ਨਾਨਕ ਹੁਕਮੈ ਜੇ ਬੁਝੈ...

05/09/2019 11:31:21 AM

ਜਲੰਧਰ - ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ। ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ। ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ। ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ। ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ। ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ। 2 ।

ਹੁਣ ਸਾਰੀ ਜੋ ਹੋਂਦ ਹੈ, ਜੋ ਆਕਾਰ ਹੈ, ਜੋ ਸਥੂਲ ਜਾਂ ਸੂਕਸ਼ਮ ਹੈ, ਉਹ ਹੁਕਮ ਅੰਦਰ ਹੀ ਹੈ। ਉਹਦੇ ਹੁਕਮ ਨਾਲ ਹੀ ਹੋ-ਵਾਪਰ ਰਿਹਾ ਹੈ, ਪਰੰਤੂ ਹੁਕਮ ਨੂੰ ਕਿਹਾ ਨਹੀਂ ਜਾ ਸਕਦਾ। ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ। ਸਭ ਉਸਦੇ ਹੁਕਮ 'ਚ ਹੋ ਰਿਹਾ ਹੈ, ਘਟ ਰਿਹਾ ਹੈ, ਆਕਾਰ ਪੈਦਾ ਹੋ ਰਹੇ ਨੇ, ਪਰੰਤੂ ਇਸ ਹੁਕਮ ਨੂੰ ਕਿਹਾ ਨਹੀਂ ਜਾ ਸਕਦਾ। ਵਿਆਖਿਆ ਨਹੀਂ ਹੋ ਸਕਦੀ। ਇਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਅਗਲੇ ਪਲ ਦੀ ਖਬਰ ਨਹੀਂ ਹੈ। ਅਗਲੇ ਪਲ ਦਾ ਵਿਸਾਹ ਨਹੀਂ। ਇਸ ਵਾਸਤੇ ਦਾਅਵੇ ਨਾ ਕਰੋ। ਉਹ ਦੇ ਹੁਕਮ ਨੂੰ ਕਹਿਆ ਨਹੀਂ ਜਾ ਸਕਦਾ। ਜੀਅ ਜੰਤੁ ਸਭ ਹੁਕਮ ਨਾਲ ਨੇ। ਇਸੇ ਹੁਕਮ ਨਾਲ ਸਾਨੂੰ ਵਡਿਆਈ ਮਿਲਦੀ ਹੈ। ਉਹ ਚਾਹੁੰਦਾ ਹੈ ਤਾਂ ਵਡਿਆਈ ਮਿਲਦੀ ਹੈ। ਉਹਦੇ ਹੁਕਮ ਨਾਲ ਹੀ। ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ। ਉਹਦਾ ਹੁਕਮ ਹੀ ਹੈ ਜੋ ਕਿਸੇ ਨੂੰ ਸਤਿਕਾਰ ਮਿਲ ਰਿਹਾ ਹੈ, ਲੋਕ ਉਹਦੇ ਗੁਣ ਗਾ ਰਹੇ ਨੇ। ਕੋਈ ਉੱਤਮ ਹੈ ਤੇ ਕੋਈ ਨੀਚ ਹੈ, ਸਭ ਉਸੇ ਦੇ ਹੁਕਮ ਦੇ ਬੱਧੇ ਨੇ। ਦੁੱਖ-ਸੁੱਖ ਉਸੇ ਦੇ ਹੁਕਮ ਦਾ ਪਾਸਾਰ ਹੈ। ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ। ਜੋ ਹੈ, ਉਹ ਉਸ ਦਾ ਹੁਕਮ ਹੀ ਹੈ। ਸਭ ਕੁੱਝ, ਚੰਗਾ-ਮਾੜਾ, ਉੱਤਮ-ਨੀਚ, ਦੁਖ-ਸੁਖ। ਇੱਥੇ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਚੰਗਾ ਮਾੜਾ ਜੇਕਰ ਸ਼ਬਦ ਆਏ ਨੇ ਤਾਂ ਉਹ ਦੁਨੀਆਵੀ ਸ਼ਬਦ ਨਹੀਂ ਹਨ। ਜਿਨ੍ਹਾਂ ਨੂੰ ਤੁਸੀਂ ਚੰਗੇ ਮਾੜੇ ਕਹਿੰਦੇ ਹੋ। ਇਹ ਸਿਧਾਂਤਕ ਸ਼ਬਦ ਹਨ।

ਹੁਣ ਕੀ ਹੈ ਕਿ ਉਸਦੇ ਹੁਕਮ ਨਾਲ ਕਈ ਠਹਿਰ ਗਏ, ਸਹਿਜ ਹੋ ਗਏ ਤੇ ਕਈ ਅਜੇ ਤੱਕ ਚੱਕਰਾਂ 'ਚ ਪਏ ਨੇ, ਗੇੜੇ ਪਏ ਨੇ, ਆਵਾਗਮਨ 'ਚ ਨੇ। ਇਕਨਾ ਨੂੰ ਬਖਸ਼ਿਸ਼ ਹੋ ਗਈ। ਮਿਹਰ ਹੋ ਗਈ। ਉਹ ਠਹਿਰ ਗਏ। ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ। ਇੱਕ ਅਜੇ ਭਾਉਂਦੇ ਫਿਰਦੇ ਨੇ, ਬੌਰੇ ਹੋਏ ਪਏ ਫਿਰਦੇ ਨੇ। ਇਹ ਜੋ ਆਵਾਗਮਨ ਵਾਲੀ ਵੀ ਗੱਲ ਹੈ ਇਹ ਵੀ ਉਸ ਆਵਾਗਵਨ ਵਾਲੀ ਗੱਲ ਨਹੀਂ ਹੈ, ਜੋ ਜਨਮ-ਮਰਨ ਦੇ ਚੱਕਰਾਂ ਦੀ ਗੱਲ ਕਰਦੇ ਨੇ। ਇਹ ਮਨ ਦੀ ਅਵਸਥਾ ਦੀ ਗੱਲ ਹੈ। ਉਸ ਬਾਰੇ ਵਿਚਾਰ ਹੋ ਰਿਹਾ ਹੈ। ਖੁਦ ਹੀ ਸਹੇੜ ਲਿਆ ਚੱਕਰ ਜੋ ਹੈ, ਉਹਦੇ ਬਾਰੇ ਵਿਚਾਰ ਹੋ ਰਹੀ ਹੈ। ਇਸ ਵਿਚਾਰ ਦੀ ਪੁਸ਼ਟੀ ਲਈ ਇਕ ਸ਼ਬਦ ਗੁਰੂ ਰਵਿਦਾਸ ਜੀ ਦਾ ਵਿਚਾਰਿਆ ਜਾ ਸਕਦਾ ਹੈ -ਨਾਥ ਕਛੁਅ ਨ ਜਾਨਉ। ਮਨੁ ਮਾਇਆ ਕੈ ਹਾਥਿ ਬਿਕਾਨਊ। ਰਹਾਉ।। ਇਹ ਜੋ ਮਨ ਮਾਇਆ ਹੱਥ ਵਿਕ ਗਿਆ, ਉਸਦੇ ਚੱਕਰਾਂ ਦੀ ਗੱਲ ਹੈ।

ਹੁਣ ਅਗਲੀਆਂ ਜੋ ਲਾਈਨਾਂ ਹਨ, ਸਮਝੌਤੀਆਂ ਨੇ। ਹੁਕਮੈ ਅੰਦਰਿ ਸਭ ਕੋ ਬਾਹਰਿ ਹੁਕਮ ਨ ਕੋਇ। ਸਾਰੇ ਉਸਦੇ ਹੁਕਮ ਅੰਦਰ ਨੇ, ਕੋਈ ਵੀ ਹੁਕਮ ਤੋਂ ਬਾਹਰ ਨਹੀਂ ਹੈ। ਪਰੰਤੂ ਜਿਹੜਾ ਇਸ ਹੁਕਮ ਨੂੰ ਬੁੱਝ ਜਾਂਦਾ ਹੈ, ਉਹ ਪਾ ਲੈਂਦਾ ਹੈ। ਉਸ ਦਾ ਅਹੰਕਾਰ ਮਿਟ ਜਾਂਦਾ ਹੈ। ਹਉਮੈ ਖਤਮ ਹੋ ਜਾਂਦੀ ਹੈ। ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ। ਜਿਸਨੇ ਹੁਕਮ ਜਾਣ ਲਿਆ, ਜਿਹੜਾ ਸਹਿਜ ਹੋ ਗਿਆ, ਜਿਸ ਉੱਪਰ ਬਖਸੀਸ ਹੋ ਗਈ, ਉਹਦਾ ਅਹੰਕਾਰ ਮਿਟ ਜਾਂਦਾ ਹੈ। ਜਦ ਉਹ ਦੇ ਵਿਚ ਵਿਲੀਨ ਹੀ ਹੋ ਗਿਆ, ਫਿਰ ਖੁਦ ਵੀ ਹੁਕਮ ਹੀ ਹੋ ਗਿਆ। ਅਹੰਕਾਰ ਹੀ ਜਾਂਦਾ ਰਿਹਾ। ਹੋਂਦ ਦਾ ਅਹੰਕਾਰ ਸੀ, ਵਡਿਆਈ ਦਾ ਅਹੰਕਾਰ ਸੀ, ਹੁਕਮ ਜਾਣਦਿਆਂ ਹੀ, ਬੁੱਝਦਿਆਂ ਹੀ ਅਹੰਕਾਰ ਖਤਮ। ਜਦ ਕਰ ਹੀ ਉਹ ਰਿਹਾ ਹੈ, ਫੇਰ ਅਸੀਂ ਕੌਣ?

ਪਹਿਲੀ ਪਉੜੀ ਵਿਚ ਸਚਿਆਰ ਪਦ ਪਾ ਲਿਆ। ਹੁਣ ਸਚਿਆਰ ਪਦ ਨੂੰ ਪਾ ਲਿਆ ਹੈ ਤਾਂ ਸਭ ਅਕਾਰ ਉਸ ਦੇ ਹੁਕਮ ਨਾਲ ਬਣਦੇ-ਬਿਗਸਦੇ ਨੇ, ਇਹ ਸਮਝਣਾ ਹੈ। ਜਦੋਂ ਇਹ ਜਾਣ ਲਿਆ ਤਾਂ ਅਹੰਕਾਰ ਮਿਟ ਗਿਆ। ਦੂਜਾ ਪੌਡਾ ਹੈ, ਇਹ ਦੂਸਰਾ ਪੜਾਅ ਹੈ। ਸਭ ਉਸ ਦੇ ਹੁਕਮ ਅੰਦਰ ਨੇ, ਇਹ ਜਾਣ ਲੈਣਾ ਹੈ, ਜਦੋਂ ਜਾਣ ਲਿਆ ਤਾਂ ਅਹੰਕਾਰ ਮਿਟ ਗਿਆ। ਦੂਜੇ ਪੌਡੇ ਉੱਤੇ ਅਹੰਕਾਰ ਦੀ ਸਮਾਪਤੀ ਹੈ। ਸਚਿਆਰ ਤੋਂ ਬਾਅਦ ਜੋ ਅਹੰਕਾਰ ਦੀ ਕਣ ਸੀ, ਉਹ ਹੁਕਮ ਬੁੱਝ ਕੇ ਖਤਮ ਹੋ ਗਿਆ। ਦੂਸਰਾ ਪੜਾਅ ਪਾਰ ਕਰ ਲਿਆ। ਇਹ ਪੌੜੀ ਹੈ ਜੋ ਮਾਨਵਤਾ ਦੀ ਬੁਲੰਦੀ ਤੱਕ ਪਹੁੰਚਦੀ ਹੈ। ਇਸ ਦੇ ਪੜਾਅ ਨੇ ਜੋ ਪਾਰ ਕਰਨੇ ਨੇ। ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਬਾਰੇ ਬੜੀ ਚਿੰਤਨਸ਼ੀਲ ਸ਼ੈਲੀ ਵਿਚ ਵਿਚਾਰ ਕੀਤੀ ਹੈ।

ਤੀਜੀ ਪਉੜੀ
ਨਾਨਕ ਵਿਗਸੈ ਵੇਪਰਵਾਹੁ।

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ। ਗਾਵੈ ਕੋ ਦਾਤਿ ਜਾਣੈ ਨੀਸਾਣੁ। ਗਾਵੈ ਕੋ ਗੁਣ ਵਡਿਆਈਆ ਚਾਰ। ਗਾਵੈ ਕੋ ਵਿਦਿਆ ਵਿਖਮੁ ਵੀਚਾਰੁ। ਗਾਵੈ ਕੋ ਸਾਜਿ ਕਰੇ ਤਨੁ ਖੇਹ। ਗਾਵੈ ਕੋ ਜੀਅ ਲੈ ਫਿਰਿ ਦੇਹ। ਗਾਵੈ ਕੋ ਜਾਪੈ ਦਿਸੈ ਦੂਰਿ। ਗਾਵੈ ਕੋ ਵੇਖੈ ਹਾਦਰਾ ਹਦੂਰਿ। ਕਥਨਾ ਕਥੀ ਨ ਆਵੈ ਤੋਟਿ। ਕਥਿ ਕਥਿ ਕਥੀ ਕੋਟੀ ਕੋਟਿ ਕੋਟਿ। ਦੇਦਾ ਦੇ ਲੈਦੇ ਥਕਿ ਪਾਹਿ। ਜੁਗਾ ਜੁਗੰਤਰਿ ਖਾਹੀ ਖਾਹਿ। ਹੁਕਮੀ ਹੁਕਮੁ ਚਲਾਏ ਰਾਹੁ। ਨਾਨਕ ਵਿਗਸੈ ਵੇਪਰਵਾਹੁ। 3।

