ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਸਫਰ

09/15/2019 9:13:39 AM

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਖਾਵੇ ਦੀ ਤੀਰਥ ਯਾਤਰਾ, ਵਰਤ, ਜਨੇਊ, ਪਿੱਤਰ ਪੂਜਾ ਤੇ ਸਰਾਧ ਆਦਿ ਰਸਮਾਂ ਦੇ ਝੂਠ ਅਤੇ ਨਿਰਾਰਥਕਤਾ ਨੂੰ ਪ੍ਰਗਟ ਕੀਤਾ ਤੇ ਨਾਲ ਹੀ ਇਨ੍ਹਾਂ ਰਾਹੀਂ ਲੋਕਾਂ ਦੀ ਲੁੱਟ ਕਰਨ ਲਈ ਕੀਤੇ ਜਾਣ ਵਾਲੇ ਪਾਖੰਡ ਅਤੇ ਅਡੰਬਰ ਨੂੰ ਰੱਦ ਕੀਤਾ।

(੧) ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸੁਤ ਵਟੁ।।
ਇਹੁ ਜਨੇਊ ਜੀਅ ਕਾ ਹਈ ਤ ਪਾਂਡੇ ਘਤਿ।। (੪੭੧)।।
(੨) ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ।। 
ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ।। (੫੯੮)।।
(੩) ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ।।
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ।। (੪੭੩)।।
(੪) ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ।।
ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ।। (੧੩੯)।।
(੫) ਜੇ ਮੋਹਕਾ ਘਰ ਮੁਹੈ ਘਰੁ ਮਹਿ ਪਿਤਰੀ ਦੇਇ।।
ਅਗੈ ਵਸਤ ਸਿਞਾਣੀਐ -ਪਿਤਰੀ ਚੋਰ ਕਰੇਇ।।
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ।।

ਨਾਨਕ ਅਗੈ ਸੋ ਮਿਲੈ -ਜਿ ਖਟੇ ਘਾਲੇ ਦੇਇ।। (੪੭੨)।।

ਆਰਥਿਕ ਪੱਖ ਤੋਂ ਵੀ ਉਸ ਵੇਲੇ ਦਾ ਸਮਾਜ ਡਾਵਾਂਡੋਲ ਸੀ। ਉੱਚੀ ਸ਼੍ਰੇਣੀ ਅਤੇ ਹਾਕਮ ਵਰਗ ਦੇ ਅਮੀਰਜ਼ਾਦਿਆਂ ਅੰਦਰ ਐਸ਼ਪ੍ਰਸਤੀ ਅਤੇ ਵਿਹਲੜਪੁਣਾ ਫੈਲਿਆ ਹੋਇਆ ਸੀ। ਉਹ ਕਿਰਤੀਆਂ ਦੀ ਨੇਕ ਕਮਾਈ ਉੱਤੇ ਕਾਬਜ਼ ਹੋ ਕੇ ਆਪਣੀਆਂ ਤਿਜੋਰੀਆਂ ਭਰ ਰਹੇ ਸਨ ਅਤੇ ਆਪਣੀਆਂ ਗੋਗੜਾਂ ਮੋਟੀਆਂ ਕਰ ਰਹੇ ਸਨ। ਕਿਰਤੀ ਦੀ ਕਿਰਤ ਉੱਤੇ ਸ਼ਰੇਆਮ ਡਾਕੇ ਪੈ ਰਹੇ ਸਨ ਅਤੇ ਕਿਰਤੀ ਭੁੱਖਾ ਮਰਨ ਲਈ ਮਜਬੂਰ ਸੀ। ਅਖੌਤੀ ਧਾਰਮਿਕ ਆਗੂਆਂ ਅਤੇ ਹਕੂਮਤ ਕਰਨ ਵਾਲੇ ਲੋਕ (ਰਾਜੇ-ਮਹਾਰਾਜੇ) ਅਤੇ ਉਨ੍ਹਾਂ ਦੇ ਅਹਿਲਕਾਰ ਲੋਕਾਂ ਉੱਤੇ ਜ਼ੁਲਮ ਢਾਹ ਰਹੇ ਸਨ। ਇਹ ਘਿਨੌਣਾ ਵਰਤਾਰਾ ਸਾਰੇ ਵਿਸ਼ਵ ਵਿਚ ਹੀ ਉਸ ਸਮੇਂ ਅਤੇ ਅੱਜ ਵੀ ਫੈਲਿਆ ਹੋਇਆ ਹੈ। ਗੁਰੂ ਜੀ ਨੇ ਇਸ ਸਰਬਪੱਖੀ ਜ਼ੁਲਮ ਅਤੇ ਲੁੱਟ ਨੂੰ ਸਿਰੇ ਤੋਂ ਰੱਦ ਕੀਤਾ ਅਤੇ ਇਸ ਨੂੰ ਸਖਤ ਚਣੌਤੀ ਦਿੱਤੀ ਭਾਵ ਗੁਰੂ ਜੀ ਨੇ ਲੋਕਾਂ ਦੀ ਲੁੱਟ ਖਸੁੱਟ ਦੀ ਨਿਖੇਧੀ ਕੀਤੀ ਅਤੇ ਕਿਰਤ ਕਰਨ ਤੇ ਵੰਡ ਕੇ ਛਕਣ ਦੀ ਪ੍ਰੇਰਨਾ ਦਿੱਤੀ ਹੈ :

ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਿ ਬੈਠੇ ਸੁਤੇ।।
ਚਾਕਰ ਨਹਦਾ ਪਾਇਨਿ ਘਾਉ।। ਰਤੁ ਪਿਤੁ ਕੁਤਿਹੁ ਚਟਿ ਜਾਹੁ।। (੧੨੮੮)।।
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ£।।
ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ£।। (੬੬੩)।।
ਗੁਰੁ ਪੀਰੁ ਸਦਾਏ ਮੰਗਣ ਜਾਇ।। ਤਾ ਕੈ ਮਿਲ ਨ ਲਗੀਐ ਪਾਇ।।
ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। (੧੨੪੫)।।


ਉਨ੍ਹਾਂ ਨੇ ਆਪਣੇ ਇਲਾਕੇ ਵਿਚ ਹੀ ਪ੍ਰਚਾਰ ਨਹੀਂ ਕੀਤਾ ਸਗੋਂ ਦੂਰ ਦੂਰ ਦੇ ਦੇਸ਼ਾਂ ਦਾ ਭ੍ਰਮਣ ਕਰ ਕੇ ਸੱਚ ਦਾ ਸੰਦੇਸ਼ ਸੁਣਾਇਆ। ਪਹਿਲੀ ਉਦਾਸੀ ਵਿਚ ਉਹ ਢਾਕਾ, ਆਸਾਮ ਤੱਕ ਗਏ। ਦੂਜੀ ਉਦਾਸੀ ਵਿਚ ਉਹ ਲੰਕਾ ਤੱਕ ਪਹੁੰਚ ਕੇ ਵਾਪਸ ਆਏ। ਤੀਜੀ ਉਦਾਸੀ ਉਨ੍ਹਾਂ ਉੱਤਰੀ ਮੁਲਕਾਂ ਦੀ ਕੀਤੀ। ਇਸ ਦੌਰਾਨ ਉਹ ਪਹਾੜੀ ਇਲਾਕਿਆਂ ਵਿਚ ਤਿੱਬਤ ਤੱਕ ਗਏ। ਚੌਥੀ ਉਦਾਸੀ ਵਿਚ ਉਹ ਮੱਕਾ ਮਦੀਨਾ, ਬਗਦਾਦ, ਕਾਬੁਲ ਆਦਿ ਸਥਾਨਾਂ 'ਤੇ ਗਏ। ਆਪਣੀਆਂ ਉਦਾਸੀਆਂ ਦੌਰਾਨ ਉਨ੍ਹਾਂ ਨੇ ਆਪਣੇ-ਆਪਣੇ ਇਲਾਕੇ ਦੇ ਪੰਡਤਾਂ, ਕਾਜ਼ੀਆਂ, ਜੋਗੀਆਂ, ਨਾਥਾਂ, ਵਲੀਆਂ, ਪੀਰਾਂ ਅਤੇ ਮੌਲਾਣਿਆਂ ਨਾਲ ਵਿਚਾਰ ਗੋਸ਼ਠੀਆਂ ਕਰ ਕੇ ਰੱਬ ਦੀ ਸਰਵ ਵਿਆਪਕਤਾ, ਸ਼ਬਦ-ਸੁਰਤ, ਕਿਰਤ, ਗ੍ਰਹਿਸਥ, ਸਹਿਹੋਂਦ, ਸਦਭਾਵਨਾ ਤੇ ਸਾਂਝੀਵਾਲਤਾ ਦਾ ਸਿਧਾਂਤ ਸਪੱਸ਼ਟ ਕੀਤਾ। ਇਥੇ ਮਹੱਤਵਪੂਰਨ ਨੁਕਤਾ ਇਹ ਹੈ ਕਿ ਸਤਿਗੁਰਾਂ ਨੇ ਕਿਸੇ ਵੀ ਥਾਂ ਵਾਦ-ਵਿਵਾਦ ਖੜ੍ਹ ਨਹੀਂ ਕੀਤਾ ਸਗੋਂ ਤਰਕ ਅਤੇ ਦਲੀਲ ਦੁਆਰਾ ਗਿਆਨ-ਗੋਸ਼ਟ ਰਾਹੀਂ ਸੰਵਾਦ ਹੀ ਰਚਾਇਆ।

