ਅਸੀਸ, ਗੁਰੂ ਨਾਨਕ ਦੇਵ ਜੀ: ਚਿੱਤਰਕਾਰ ਸੋਭਾ ਸਿੰਘ

07/20/2019 8:42:28 AM

ਚਿੱਤਰਕਾਰੀ 'ਚ ਗੁਰੂ ਨਾਨਕ ਵਿਰਾਸਤ-੧੨

ਸੋਭਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਅਨੇਕਾਨੇਕ ਰੂਪ ਕੈਨਵਸ ਉੱਪਰ ਉਤਾਰੇ ਹਨ। ਸਭ ਤੋਂ ਪਹਿਲਾ ਰੂਪ ਕਿਹੜਾ ਹੋ ਸਕਦਾ,ਉਹ ਕਿਸ ਵਰ੍ਹੇ ਪੇਂਟ ਕੀਤਾ ਗਿਆ? ਇਹ ਹਾਲੇ ਵੀ ਬੁਝਾਰਤ ਹੈ। ਖੋਜਬੀਨ ਬਾਅਦ ਪਤਾ ਚੱਲਦਾ ਹੈ ਕਿ ਪਹਿਲਾਂ ਸਰੂਪ "ਨਾਮ ਖੁਮਾਰੀ" ਵਾਲਾ ਹੈ। ਪਰ ਕੀ ਇਹ ਸੱਚ ਹੈ, ਯਕੀਨ ਨਾਲ ਨਹੀਂ ਕਹਿ ਸਕਦੇ। ਇਸਦੇ ਬਣਾਏ ਜਾਣ ਦੇ ਵਰ੍ਹੇ ਬਾਰੇ ਕੋਈ ਉਘ-ਸੁਘ ਨਹੀਂ। "ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ" ਵਾਲੇ ਦੋ ਚਿੱਤਰ ਚੇਤੇ ਵਿੱਚ ਹਨ। ਇੱਕ ਚਿੱਤਰ ਦੇ ਬਾਹਰ, ਥੱਲੇ ਵੱਲ ਉਪਰੋਕਤ ਤੁਕ ਲਿਖੀ ਹੁੰਦੀ ਸੀ। ਦੋ, ਗੁਰੁ ਜੀ ਦੇ ਸੀਸ ਪਿੱਛੇ ਬਣੇ 'ਹਾਲਾ' ਦੇ ਵਿੱਚ-ਵਿਚਾਲੇ ਇਹ ਤੁਕ ਗੋਲਾਈ ਵਿੱਚ ਘੁੰਮਦੀ ਹੈ। ਇਹ ਚਿੱਤਰ ਹੁਣ ਨਹੀਂ ਦਿਸਦੇ, ਕਿਸੇ ਚਿੱਤਰ ਸੰਗ੍ਰਹਿਕਰਤਾ ਪਾਸ ਇਹਨਾਂ ਦੇ ਪ੍ਰਿੰਟ ਹੋ ਸਕਦੇ ਹਨ। ਆਪਣੇ ਵੇਲੇ ਉਹ ਕਾਫੀ ਪ੍ਰਚੱਲਿਤ ਸੀ ਪਰ ਸਮੇਂ ਦੇ ਬਦਲਣ ਨਾਲ ਉਹ ਹੌਲੀ-ਹੌਲੀ ਲੋਕਾਂ ਵੱਲੋਂ ਭੁਲਾਈ ਜਾਣ ਲੱਗੀ। ਸੋਭਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਤਿੰਨ ਤਰ੍ਹਾਂ ਦੇ ਚਿੱਤਰ ਪੇਂਟ ਕੀਤੇ ਹਨ। ਇੱਕ, ਗੁਰੂ ਜੀ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪਰਿਵਾਰ ਵਿਚਾਲੇ ਹਨ। ਦੋ, ਉਹ ਆਪਣੇ ਸਿੱਖਾਂ ਭਾਈ ਮਰਦਾਨਾ ਅਤੇ ਭਾਈ ਬਾਲਾ, ਨਾਲ ਦਿਖਾਈ ਦਿੰਦੇ ਹਨ। ਤਿੰਨ, ਗੁਰੁ ਜੀ ਦਾ ਸਰੂਪ ਸੁਤੰਤਰ ਤੌਰ ਉੱਪਰ ਕੈਨਵਸ ਦੀ ਸੋਭਾ ਬਣਦਾ ਹੈ। ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਧ ਚਿੱਤਰ ਇਸੇ ਵਰਗ ਵਿੱਚ ਆਉਂਦੇ ਹਨ। ਜਦੋਂ ਸਿੱਖ-ਸੰਗਤ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਸੀ ਤਦ ਸੋਭਾ ਸਿੰਘ ਰਚਿਤ ਇੱਕ ਚਿੱਤਰ ਸਾਹਮਣੇ ਆਇਆ। ਗੱਲ ਸੰਨ ੧੯੬੯ ਦੀ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਤਾ ਪ੍ਰਾਪਤ ਚਿੱਤਰ ਰਿਲੀਜ਼ ਕੀਤਾ ਗਿਆ। ਜਿੱਥੇ ਗੁਰੂ ਜੀ ਦਾ ਭਰਮਾ ਚਿਹਰਾ ਅਤੇ ਅਸੀਸ ਦਿੰਦਾ ਹੋਇਆ ਸੱਜਾ ਹੱਥ ਦਿਸ ਆਉਂਦਾ ਹੈ।
ਸਿੱਖ ਪੰਥ ਵਿੱਚ ਮੂਰਤੀ ਅਤੇ ਚਿੱਤਰ ਪੂਜਾ ਦੀ ਮਨਾਹੀ ਹੈ। ਹਰ ਸਿੱਖ ਨੂੰ ਇੱਕ ਅਕਾਲ ਪੁਰਖ ਵਿੱਚ ਆਸਥਾ ਰੱਖਣ ਲਈ ਕਿਹਾ ਗਿਆ ਹੈ। ਇਹ ਕਿੰਨਾ ਵਿਰੋਧਾਭਾਸੀ ਨਿਰਣਾ ਹੈ ਕਿ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸਿੱਖ ਰਹਿਤ ਮਰਿਆਦਾ ਦੀ ਪਰਵਾਹ ਨਾ ਕਰਦਿਆਂ ਹੋਇਆਂ ਚਿੱਤਰਕਾਰ ਨੂੰ ਗੁਰੂ ਨਾਨਕ ਦੇਵ ਜੀ ਦਾ ਸਰੂਪ ਤਿਆਰ ਕਰਨ ਨੂੰ ਕਹਿੰਦੀ ਹੈ ਬਲਕਿ ਇੱਕ ਸਮਾਗਮ ਰਚਾਕੇ ਇਸਨੂੰ ਰਿਲੀਜ਼ ਕੀਤਾ ਜਾਂਦਾ ਹੈ। ਇਸਦੇ ਪ੍ਰਿੰਟ ਖੁਦ ਤਿਆਰ ਕਰਵਾਕੇ ਪੰਜ ਰੁਪੈ ਪ੍ਰਤੀ ਕਾਪੀ ਦੀ ਦਰ ਨਾਲ ਮਾਰਕੀਟ ਵਿੱਚ ਵੇਚਿਆ ਜਾਂਦਾ ਹੈ।

