ਗੁਰੂ ਨਾਨਕ ਦੇਵ, ਭਾਈ ਮਰਦਾਨਾ ਅਤੇ ਭਾਈ ਬਾਲਾ (1924)

07/09/2019 1:10:02 PM

ਚਿੱਤਰਕਾਰੀ 'ਚ ਗੁਰੂ ਨਾਨਕ ਵਿਰਾਸਤ-10

ਚਿੱਤਰਕਾਰ ਸੋਭਾ ਸਿੰਘ      

ਸੋਭਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਅਨੇਕ ਚਿੱਤਰ ਚਿੱਤਰੇ ਹਨ। ਕਿਸੇ ਵੇਲੇ ਉਹ ਕੱਲੇ ਆਉਂਦੇ ਹਨ ਕਿਸੇ ਸਮੇਂ ਆਪਣੇ ਸਾਥੀਆਂ ਨਾਲ। ਇਹ ਚਿਤੇਰੇ ਦੇ ਮਨ ਅਤੇ ਵਿਚਾਰ ਉੱਪਰ ਨਿਰਭਰ ਕਰਦਾ ਹੈ ਕਿ ਉਹ ਕੀ ਕਹਿਣਾ ਚਾਹੁੰਦਾ ਹੈ।

ਸਾਡੇ ਕੋਲ ਕਈ ਚਿਤੇਰੇ ਹਨ ਜੋ ਸਿੱਖ ਗੁਰੂਆਂ ਦੇ ਜੀਵਨ ਨੂੰ ਆਧਾਰ ਬਣਾ ਕੇ ਕੰਮ ਕਰਦੇ ਆ ਰਹੇ ਹਨ, ਪਰ ਗੁਣ/ਵਿਚਾਰ/ਅਕਾਦਮਿਕ ਪੱਖੋਂ ਅਸਰਦਾਰ ਚਿੱਤਰ ਰਚਨ ਵਾਲੇ ਬਹੁਤ ਘੱਟ ਹਨ। ਇੱਥੇ ਇਹ ਵੀ ਜੋੜਿਆ ਜਾ ਸਕਦਾ ਹੈ ਕਿ ਆਮਤੌਰ ਤੇ ਕਿਸੇ ਨੇ ਵੀ ਕਲਾ ਦੀ ਅਕਾਦਮਿਕ ਸਿੱਖਿਆ ਨਹੀਂ ਲਈ ਹੋਈ।

ਪਿਛਲੇ ਸੌ ਕੁ ਸਾਲਾਂ ਨੂੰ ਸਾਹਮਣੇ ਰੱਖ, ਧਾਰਮਿਕ ਚਿੱਤਰਾਂ ਦੇ ਸੰਦਰਭ ਵਿੱਚ ਜੇ ਗੱਲ ਕੀਤੀ ਜਾਏ ਤਾਂ ਸੋਭਾ ਸਿੰਘ ਸਿਖਰ ਖਲੌਤਾ ਦਿਸ ਆਉਂਦਾ ਹੈ। ਸੋਭਾ ਸਿੰਘ ਨੇ ਜੇ ਧਾਰਮਿਕ ਚਿੱਤਰ ਰਚੇ ਹਨ ਤਾਂ ਉਸ ਨੇ ਗ਼ੈਰ ਧਾਰਮਿਕ ਕੰਮ ਵੀ ਕੀਤਾ ਹੈ।

ਕਿਸੇ ਚਿਤੇਰੇ ਦੇ ਵਿਚਾਰ ਕਿਵੇਂ ਬਣਦੇ–ਵਿਗਸਦੇ ਹਨ ਉਸ ਦੀਆਂ ਕਲਾਕਿਰਤਾਂ ਤੋਂ ਪਤਾ ਲੱਗਦਾ ਹੈ। ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿਣ ਵਾਲੇ ਭਾਈ ਮਰਦਾਨਾ ਅਤੇ ਭਾਈ ਬਾਲਾ ਨੂੰ ਲੈ ਕੇ ਸੋਭਾ ਸਿੰਘ ਨੇ ਕਾਲ-ਕ੍ਰਮ ਵਿੱਚ ਤਿੰਨ ਚਿੱਤਰ (1924, 1969, 1982)  ਬਣਾਏ ਹਨ। ਇਹ ਅਚੰਭਾ ਹੀ ਹੈ ਕਿ ਜਦ ਵੀ ਇਹ ਵਿਸ਼ਾ ਛੋਹਿਆ ਜਾਂਦਾ ਹੈ, ਉਹਦੇ ਵਿੱਚ ਕਾਫੀ ਬਦਲਾਵ ਆ ਜਾਂਦਾ ਹੈ।