ਗੁਰੂ ਜੀ ਮਨੁੱਖੀ ਅਧਿਕਾਰਾਂ ਦੇ ਬਹੁਤ ਵੱਡੇ ਅਲੰਬਰਦਾਰ ਸਨ। ਵਿਸ਼ਵ ਦੇ ਇਤਿਹਾਸ ਵਿਚ ਅਜਿਹੀ ਭਾਵਨਾ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਅਮਲੀ ਜੀਵਨ ਵਿਚ ਹੀ ਦੇਖਣ ਨੂੰ ਮਿਲਦੀ ਹੈ। ਅੱਜ ਭਾਵੇਂ ਸਾਰਾ ਸੰਸਾਰ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਜਿਹੜੇ ਲੋਕ ਅਤੇ ਦੇਸ਼ ਮਨੁੱਖੀ ਹੱਕਾਂ ਦੀ ਗੱਲ ਕਰ ਰਹੇ ਹਨ, ਉਹੀ ਮਨੁੱਖੀ ਹੱਕਾਂ ਨਾਲ ਬੇਹਿਯਾਈ ਨਾਲ ਖਿਲਵਾੜ ਕਰ ਰਹੇ ਹਨ। 1526 ਈ. ਵਿਚ ਬਾਬਰ ਦੇ ਹਮਲੇ ਵੇਲੇ ਗੁਰੂ ਜੀ ਨੇ ਏਮਨਾਬਾਦ ਵਿਚ ਲੋਕਾਂ ਉਤੇ ਬਹੁਤ ਜ਼ੁਲਮ, ਲੁੱਟ-ਖਸੁੱਟ, ਕਤਲੇਆਮ, ਧੀਆਂ-ਭੈਣਾਂ ਦੀ ਘੋਰ ਬੇਪਤੀ ਆਦਿ ਹੁੰਦੇ ਵੇਖੇ ਸਨ ਅਤੇ ਧਾਰਮਿਕ ਕੱਟੜਵਾਦ ਦਾ ਨੰਗਾ ਨਾਚ ਵੇਖਿਆ ਸੀ। ਧਾਰਮਿਕ ਸਥਾਨਾਂ (ਮੰਦਰਾਂ) ਅਤੇ ਕਿਲਿਆਂ ਅਤੇ ਮਹੱਲਾਂ ਨੂੰ ਢਾਹ-ਢੇਰੀ ਕੀਤੇ ਜਾਂਦੇ ਵੇਖਿਆ ਸੀ। ਗੁਰੂ ਜੀ ਨੇ ਇਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਅਤੇ ਸਮੇਂ ਦੇ ਧਾਰਮਿਕ ਅਤੇ ਰਾਜਨੀਤਕ ਆਗੂਆਂ ਨੂੰ ਬਾਬਰ ਦੇ ਹਮਲੇ ਦਾ ਡੱਟ ਕੇ ਮੁਕਾਬਲਾ ਕਰਨ ਲਈ ਵੀ ਵੰਗਾਰਿਆ ਪਰ ਉਹ ਲੋਕ ਤਾਂ ਆਪਣੇ ਫਰਜ਼ਾਂ ਤੋਂ ਮੁਕੰਮਲ ਰੂਪ ਵਿਚ ਭਗੌੜੇ ਹੋਏ ਸਨ। ਗੁਰੂ ਜੀ ਨੇ ਸਮੇਂ ਦੇ ਰਿਆਸਤੀ ਰਾਜਿਆਂ ਅਤੇ ਧਾਰਮਿਕ ਰਹਿਬਰਾਂ ਦੇ ਗੈਰ-ਜ਼ਿੰਮੇਵਾਰਾਨਾ ਅਤੇ ਅਵੇਸਲੇਪਣ ਵਾਲੇ ਰਵੱਈਏ ਅਤੇ ਬਾਬਰ ਕਾਫਲੇ ਵਲੋਂ ਕੀਤੇ ਗਏ ਅੰਧਾਧੁੰਦ ਕਤਲੇਆਮ ਬਾਰੇ ਇਉਂ ਚਾਨਣਾ ਪਾਇਆ ਹੈ :-

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ।। 
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ।। 
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।। (੪੧੭)।।


ਗੁਰੂ ਜੀ ਨੇ ਕੇਵਲ ਜ਼ੁਬਾਨੀ-ਕਲਾਮੀ ਲੋਕਾਂ ਨੂੰ ਉਪਦੇਸ਼ ਨਹੀਂ ਦਿੱਤਾ ਸਗੋਂ ਜੋ ਕਹਿਆ, ਉਹੋ ਹੀ ਪਹਿਲਾਂ ਆਪ ਕਰਕੇ ਵਿਖਾਇਆ। ਗੁਰਮਤਿ ਕਥਨੀ ਅਤੇ ਕਰਨੀ'' ਦੇ ਸੁੰਦਰ ਸੁਮੇਲ ਅਤੇ ਅਨੂਠੇ ਸਿਧਾਂਤ ਦਾ ਵਿਲੱਖਣ ਨਮੂਨਾ ਹੈ। ਨਾਨਕ ਨਾਮ ਲੇਵਾ ਖਾਲਸਾ ਪੰਥ ਵਲੋਂ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਅੱਜ ਵੀ ਜਾਰੀ ਹੈ। ਗੁਰੂ ਜੀ ਨੇ ਬਾਬਰ ਦੀ ਫੌਜ ਨੂੰ ਪਾਪ ਦੀ ਜੰਞ ਅਤੇ ਬਾਬਰ ਨੂੰ 'ਜਮ-ਰੂਪ' ਕਿਹਾ ਸੀ :