ਇਸ ਤੱਥ ਵੱਲ ਸੰਕੇਤ ਤਾਂ ਕੀਤਾ ਹੈ ਕਿਉਂਕਿ ਉਸ ਵੇਲੇ ਕਮੇਟੀ ਦੇ ਨਿਰਣੇ ਦਾ ਵਿਰੋਧ ਹੋਇਆ ਸੀ। ਇਸ ਸਭ ਦੇ ਬਾਵਜੂਦ ਸਾਰਾ ਵਿਹਾਰ ਪਹਿਲਾਂ ਵਾਂਗ ਚਲਦਾ ਰਿਹਾ। ਜੋ ਦ੍ਰਿਸ਼ਟੀ ਦਿਸ਼ਾ ਕਮੇਟੀ ਦੀ ਹੈ, ਉਹ ਚਿੱਤਰਕਾਰ ਦੀ ਨਹੀਂ ਭਾਵੇਂ ਕਿ ਦੋਹਾਂ ਦੀ ਆਸਥਾ ਗੁਰੂ ਵਿਅਕਤੀ ਅਤੇ ਗੁਰਬਾਣੀ ਵਿੱਚ ਹੈ।
ਸੋਭਾ ਸਿੰਘ ਨੂੰ ਜੋ ਕੰਮ ਦਿੱਤਾ ਗਿਆ, ਉਸਨੇ ਉਹ ਪੂਰੀ ਲਗਨ ਨਾਲ ਪੂਰਾ ਕੀਤਾ। ਗੁਰੁ ਸਹਿਬਾਨ ਦੀਆਂ ਤਸ਼ਬੀਹਾਂ ਤਾਂ ਉਹ ਪਹਿਲਾਂ ਵੀ ਬਣਾਉਂਦਾ ਆ ਰਿਹਾ ਸੀ। ਇਸ ਤਸਵੀਰ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਪਹਿਲਾਂ ਥੋੜ੍ਹਾ ਹੋਰ ਕਰੀਬ ਹੋਕੇ ਦੇਖਣ ਦਾ ਯਤਨ ਕੀਤਾ ਗਿਆ ਹੈ। ਇਹ ਚਿਹਰਾ 'ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ' ਤੋਂ ਕਾਫੀ ਹੱਟਕੇ ਹੈ।
ਚਿੱਤਰ ਵਿੱਚ ਗੁਰੂ ਜੀ ਦਾ ਚਿਹਰਾ ਅਤੇ ਅਸੀਸ ਦਿੰਦਾ ਹੋਇਆ ਹੱਥ ਦਿਖਾਈ ਦੇ ਰਿਹਾ ਹੈ। ਉਮਰ ਪੱਖੋਂ ਇਹ ਕਾਫੀ ਵਡੇਰੀ ਉਮਰ ਵਾਲੇ ਹਨ। ਸਿਰ ਦੁਆਲੇ ਘੁੱਟਕੇ ਬੰਨੀ ਦਸਤਾਰ ਦਾ ਰੰਗ ਪੀਲਾ ਹੈ। ਲਗਭਗ ਇਸੇ ਰੰਗ ਦਾ ਚੌਲਾ ਪਹਿਨਿਆ ਹੋਇਆ ਹੈ। ਉਹਨਾਂ ਦੇ ਮੋਢਿਆਂ ਉੱਪਰਲੀ ਚਾਦਰ ਭੂਰੇ ਰੰਗ ਦੀ ਹੈ। ਇਹ ਆਪਣੇ ਆਪ 'ਚ ਵਿਲੱਖਣ ਮੁਹਾਰਨੀ ਵਾਲਾ ਦ੍ਰਿਸ਼ ਹੈ। ਜਿੱਥੇ ਕਿਸੇ ਦੂਜੀ ਸ਼ੈਅ ਦੀ ਹੋਂਦ ਦੀ ਨਿਸ਼ਾਨੀ ਤੱਕ ਨਹੀਂ। ਹੋਰ ਕਿਸੇ ਦੀ ਹੋਂਦ ਦੀ ਚਿੰਤਾ ਤਿਆਗ ਖੁਦ ਗੁਰੂ ਜੀ ਦਾ ਸਰੀਰ ਕੈਨਵਸ ਦਾ ਹਿੱਸਾ ਨਹੀਂ ਬਣਾਇਆ ਗਿਆ। ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ।