ਗੁਰੂ ਸਾਹਿਬ ਦਾ ਆਕਾਰ, ਚਿੱਤਰ ਵਿੱਚ, ਨਿਰੰਤਰ ਵੱਡਾ ਹੁੰਦਾ ਰਹਿੰਦਾ ਹੈ ਅਤੇ ਉਹਨਾਂ ਦੇ ਸੰਗੀ ਨਿਰੰਤਰ ਛੋਟੇ! ਇਹਨਾਂ ਚਿੱਤਰਾਂ ਵਿੱਚੋਂ ਅਸੀਂ ਸਭ ਤੋਂ ਪਹਿਲਾਂ 1924 ਦੇ ਬਣੇ ਚਿੱਤਰ ਦੇ ਗੁਣ ਲੱਛਣਾਂ ਦੀ ਪਛਾਣ ਕਰਾਂਗੇ।

ਸੋਭਾ ਸਿੰਘ ਨੇ ਬਾਬਾ ਨਾਨਕ ਅਤੇ ਉਹਨਾਂ ਦੇ ਸਿੱਖਾਂ ਨੂੰ ਲੈ ਕੇ ਸਭ ਤੋਂ ਪਹਿਲੀ ਤਸਵੀਰ 1924 ਵਿੱਚ 'ਫੁਲਵਾੜੀ' ਮਾਸਿਕ ਪੱਤਰਿਕਾ ਵਾਸਤੇ ਬਣਾਈ ਸੀ ਜੋ ਉਸ ਦੇ ਮੁੱਖ ਪੰਨੇ ਉੱਪਰ ਛਪੀ। ਇਸ ਪੱਤਰਿਕਾ ਦਾ ਸੰਪਾਦਕ ਉਸ ਵੇਲੇ ਦਾ ਪ੍ਰਸਿੱਧ ਸਾਹਿਤਕਾਰ ਹੀਰਾ ਸਿੰਘ ਦਰਦ ਸੀ।

ਚਿੱਤਰ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਨਾਲ ਜੰਗਲ ਵਿਚ ਬਿਰਾਜਮਾਨ ਹਨ। ਚਿੱਤਰ ਲੰਬੇ ਰੁੱਖ ਨੂੰ ਹੈ। ਇਹਨਾਂ ਤਿੰਨਾਂ ਤੋਂ ਸਿਵਾ ਇਸ ਬੀਆਬਾਨ ਜਗ੍ਹਾ, ਹੋਰ ਕੋਈ ਨਹੀਂ ਹੈ।

ਜੰਗਲ, ਤਸਵੀਰ ਮੁਤਾਬਕ, ਸੰਘਣਾ ਹੈ। ਬਾਵਜੂਦ ਇਸਦੇ ਕੋਈ ਪਸ਼ੂ-ਪੰਛੀ ਦੇ ਦਰਸ਼ਨ ਨਹੀਂ ਹੁੰਦੇ। ਕਿਸੇ ਹੋਰ ਦਾ ਨਾ ਹੋਣਾ ਜੰਗਲ ਦੀ ਰਵਾਇਤ ਨਹੀਂ, ਪਰ ਚਿਤੇਰੇ ਦੀ ਮਨਸ਼ਾ ਰਵਾਇਤ ਤੋਂ ਹਟਵੀਂ ਹੋ ਸਕਦੀ ਹੈ। ਇਹ ਜੰਗਲ ਤਾਂ ਹੈ, ਪਰ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖ ਵਾਲੀ ਥਾਂ, ਇਹਨਾਂ ਦੇ ਕਰੀਬ ਵਾਲੀ ਥਾਂ ਜੰਗਲ-ਸੁਭਾਅ ਤੋਂ ਹੱਟ ਕੇ ਹੈ।
ਗੁਰੂ ਨਾਨਕ ਦੇਵ ਜੀ ਵਿਸ਼ੇਸ਼ ਹੀ ਨਹੀਂ, ਵੱਖਰੇ ਵੀ ਹਨ। ਇਸੇ ਕਾਰਣ ਉਹ ਗਲੀਚੇ ਜਿਹੇ ਵਿਛਾਉਣੇ ਉੱਪਰ ਚੌਂਕੜਾ ਲਾਈ ਬੈਠੇ ਹਨ। ਪਿੱਛੇ ਵੱਡੇ ਗੋਲ ਸਿਰਹਦੇ ਦੇ ਐਨ ਪਿੱਛੇ ਵੱਡਾ-ਭਾਰੀ ਰੁੱਖ ਹੈ। ਇਸ ਦਾ ਫੈਲਾਅ ਅਜਿਹਾ ਹੈ ਜੋ ਵਿਉਂਤੇ ਚਿੱਤਰ ਦੇ ਆਕਾਰ ਵਿੱਚ ਨਹੀਂ ਸਮਾ ਰਿਹਾ। ਪ੍ਰਤੀਤ ਹੁੰਦਾ ਹੈ ਗੁਰੂ ਸਾਹਿਬ ਰੁੱਖ ਦੇ ਤਣੇ ਕਰੀਬ ਹੋ ਬੈਠੇ ਹਨ।
ਗੁਰੂ ਸਾਹਿਬ ਵਿਚਾਲੇ ਬੈਠੇ ਹਨ। 'ਵਿੱਚ' ਥਾਂ ਦੇਣੀ ਆਦਰ ਸ਼ਰਧਾ ਸਤਿਕਾਰ ਦਾ ਸੰਕੇਤ ਹੈ। ਉਹਨਾਂ ਦੇ ਸੱਜੇ ਵੱਲ ਭਾਈ ਮਰਦਾਨਾ ਹਨ, ਖੱਬੇ ਵੱਲ ਭਾਈ ਬਾਲਾ। ਉਹਨਾਂ ਦੇ ਸੀਸ ਪਿੱਛੇ ਲੋਅਦਾਰ ਕਿਰਨਾਂ ਬਾਹਰ ਵੱਲ ਫੈਲ ਰਹੀਆਂ ਹਨ। ਅਵਤਾਰੀ ਪੁਰਖਾਂ ਦੇ ਸੀਸ ਪਿੱਛੇ 'ਹਾਲਾ' ਬਣਾਉਣ ਦੀ ਰੀਤ ਬਹੁਤ ਪੁਰਾਣੀ ਹੈ। ਇੱਥੇ ਉਸੇ ਰੀਤ ਦਾ ਨਿਰਵਾਹ ਹੋਇਆ ਹੈ। ਗੁਰੂ ਨਾਨਕ ਦੇਵ ਜੀ ਅਵਤਾਰੀ ਪੁਰਖ ਹਨ ਚਿਤੇਰਾ ਇਸੇ ਕਾਰਣ ਉਹਨਾਂ ਨੂੰ ਸਾਹਮਣਿਓ ਬਣਾ ਰਿਹਾ ਹੈ। ਜਦਕਿ ਉਹਨਾਂ ਦੇ ਸਾਥੀ ਸਾਹਮਣਿਓ ਨਹੀਂ ਚਿਤਰੇ ਗਏ। ਇੱਕ ਹੋਰ ਇਕਾਈ ਨੂੰ ਵਿਚਾਰਿਆ ਜਾ ਸਕਦਾ ਹੈ ਜਿਹੜਾ ਗੁਰੂ ਸਾਹਿਬ ਦੇ ਮਹੱਤਵ ਨੂੰ ਰੇਖਾਂਕਤ ਕਰਦੀ ਹੈ। ਇਹ ਇਕਾਈ ਰੁੱਖ ਹੈ ਜੋ ਉਹਨਾਂ ਦੇ ਪਿੱਛੇ ਹੋਣ ਦੇ ਇਲਾਵਾ ਵੱਡਾ ਅਤੇ ਪੁਰਾਣਾ ਹੈ। ਜਿਵੇਂ ਰੁੱਖ ਦੀ ਛਾਂ ਦੂਰ ਤੱਕ ਫੈਲੀ ਹੋਈ ਹੈ, ਉਸੇ ਤਰਾਂ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦੂਰ ਤੱਕ ਫੈਲੀ ਹੋਈ ਹੈ, ਫੈਲਦੀ ਜਾ ਰਹੀ ਹੈ ਆਪਣੇ ਤੌਰ ਉੱਪਰ ਰੁੱਖ ਦੀ ਲੈਅਦਾਰ ਬਨਾਵਟ ਚਿੱਤਰ ਨੂੰ ਸੁਹੱਪਣ ਬਖ਼ਸ਼ ਰਹੀ ਹੈ।

ਬੀਰ ਆਸਨ ਵਿੱਚ ਬੈਠੇ ਗੁਰੂ ਜੀ ਦੇ ਦੋਵੇਂ ਸਾਥੀ ਸਥਿਰ ਮੁਦਰਾ ਵਿੱਚ ਨਹੀਂ ਹਨ। ਭਾਈ ਮਰਦਾਨਾ ਆਪਣੇ ਸੱਜੇ ਹੱਥ ਦੀਆਂ ਉਂਗਲਾਂ ਨਾਲ ਰਬਾਬ ਦੀਆਂ ਤਾਰਾਂ ਨੂੰ ਟੁੰਬ ਉਹਨਾਂ ਵਿੱਚੋਂ ਸੰਗੀਤਕ ਆਵਾਜ਼ ਕੱਢ ਰਹੇ ਹਨ।

ਇਹਦੇ ਨਾਲ ਨਾਲ  ਉਹ ਕੁਝ ਗਾ ਵੀ ਰਹੇ ਹਨ, ਖੁੱਲ੍ਹਾ ਮੂੰਹ ਇਸ ਦੀ ਪੁਸ਼ਟੀ ਕਰ ਰਿਹਾ ਹੈ। ਦੂਸਰੇ ਪਾਸੇ ਬੈਠੇ ਭਾਈ ਬਾਲਾ ਗੁਰੂ ਜੀ ਨੂੰ ਚਵਰ ਕਰ ਰਹੇ ਹਨ ਜਿਹੜਾ ਸੱਜੇ ਹੱਥ ਫੜਿਆ ਹੋਇਆ ਹੈ। ਸੱਜੀ ਬਾਂਹ ਨੇ ਸੱਜੇ ਗੋਡੇ ਦਾ ਆਸਰਾ ਲਿਆ ਹੋਇਆ ਹੈ ਚਵਰ ਮੋਰ ਪੰਖਾਂ ਦਾ ਬਣਿਆ ਹੈ। ਕੀ ਭਾਈ ਬਾਲਾ ਬਾਣੀ ਗਾਇਨ ਵਿਚ ਭਾਈ ਮਰਦਾਨੇ ਦੀ ਸੰਗਤ ਕਰ ਰਹੇ ਹਨ? ਚਿੱਤਰ ਇਸ ਦਾ ਹੁੰਗਾਰਾ ਨਹੀਂ ਦਿੰਦਾ। ਓਦਾਂ ਤਾਂ ਲਿਖਿਤ ਜਨਮ ਸਾਖੀ ਸਾਹਿਤ ਵੀ ਇਸ ਵੇਰਵੇ ਪ੍ਰਤੀ ਖ਼ਾਮੋਸ਼ ਹੈ। ਦਿਸ ਰਹੇ ਚਿੱਤਰ ਤੋਂ ਇਹ ਧਾਰਨਾ ਬਣਦੀ ਹੈ ਕਿ ਭਾਈ ਮਰਦਾਨਾ ਰਬਾਬ ਦੀ ਧੁੰਨ ਉੱਪਰ ਗੁਰੂ ਨਾਨਕ ਰਚਿਤ ਬਾਣੀ ਦਾ ਗਾਇਨ ਕਰ ਰਹੇ ਹਨ ਜਿਸ ਨੂੰ ਖੁਦ ਗੁਰੂ ਸਾਹਿਬ  ਅਤੇ ਭਾਈ ਬਾਲਾ ਸੁਣ ਰਹੇ ਹਨ। ਇਹ ਨਿਸਚਿਤ ਹੈ, ਇਹ ਖੁੱਲ੍ਹੀ ਥਾਂ ਹੈ ਜਿਥੇ ਕੋਈ ਬੰਧੇਜ ਨਹੀਂ ਹੈ। ਗਾਈ ਜਾ ਰਹੀ ਬਾਣੀ ਦਾ ਪਾਸਾਰ ਚਾਰੋਂ ਪਾਸੇ ਹੋ ਰਿਹਾ ਹੈ।