ਪਾਪ ਕੀ ਜੰਞੁ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।
ਸਰਮੁ ਧਰਮੁ ਦੁਇ ਛਪ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।। (੭੨੨)।।
ਇਥੋਂ ਤਕ ਕਿ ਗੁਰੂ ਨਾਨਕ ਦੇਵ ਜੀ ਨੇ ਰੱਬ ਨੂੰ ਵੀ ਲੋਕਾਂ ਉੱਤੇ ਹੋਏ ਇੰਨੇ ਵੱਡੇ ਕਤਲੋ-ਗਾਰਦ ਬਾਰੇ ਉਲਾਂਭਾ ਦਿੱਤਾ :-
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।।
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ।। (੩੬੦)।।


ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਜੇਕਰ ਰਾਜ ਕਰਨ ਵਾਲੇ ਰਜਵਾੜੇ, ਧਾਰਮਿਕ ਆਗੂ ਅਤੇ ਜਨਤਾ ਵਕਤ ਰਹਿੰਦਿਆਂ ਸੁਚੇਤ ਹੋ ਜਾਣ ਅਤੇ ਆਪਣੇ-ਆਪਣੇ ਫਰਜ਼ ਨੂੰ ਪਛਾਣ ਕੇ ਉਸ ਦੀ ਪਾਲਣਾ ਕਰਨ ਤਾਂ ਅਜਿਹੀ ਸਜ਼ਾ ਤੋਂ ਬਚਿਆ ਜਾ ਸਕਦਾ ਹੈ। ਇਹ ਸੱਚਾਈ ਵਿਸ਼ਵ ਪੱਧਰ 'ਤੇ ਹਰ ਸਮੇਂ ਦੇ ਹਰ ਰਾਜ ਪ੍ਰਬੰਧ ਲਈ ਇਕ ਤਾੜਨਾ ਵੀ ਹੈ ਅਤੇ ਪ੍ਰੇਰਨਾ ਸਰੋਤ ਵੀ। ਆਪ ਨੇ ਫਰਮਾਇਆ ਹੈ :-

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ।। (੪੧੭)।।

ਜਨਤਾ ਉੱਤੇ ਰਾਜ ਕਰਨ ਵਾਲੇ ਲੋਕਾਂ ਨੂੰ ਜੋ ਸੇਧ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤੀ, ਉਹ ਵਿਸ਼ਵ ਦੇ ਸਾਰੇ ਮੁਲਕਾਂ ਅਤੇ ਹਰ ਕਿਸਮ ਦੇ ਰਾਜ ਪ੍ਰਬੰਧਾਂ ਅਤੇ ਸਾਰੇ ਸਮਿਆਂ ਲਈ ਉਪਯੋਗੀ ਹੈ। ਗੁਰੂ ਜੀ ਨੇ ਫਰਮਾਇਆ ਹੈ ਕਿ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ, ਉਨ੍ਹਾਂ ਦੇ ਦੁੱਖ-ਸੁੱਖ ਵਿਚ ਭਾਈਵਾਲ ਹੋਣ, ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਕਰਨ, ਉਨ੍ਹਾਂ ਲਈ ਰਿਜ਼ਕ-ਰੋਟੀ ਦੇ ਸਾਰਥਕ ਸਾਧਨ ਪੈਦਾ ਕਰਨ ਅਤੇ ਦੇਸ਼ ਅੰਦਰ ਅਮਨ-ਸ਼ਾਂਤੀ ਕਾਇਮ ਰੱਖਣ ਵਾਲਾ ਅਤੇ ਦੇਸ਼ ਦੇ ਸਿਆਣੇ-ਮੋਹਤਬਰ ਲੋਕਾਂ ਦੇ ਸਲਾਹ-ਮਸ਼ਵਰੇ ਨਾਲ ਰਾਜ ਕਰਨ ਵਾਲਾ ਹਰਮਨ ਪਿਆਰਾ ਰਾਜਾ/ਮਹਾਰਾਜਾ/ਰਾਜਨੇਤਾ ਹੀ ਟਿੱਕ ਕੇ ਰਾਜ ਕਰ ਸਕਦਾ ਹੈ, ਨਹੀਂ ਤਾਂ ਦੇਸ਼ ਅੰਦਰ ਬਦਅਮਨੀ ਫੈਲੇਗੀ ਅਤੇ ਦੁਖੀ ਹੋਈ ਜਨਤਾ ਅੰਤ ਨੂੰ ਰਾਜ-ਪਲਟਾ ਕਰ ਦੇਵੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ:-

ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ।। (੯੯੨)।।
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ।।
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ।। (੧੦੮੮)।।
ਤਖਤਿ ਬਹੈ ਤਖਤੈ ਕੀ ਲਾਇਕ£ ਪੰਚ ਸਮਾਏ ਗੁਰਮਤਿ ਪਾਇਕ।।
ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ।। (੧੦੩੯)।।
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ।। (੧੨੪੦)।।


ਇਹ ਵਿਚਾਰਧਾਰਾ ਸੰਸਾਰ ਦੇ ਵੱਖ-ਵੱਖ ਮੁਲਕਾਂ ਉੱਤੇ ਰਾਜ ਕਰਨ ਵਾਲੇ ਸਾਰੇ ਹੀ ਰਾਜਿਆਂ/ਮਹਾਰਾਜਿਆਂ/ਰਾਜ ਨੇਤਾਵਾਂ ਅਤੇ ਹਰ ਕਿਸਮ ਦੇ ਰਾਜ ਪ੍ਰਬੰਧਕਾਂ ਲਈ ਬੇਸ਼ਕੀਮਤੀ ਅਤੇ ਸਾਰਥਕ ਹੈ। ਲੋਕਾਂ ਦੇ ਭਲੇ ਵਿਚ ਹੀ। ਹੰਢਣਸਾਰ ਹੈ। ਹਰ ਸਮੇਂ ਲਈ ਉਪਯੋਗੀ ਹੈ। ਲੋਕਾਂ ਦਾ ਹੱਕ ਮਾਰ ਕੇ ਆਪਣੀਆਂ ਤਿਜੋਰੀਆਂ ਭਰਨ ਅਤੇ ਵਿਖਾਵੇ ਦੇ ਪੁੰਨ-ਦਾਨ ਕਰਨ ਵਾਲਿਆਂ ਹਿੰਦੂਆਂ ਅਤੇ ਮੁਸਲਮਾਨ ਅਮੀਰਜ਼ਾਦਿਆਂ ਸਗੋਂ ਵਿਸ਼ਵ ਦੇ ਸਾਰੇ ਅਜਿਹੇ ਪਾਖੰਡੀਆਂ ਨੂੰ ਹੀ ਉਨ੍ਹਾਂ ਦੇ ਧਾਰਮਿਕ ਅਕੀਦਿਆਂ ਅਨੁਸਾਰ ਇਉਂ ਸਮਝਾਇਆ ਹੈ। ਅਖੌਤੀ ਧਾਰਮਿਕ ਅਤੇ ਰਾਜਨੀਤਕ ਲੁਟੇਰੀ ਜਮਾਤ ਵਲੋਂ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਹਿੱਤ ਇਹ ਅਡੰਬਰ ਅੱਜ ਵੀ ਪੂਰੇ ਜ਼ੋਰ ਨਾਲ ਕੀਤਾ ਜਾ ਰਿਹਾ ਹੈ ਸਗੋਂ ਹੁਣ ਤਾਂ ਬਿਜਲਈ ਅਤੇ ਪ੍ਰੈੱਸ ਮੀਡੀਆ ਨੂੰ ਵੀ ਪੂਰਾ ਵਰਤਿਆ ਜਾ ਰਿਹਾ ਹੈ। ਗੁਰਵਾਕ ਹੈ :-

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।।
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।।
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ।।
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ।।
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ।। (੧੪੧)।।

–ਪ੍ਰੋ. ਕਿਰਪਾਲ ਸਿੰਘ ਬਡੂੰਗਰ
-99159-05100

Baljeet Kaur

This news is Edited By Baljeet Kaur