ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦਾ ਸਿੱਖ ਅੱਲ੍ਹਾ ਬਖਸ਼

08/03/2019 10:03:34 AM

ਚਿੱਤਰਕਾਰੀ ’ਚ ਗੁਰੂ ਨਾਨਕ ਵਿਰਾਸਤ

ਇਹ ਤਸਵੀਰ ਪ੍ਰਚੱਲਿਤ ਤਸਵੀਰਾਂ ਤੋਂ ਹਟਵੀਂ ਹੈ। ਗੁਰੂ ਨਾਨਕ ਦੇਵ ਜੀ ਦੇ ਰੂਪਾਂ ਨੂੰ ਦੇਖਦਾ ਆ ਰਿਹਾ ਦਰਸ਼ਕ ਇਸ ਗੱਲ ਦੀ ਇਕਦਮ ਤਸਦੀਕ ਕਰ ਦੇਵੇਗਾ। ਇਹ ਪਛਾਣਯੋਗ ਵੱਖਰਾ ਪ੍ਰਭਾਵ ਰਚਦੀ ਹੈ। ਇਸ ਨੂੰ ਜਿਵੇਂ ਕਲਪਿਆ-ਬਣਾਇਆ ਗਿਆ ਹੈ, ਮੰਨਣਯੋਗ ਲੱਗਦਾ ਹੈ।

ਅੱਲ੍ਹਾ ਬਖਸ਼ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਇਸ ਦੇ ਬਾਵਜੂਦ ਜੋ ਵੀ ਕੰਮ ਵੇਖਣ ਨੂੰ ਮਿਲੇ, ਉਨ੍ਹਾਂ ਦਾ ਰਿਸ਼ਤਾ ਭਿੰਨ ਵਿਸ਼ਿਆਂ ਨਾਲ ਜੁੜਦਾ ਹੈ। ਵਿਭਿੰਨਤਾ ਅਣਵੰਡੇ ਪੰਜਾਬ ਦੇ ਸਾਂਝੇ ਜੀਵਨ-ਪ੍ਰਵਾਹ ਨੂੰ ਛੂੰਹਦੀ ਹੈ। “ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦਾ ਸਿੱਖ’’ ਇਸ ਦੀ ਉੱਚਿਤ ਉਦਾਹਰਣ ਹੈ। ਤਸਵੀਰ ਦੀ ਬਿਰਤੀ ਧਾਰਮਿਕ ਹੋਣ ਦੇ ਬਾਵਜੂਦ ਕੁਝ ਕੁ ਇਕਾਈਆਂ ਅਜਿਹੀਆਂ ਹਨ, ਜੋ ਗੁਜਰੇ ਵੇਲੇ ਦੇ ਨਾਲ ਜੁੜਦੀਆਂ ਲੱਗਦੀਆਂ ਹਨ।

ਤਸਵੀਰ ਦਾ ਢੰਗ-ਤਰੀਕਾ ਅਜਿਹਾ ਹੈ ਕਿ ਹੁਣ ਤੱਕ ਇਹ ਭੁਲੇਖਾ ਉਪਜਾਈ ਜਾ ਰਹੀ ਹੈ। ਭੁਲੇਖਾਕਾਰ ਇਸ ਦੀ ਪੜਤਾਲ ਕਰਨ ਦੀ ਬਜਾਏ ਇਸ ਨੂੰ ਸਦੀਆਂ ਪਹਿਲਾਂ ਦੀ ਰਚਨਾ ਗਰਦਾਨੀ ਜਾ ਰਹੇ ਹਨ। ਉਹ ਕਹਿੰਦੇ ਹਨ ਕਿ ਇਹ ਉਸ ਵੇਲੇ ਦੀ ਹੈ ਜਦੋਂ ਗੁਰੂ ਜੀ ਇਰਾਕ ਪਹੁੰਚੇ ਸਨ। ਕਿਸੇ ਮੁਸੱਵਰ ਨੇ ਉਨ੍ਹਾਂ ਦੀ ਤਸਵੀਰ ਤਿਆਰ ਕੀਤੀ ਸੀ, ਜਿਸ ਕਰ ਕੇ ਸੱੱਚੀ ਹੋਣ ਦੇ ਨਾਲ-ਨਾਲ ਇਹ ਪਹਿਲੀ ਵੀ ਹੈ।