ਗੁਰੂ ਜੀ 'ਧੁਰ ਕੀ ਬਾਣੀ' ਦੇ ਰਚਨਾਕਾਰ ਹਨ ਪਰ ਇਸ ਵੇਲੇ ਉਹ ਉਸ ਦੇ ਸਰੋਤਾ ਬਣੇ ਹੋਏ ਹਨ। ਉਹ ਇਸ ਵੇਲੇ ਸੁਨਣ ਦੇ ਨਾਲ ਨਾਲ ਸੰਸਾਰ ਦੇ ਰਚਨ ਵਾਲੇ ਦਾ ਸਿਮਰਨ ਵੀ ਕਰ ਰਹੇ ਹਨ। ਉਹਨਾਂ ਦੇ ਸੱਜੇ ਹੱਥ ਵਿੱਚ ਫੜੀ ਸਿਮਰਨਾ ਇਹ ਕਹਿ ਰਹੀ ਹੈ।

ਇਹ ਪੇਂਟਿੰਗ ਇਹ ਦੱਸਣੋਂ ਅਸਮਰਥ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਆਰਜਾ ਉਸ ਸਮੇਂ ਕੀ ਰਹੀ ਹੋਵੇਗੀ। ਪੇਂਟਿੰਗ ਇਹੋ ਸੂਹ ਦੇਂਦੀ ਹੈ ਕਿ ਜਿੱਥੇ ਬਿਸਰਾਮ ਕੀਤਾ ਜਾ ਰਿਹਾ ਹੈ, ਉਹ ਥਾਂ ਮਨੁੱਖੀ ਵਸੋਂ ਤੋਂ ਬਹੁਤ ਹੱਟਵੀਂ ਹੈ। ਜੰਗਲ ਤਾਂ ਹੈ ਪਰ ਜੰਗਲ ਦੀਆਂ ਵਿਸ਼ੇਸ਼ਤਾਵਾਂ ਤੋਂ ਊਣਾ ਹੈ। ਚਿੱਤਰ ਤੋਂ ਗਿਆਤ ਨਹੀਂ ਹੁੰਦਾ ਕਿ ਇਹਦੇ ਵਿਚ ਦਿਨ ਦਾ ਕਿਹੜਾ ਸਮਾਂ ਪੇਸ਼ ਹੋਇਆ ਹੈ। ਦੂਰ ਇਸਦੇ ਅਸਮਾਨ ਤੋਂ ਅਨੁਮਾਨ ਹੈ ਕਿ ਸਮਾਂ ਸਵੇਰ ਜਾਂ ਸ਼ਾਮ ਦਾ ਹੋ ਸਕਦਾ ਹੈ। ਪਰ ਛਾਂ, ਪਰਛਾਵੇਂ ਦੀ ਅਣਹੋਂਦ ਕੁਝ ਵੀ ਸਪੱਸ਼ਟ ਨਹੀਂ ਹੋਣ ਦਿੰਦੀ। ਹਾਂ ਇਹ ਪੱਕਾ ਹੈ ਤਿੰਨੋ ਸ਼ਖ਼ਸੀਅਤਾਂ ਆਪੋ ਆਪਣੇ ਘਰ ਤੋਂ ਦੂਰ ਹਨ ਅਤੇ ਜੰਗਲ ਥਾਣੀ ਲੰਘਦੇ-ਲੰਘਦੇ ਵਿਸਰਾਮ ਲਈ ਰੁਕੇ ਸਨ ਜਾ ਇੱਕ-ਦੋ ਦਿਨਾਂ ਲਈ ਇਸ ਥਾਂ ਉੱਪਰ ਟਿਕੇ ਸਨ।
ਜੇ ਇਹ ਯਾਤਰੂ ਹਨ ਤਾਂ ਇਹਨਾਂ ਪਾਸ ਉਹੋ ਜਿਹਾ ਸਮਾਨ ਵੀ ਹੋਣਾ ਚਾਹੀਦਾ ਹੈ, ਜੋ ਨਹੀਂ ਹੈ। ਭੁੱਲ ਕਿਸ ਧਿਰ ਵਲੋਂ ਹੋ ਰਹੀ ਹੈ। ਨਿਸਚਿਤ ਤੌਰ ਤੇ ਚਿਤੇਰਾ ਦੋਚਿੱਤੀ ਦਾ ਸ਼ਿਕਾਰ ਹੈ ਕਿ ਕੀ ਦਿਖਾਇਆ ਜਾਏ ਅਤੇ ਕੀ ਨਾ।

