੀ ਹੋ ਗਏ। ਮਾਸੂਮ ਅਦਾ ਵਾਲੇ ਬੇਹੱਦ ਰਸੀਲੇ ਸ਼ਿਸ਼ ਵੱਲੋਂ ਦਿੱਤੇ ਉਚੇਰੇ ਰੂਹਾਨੀ ਗਿਆਨ ਨੇ ਉਨ੍ਹਾਂ ਦੇ ਹਿਰਦੇ ਅੰਦਰ, ਉੱਚ ਆਤਮਿਕ ਜੀਵਨ ਜੀਊਣ ਦੀ ਅਜਿਹੀ ਤੀਬਰ ਤਾਂਘ ਅਤੇ ਚਿਣਗ ਪੈਦਾ ਕਰ ਦਿੱਤੀ ਕਿ ਉਹ ਬਾਹਰ-ਯਾਤਰਾ ਛੱਡ, ਅੰਤਰ-ਯਾਤਰੂ ਹੋ ਗਏ। ਅੰਦਰ ਵੱਡਾ ਇਨਕਲਾਬ ਵਾਪਰ ਗਿਆ। ਗੱਲ ਹੋਰ ਦੀ ਹੋਰ ਹੀ ਗਈ।

“'ਸਪਤ  ਸ਼ਲੋਕੀ ਗੀਤਾ'” ਦੇ ਪਠਨ ਅਤੇ ਅਰਥ ਕਰਨ ਵਾਲੇ ਦਿਨ ਤੋਂ ਬਾਅਦ ਨਾਨਕ ਸਾਹਿਬ ਅਗਲੇ ਕੁੱਝ ਦਿਨਾਂ ਤੱਕ, ਪੂਰੇ ਨਿਤਨੇਮ ਅਤੇ ਉਤਸ਼ਾਹ ਨਾਲ, ਪੰਡਤ ਬ੍ਰਿਜ ਨਾਥ ਜੀ ਕੋਲ ਪੜ੍ਹਨ ਲਈ ਜਾਂਦੇ ਰਹੇ। ਉਪਰੰਤ ਅਚਾਨਕ ਇੱਕ ਦਿਨ, ਉਨ੍ਹਾਂ ਪਾਸ ਜਾਣਾ ਬੰਦ ਕਰ ਦਿੱਤਾ ਅਤੇ ਆਪਣੇ ਮਨ ਦੀ ਮੌਜ ਅੰਦਰ ਸਮਾਂ ਬਤੀਤ ਕਰਨ ਲੱਗੇ। ਕਦੇ ਸਾਰਾ-ਸਾਰਾ ਦਿਨ ਚੁੱਪ-ਚਾਪ ਘਰ ਹੀ ਬੈਠੇ ਰਹਿੰਦੇ ਜਾਂ ਚਾਦਰ ਤਾਣ ਕੇ ਮੰਜੇ 'ਤੇ ਲੰਮੇ ਪਏ ਰਹਿੰਦੇ। ਕਈ ਵਾਰ ਚੁੱਪ-ਚੁਪੀਤੇ ਮਸਤ ਚਾਲੇ ਤੁਰਦੇ ਪਿੰਡ ਦੇ ਨਾਲ ਲੱਗਦੇ ਸੰਘਣੇ ਵਣ ਨੂੰ ਜਾ ਨਿਕਲਦੇ। ਉੱਥੇ ਕਾਦਰ ਅਤੇ ਉਸ ਦੀ ਕੁਦਰਤ ਦੇ ਨਜ਼ਾਰਿਆਂ ਦਾ ਰੱਜ-ਰੱਜ ਆਨੰਦ ਮਾਣਦੇ। ਕਈ ਵਾਰ ਕਿੰਨਾ-ਕਿੰਨਾ ਚਿਰ ਕਿਸੇ ਦਰੱਖਤ ਹੇਠ ਚੌਂਕੜਾ ਮਾਰ, ਧਿਆਨ ਮਗਨ ਬੈਠੇ ਰਹਿੰਦੇ। ਵਣ 'ਚ ਉਤਰੇ ਰਮਤੇ ਜੋਗੀਆਂ, ਸਾਧਾਂ-ਸੰਤਾਂ ਅਤੇ ਪੀਰਾਂ-ਫਕੀਰਾਂ ਨਾਲ ਵਿਚਾਰ-ਵਟਾਂਦਰਾ ਕਰਨਾ, ਉਨ੍ਹਾਂ ਦਾ ਮਨਭਾਉਂਦਾ ਸ਼ੌਕ ਸੀ। ਇਕਲੌਤੇ ਲਾਡਲੇ ਪੁੱਤਰ ਦਾ ਉਦਾਸੀਨਤਾ, ਦਲਿੱਦਰਤਾ, ਦਿਲਗੀਰੀ, ਆਲਸ, ਚਿੰਤਨਸ਼ੀਲਤਾ, ਬੇਲਾਗਤਾ ਅਤੇ ਵਿਹਲੜਾਂ ਵਾਲਾ ਰੰਗ-ਢੰਗ ਵੇਖ ਮਾਪੇ, ਵਿਸ਼ੇਸ਼ ਕਰਕੇ ਕਾਰੋਬਾਰੀ ਪਿਤਾ ਮਹਿਤਾ ਕਾਲੂ ਜੀ ਅਕਸਰ ਡਾਢੇ ਨਿਰਾਸ਼, ਅਧੀਰ, ਫ਼ਿਕਰਮੰਦ ਅਤੇ ਦੁਖੀ ਹੋ ਜਾਂਦੇ। ਉਨ੍ਹਾਂ ਨੂੰ ਕੋਈ ਸਮਝ ਨਾ ਪੈਂਦੀ ਕਿ ਉਹ ਆਪਣੇ ਇਸ ਰੰਗ-ਰੰਗਲੇ ਪੁੱਤਰ ਦਾ ਕੀ ਇਲਾਜ ਕਰਨ, ਉਸ ਨਾਲ ਕਿਵੇਂ ਨਜਿੱਠਣ, ਉਹ ਜਦੋਂ ਕਦੇ ਪੁੱਤਰ ਨੂੰ, ਆਪਣੇ ਹਾਣੀਆਂ ਅਤੇ ਯਾਰਾਂ-ਬੇਲੀਆਂ ਨਾਲ ਹੱਸਦਿਆਂ-ਖੇਡਦਿਆਂ, ਚਹਿਕਦਿਆਂ ਅਤੇ ਪੜ੍ਹਦਿਆਂ ਤੱਕਦੇ ਤਾਂ ਬੜੇ ਆਸਵੰਦ ਅਤੇ ਖੁਸ਼ ਹੋ ਜਾਂਦੇ। ਪਰ ਮਨ ਅੰਦਰ ਆਇਆ ਪ੍ਰਸੰਨਤਾ ਅਤੇ ਆਸ਼ਾ ਦਾ ਇਹ ਭਾਵ ਬਹੁਤ ਥੋੜ੍ਹ-ਚਿਰਾ ਹੁੰਦਾ। ਜਲਦੀ ਹੀ ਜਦੋਂ ਉਹ ਪੁੱਤਰ ਦਾ ਚੁੱਪੀ ਧਾਰਨ (ਗੋਸ਼ਾਨਸ਼ੀਨ ਹੋ ਜਾਣ) ਵਾਲਾ, ਉਦਾਸੀਨ ਅਤੇ ਆਲਸੀ ਰੰਗ ਵੇਖਦੇ ਤਾਂ ਦੁਬਾਰਾ ਡੂੰਘੀ ਚਿੰਤਾ ਵਿੱਚ ਗ੍ਰਸਤ ਹੋ ਜਾਂਦੇ। 

ਸਿਆਣਿਆਂ ਦਾ ਮੰਨਣਾ ਹੈ ਕਿ ਚਿੰਤਾ ਚਿਖਾ ਸਮਾਨ ਹੁੰਦੀ ਹੈ। ਪੁੱਤਰ ਨਾਨਕ ਬਾਰੇ ਵਧੇਰੇ ਚਿੰਤਾਤੁਰ ਹੋਣ ਦਾ ਸਿੱਟਾ ਇਹ ਨਿਕਲਿਆ ਕਿ ਜੋਤਿਸ਼ ਵਿੱਦਿਆ ਦੇ ਮਾਹਰ ਪ੍ਰੋਹਿਤ ਹਰਿਦਿਆਲ ਹੋਰਨਾਂ ਵੱਲੋਂ ਕੀਤੀ ਗਈ ਹਾਂ-ਪੱਖੀ ਭਵਿੱਖਵਾਣੀ ਅਤੇ ਪੁੱਤਰ ਨਾਨਕ ਦੇ ਆਪਣੀਆਂ ਅੱਖਾਂ ਨਾਲ ਡਿੱਠੇ ਉਹ ਸਾਰੇ ਦੇ ਸਾਰੇ ਕੌਤਕ ਜੋ ਉਸ ਦੇ ਇੱਕ ਮਹਾਨ ਤਪੱਸਵੀ, ਅਲੌਕਿਕ ਅਤੇ ਅਸਾਧਾਰਨ ਬਾਲਕ ਹੋਣ ਦਾ ਬੜਾ ਠੋਸ ਅਤੇ ਸਪ੍ਹਟ ਸੰਕੇਤ ਦਿੰਦੇ ਸਨ, ਉਹਨਾਂ ਨੂੰ ਆਪਣੇ ਮਨ ਦਾ ਭਰਮ ਜਾਪਣ ਲੱਗ ਪਏ। ਮਨ ਦੇ ਅਜਿਹੇ ਭਰਮ ਨੂੰ ਹੀ ਗੁਰਬਾਣੀ ਦੀ ਭਾਸ਼ਾ ਵਿਚ ‘'ਮਾਇਆ'’ ਦਾ ਨਾਂ ਦਿੱਤਾ ਗਿਆ ਹੈ।

ਪੁੱਤਰ ਨਾਨਕ ਦਾ ਘਰ ਵਿਚ ਧਿਆਨ-ਮਗਨ ਬੈਠੇ ਅਤੇ ਲੰਮੇ ਪਏ ਰਹਿਣ ਅਤੇ ਵਣ ਵਿੱਚ ਫ਼ਕੀਰਾਂ ਦੀ ਸੰਗਤ ਕਰਨ ਦਾ ਸਿਲਸਲਾ ਕੁੱਝ ਦਿਨ ਨਿਰੰਤਰ ਚਲਦਾ ਰਿਹਾ। ਪਿਤਾ ਮਹਿਤਾ ਜੀ ਨਿਰਾਸ਼ਾ ਦੇ ਆਲਮ ਵਿਚ ਇਹ ਸਾਰੇ ਲੱਛਣ ਚੁੱਪ—ਚੁਪੀਤੇ ਵੇਖਦੇ ਰਹੇ। ਪਤਾ ਨਹੀਂ ਕੀ ਸੋਚਦਿਆਂ, ਉਨਾਂ ਪੁੱਤਰ ਨੂੰ ਕੁੱਝ ਨਾ ਕਿਹਾ। ਨਾ ਝਿੜਕਿਆ ਅਤੇ ਨਾ ਹੀ ਵਰਜਿਆ। ਸੀਨੇ 'ਤੇ ਪੱਥਰ ਰੱਖਣ ਵਾਂਗ, ਸਭ ਕੁੱਝ ਬਰਦਾਸ਼ਤ ਕਰਦੇ ਰਹੇ। ਕੰਮ ਕਰਦਿਆਂ, ਬਾਹਰ-ਅੰਦਰ ਜਾਂਦਿਆਂ, ਧਿਆਨ ਹਰ ਵੇਲੇ ਪੁੱਤਰ ਵੱਲ ਲੱਗਾ ਰਹਿੰਦਾ। ਕੁੱਝ ਅਰਸੇ ਬਾਅਦ ਉਨ੍ਹਾਂ ਮਹਿਸੂਸ ਕੀਤਾ ਕਿ ਪਹਿਲਾਂ ਦੇ ਮੁਕਾਬਲੇ ਹੁਣ ਪੁੱਤਰ ਘਰ ਵਿੱਚ ਬਹੁਤ ਘੱਟ ਰਹਿੰਦਾ ਹੈ| ਸਾਥੀਆਂ ਨਾਲ ਖੇਡਦਾ ਵੀ ਬਹੁਤ ਘੱਟ ਹੈ। ਖਾਣ-ਪੀਣ ਅਤੇ ਘਰ ਦੇ ਕਿਸੇ ਕੰਮ ਵੱਲ ਵੀ ਕੋਈ ਬਹੁਤਾ ਧਿਆਨ ਨਹੀਂ ਦਿੰਦਾ। ਦਿਨ ਦਾ ਜ਼ਿਆਦਾ ਸਮਾਂ ਉਹ ਵਣ ਵਿੱਚ ਗੁਜ਼ਾਰਦਾ ਹੈ। ਸਿੱਟਾ ਕੱਢਿਆ ਕਿ ਵਣ ਅਤੇ ਵਣ ਵਿੱਚ ਰਹਿੰਦੇ ਸਾਧ-ਜੋਗੀਆਂ ਨਾਲ ਪੁੱਤਰ ਦਾ ਲਗਾਓ, ਉਲਾਰਪਣ ਦੀ ਹੱਦ ਤੱਕ ਵੱਧ ਗਿਆ ਹੈ।

ਪਿਤਾ ਮਹਿਤਾ ਕਲਿਆਣ ਦਾਸ ਜੀ ਦਾ ਅਜਿਹਾ ਸੋਚਣਾ, ਆਪਣੀ ਥਾਂ ਠੀਕ ਸੀ। ਪਰ ਇਹ ਸੱਚਾਈ ਦਾ ਇੱਕ ਪੱਖ ਸੀ, ਮੁਕੰਮਲ ਸੱਚ ਨਹੀਂ ਸੀ। ਸੱਚਾਈ ਦੇ ਦੂਸਰੇ ਪੱਖ ਤੋਂ ਉਹ ਬਿਲਕੁਲ ਅਨਜਾਣ ਸਨ, ਬੇਖ਼ਬਰ ਸਨ। ਸੱਚਾਈ ਦਾ ਦੂਜਾ ਵੱਡਾ ਅਤੇ ਮਹੱਤਵਪੂਰਨ ਪਹਿਲੂ ਇਹ ਸੀ ਕਿ ਨਾਨਕ ਸਾਹਿਬ ਨੂੰ ਵਣ ਅਤੇ ਵਣ ਵਾਸੀਆਂ ਨਾਲ ਇੰਨਾ ਲਗਾਓ ਨਹੀਂ ਸੀ, ਜਿੰਨਾ ਕਿ ਵਣ ਅਤੇ ਵਣਵਾਸੀਆਂ ਨੂੰ ਨਾਨਕ ਸਾਹਿਬ ਨਾਲ ਸੀ। ਵਣ ਵਿਚ ਰਹਿੰਦੇ ਪੀਰ-ਫ਼ਕੀਰ ਅਤੇ ਰਮਤੇ ਸੰਨਿਆਸੀ, ਬਾਲ ਨਾਨਕ ਦੀ ਵਣ ਅੰਦਰ ਆਮਦ ਦੀ ਰੋਜ਼ਾਨਾ ਬੜੀ ਬੇਸਬਰੀ ਨਾਲ ਉਡੀਕ ਇਸ ਕਰਕੇ ਕਰਦੇ ਸਨ ਕਿਉਂਕਿ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਨ, ਉਸਦੇ ਧਿਆਨ ਵਿੱਚ ਜੁੜਨ, ਨਾਮ ਜਪਣ ਅਤੇ ਸਮਾਧੀ ਲੀਨ ਹੋਣ ਦੇ ਮਾਮਲੇ ਵਿਚ ਉਹ ਉਨ੍ਹਾਂ ਦੀ ਅਗਵਾਈ ਕਰਦੇ ਸਨ। ਹਾਲਾਤ ਦੀ ਅਜੀਬ ਵਿਡੰਬਨਾ ਸੀ ਕਿ ਜਿੱਥੇ ਇੱਕ ਪਾਸੇ ਸੰਸਾਰ ਅਤੇ ਸੰਸਾਰਕਤਾ ਤੋਂ ਉਪਰਾਮ ਹੋ, ਵਣਾਂ ਵਿਚ ਨਿਵਾਸ ਕਰਦੇ ਨਾਨਕ ਨਿਰੰਕਾਰੀ ਦੇ ਸੰਗੀ-ਸਾਥੀ, ਉਨ੍ਹਾਂ ਦੇ ਵਣ ਵਿਚ ਨਾ ਜਾਣ ਨਾਲ, ਡਾਢੇ ਓਦਰ ਅਤੇ ਉਦਾਸ ਹੋ ਜਾਂਦੇ ਸਨ, ਉੱਥੇ ਦੂਜੇ ਪਾਸੇ ਦੁਨੀਆਂ ਅਤੇ ਦੁਨੀਆਦਾਰੀ ਵਿਚ ਉਲਝੇ ਪਿਤਾ ਮਹਿਤਾ ਜੀ, ਪੁੱਤਰ ਦੇ ਵਣਾਂ ਅਤੇ ਵਾਣਪ੍ਰਸਥੀਆਂ (ਵਣ ਅੰਦਰ ਰਹਿੰਦੇ ਤਪੱਸਵੀਆਂ ਅਤੇ ਸੰਨਿਆਸੀਆਂ) ਕੋਲ ਜਾਣ ਕਰਕੇ ਬੜੇ ਅਸ਼ਾਂਤ, ਨਿਰਾਸ਼, ਚਿੰਤਤ ਅਤੇ ਔਖੇ ਹੋ ਜਾਂਦੇ ਸਨ। ਸੰਸਾਰੀ ਪਿਤਾ ਦੇ ਮਨ ਅੰਦਰਲਾ ਨਿਰਾਸ਼ਾ ਦਾ ਭਾਵ ਜਦੋਂ ਵਧਦਾ-ਵਧਦਾ ਬੇਚੈਨੀ ਅਤੇ ਹਤਾਸ਼ਾ ਦੀ ਹੱਦ ਨੂੰ ਜਾ ਪੁੱਜਾ ਤਾਂ ਅਜਿਹੀ ਬੇਹੱਦ ਉਖੜੀ ਹੋਈ ਮਨੋ-ਹਾਲਤ ਨੇ ਉਨ੍ਹਾਂ ਦੇ ਆਪਣੇ ਪਟਵਾਰੀ ਵਾਲੇ ਕਾਰ-ਵਿਹਾਰ ਵਿਚ ਵੀ ਖਲਲ ਅਤੇ ਵਿਘਨ ਪਾਉਣਾ ਆਰੰਭ ਕਰ ਦਿੱਤਾ। ਬੇਚੈਨੀ ਅਤੇ ਬੇਧਿਆਨੀ ਕਾਰਣ ਕੋਈ ਵੀ ਕੰਮ ਸਮੇਂ ਸਿਰ ਅਤੇ ਠੀਕ ਢੰਗ ਨਾਲ ਹੋ ਪਾਉਂਦਾ। ਕੰਮ ਕਰਨ ਦੀ ਰੁਚੀ ਅਤੇ ਸਮਰੱਥਾ ਵੀ ਘੱਟ ਹੋ ਗਈ।                      

ਚਲਦਾ.....


ਜਗਜੀਵਨ ਸਿੰਘ (ਡਾ.)
ਪਿੰਡ ਚੱਕ ਯਾਕੂਬ, ਡਾਕਖਾਨਾ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ
ਫੋਨ: 99143-01328

Harinder Kaur

This news is Edited By Harinder Kaur