ਰੂਹਾਨੀਅਤ

09/29/2019 10:06:04 AM

ਅੱਜ ਜਦੋਂ ਸਾਰਾ ਵਿਸ਼ਵ ਖਤਰਨਾਕ ਤਣਾਅ, ਆਪਸੀ ਟਕਰਾਅ ਅਤੇ ਸ਼ਾਤਿਰ ਪੈਂਤੜਿਆਂ 'ਚੋਂ ਗੁਜ਼ਰ ਰਿਹਾ ਹੈ ਅਤੇ ਸਮੁੱਚੇ ਵਿਸ਼ਵ ਦੀ ਹੋਂਦ-ਹਸਤੀ ਖਤਰੇ ਵਿਚ ਪਈ ਹੋਈ ਹੈ। ਇਕ ਪਾਸੇ ਖਤਰਨਾਕ ਪ੍ਰਦੂਸ਼ਣ ਕਾਰਨ ਪੈਦਾ ਹੋਈਆਂ ਅਨੇਕਾਂ ਘਾਤਕ ਬੀਮਾਰੀਆਂ ਅਤੇ ਦੂਜੇ ਪਾਸੇ ਵੱਖ-ਵੱਖ ਮੁਲਕਾਂ ਦੇ ਖਤਰਨਾਕ ਅਤੇ ਵਿਨਾਸ਼ਕਾਰੀ ਗੋਲਾ-ਬਾਰੂਦ, ਬੰਬਾਂ ਆਦਿ ਕਾਰਨ ਮਨੁੱਖਤਾ ਮੁਕੰਮਲ ਵਿਨਾਸ਼ ਦੀ ਕਗਾਰ 'ਤੇ ਖੜ੍ਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸਾਰੇ ਵਿਸ਼ਵ ਲਈ ਹੀ ਉਪਯੋਗੀ ਅਤੇ ਸਹਾਈ ਸਿੱਧ ਹੋ ਸਕਦਾ ਹੈ।

ਗੁਰੂ ਜੀ ਨੇ ਪੂਰਨ ਸੱਚ ਦਾ ਗਿਆਨ ਸੰਸਾਰ ਨੂੰ ਦਿੱਤਾ ਹੈ। ਉਨ੍ਹਾਂ ਦਾ ਗਿਆਨ ਸਾਰੀ ਮਨੁੱਖਤਾ ਦੇ ਭਲੇ ਲਈ ਮਹੱਤਵਪੂਰਨ ਅਤੇ ਕੀਮਤੀ ਹੈ। ਜੋ ਸਮਾਂ, ਸਥਾਨ, ਧਰਮ, ਜਾਤ, ਰੰਗ, ਨਸਲ, ਦੇਸ਼ਾਂ-ਵਿਦੇਸ਼ਾਂ ਆਦਿ ਦੀਆਂ ਹੱਦਾਂ ਤੋਂ ਪਾਰ ਹੈ, ਉਪਰ ਹੈ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਇੰਨੀ ਉੱਚੀ-ਸੁੱਚੀ ਅਤੇ ਵਿਸ਼ਾਲ ਹੈ ਕਿ ਮਨੁੱਖ ਅਜੇ ਵੀ ਇਸ ਪੱਧਰ ਤੱਕ ਨਹੀਂ ਪਹੁੰਚ ਸਕਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਇਕ ਮੁਕੰਮਲ ਫਲਸਫਾ ਹੈ ਅਤੇ ਇਕ ਸੰਪੂਰਨ ਤੇ ਸਰਬਪੱਖੀ ਕ੍ਰਾਂਤੀ ਦੀ ਵਿਚਾਰਧਾਰਾ ਹੈ। ਅੱਜ ਦਾ ਮਨੁੱਖ ਵੀ ਨਾ ਪ੍ਰਮਾਤਮਾ ਦੇ ਨਿਰਾਕਾਰ ਰੂਪ ਨੂੰ ਅਪਣਾ ਸਕਿਆ ਹੈ ਤੇ ਨਾ ਹੀ ਵੱਖ-ਵੱਖ ਧਰਮਾਂ ਦੀ ਸੋਚ ਤੋਂ ਉਪਰ ਉਠ ਸਕਿਆ ਹੈ। ਇਸ ਤੋਂ ਇਲਾਵਾ ਭ੍ਰਿਸਟਾਚਾਰ, ਲੁੱਟ-ਖਸੁੱਟ, ਹਿੰਸਾ, ਨਸ਼ੇ, ਪਤਿੱਤਪੁਣਾ, ਅਸ਼ਲੀਲਤਾ, ਨੰਗੇਜਵਾਦ, ਦਾਜ ਦੀ ਲਾਹਨਤ, ਮਾਦਾ ਭਰੂਣ ਹੱਤਿਆ, ਈਰਖਾ, ਦਵੈਸ਼, ਨਫਰਤ ਅਤੇ ਹੋਰ ਬੁਰਾਈਆਂ, ਪ੍ਰਕਿਰਤੀ ਦਾ ਸਰਬਪੱਖੀ ਸ਼ੋਸ਼ਣ ਤੇ ਵਿਨਾਸ਼ ਧਰਤੀ ਉਤੇ ਜੀਵਨ ਲਈ ਚਿੰਤਾਜਨਕ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਇਹ ਮਨੁੱਖੀ ਮਨ ਦੇ ਤਣਾਅ ਅਤੇ ਬੇਚੈਨੀ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਦੇ ਫਲਸਰੂਪ ਮਨੁੱਖੀ ਸਰੀਰ ਨੂੰ ਅਨੇਕਾਂ ਘਾਤਕ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਵਿਸ਼ਵੀਕਰਨ ਦੇ ਇਸ ਯੁੱਗ ਵਿਚ ਮਨੁੱਖ ਸੰਸਾਰ, ਘਰ-ਪਰਿਵਾਰ ਵਿਚ ਇਕੱਲਾ ਹੀ ਨਹੀਂ ਪੈ ਗਿਆ ਸਗੋਂ ਉਹ ਆਪ ਵੀ ਅੰਦਰੋਂ ਦੋਫਾੜ ਹੋਇਆ ਪਿਆ ਹੈ। ਇਸ ਤੋਂ ਵੱਡੀ ਮਨੁੱਖਤਾ ਦੀ ਹੋਰ ਕੀ ਤ੍ਰਾਸਦੀ ਹੋ ਸਕਦੀ ਹੈ? ਮੈਕਸਿਮ ਮੋਰਕੀ ਲਿਖਦਾ ਹੈ ਕਿ ਮੈਨੂੰ ਮਨੁੱਖ ਦੀ ਮੌਤ ਦਾ ਇਤਨਾ ਦੁੱਖ ਨਹੀਂ ਜਿਤਨਾ ਮਨੁੱਖਤਾ ਦੀ ਮੌਤ ਦਾ ਵਿਸ਼ਵੀਕਰਨ ਦੇ ਯੁੱਗ ਵਿਚ ਅਸਲ 'ਚ ਮਨੁੱਖਤਾ ਦੀ ਮੌਤ ਹੋ ਚੁੱਕੀ ਹੈ, ਜੋ ਅਤਿ-ਦੁੱਖਦਾਇਕ ਹੈ, ਚਿੰਤਾਜਨਕ ਹੈ। ਇਸ ਲਈ ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸੰਸਾਰ ਵਿਚ ਅਪਨਾਉਣ ਦੀ ਸਖਤ ਲੋੜ ਹੈ ਤਾਂ ਜੋ ਸਾਰੀ ਮਨੁੱਖਤਾ ਨੂੰ ਇਕੋ ਅਕਾਲ ਪੁਰਖ ਦੇ ਪੁਜਾਰੀ ਤੇ ਸਾਂਝੀਵਾਲ ਬਣਾ ਕੇ ਇਸ ਸ੍ਰਿਸ਼ਟੀ ਨੂੰ ਇਕ ਅਜਿਹੇ ਪਰਿਵਾਰ ਦਾ ਰੂਪ ਦਿੱਤਾ ਜਾ ਸਕੇ ਜਿਥੇ ਪਵਣ ਗੁਰੂ ਹੋਵੇ, ਪਾਣੀ ਪਿਤਾ ਤੇ ਧਰਤੀ ਮਾਤਾ ਦੀ ਗੋਦ ਵਿਚ ਸਾਰੀ ਮਨੁੱਖਤਾ ਸੁਖੀ ਵਸਦੀ ਰਹੇ। ਪਦਾਰਥਕ ਵਿਸ਼ਵੀਕਰਨ ਨਾਲੋਂ ਅਧਿਆਤਮਕ ਵਿਸ਼ਵੀਕਰਨ ਦੀ ਲੋੜ ਹੈ, ਜਿਸ ਵਿਚ ਸਾਂਝੀਵਾਲਤਾ, ਮਨੁੱਖੀ ਬਰਾਬਰੀ, ਮਾਨਵੀ ਕਦਰਾਂ-ਕੀਮਤਾਂ, ਸਹਿਣਸ਼ੀਲਤਾ, ਸਦਭਾਵਨਾ ਅਤੇ ਸਹਿਹੋਂਦ ਦਾ ਬੋਲਬਾਲਾ ਹੋਵੇਗਾ। ਇਸ ਤਰ੍ਹਾਂ ਧਰਤੀ ਸੱਚਮੁੱਚ ਹੀ 'ਬੇਗਮਪੁਰਾ ਸਹਰ' ਬਣ ਸਕਦੀ ਹੈ ਅਤੇ ਇਥੇ 'ਹਲੇਮੀ ਰਾਜ' ਸਥਾਪਤ ਹੋ ਸਕਦਾ ਹੈ। ਨਿਸਚੇ ਹੀ ਗੁਰਮਤਿ ਗਿਆਨ ਦੁਆਰਾ ਇਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।

ਉਕਤ ਸੰਖੇਪ ਵਿਚਾਰ ਚਰਚਾ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ 'ਜਾਹਰ ਪੀਰ ਜਗਤ ਗੁਰ ਬਾਬਾ' ਗੁਰੂ ਨਾਨਕ ਦੇਵ ਜੀ ਨੇ ਸਾਰੇ ਵਿਸ਼ਵ ਨੂੰ ਆਪਣੀ ਦ੍ਰਿਸ਼ਟੀਗੋਚਰ ਕਰਦਿਆਂ ਇਸ ਦੀਆਂ ਵਡਿਆਈਆਂ, ਗੁਣਾਂ, ਨੇਹਮਤਾਂ ਅਤੇ ਕਮੀਆਂ-ਕਮਜ਼ੋਰੀਆਂ ਵੱਲ ਮਨੁੱਖ ਦਾ ਧਿਆਨ ਖਿੱਚਿਆ ਹੈ ਅਤੇ ਮਨੁੱਖ ਨੂੰ ਇਨ੍ਹਾਂ ਕਮੀਆਂ-ਕਮਜ਼ੋਰੀਆਂ ਨੂੰ ਸਰ ਕਰ ਕੇ ਆਪਣਾ ਸੰਸਾਰਕ ਅਤੇ ਅਧਿਆਤਮਕ ਜੀਵਨ ਪੰਧ ਸਫਲ ਕਰਨ ਲਈ ਵਿਸਤ੍ਰਿਤ ਰੂਪ ਵਿਚ ਉਪਦੇਸ਼ ਦਿੱਤਾ ਹੈ ਅਤੇ ਪੱਥ ਪ੍ਰਦਰਸ਼ਿਤ ਕੀਤਾ ਹੈ।