ਆਮਤੌਰ ਤੇ, ਅੱਜ ਤੋਂ ਪੰਜਾਹ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਚਿੱਤਰਣ ਦੀ ਜੋ ਪ੍ਰਚੱਲਿਤ ਰੀਤ ਸੀ ਉਹ ਇਸਤੋਂ ਬਹੁਤ ਹੱਟਵੀਂ ਸੀ। ਗੁਰੂ ਜੀ ਆਪਣੇ ਸਿੱਖਾਂ ਦੇ ਵਿਚਾਲੇ ਬੈਠੇ ਹਨ ਜਾਂ ਆਪਣੇ ਪਰਿਵਾਰਕ ਜੀਆਂ ਵਿਚਾਲੇ ਹਨ ਜਾਂ ਇਕੱਲੇ ਹਨ, ਜਾਂ ਉਹ ਕੁਦਰਤੀ ਨਜ਼ਾਰੇ ਦਰਮਿਆਨ ਚੌਂਕੜਾ ਲਾਈ ਬੈਠੇ ਹਨ। ਇਸ ਤਰ੍ਹਾਂ ਕਿਸੇ ਹੋਰ ਚਿਤੇਰੇ ਨੇ ਇਹਨਾਂ ਨੂੰ ਨਹੀਂ ਚਿਤਰਿਆ। ਨਾਮ ਖੁਮਾਰੀ ਵਾਲੀ ਰਚਨਾ ਵਿੱਚ ਭਾਵੇਂ ਉਹ ਇਕੱਲੇ ਹਨ, ਵਿਉਂਤਬੰਦੀ ਭਿੰਨ ਰਹੀ।

  ਅਸੀਸ ਵਿੱਚ ਗੁਰੁ ਜੀ ਦਾ ਚਿਹਰਾ ਬਿਲਕੁਲ ਸਾਹਮਣਿਓਂ ਉਲੀਕਿਆ ਹੈ ਜੋ ਹਲਕਾ ਜਿਹਾ ਸੱਜੇ ਨੂੰ ਘੁੰਮਿਆ ਅਤੇ ਲੁਕਿਆ ਹੋਇਆ ਹੈ। ਚਿਹਰਾ ਹਲਕਾ ਗੋਲ, ਭਰਵਾਂ ਸੰਘਣਾ ਸਫੈਦ ਦਾਹੜਾ, ਸੀਸ ਉੱਪਰਲੀ ਕੱਸਵੀਂ ਸਾਫੇ ਨੁਮਾ ਦਸਤਾਰ ਦੇ ਇਲਾਵਾ ਕਸ਼ਿਸ਼ ਵਾਲੀਆਂ ਦੋ ਅੱਧ ਖੁੱਲੀਆਂ ਅੱਖਾਂ ਹਨ। ਅੱਖਾ ਦੀ ਬਨਾਵਟ, ਉਹਨਾਂ ਦੇ ਦੁਆਲੇ ਕੀਤੀ ਸ਼ੇਡ ਕਾਰਨ ਅੰਦਰ ਨੂੰ ਦੱਬੀਆਂ-ਦੱਬੀਆਂ ਲੱਗਦੀਆਂ ਹਨ।
ਸੋਭਾ ਸਿੰਘ ਧਾਰਮਿਕ ਬਿਰਤੀ ਵਾਲਾ ਸੀ। ਸਿੱਖ ਗੁਰੂਆਂ, ਸਿੱਖ ਸ਼ਹੀਦਾਂ, ਸੰਤਾਂ, ਭਗਤਾਂ, ਸਮਾਜ ਸੁਧਾਰਕਾਂ ਨੂੰ ਉਸਨੇ ਆਪਣੀਆਂ ਬੁਰਸ-ਛੋਹਾਂ ਦਿੱਤੀਆਂ। ਵਿਹਾਰਕ ਜੀਵਨ 'ਚ ਅੰਮ੍ਰਿਤ ਵੇਲੇ ਉੱਠਣਾ, ਗੁਰੁ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਇਲਾਵਾ ਵਿਸ਼ਵ ਦੇ ਪ੍ਰਸਿੱਧ ਦਾਰਸ਼ਨਿਕਾਂ ਦੀਆਂ ਰਚਨਾਵਾਂ ਦਾ ਅਧਿਐਨ, ਸਿੱਖ ਇਤਿਹਾਸ ਨੂੰ ਪੜ੍ਹਨ-ਸਤਿਕਾਰਨ ਵਾਲੀ ਸ਼ਖ਼ਸੀਅਤ ਸੀ।