ਤੀਸਰੀ ਪਉੜੀ 'ਚ ਆ ਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਸ ਦੀ ਸਿਫਤ ਸਲਾਹ ਉਹੀ ਕਰ ਸਕਦਾ ਹੈ, ਜਿਸ ਨੂੰ ਉਹ ਸ਼ਕਤੀ ਪ੍ਰਦਾਨ ਕਰਦਾ ਹੈ। ਉਸ ਨਿਰੰਕਾਰ ਦੀ ਮਿਹਰ ਤੋਂ ਬਿਨਾਂ ਨਹੀਂ ਉਸ ਨੂੰ ਕੋਈ ਗਾ ਸਕਦਾ। ਇਸ ਪਾਉੜੀ ਵਿਚ ਇਕ ਬਹੁਤ ਮਹੱਤਵਪੂਰਨ ਨੁਕਤਾ ਹੈ, ਜਿਸਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉਹ ਹੈ ਕਿ ਬ੍ਰੇਕ ਕਿਸ ਅੱਖਰ ਤੋਂ ਬਾਅਦ ਲਾਉਣੀ ਹੈ। ਪੌਜ਼ ਕਿੱਥੇ ਹੈ। ਉਹਦੇ ਨਾਲ ਸਾਰੀ ਪਾਉੜੀ ਦੇ ਅਰਥ ਹੀ ਬਦਲ ਜਾਣਗੇ। ਬਹੁਤ ਧਿਆਨ ਦੇਣ ਵਾਲੀ ਗੱਲ ਹੈ। ਪੜ੍ਹਨਾ ਹੈ 'ਗਾਵੈ ਕੋ', ਇੱਥੇ ਫਿਰ ਪੌਜ਼ ਹੈ। ਰੁਕਣਾ ਹੈ। ਕੋਈ ਵਿਰਲਾ ਹੀ ਗਾਉਂਦਾ ਹੈ। ਕੋ ਭਾਵ ਵਿਰਲਾ। ਗਾਵੈ ਕੋ, ਭਾਵ ਕੋਈ ਵਿਰਲਾ ਹੀ ਹੈ ਜੋ ਗਾ ਸਕਦਾ ਹੈ। ਜਿਹਦੇ 'ਤੇ ਰਹਿਮਤ ਹੋ ਜਾਵੇ। ਫਿਰ ਉਸ ਨੂੰ ਵੀ ਉਹੀ ਸ਼ਕਤੀ ਦਿੰਦਾ ਹੈ। ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ। ਸਿਰਫ ਉਸਦੀ ਮਿਹਰ ਚਾਹੀਦੀ ਹੈ। ਗਾਵੈ ਕੋ ਦਾਤਿ ਜਾਣੈ ਨੀਸਾਣੁ। ਜਿਸ ਨੂੰ ਵਡਿਆਈ ਦਿੱਤੀ ਹੈ। ਜਿਸ ਉੱਪਰ ਮੋਹਰ ਲਾਈ ਹੈ, ਉਹੀ ਗਾ ਸਕੇਗਾ। ਹੋਰ ਕੋਈ ਗਾ ਵੀ ਨਹੀਂ ਸਕਦਾ। ਬਹੁਤ ਗਹਿਰਾ ਨੁਕਤਾ ਹੈ।

ਗਾਉਣ ਵਾਲਾ ਕੁੱਝ ਕੁ ਹੀ ਗੁਣ ਜਾਂ ਵਡਿਆਈਆਂ ਗਾ ਸਕਦਾ ਹੈ। ਇਕ ਲਿਮੀਟੇਸ਼ਨ ਵੀ ਹੈ। ਮਿਹਰ ਨਾਲ ਹੀ ਗਾ ਸਕਦਾ ਹੈ, ਉਹ ਵੀ ਚਾਰ ਕੁ ਗੁਣ ਹੀ। ਗੁਣ ਅਨੰਤ ਨੇ। ਕਿਹੜੇ ਚਾਰ ਗੁਣ ਨੇ, ਜੋ ਗਾਉਂਦਾ ਹੈ। ਜੋ ਸਾਰੀ ਵਿਦਿਆ ਵਿਚੋਂ ਛਾਂਟ ਕੇ ਗਾਉਂਦਾ ਹੈ। ਜੋ ਆਪਣੀ ਸਾਰੀ ਬੌਧਿਕ ਸਮਰੱਥਾ ਵਿਚੋਂ ਗਾਉਂਦਾ ਹੈ। ਗਾਵੈ ਕੋ ਵਿਦਿਆ ਵਿਖਮੁ ਵੀਚਾਰੁ। ਜੋ ਵਿਚਾਰਦਾ ਹੈ। ਉਹ ਕਿਹੜੇ ਚਾਰ ਗੁਣ ਨੇ- ਉਹ ਗਾਉਂਦਾ ਹੈ ਕਿ ਨਿਰੰਕਾਰ ਆਪੇ ਤਨ ਸਾਜਦਾ ਹੈ ਤੇ ਆਪੇ ਖੇਹ ਕਰ ਦਿੰਦਾ ਹੈ। ਪਹਿਲਾ ਨੁਕਤਾ ਹੈ, ਜੋ ਗਾਉਂਦਾ ਹੈ। ਜੋ ਨਾਨਕ ਗਾਉਂਦਾ ਹੈ। ਗਾਵੈ ਕੋ ਸਾਜਿ ਕਰੇ ਤਨੁ ਖੇਹ। ਆਪੇ ਸਾਜਿਆ, ਆਪੇ ਖੇਹ ਕਰ ਦਿੱਤਾ, ਮਿੱਟੀ ਕਰ ਦਿੱਤਾ। ਇੱਥੇ ਹੀ 'ਸੈਭੰ' ਵਾਲਾ ਨੁਕਤਾ ਵਿਚਾਰਨਾ ਹੈ। ਖੁਦ ਹੀ ਪੈਦਾ ਹੁੰਦਾ ਹੈ ਤੇ ਖੁਦ 'ਚ ਹੀ ਵਿਲੀਨ ਹੋ ਜਾਂਦਾ ਹੈ। ਮੂਲ ਮੰਤਰ ਦੇ ਇਕ-ਇਕ ਨੁਕਤੇ ਨੂੰ ਹੁਣ ਵਿਸਤਾਰ ਮਿਲ ਰਿਹਾ ਹੈ। ਸਤਿਗੁਰ ਨਾਨਕ ਦੇਵ ਜੀ ਦੀ ਬਾਣੀ ਦੀ ਇਕ ਜੁਗਤ ਹੈ ਕਿ ਉਹ ਨਿੱਕੇ-ਨਿੱਕੇ ਨੁਕਤਿਆਂ ਨੂੰ ਦਾਰਸ਼ਨਿਕ ਵਿਸਤਾਰ ਦੇ ਕੇ ਸਮਝਾਉਂਦੇ ਨੇ। ਬੰਦੇ ਨੂੰ ਉਸ ਘਰ ਤੱਕ ਛੱਡ ਕੇ ਆਉਂਦੇ ਨੇ। ਉਹ ਗਾਉਂਦਾ ਹੈ ਕਿ ਕਦੇ ਜੀਅ ਬਖਸ਼ਦਾ ਹੈ, ਆਕਾਰ ਪੈਦਾ ਕਰਦਾ ਹੈ ਤੇ ਫਿਰ ਕਦੇ ਵਾਪਸ ਲੈ ਲੈਂਦਾ ਹੈ। ਉਹੀ ਸਿਰਜਣਹਾਰ ਹੈ, ਉਹੀ ਵਿਨਾਸ਼ਕਰਤਾ ਹੈ। ਵਿਲੀਨਕਰਤਾ ਹੈ। ਗਾਵੈ ਕੋ ਜੀਅ ਲੈ ਫਿਰਿ ਦੇਹ। ਕੋਈ ਗਾਉਂਦਾ ਹੈ ਕਿ ਉਹ ਬਹੁਤ ਦੂਰ ਹੈ, ਅਪਹੁੰਚ ਹੈ, ਪਕੜ ਤੋਂ ਬਾਹਰ ਹੈ। ਗਾਵੈ ਕੋ ਜਾਪੈ ਦਿਸੈ ਦੂਰਿ। ਬਹੁਤ ਦੂਰ ਹੈ। ਇਸੇ ਗੁਣ ਨੂੰ ਗਾਉਂਦਾ ਹੈ। ਕੋਈ ਗਾਉਂਦਾ ਹੈ ਕਿ ਉਹ ਘਟ-ਘਟ ਵੱਸਦਾ ਹੈ। ਹਾਜ਼ਰ ਨਾਜਰ ਹੈ। ਗਾਵੈ ਕੋ ਵੇਖੈ ਹਾਦਰਾ ਹਦੂਰਿ। ਹਰ ਥਾਂ ਹੈ। ਦੂਰ ਨੇੜੇ ਹਰ ਥਾਂ। ਹਾਜ਼ਰ ਹੈ। ਇਸ ਤੋਂ ਬਾਅਦ ਨੁਕਤਾ ਬਦਲ ਗਿਆ ਕਿ ਜੋ ਗਾ ਰਹੇ ਨੇ, ਜੋ ਕਹਿ ਰਹੇ ਨੇ, ਜੋ ਕਥਾ ਸੁਣਾ ਰਹੇ ਨੇ, ਬਿਰਤਾਂਤ ਦੱਸ ਰਹੇ ਨੇ, ਉਹ ਟੁੱਟਣ ਨਹੀਂ ਦੇ ਰਹੇ ਲੜੀ। ਕਥਨਾ ਕਥੀ ਨ ਆਵੈ ਤੋਟਿ। ਲਗਾਤਾਰ ਕਥਾ ਕਹੀ ਜਾ ਰਹੀ ਹੈ। ਪਰ, ਕਥਿ ਕਥਿ ਕਥੀ ਕੋਟੀ ਕੋਟਿ ਕੋਟਿ। ਲੱਖਾਂ ਲੱਗੇ ਹੋਏ ਨੇ ਉਸਨੂੰ ਪਰਿਭਾਸ਼ਤ ਕਰਨ। ਲੱਗੇ ਹੋਏ ਨੇ, ਅਨੰਤ ਲੱਗੇ ਹੋਏ ਨੇ। ਕਥਾ ਪ੍ਰਵਾਹ ਜਾਰੀ ਹੈ। ਪਰ ਉਸਦੇ ਚਾਰ ਕੁ ਗੁਣ ਵੀ ਨਹੀਂ ਦੱਸ ਪਾ ਰਹੇ। ਲੱਖਾਂ ਹੀ ਲੱਗੇ ਨੇ ਤੇ ਲਗਾਤਾਰ ਲੱਗੇ ਨੇ।

ਨੁਕਤਾ ਅਗਾਂਹ ਵਧਦਾ ਹੈ। ਹੁਣ ਕੀ ਹੈ ਕਿ ਜੋ ਲੱਗੇ ਹੋਏ ਨੇ ਜਾਂ ਨਾ ਲੱਗੇ ਹੋਏ ਨੇ, ਸਾਰੇ ਹੀ ਯੁੱਗਾ-ਯੁਗਾਂਤਰਾਂ ਤੋਂ ਖਾ ਰਹੇ ਨੇ, ਲੈ ਰਹੇ ਨੇ, ਥੱਕ ਗਏ ਨੇ, ਪਰ ਜੋ ਪਾਲਣਹਾਰ ਹੈ, ਜੋ ਦੇ ਰਿਹਾ ਹੈ, ਉਹ ਨਹੀਂ ਥੱਕਿਆ। ਇਹੀ ਪਾਰਾਵਾਰ ਹੈ। ਇਹੀ ਹੈ ਜੋ ਸਮਝ ਨਹੀਂ ਆ ਰਿਹਾ। ਲੈਣ ਵਾਲੇ ਥੱਕ ਗਏ ਨੇ, ਪਰ ਉਹ ਨਹੀਂ ਥੱਕਿਆ, ਜੋ ਦੇਣ ਵਾਲਾ ਹੈ। ਦੇਦਾ ਦੇ ਲੈਦੇ ਥਕਿ ਪਾਹਿ। ਜੁਗਾ ਜੁਗੰਤਰਿ ਖਾਹੀ ਖਾਹਿ। ਉਹ ਨਹੀਂ ਥੱਕਦਾ। ਪ੍ਰਵਾਹ ਲਗਾਤਾਰ ਅਤੁੱਟ ਚੱਲ ਰਿਹਾ ਹੈ। ਲੈਣ ਵਾਲੇ ਥੱਕ ਗਏ, ਪਰ ਦੇਣ ਵਾਲਾ ਦੇਈ ਤੁਰਿਆ ਜਾ ਰਿਹਾ ਹੈ। ਅਗਲਾ ਪੜਾਅ ਹੈ, ਬਹੁਤ ਮਹੱਤਵਪੂਰਨ। ਉਹ ਹੁਕਮ ਕਰਦਾ ਹੈ ਤਾਂ ਆਪਣੇ ਰਾਹ ਤੋਰ ਲੈਂਦਾ ਹੈ। ਹੁਕਮੀ ਹੁਕਮੁ ਚਲਾਏ ਰਾਹੁ। ਉਹੀ ਹੁਕਮ ਕਰਦਾ ਹੈ ਤੇ ਹੁਕਮ ਦੇ ਰਾਹ ਤੋਰ ਲੈਂਦਾ ਹੈ। ਉਸਦਾ ਹੁਕਮ ਚੱਲਦਾ ਹੈ। ਇੰਝ ਉਹ ਬੇਪਰਵਾਹ ਹੋ ਕੇ ਮੌਲਦਾ ਹੈ, ਵਿਗਸਦਾ ਹੈ, ਫੈਲਦਾ ਹੈ। ਇੱਥੇ ਵਿਗਸਣਾ ਬਹੁਤ ਸਿਧਾਂਤਕ ਸ਼ਬਦ ਹੈ। ਇਸ ਬਾਰੇ ਗੱਲ ਕਰਨੀ ਬਣਦੀ ਹੈ। ਉਹ ਬਿਗਸਦਾ ਹੈ। ਅੰਗ੍ਰੇਜ਼ੀ ਦਾ ਸ਼ਬਦ ਹੈ-ਬਲੌਜ਼ਮ। ਵਿਗਸੈ। ਜਨਮਦਾ-ਮਰਦਾ ਨਹੀਂ, ਵਿਗਸਦਾ ਹੈ। ਸਿਧਾਂਤਕ ਹੈ। ਨਿਰਗੁਣ ਦਾ ਸਿਧਾਂਤ ਹੈ। ਸਤਿਗੁਰ ਕਬੀਰ ਦਾ ਸ਼ਬਦ ਕਿ ਕਿਵੇਂ ਗਿਆਨ ਮੌਲਦਾ ਹੈ, ਧਰਤੀ ਆਗਾਸੁ ਮੌਲਦੇ ਨੇ। ਸੰਕਰ ਯੋਗ ਧਿਆਨ ਮੌਲਦਾ ਹੈ। ਕਿਆ ਬਾਤ ਹੈ! ਉਹ ਬੇਪਰਵਾਹ ਹੈ। ਕਿਸੇ ਦੀ ਪਰਵਾਹ ਨਹੀਂ ਹੈ। ਕਿਉਂਕਿ ਉਹ ਵਿਗਸਦਾ ਹੈ।

ਹੁਣ ਇਹ ਜੋ ਤੀਸਰੀ ਪਉੜੀ ਹੈ, ਇਹ ਨਿਰਾਕਾਰ ਦੀ ਮੌਜ ਬਾਰੇ ਹੈ। ਜੋ ਉਸ ਨੂੰ ਗਾਉਂਦੇ ਨੇ, ਉਹ ਇਸੇ ਕਰਕੇ ਗਾਉਂਦੇ ਨੇ ਕਿਉਂਕਿ ਇਹ ਉਸਦਾ ਹੁਕਮ ਹੈ। ਲਗਾਤਾਰ ਗਾ ਰਹੇ ਨੇ, ਕਥਾ ਕਹਿ ਰਹੇ ਨੇ, ਪਰੰਤੂ ਕਹੀ ਨਹੀਂ ਜਾ ਰਹੀ। ਖਾ ਰਹੇ ਨੇ, ਥੱਕ ਗਏ ਨੇ, ਪਰ ਉਹ ਦਿੰਦਾ ਜਾ ਰਿਹਾ ਹੈ। ਉਹ ਬੇਪਰਵਾਹ ਹੈ ਤੇ ਜੇ ਚਾਹੇ ਤਾਂ ਕਿਸੇ ਨੂੰ ਵੀ ਆਪਣੇ ਹੁਕਮ ਦੇ ਰਾਹ ਤੋਰ ਲਵੇ। ਸਾਰੇ ਤੁਰ ਹੀ ਉਸਦੇ ਹੁਕਮ ਦੇ ਰਾਹ ਰਹੇ ਨੇ। ਜੋ ਗਾ ਰਹੇ ਨੇ ਉਹ ਵੀ ਤੇ ਜੋ ਨਹੀਂ ਗਾ ਰਹੇ ਉਹ ਵੀ। ਇਹ ਪਉੜੀ 'ਸੈਭੰ' ਅਤੇ 'ਕਰਤਾ ਪੁਰਖ' ਦੀ ਵਿਆਖਿਆ ਹੈ।

rajwinder kaur

This news is Edited By rajwinder kaur