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ (ਫਿਲਾਸਫੀ) ਮਨੁੱਖ ਦੀ ਸਮੁੱਚੀ ਸ਼ਖਸੀਅਤ ਨੂੰ ਪ੍ਰਫੁੱਲਤ ਕਰਨ ਵਾਲੀ, ਸਾਂਝੀਵਾਲਤਾ, ਸਦਭਾਵਨਾ, ਆਪਸੀ ਪ੍ਰੇਮ-ਪਿਆਰ ਅਤੇ ਸਹਿਹੋਂਦ ਦਾ ਉੱਚਤਮ ਸਿਧਾਂਤ, ਅਮਨ-ਸ਼ਾਂਤੀ ਦਾ ਵਿਲੱਖਣ ਪੈਗਾਮ ਅਤੇ ਉੱਚ ਕੋਟੀ ਦਾ ਵਿਗਿਆਨ, ਇਕ ਮੁਕੰਮਲ ਆਤਮਿਕ ਸੁੱਖ ਦਾ ਗਿਆਨ, ਕ੍ਰਿਤੀ ਅਤੇ ਗ੍ਰਹਿਸਥੀ ਜੀਵਨ ਜਿਊਣ ਦਾ ਉਪਦੇਸ਼ ਅਤੇ “ਸਬਦੁ ਗੁਰੂ ਸੁਰਤਿ ਧੁਨਿ ਚੇਲਾ'' (੯੪੩) ਦਾ ਨਿਆਰਾ, ਅਲੌਕਿਕ ਅਤੇ ਅਜਬ ਸਿਧਾਂਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼, ਸੰਸਾਰਕ ਅਤੇ ਅਧਿਆਤਮਕ ਜੀਵਨ ਦੀ ਸਫਲਤਾ ਲਈ ਦੁਵੱਲੇ ਸੰਘਰਸ਼ ਦਾ ਸਾਰਥਕ ਅਤੇ ਸਹੀ ਸਰੋਤ ਹੈ, ਜੋ ਕਿ ਰਹਿੰਦੀ ਦੁਨੀਆ ਤੱਕ ਹਮੇਸ਼ਾ ਹਮੇਸ਼ਾ ਲਈ ਸਹੀ ਅਤੇ ਸਾਰਥਕ ਰਹੇਗਾ। ਅਜੋਕੇ ਸਮੇਂ ਜਦੋਂ ਸਮੁੱਚੇ ਤੌਰ 'ਤੇ ਮਨੁੱਖਤਾ “ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ£'' (੪੯੬) ਕੇਵਲ ਤੇ ਕੇਵਲ ਮਾਇਕ ਪਦਾਰਥ ਇਕੱਤਰ ਕਰਨ ਅਤੇ ਰਾਜ ਸ਼ਕਤੀ ਉੱਤੇ ਜਿਵੇਂ-ਕਿਵੇਂ ਵੀ ਹੋਵੇ ਕਾਬਜ਼ ਹੋਣ ਅਤੇ ਰਹਿਣ ਦੀ ਦੌੜ 'ਚ ਲੱਗੀ ਹੋਈ ਹੈ, ਜਿਸ ਕਾਰਨ ਸਭ ਮਨੁੱਖੀ ਕਦਰਾਂ-ਕੀਮਤਾਂ, ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਖੇਤਰ ਅੰਦਰ ਘੋਰ ਨਿਘਾਰ ਆ ਗਿਆ ਹੈ, ਉਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੀ ਸਾਰੇ ਸੰਸਾਰ ਲਈ ਸਾਰਥਕ ਅਤੇ ਸਹੀ ਹੈ ਜੋ ਮੁੜ ਤੋਂ ਸਮਾਜ ਅੰਦਰ ਉੱਚਾ-ਸੁੱਚਾ ਜੀਵਨ ਕਾਇਮ ਕਰ ਸਕਦਾ ਹੈ। ਇਸ ਲਈ ਉਨ੍ਹਾਂ ਸਮੂਹ ਵਿਅਕਤੀਆਂ ਜੋ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਖੇਤਰ ਵਿਚ ਲੋਕਾਂ ਦੀ ਅਗਵਾਈ ਕਰ ਰਹੇ ਹਨ, ਨੂੰ ਆਪਣੀ-ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਦੀ ਲੋੜ ਹੈ। ਇਨ੍ਹਾਂ ਖੇਤਰਾਂ 'ਚ ਕਾਰਜਸ਼ੀਲ ਲੋਕਾਂ ਦੀ ਮੌਕਾਪ੍ਰਸਤੀ, ਕਚਿਆਈ ਅਤੇ ਅਣਗਹਿਲੀ ਕਾਰਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾ ਨਿਘਾਰ ਆਇਆ ਸੀ। ਜ਼ਰੂਰੀ ਹੈ ਕਿ ਅੱਜ ਵੀ ਇਨ੍ਹਾਂ ਖੇਤਰਾਂ ਵਿਚ ਲੋਕਾਂ ਦੀ ਅਗਵਾਈ ਕਰਨ ਵਾਲੇ ਲੋਕ ਆਪਣਾ ਨੈਤਿਕ ਫਰਜ਼ ਪਹਿਚਾਣਨ, ਸੁਚੇਤ ਅਤੇ ਸੁਜੱਗ ਹੋਣ ਅਤੇ ਸਮਾਜ ਅੰਦਰ ਆਪਣੇ ਮਿਸਾਲੀ ਜੀਵਨ ਦੀ ਵੰਨਗੀ ਪੇਸ਼ ਕਰਨ। ਮਾਪਿਆਂ ਨੂੰ ਵੀ ਇਸ ਖੇਤਰ ਵਿਚ ਪਹਿਲ ਕਰਨੀ ਹੋਵੇਗੀ। ਜੀਵਨ ਮਾਤਾ ਦੇ ਗਰਭ ਤੋਂ ਪੈਦਾ ਹੁੰਦਾ ਹੈ ਅਤੇ ਗੋਦ ਵਿਚੋਂ ਹੀ (ਪਲਦਾ) ਸ਼ੁਰੂ ਹੁੰਦਾ ਹੈ। ਪਿਤਾ ਅਗਲਾ ਪੜਾਅ ਹੈ। ਉਸ ਪਿੱਛੋਂ ਅਧਿਆਪਕ, ਧਾਰਮਿਕ, ਰਾਜਨੀਤਕ ਅਤੇ ਸਮਾਜ ਸੁਧਾਰਕ ਆਦਿ ਲੋਕਾਂ ਦੀ ਵਾਰੀ ਆਉਂਦੀ ਹੈ। ਸੰਸਾਰ ਦੇ ਭਲੇ ਲਈ ਸਭ ਨੂੰ ਆਪਣਾ ਯੋਗਦਾਨ ਪਾਉਣਾ ਹੋਵੇਗਾ। ਆਓ! ਵਿਸ਼ਵ ਚੇਤਨਾ ਦੇ ਨਾਇਕ ਮਰਦ-ਏ-ਕਾਮਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਝ ਕੇ ਗੁਰਮਤਿ ਮਾਰਗ ਦੇ ਪਾਂਧੀ ਬਣ ਕੇ ਆਪਣਾ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਕਰੀਏ।

-ਪ੍ਰੋ. ਕਿਰਪਾਲ ਸਿੰਘ ਬਡੂੰਗਰ

Baljeet Kaur

This news is Edited By Baljeet Kaur