ਚਿੱਤਰਕਾਰੀ ਵਿੱਚ ਗੁਰੁ ਨਾਨਕ ਵਿਰਾਸਤ

05/24/2019 8:48:30 PM

ਕਿਸ਼ਤ-2

ਕੈਨਵਸ 'ਤੇ ਉੱਕਰੇ ਰੰਗਾਂ ਮਾਰਫ਼ਤ ਗੁਰੁ ਨਾਨਕ ਫ਼ਲਸਫੇ ਦੇ ਇਸ਼ਾਰੇ ਪੇਂਟਰ ਜਸਵੰਤ ਸਿੰਘ ਗੁਰੂ ਨਾਨਕ ਦੇਵ ਜੀ ਨੂੰ ਦੋ ਤਰ੍ਹਾਂ ਸਾਕਾਰ ਕਰਦਾ ਹੈ। ਪਹਿਲੀ ਥਾਂਏ ਗੁਰੁ ਜੀ ਦਾ ਚਿਹਰਾ-ਮੋਹਰਾ ਹੁੰਦਾ ਹੈ ਜਾਂ ਫਿਰ ਪੂਰਾ ਸਰੀਰ। ਇਹ ਚਿੱਤਰ ਬਣਾਏ ਤਾਂ ਗਏ ਪਰ ਇਹ ਲੋਕ ਪ੍ਰਵਾਨਗੀ ਤੋਂ ਵਿਰਵੇ ਰਹੇ। ਦੂਜੀ ਥਾਂਏ ਚਿਤੇਰਾ ਗੁਰੂ ਜੀ ਦੇ ਸਰੀਰਕ ਅੰਗ ਜਿਵੇਂ ਲੱਤਾਂ ਜਾਂ ਹੱਥਾਂ ਨੂੰ ਹੀ ਕੈਨਵਸ ਉੱਪਰ ਉਤਾਰ ਆਪਣੀ ਗੱਲ ਕਰ ਲੈਂਦਾ ਹੈ।ਅਜਿਹੀ ਪੇਸ਼ਕਾਰੀ ਨੂੰ ਚੰਗਾ ਲੋਕ ਹੁੰਗਾਰਾ ਮਿਲਿਆ।ਸੁਨਣ ਨੂੰ ਇਹ ਅਜੀਬ ਲੱਗ ਸਕਦਾ ਹੈ। ਗੁਰੁ ਨਾਨਕ ਦੇਵ ਜੀ ਨੂੰ ਲੈ ਕੇ ਉਸ ਬਿਰਤਾਂਤਕ ਚਿੱਤਰ ਵੀ ਰਚੇ, ਪਰ ਪ੍ਰਚਲਿਤ ਨਾ ਹੋ ਸਕੇ। ਉਦਾਹਰਣ ਸਰੂਪ ਅਸੀਂ ਵਲੀ ਕੰਧਾਰੀ ਵਾਲੀ ਸਾਖੀ ਨੂੰ ਰੂਪਮਾਨ ਕਰਦਾ ਦ੍ਰਿਸ਼ ਲੈ ਸਕਦੇ ਹਾਂ।ਦੂਜੇ ਚਿਤੇਰਿਆਂ ਨੇ ਜੋ ਪਹੁੰਚ ਅਪਣਾਈ, ਜਸਵੰਤ ਸਿੰਘ ਦੀ ਪਹੁੰਚ ਸਭਨਾਂ ਤੋਂ ਭਿੰਨ ਹੈ। ਆਪਣੇ ਕੰਮ ਨੂੰ ਹੋਰਾਂ ਤੋਂ ਵੱਖਰਾ ਰੱਖਣਾ ਜਸਵੰਤ ਸਿੰਘ ਦੀਆਂ ਪੇਂਟਿੰਗਾਂ ਦੀ ਵਿਸ਼ੇਸ਼ਤਾ ਹੈ।