ਆਪਣਾ ਮਤ ਸਾਹਮਣੇ ਕਰਦੇ ਸਮੇਂ ਉਹ ਮੰਨਣਯੋਗ ਤਰਕ ਨਹੀਂ ਦਿੰਦੇ। ਮੈਂ ਕਹਿ ਰਿਹਾ ਹਾਂ ਇਸ ਲਈ ਹੋਰ ਵੀ ਸਵੀਕਾਰ ਕਰਨ ਵਾਲੀ ਪਹੁੰਚ ਅਵੱਲੀ ਪਹੁੰਚ ਕਹੀ ਜਾ ਸਕਦੀ ਹੈ।

ਅਸਲ ਵਿਚ ‘ਸੋਸ਼ਲ ਮੀਡੀਆ’ ਰਾਹੀਂ ਝੂਠ ਨੂੰ ਸੱਚ ਵਾਂਗ ਪੇਸ਼ ਕੀਤੇ ਜਾਣ ਦੀ ਜ਼ਿੱਦ ਵਰ੍ਹਿਆਂ ਤੋਂ ਚੱਲੀ ਆ ਰਹੀ ਹੈ। ਇਹ ਆਉਣ ਵਾਲੀਆਂ ਇਕੋ ਜਿਹੀਆਂ ਨਹੀਂ ਸਗੋਂ ਭਿੰਨਤਾਵਾਂ ਵਾਲੀਆਂ ਹਨ। ਇਹੋ ਨੁਕਤਾ ਦੱਸਦਾ ਹੈ ਕਿ ਪੇਂਟਿੰਗ ਨਾਲ ਲਗਾਤਾਰ ਛੇੜਛਾੜ ਕੀਤੀ ਜਾ ਰਹੀ ਹੈ।

ਸੰਭਵ ਹੈ ਇਹ ਭਰਮ ਬਣਿਆ ਹੀ ਰਹਿੰਦਾ ਜੇ ਲੇਖਕ ਨੂੰ ਇਸ ਦਾ ਕੋਈ ਪੱਕਾ ਸਬੂਤ ਨਾ ਮਿਲਦਾ। ਇਸੇ ਅਾਧਾਰ ਉੱਪਰ ਝੂਠ ਨੂੰ, ਸਦਾ ਲਈ, ਪੂਰੇ ਜ਼ੋਰ ਨਾਲ ਵਿਸਥਾਪਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਪ੍ਰਾਪਤ ਤੱਥ ਮੁਤਾਬਕ ਇਕ ਤਸਵੀਰ ਇਰਾਕ (ਬਗਦਾਦ) ਦੇ ਕਿਸੇ ਮੁਸੱਵਰ ਦੀ ਬਣੀ ਹੋਈ ਨਹੀਂ। ਨਾ ਹੀ ਇਹ ਗੁਰੂ ਜੀ ਦੀ ਅਸਲੀ ਤਸਵੀਰਕਸ਼ੀ ਹੈ ਕਿਉਂਕਿ ਪੇਂਟਰ ਦੇ ਨਾਂ ਦੀ ਬਜਾਏ ਪੇਂਟਿੰਗ ਬਾਰੇ ਕੋਈ ਵੇਰਵਾ ਨਹੀਂ ਮਿਲਦਾ। ਅਨੁਮਾਨ ਹੈ ਇਸ ਦੀ ਰਚਨਾ ਵੰਡ ਤੋਂ ਕਾਫੀ ਸਾਲ ਪਹਿਲਾਂ ਹੋ ਚੁੱਕੀ ਸੀ।

ਕੁਝ ਸਾਲ ਪਹਿਲਾਂ ਡਾ. ਗੋਪਾਲ ਸਿੰਘ ਦਰਦੀ ਦੀ ਲਿਖੀ ਕਿਤਾਬ ‘ਹਿਸਟਰੀ ਆਫ ਸਿੱਖ ਪੀਪਲ’ ਮਿਲੀ ਸੀ। ਕਿਤਾਬ ਵਿੱਚੋਂ ਕੁਝ ‘ਬਲੈਕ ਐਂਡ ਵ੍ਹਾਈਟ’ ਫੋਟੋਆਂ ਕੱਢ ਕੇ ਰੱਖ ਲਈਆਂ। ਰੱਖ ਕੇ ਭੁੱਲ ਗਿਆ। ਹੁਣੇ ਜਿਹੇ ਪੇਪਰ ਫਰੋਲਦਿਆਂ ਉਹ ਸਾਰੀਆਂ ਫੋਟੋਆਂ ਮਿਲੀਆਂ, ਜਿਨ੍ਹਾਂ ਵਿਚੋਂ ਇਕ ‘ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਸਿੱਖ’ ਦੀ ਵੀ ਸੀ।