  ਗੁਰੂ ਨਾਨਕ ਦੇਵ ਜੀ ਦੀ ਇਹ ਛੱਬ ਕਿਸੇਂ ਹੋ ਚੁੱਕੀ, ਹੋ ਰਹੀ ਜਾਂ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਘਟਨਾ ਦਾ ਕਣ ਮਾਤਰ ਇਸ਼ਾਰਾ ਨਹੀਂ, ਪਰ ਇਹ ਅਕਾਰ ਬਹੁਤ ਕੁਝ ਕਹਿ ਰਿਹਾ ਹੈ। ਇਹ ਜੋ ਅਕਾਰ ਸਾਨੂੰ ਦਿਸ ਰਿਹਾ ਹੈ ਉਸਤੋਂ ਪਤਾ ਚਲਦਾ ਹੈ, ਉਹ ਬੈਠੇ ਹੋਏ ਹਨ। ਚਿਤੇਰਾ ਸਮੁੱਚਾ ਨਹੀਂ ਬਲਕਿ ਉਸਦਾ ਅੰਗ ਵਿਸ਼ੇਸ਼ ਚੁਣ ਬਣਾ ਰਿਹਾ ਹੈ। ਦੋ, ਗੁਰੂ ਜੀ ਦਾ ਸੀਸ ਅਤੇ ਅਸੀਸ ਵਾਲੇ ਹੱਥ ਦਾ ਆਪਸੀ ਤਾਲਮੇਲ ਇੱਕ ਪ੍ਰਯੋਜਨ ਉਜਾਗਰ ਕਰ ਰਿਹਾ ਹੈ। ਜੋ ਦਰਸ਼ਨ ਕਰ ਰਿਹਾ ਹੈ ਉਸਨੂੰ ਅਸ਼ੀਰਵਾਦ ਰੂਪ ਵਜੋਂ ਗੁਰ ਪ੍ਰਸਾਦਿ ਮਿਲ ਰਿਹਾ ਹੈ। ਤਿੰਨ, ਇਹ ਪੇਂਟਿੰਗ ਵਿਕੋਲਿਤਰੀ ਨਹੀਂ ਜਿੱਥੇ ਹੱਥ ਨਾਲ ਅਸੀਸ ਦਿੱਤੀ ਜਾ ਰਹੀ ਹੋਵੇ। ਕਿਉਂਕਿ ਹਿੰਦੂ ਦੇਵੀ ਦੇਵਤਿਆਂ ਦੇ ਅਨੇਕਾਨੇਕ ਅਜਿਹੇ ਚਿੱਤਰ ਮਿਲ ਜਾਂਦੇ ਹਨ। ਚਾਰ, ਸ਼ੈਲੀ ਬੱਧ ਚਿੱਤਰਾਂ ਜਾਂ ਚਿੱਤਰਕਾਰਾਂ ਵੱਲੋਂ ਰਚੇ ਚਿੱਤਰਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਸੱਜਾ ਹੱਥ ਉੱਪਰ ਨੂੰ ਹੈ। ਇਹ ਅਸੀਸ ਰੂਪ ਵਜੋਂ ਨਹੀਂ ਬਲਕਿ ਇਸਦੀ ਤਰਜਨੀ ਉਂਗਲ '<' ਵੱਲ ਨੂੰ ਸੇਧਿਤ ਹੈ।

ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੀ ਤਿੰਨ ਚੌਥਾਈ ਊਰਜਾ ਮਿਹਨਤ ਕਰਦਿਆਂ ਗੁਜਾਰੀ। ਚਾਰ ਉਦਾਸੀਆਂ, ਜੋ ਚਾਰ ਦਿਸ਼ਾਵਾਂ ਵੱਲ ਕੀਤੀਆਂ ਸਨ, ਉਪਰੰਤ ਉਹ ਕਰਤਾਰਪੁਰ ਆ ਵਸਦੇ ਹਨ। ਇੱਥੇ ਆਉਣ ਉਪਰੰਤ ਉਹ ਖੁਦ ਨੂੰ ਪੂਰੀ ਤਰ੍ਹਾਂ ਮੁਕਤ ਨਹੀਂ ਕਰ ਲੈਂਦੇ ਬਲਕਿ ਖੇਤੀ ਕਰਦੇ ਹਨ। ਆਉਣ-ਜਾਣ ਵਾਲੀ ਸੰਗਤ/ਜਾਣਕਾਰਾਂ ਨੂੰ ਅਕਾਲ ਪੁਰਖ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਗਿਆਨੀਆਂ-ਧਿਆਨੀਆਂ ਨਾਲ ਵਿਚਾਰ ਚਰਚਾ ਕਰਦੇ ਹਨ। ਜੋ ਇਹਨਾਂ ਕੋਲ ਟਿਕ ਰਹਿੰਦਾ ਹੈ ਉਸਦੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਗੁਰੂ ਨਾਨਕ ਦੇਵ ਜੀ ਦਾ ਜੋ ਚਿਹਰਾ-ਮੋਹਰਾ ਸੋਭਾ ਸਿੰਘ ਨੇ ਕਲਪਿਆ ਹੈ ਉਹ ਉਹਨਾਂ ਦੇ ਜੀਵਨ ਵਿਚਾਰ ਨਾਲ ਮੇਲ ਨਹੀਂ ਖਾਂਦਾ। ਜੇ ਤਾਰਕਿਕ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਇਹ ਉਲਟ ਤਸਵੀਰ ਉਭਾਰਦੀ ਹੈ। ਕਿਸੇ ਯਾਤਰੂ, ਮਿਹਨਤਕਸ਼ ਵਿਅਕਤੀ ਦਾ ਚਿਹਰਾ ਅਜਿਹਾ ਨਹੀਂ ਹੋ ਸਕਦਾ। ਚਿੱਤਰਕਾਰ ਜੋ ਰੂਪ ਪੇਸ਼ ਕਰ  ਰਿਹਾ ਹੈ ਉਹ ਕਿਸੇ ਅਨੁਭਵੀ ਖਿੱਚ ਦਾ ਨਿਸ਼ਾਨ ਨਹੀਂ ਉਲੀਕਦਾ। ਚਿੱਤਰ ਗੁਰੂ ਜੀ ਨੂੰ ਵੱਡੀ ਉਮਰ ਵਜੋਂ ਦਰਸਾ ਰਿਹਾ ਹੈ। ਜੇ ਸਪਸ਼ਟ ਹੋਇਆ ਜਾਏ ਤਾਂ ਲੱਗਦਾ ਹੈ ਇਹ ਰੂਪ ਦਰਸ਼ਕਾਂ ਨੂੰ ਉਸ ਸਮੇਂ ਤੱਕ ਨਹੀ ਲੈ ਕੇ ਜਾਂਦਾ ਜਿਸ ਕਾਲ ਵਿੱਚ ਉਹ ਵਿਚਰ ਰਹੇ ਸਨ। ਇਹ ਚਿਹਰਾ ਕਿਸੇ ਮਿਹਨਤਕਸ਼ ਦਾ ਨਹੀਂ ਲੱਗਦਾ ਬਲਕਿ ਉਸਦਾ ਲੱਗਦਾ ਹੈ ਜੋ ਸੁੱਖ-ਸੁਵਿਧਾਵਾਂ ਵਿੱਚ ਜੀ ਰਿਹਾ ਹੈ।
ਚਿਹਰੇ ਤੋਂ ਸਰੀਰ ਦੀ ਸੂਹ ਵੀ ਮਿਲਦੀ ਹੈ। ਹੱਥ ਵੀ ਕਿਸੇ ਕਿਰਤੀ ਦੇ ਨਹੀਂ ਲੱਗਦੇ। ਇਲਾਕੇ ਦਾ ਅਸਰ ਉੱਥੇ ਰਹਿਣ ਵਾਲਿਆਂ ਉੱਪਰ ਵੀ ਪੈਂਦਾ ਹੈ ਪਰ ਇਹ ਚਿੱਤਰ ਉਸ ਵੱਲ ਤੁਰਦਾ ਨਹੀਂ ਲੱਗਦਾ। ਸਰੀਰ ਮੋਕਲਾ, ਲਚਕਦਾਰ, ਇਕਹਰਾ ਨਹੀਂ।