ਉਹ ਉਦਾਸੀ  ਉੱਪਰ ਨਿਕਲੇ ਗੁਰੂ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਉਸ ਸਥਿਤੀ  ਵਿੱਚ ਚਿੱਤਰਨ ਤੋਂ ਗੁਰੇਜ਼ ਕਰ ਰਿਹਾ ਹੈ, ਜਿਸ ਸਥਿਤੀ ਵਿੱਚ ਇਹ ਸਾਰੇ ਹੋ ਸਕਦੇ ਹਨ।

ਯਾਤਰੂ/ਸੰਨਿਆਸੀ ਹੋਣ ਦਾ ਇੱਕ ਚਿੰਨ ਇਸ ਚਿੱਤਰ ਵਿੱਚ ਮੌਜੂਦ ਹੈ ਜੋ ਕਮੰਡਲ ਰੂਪ ਵਿੱਚ ਹੈ। ਇਹ ਕਮੰਡਲ ਗੁਰੂ ਸਾਹਿਬ ਦੇ ਖੱਬੇ ਵੱਲ, ਆਸਨ ਹਿੱਤ ਵਿਛਾਏ ਵਿਛਾਉਣੇ ਉੱਪਰ ਪਿਆ ਹੈ।

ਇਸ ਤਰਾਂ ਅੱਜ ਤੋਂ ਸੌ ਕੁ ਸਾਲ ਪਹਿਲਾਂ ਬਣੀ ਤਸਵੀਰ ਦਾ ਆਪਣਾ ਇਤਿਹਾਸਿਕ ਮਹੱਤਵ ਹੈ। ਇਹ ਗੁਰੂ ਸਾਹਿਬ ਦੇ ਇਲਾਵਾ ਚਿੱਤਰਕਾਰ ਦੀ ਪਹੁੰਚ ਅਤੇ ਮਨੋਸਥਿਤੀ ਬਾਰੇ ਦੱਸਦੀ ਹੈ ਇਸੇ ਵਿਸ਼ੇ–ਵਸਤੂ ਨੂੰ ਚਿਤੇਰਾ, ਜਦ ਅਰਸੇ ਬਾਅਦ 1969 ਵਿੱਚ ਸੋਚਦਾ, ਵਿਚਾਰਦਾ, ਚਿੱਤਰਦਾ ਹੈ ਤਾਂ ਉਹਦੇ ਵਿੱਚ ਆਉਣ ਵਾਲੇ ਬਦਲਾਵ ਆਪੇ ਸਪਸ਼ਟ ਹੋ ਜਾਂਦੇ ਹਨ।

                                                                                                                                                                                                                                                                                                                                      ਜਗਤਾਰਜੀਤ ਸਿੰਘ

                                                                                                                                                                                                                                                                                                                                      98990-91186