'ਗੁਰੂ ਨਾਨਕ' ਚਿੱਤਰ ਦੀ ਰਚਨਾ ਕਿਸ ਸਾਲ ਕੀਤੀ ਗਈ, ਪਤਾ ਨਹੀਂ ਲੱਗ ਸਕਿਆ। ਅਨੁਮਾਨ ਇਹੋ ਹੈ, ਇਸ ਦੀ ਰਚਨਾ ਉਸ ਵੇਲੇ ਕੀਤੀ, ਜਿਸ ਵੇਲੇ ਸਿੱਖ ਸੰਗਤ ਗੁਰੁ ਨਾਨਕ ਦੇਵ ਜੀ ਦਾ ਪੰਜ ਸੋ ਸਾਲਾ ਪ੍ਰਕਾਸ਼ ਉਤਸਵ ਮਨਾਂ ਰਹੀ ਸੀ। ਨਿਸਚਿਤ ਤੌਰ'ਤੇ ਚਿੱਤਰ ਰੰਗਦਾਰ ਸੀ, ਪਰ ਮੇਰੇ ਪਾਸ ਉਸ ਦਾ 'ਬਲੈਕ ਐਂਡ ਵਾਇਟ' ਉਤਾਰਾ ਹੈ। ਕਿਸੇ ਪ੍ਰਤਿਭਾਵਾਨ ਚਿੱਤੇਰੇ ਦਾ ਸਾਰਾ ਕੰਮ ਨਾ ਮਿਲਣਾ, ਕੰਮ  ਨਾਲ ਜੁੜੇ ਵੇਰਵਿਆ ਦਾ ਉਪਲੱਬਧ ਨਾ ਹੋਣਾ ਇੱਕ ਵੱਖਰੀ ਤਰ੍ਹਾਂ ਦੀ ਸਮੱਸਿਆ ਹੈ। ਦੇਖਣ, ਲਿਖਣ, ਪੜ੍ਹਨ ਵਾਲਿਆਂ ਵਾਸਤੇ ਇਹ ਜਾਣਕਾਰੀ ਲਾਜ਼ਮੀ ਹੈ।
'ਗੁਰੂ ਨਾਨਕ' ਨਾਮ ਨਾਲ ਬਣਾਈ ਰਚਨਾ ਵਿੱਚ ਗੁਰੂ ਨਾਨਕ ਦੇਵ ਜੀ ਨਹੀਂ ਹਨ।ਗੁਰੂ ਵਿਅਕਤੀ ਦਾ ਸਰੂਪ ਕੈਨਵਸ  ਉੱਪਰ ਨਾ ਹੋਣਾ ਦਰਸ਼ਕ ਨੂੰ ਹੈਰਾਨ ਕਰਦਾ ਹੈ।ਕਿਉਂਕਿ ਉਸ ਦੀ ਅੱਖ ਨੂੰ ਇਹ ਆਦਤ ਨਹੀਂ। ਗੁਰੁ ਜੀ ਦੀ ਮਜੂਦਗੀ, ਦੇਖਣ ਨੂੰ ਚੰਗੀ ਹੋਵੇ ਜਾਂ ਮਾੜੀ, ਬਿਨਾਂ ਦਰਸ਼ਕ ਨੂੰ ਤਸੱਲੀ ਨਹੀਂ ਹੁੰਦੀ ਕਿਉਂਕਿ ਉਹ ਸ਼ੁਰੂ ਤੋਂ ਇਹਦੇ ਨਾਲ ਬੱਝਾ ਹੋਇਆ ਹੁੰਦਾ ਹੈ। ਜਸਵੰਤ ਸਿੰਘ ਪੇਂਟਿੰਗ ਵਿੱਚ ਗੁਰੁ-ਚਿਹਰੇ ਨੂੰ ਨਹੀਂ ਬਣਾਉਂਦਾ ਬਲਕਿ ਚਾਰ ਹੱਥ ਬਣਾ ਦੇਂਦਾ ਹੈ। ਇਹ ਵੀ ਪੇਸ਼ਕਾਰੀ ਦੀ ਖੁੱਲ੍ਹ ਹੈ ਕਿ ਦੋ ਹੱਥਾਂ ਦੀ ਬਜਾਏ ਚਾਰ ਹੱਥ ਬਣਾ ਦਿੱਤੇ ਜਾਂਦੇ ਹਨ। ਦਰਸ਼ਕ ਆਮ ਤੌਰ ਤੇ, ਚਿਹਰਾ ਨਿਹਾਰ ਕੇ ਸ਼ਾਂਤ ਚਿੱਤ ਹੋ ਜਾਂਦਾ ਹੈ, ਐਪਰ ਇੱਥੇ ਉਹ ਅਵਸਥਾ ਪੈਦਾ ਨਹੀਂ ਹੁੰਦੀ। ਉਹਦੇ ਅੰਦਰ ਹਲਚਲ ਜਾਗ੍ਰਿਤ ਹੁੰਦੀ ਹੈ, ਇਹ ਕੀ ਹੈ? ਇਹ ਏਦਾਂ ਕਿਉਂ ਹੈ? ਪ੍ਰਸ਼ਨ ਵਿਅਕਤੀ ਨੂੰ ਜਾਨਣ ਸਮਝਣ ਦੇ ਰਾਹ ਪਾਉਂਦੇ ਹਨ। ਉਹ ਗੁਰੂ ਨਾਨਕ ਦੇਵ ਦੀ ਛੱਬ ਤੱਕ ਸੀਮਿਤ ਨਾ ਰਹਿ ਕੇ ਕੁਛ ਹੋਰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕੈਨਵਸ ਉੱਪਰ ਚਾਰ ਹੱਥ ਹਨ। ਦੇਖਣ ਨੂੰ ਇਹ ਸਥਿਰ ਹਨ ਪਰ ਅਸਲ ਵਿੱਚ ਹਰੇਕ ਹੱਥ ਆਪਣੇ ਦੁਆਰਾ ਕੋਈ ਨਾ ਕੋਈ ਕੰਮ ਕਰ ਰਿਹਾ ਹੈ। ਪੇਂਟਿੰਗ ਦਾ ਨਾਮ 'ਗੁਰੂ ਨਾਨਕ' ਹੈ ਇਸ ਕਾਰਣ ਇਹ ਹੱਥ ਵੀ ਉਨ੍ਹਾਂ ਦੇ ਹਨ। ਸਰੀਰ ਦੇ ਦੋਵੇਂ ਹੱਥਾਂ ਦੀ ਬਜਾਏ ਇੱਕੋ ਹੱਥ ਦੀਆਂ ਚਾਰ ਛਵੀਆਂ ਬਣਾ ਦਿੱਤੀਆਂ ਹਨ। ਭਾਵ ਇੱਕ ਹੱਥ ਚਾਰ ਕੰਮ ਕਰ ਰਿਹਾ ਹੈ। ਇੱਕ ਕੰਮ ਇੱਕ ਸਮੇਂ ਹੋ ਸਕਦਾ ਹੈ, ਏਨਾਂ ਕੁ ਗਿਆਨ ਸਾਰਿਆ ਨੂੰ ਹੈ। ਇਹ ਵਿਹਾਰ ਸਾਨੂੰ ਗੁਰੂ ਜੀ ਦੇ ਜੀਵਨ ਵੱਲ੍ਹ ਮੋੜ ਦਿੰਦਾ ਹੈ।
ਭਾਈ ਗੁਰਦਾਸ ਜੀ ਪਹਿਲੀ ਵਾਰ ਗੁਰੁ ਜੀ ਦੇ ਇਹ ਲੋਕ ਵਿੱਚ ਆਉਣ ਅਤੇ ਉਹਨਾਂ ਦੇ ਜੀਵਨ ਨਾਲ ਜੁੜੀਆਂ ਕੁਝ  ਘਟਨਾਵਾਂ ਬਾਬਤ ਚਾਨਣ ਪਾਉਂਦੀ ਹੈ।ਗੁਰੂ ਜੀ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਦਿਸ਼ਾਵਾਂ ਵੱਲ ਚਾਰ ਯਾਤਰਾਵਾਂ ਕੀਤੀਆਂ ਜੋ ਚਾਰ ਉਦਾਸੀਆਂ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ। ਚਿੱਤਰਕਾਰ ਜਸਵੰਤ ਸਿੰਘ ਗੁਰੂ ਜੀ ਦੇ ਜੀਵਨ ਵਿੱਚੋਂ, ਆਪਣੀ ਮੱਤ-ਬੁੱਧ ਅਨੁਸਾਰ, ਚਾਰ ਇਕਾਈਆਂ ਚੁਣਦਾ ਹੈ। ਸਭ ਤੋਂ ਉੱਪਰ ਬਣੇ ਹੱਥ ਦੀ ਇੱਕ ਉਂਗਲ ਸਿੱਧੀ ਖੜ੍ਹੀ ਹੈ। ਇਹ ਉਂਗਲ 'ੴ' ਨੂੰ ਸੰਕੇਤਦੀ ਹੋਈ ਲਗਭਗ ਛੂਹ ਵੀ ਰਹੀ ਹੈ।"ੴ" ਵਾਲੀ ਸਪੇਸ ਹੋਰ ਸਾਰੀ ਸਪੇਸ ਦੇ ਮੁਕਾਬਲੇ ਪ੍ਰਕਾਸ਼ਵਾਨ ਹੈ । ਪ੍ਰਕਾਸ਼ ਉਰਜਾ ਅਤੇ ਗਿਆਨ ਦਾ ਲਖਾਇਕ ਹੈ। ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਨਾਨਕ ਦੇਵ 'ਇੱਕ' ਦੇ ਪੂਜਕ ਸਨ। ਉਸੇ ਇੱਕ ਨੇ ਆਪ ਸ਼੍ਰਿਸ਼ਟੀ ਦੀ ਰਚਨਾ ਕੀਤੀ ਅਤੇ ਆਪਣੀ ਰਚਨਾ ਵਿੱਚ ਰਚਿਆ ਹੋਇਆ ਹੈ।
ਇਸ ਹੱਥ ਦੇ ਐਨ ਥੱਲੇ ਵੱਲ ਇੱਕ ਹੋਰ ਹੱਥ ਹੈ। ਇਹ ਹੱਥ ਸਿਮਰਨਾ ਫੇਰਨ ਵਿੱਚ ਮਸਰੂਫ਼ ਹੈ।ਇਹ ਕਾਰਜ ਉਪਰੋਕਤ ਵਿਸ਼ਵਾਸ ਦਾ ਵਿਹਾਰਕ ਪਸਾਰ ਹੈ। ਇੱਕ ਇਸ਼ਟ ਦੀ ਅਰਾਧਨਾ ਵਿਸ਼ਵਾਸ ਨੂੰ ਦ੍ਰਿੜ ਕਰਨ ਦੇ ਨਾਲ ਨਾਲ ਅਡੋਲਤਾ ਪ੍ਰਦਾਨ ਕਰਦੀ ਹੈ।




ਮਾਲਾ ਫੇਰਨ ਦੀ ਕਿਰਿਆ ਦਾ ਭਾਵ ਸਿਰਜਕ ਨੂੰ ਸਦਾ ਚੇਤੇ ਰੱਖਣਾ ਵੀ ਹੈ। ਆਪਣੇ ਨੂੰ ਇਕਾਗਰ ਕਰਨਾ, ਊਰਜਾ ਇਕੱਤਰ ਕਰਨਾ ਜਿਹਾ ਕਰਮ ਹੈ। ਮਾਲਾ ਭਾਂਵੇਂ ਪੂਰੀ ਨਹੀਂ ਦਿਖ ਰਹੀ ਪਰ ਕਹੀ ਜਾਣ ਵਾਲੀ ਗੱਲ ਦੇਖਣ ਵਾਲੇ ਤੱਕ ਪੂਰੀ ਤਰ੍ਹਾਂ ਪੁੱਜ ਜਾਂਦੀ ਹੈ। ਇਹਨਾਂ ਦੋਹਾਂ ਹੱਥਾਂ ਦਾ ਸੰਬੰਧ ਨਿੱਜ ਨਾਲ ਹੈ ਭਾਵ ਇੱਕ ਭਗਤ ਦਾ ਆਪਣੇ ਇਸ਼ਟ/ਪਰਮਾਤਮਾ ਨਾਲ ਜੁੜਾਵ  ਨੂੰ ਦੱਸਦਾ ਹੈ। ਖੱਬੇ ਅਤੇ ਸੱਜੇ ਵਾਲੇ ਹੱਥਾਂ ਦਾ ਵਿਹਾਰ ਵੱਖਰਾ ਹੈ। ਪਹਿਲੇ ਦੋ ਹੱਥ ਕਿਸੇ ਨਾ ਕਿਸੇ ਤਰ੍ਹਾਂ ਦੇ ਪਾਰਲੋਕਿਕਤਾ ਵੱਲ ਸੰਕੇਤ ਕਰਦੇ ਹਨ ਤਾਂ ਇਹ ਦੋ ਹੱਥ ਇਹਲੋਕਿਕਤਾ ਵੱਲ ਸੰਕੇਤ ਕਰ ਰਹੇ ਲੱਗਦੇ ਹਨ।ਖੱਬੇ ਵੱਲ ਦਾ ਹੱਥ ਖੁੱਲਾ ਹੈ ਜਿਸ ਉੱਪਰ ਅਨਾਜ ਹੈ।
ਇਸ ਦੀ ਮੁਦਰਾ ਲੈਣ ਦੀ ਨਹੀਂ ਬਲਕਿ ਦੇਣ ਦੀ ਹੈ। ਇਸ ਕਿਰਿਆ ਦਾ ਗੁਰੁ ਨਾਨਕ ਦੇਵ ਦੇ ਜੀਵਨ ਨਾਲ ਅਹਿਮ ਹਿੱਸਾ ਹੈ। ਅਨੁਮਾਨ ਹੈ ਇਸ ਦਾ ਸੰਬੰਧ 'ਸੱਚੇ ਸੌਦੇ' ਵਾਲੀ ਸਾਥੀ ਨਾਲ ਹੈ। ਇਹ ਘਟਨਾ ਸਿੱਖ ਧਰਮ  ਦਾ ਅਹਿਮ ਅੰਗ ਹੋ ਨਿਬੜਦੀ ਹੈ ਜੋ 'ਲੰਗਰ ਪ੍ਰਥਾ' ਦੇ ਨਾਮ ਨਾਲ ਜਾਣੀ ਜਾਣ ਲਗਦੀ ਹੈ।ਗੁਰੁ ਜੀ ਬਾਅਦ ਆਉਣ ਵਾਲੇ 'ਸਿੱਖ ਗੁਰੂਆਂ' ਇਸ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ।ਅਜੋਕੇ ਸਮੇਂ ਸੰਸਾਰ ਭਰ ਵਿੱਚ ਖੁੱਲੇ ਹੋਏ ਗੁਰੂ ਘਰ ਗੁਰੁ ਨਾਨਕ ਦੇਵ ਜੀ ਦੀ ਤੋਰੀ ਰੀਤ ਨੂੰ ਜੀਵਿਤ ਰੱਖ ਰਹੇ ਹਨ। ਸੱਜੇ ਵੱਲ ਦੇ ਹੱਥ ਵਿੱਚ ਦਾਤੀ ਦਿਖਾਈ ਦੇ ਰਹੀ ਹੈ। ਗੁਰੂ ਜੀ ਚਾਰ ਉਦਾਸੀਆਂ ਉਪਰੰਤ ਕਰਤਾਰਪੁਰ ਆ ਟਿੱਕਦੇ ਹਨ। ਉਹ ਮੰਗੇ ਜਾਂ ਕਿਸੇ ਦੇ ਦਿੱਤੇ ਹੋਏ ਅੰਨ ਉਪਰ ਆਪਣੀ ਗੁਜਰ-ਬਸਰ ਨਹੀਂ ਕਰਦੇ ਹਨ, ਬਲਕਿ ਹੱਥੀ ਕਿਰਤ ਕਰਦੇ ਹਨ। ਹੱਥ ਵਿੱਚ ਫੜੀ ਦਾਤੀ ਖੜੀ ਫਸਲ ਕੱਟੇ ਜਾਣ ਦੀ ਸੂਚਕ ਹੈ। ਗੁਰੁ ਜੀ ਵਲੋਂ ਕੀਤਾ ਜਾ ਰਿਹਾ ਕੰਮ ਸਿਰਫ ਗੁਰੁ ਤੱਕ ਸੀਮਤ ਨਹੀਂ, ਇਸ ਨੇ ਸਿੰਮਦਿਆਂ ਹੋਇਆ ਗੁਰੁ ਦੇ ਸਿੱਖ, ਦੇਸ਼-ਕਾਲ ਤੱਕ ਸਦਾ ਅਤੇ ਨਿਰੰਤਰ ਪੁੱਜਦੇ ਰਹਿਣਾ ਹੈ।
ਸਮੁੱਚਾ ਚਿੱਤਰ ਸਿੱਖਾਂ ਨੂੰ ਸੰਬੋਧਿਤ ਹੈ। ਸਿੱਖ ਇੱਕ ਅਕਾਲ ਪੁਰਖ ਨੂੰ ਮੰਨੇ, ਉਸ ਨੂੰ ਆਪਣੀ ਯਾਦ ਦਾ ਹਿੱਸਾ ਭਾਵ ਉਸ ਦਾ ਸਿਮਰਨ ਕਰੇ। ਉਹ ਆਪਣੀਆਂ ਸੰਸਾਰਕ ਲੋੜਾਂ ਦੀ ਪੂਰਤੀ ਲਈ 'ਕਿਰਤ ਕਰੇ', ਮਿਹਨਤ ਕਰੇ।ਮਿਹਨਤ ਨਾਲ ਜੋ ਪ੍ਰਾਪਤੀ ਹੋਵੇ ਉਸ ਨੂੰ ਹੋਰਾਂ ਨਾਲ ਵੰਡ-ਛਕੇ। ਵਡੇਰੇ ਅਰਥਾਂ ਵਿੱਚ ਉਹ ਹਰ ਵਿਅਕਤੀ 'ਗੁਰੂ ਦਾ ਸਿੱਖ' ਹੀ ਹੈ ਜੋ ਇਹਨਾਂ ਅਸੂਲਾਂ ਨੂੰ ਮੰਨਦਾ ਹੈ। ਇਸ ਰਚਨਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ। ਦਿਖਾਈ ਦੇਣ ਵਾਲੇ ਚਾਰੋ ਹੱਥ 'ਸੱਜੇ' ਵੱਲ ਦੇ ਹਨ। 'ਖੱਬਾ' ਹੱਥ ਨਹੀਂ ਆਇਆ। ਸੱਜਾ ਹੱਥ  ਦੇਵਤਾ ਦਾ ਹੱਥ ਮੰਨਿਆ ਜਾਂਦਾ ਹੈ। ਇਹ ਤਾਕਤ, ਵਾਧੇ ਤੇ ਜੋਰਾਵਰ ਹੋਣ ਨੂੰ ਦੱਸਦਾ ਹੈ। ਇਹ ਹੱਥ ਜਦ ਕਿਸੇ ਦੇ ਸਿਰ ਉੱਪਰ ਰੱਖਿਆ ਜਾਂਦਾ ਹੈ ਤਾਂ ਉਹ ਅਸੀਸ, ਤਾਕਤ, ਅਧਿਕਾਰ, ਮਜਬੂਤੀ ਨੂੰ ਪ੍ਰਗਟਾਉਂਦਾ ਹੈ।





ਜਗਤਾਰਜੀਤ ਸਿੰਘ
9899091186

jasbir singh

This news is Edited By jasbir singh