ਮਿਹਨਤ ਅਤੇ ਤਪ ਚਿਹਰੇ ਨੂੰ ਹੱਟਵੀਂ ਚਮਕ ਦਿੰਦਾ ਹੈ। ਰੰਗਾਂ ਦੀਆਂ ਪਰਤਾਂ ਅਤੇ ਉਹਨਾਂ ਵਿੱਚਲਾ ਮਿਸ਼ਰਣ ਇਸ ਪੱਖ ਨੂੰ ਮੁੱਖਰ ਕਰ ਸਕਦੇ ਸਨ। ਇਹ ਲੱਛਣ ਇਸ ਪੇਂਟਿੰਗ ਵਿੱਚ ਨਹੀਂ।
ਇਹ ਸੰਕੇਤਕ ਵਿਚਾਰ ਅਲੋਚਨਾ ਸਰੂਪ ਨਹੀਂ ਬਲਕਿ ਪਛਾਣ ਵਜੋਂ ਹਨ। ਕਾਰਣ ਚਿੱਤਰ ਸੰਦਰਭ ਵਿੱਚ ਹਨ। ਇੱਕ ਸਿਰਮੌਰ ਸੰਸਥਾ ਵੱਲੋਂ ਮਿਲਿਆ ਕੰਮ ਉਸ ਮਿਆਰ ਦਾ ਨਹੀਂ ਭਾਵੇਂ ਕਿ ਗੁਰੂ ਨਾਨਕ ਦੇਵ ਜੀ ਦੀ ਇਹ ਤਸਵੀਰ ਅਨੇਕ ਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਇਹਦਾ ਅੰਤ ਇੱਥੇ ਹੀ ਨਹੀਂ ਹੁੰਦਾ। ਇਸ ਕਿਰਤ ਦੀਆਂ ਅਨੇਕ ਨਕਲਾਂ ਕਈ ਚਿਤੇਰੇ ਤਿਆਰ ਕਰ ਬਜ਼ਾਰ ਵੱਲ ਧੱਕਦੇ ਆ ਰਹੇ ਹਨ। ਨਕਲਾਂ ਮੂਲ ਤੋਂ ਨੀਵੀਆਂ ਹੀ ਹੁੰਦੀਆਂ ਹਨ। ਕਈ ਸਿਖਾਂਦਰੂ ਮਸ਼ਕ ਲਈ ਇਸਨੂੰ ਵਰਤਦੇ ਆ ਰਹੇ ਹਨ।
ਸੋਭਾ ਸਿੰਘ ਦੇ ਕਰੀਬੀ ਦੱਸਦੇ ਹਨ ਕਿ ਆਪਣੇ ਚਿੱਤਰਾਂ ਦੀ ਤਿਆਰੀ ਲਈ ਉਸਨੇ "ਮਾੱਡਲਸ" ਦਾ ਸਹਾਰਾ ਲਿਆ ਹੈ। ਚਿੱਤਰ ਦੇ ਕਿਰਦਾਰ ਨੂੰ ਸਹੀ ਅਨੁਪਾਤ ਦੇਣ ਲਈ ਉਲਝੇ ਅਤੇ ਪ੍ਰਬੀਨ ਚਿੱਤਰਕਾਰ ਮਾੱਡਲ ਅਧਾਰਿਤ ਕੰਮ ਕਰਦੇ ਆ ਰਹੇ ਹਨ। ਕਿਸ ਚਤੇਰੇ ਨੇ ਕਿਸ ਮਾੱਡਲ ਨੂੰ ਕਿਸ ਕਿਰਦਾਰ ਲਈ ਵਰਤਿਆ, ਹੱਟਵਾਂ ਪਰ ਜਵਾਲੰਤ ਵਿਸ਼ਾ ਹੈ। ਸੋਭਾ ਸਿੰਘ ਨੇ ਜਿਸ ਵੀ ਮਾੱਡਲ ਨੂੰ ਗੁਰੂ ਜੀ ਲਈ ਵਰਤਿਆ ਉਹ ਕੈਨਵਸ ਉੱਪਰ ਉੱਤਰੀ ਛੱਬ ਨਾਲ ਨਿਆਂ ਨਹੀਂ ਕਰ ਰਿਹਾ। 

 

ਜਗਤਾਰਜੀਤ ਸਿੰਘ
੯੮੯੯੦-੯੧੧੮੬
98990-91186