ਡਾ. ਗੋਪਾਲ ਸਿੰਘ ਦਰਦੀ ਦੀ ਫੋਟੋ ਥੱਲੇ ਇਸ ਦਾ ਸਿਰਲੇਖ ਅਤੇ ਚਿੱਤਰਕਾਰ ਅੱਲ੍ਹਾ ਬਖਸ਼ ਦਾ ਨਾਮ ਦਰਜ ਹੈ। ਪੇਂਟਿੰਗ ਕਿੱਥੇ ਹੈ, ਕਦੋਂ ਬਣਾਈ ਗਈ ਜਾਂ ਇਸ ਦਾ ਕੀ ਅਕਾਰ ਹੈ, ਜਿਹੇ ਵੇਰਵੇ ਦਰਜ ਨਹੀਂ ਹਨ। ਸਾਡਾ ਸੱਭਿਆਚਾਰ ਇਹੋ-ਜਿਹੇ ਤੱਥਾਂ ਵੱਲ ਕੋਈ ਧਿਆਨ ਨਹੀਂ ਦਿੰਦਾ।

ਇਸ ਲੇਖਕ ਲਈ ਤਸਵੀਰ ਅਤੇ ਤਸਵੀਰਕਾਰ ਦੇ ਨਾਮ ਦਾ ਮਿਲਣਾ ਹੀ ਮਹੱਤਵਪੂਰਨ ਹੈ। ਇਸ ਦੇ ਨਾਲ ਯਕੀਨ ਹੋ ਗਿਆ ਕਿ ਇਹ ਪੇਂਟਿੰਗ ਭਾਰਤੀ ਚਤੇਰੇ ਨੇ ਬਣਾਈ ਹੈ ਅਤੇ ਉਹ ਵੀ ਦੇਸ਼ ਦੀ ਤਕਸੀਮ ਤੋਂ ਪਹਿਲਾਂ।

ਇਸ ਜਾਣਕਾਰੀ ਨਾਲ ਇਰਾਕ ਵਾਲਾ ਪੱਖ ਆਪਣੇ-ਆਪ ਬੇਮਾਇਨੇ ਹੋ ਜਾਂਦਾ ਹੈ। ਦੂਜਾ ਪੱਖ ਹੈ, ਚਿੱਤਰ ਵਿਚ ਦਿਖਾਈ ਦੇ ਰਹੀ ਭਰਪੂਰ ਹਰਿਆਵਲ, ਜਿਸ ਦਾ ਇਰਾਕ ਵਿਚ ਹੋਣਾ ਪੂਰੀ ਤਰ੍ਹਾਂ ਅਸੰਭਵ ਹੈ। ਦ੍ਰਿਸ਼ ਵਿਚ ਕੋਈ ਉਲਝਣ ਨਹੀਂ। ਮਾਨਵੀ ਹੱਥਾਂ ਦੀ ਬਣੀ ਜਾਂ ਤਿਆਰ ਕੀਤੀ ਕਿਸੇ ਸਜਾਵਟੀ ਵਸਤੂ ਦਾ ਕੋਈ ਦਖਲ ਨਹੀਂ। ਸਧਾਰਨਤਾ ਅਤੇ ਸਾਦਗੀ ਇਸ ਦੇ ਗੁਣ ਮੰਨੇ ਜਾ ਸਕਦੇ ਹਨ। ਦ੍ਰਿਸ਼ ਮੁਤਾਬਕ ਬਾਬਾ ਨਾਨਕ ਜੀ ਆਪਣੇ ਸਿੱਖ ਨੂੰ ਕੁਦਰਤ ਦੀ ਗੋਦ ਵਿਚ ਬੈਠੇ ਉਪਦੇਸ਼ ਦੇ ਰਹੇ ਹਨ। ਸਿੱਖ ਕੌਣ ਹੈ? ਪਤਾ ਨਹੀਂ। ਇਹ ਪੱਕ ਨਾਲ ਕਿਹਾ ਜਾ ਸਕਦਾ ਹੈ ਇਹ ਜਗਿਆਸੂ ਸਧਾਰਨ ਨਹੀਂ ਬਲਕਿ ਅਸਧਾਰਨ ਹੈ ਤਾਹੀਓਂ ਦੋਹਾਂ ਵਿਚਾਲੇ ਹੋ ਰਹੀ ਗੱਲਬਾਤ ਵਿਚ ਠਰੰਮਾ ਹੈ।

ਗੁਰੂ ਜੀ ਕਿਸੇ ਵਿਸ਼ੇਸ਼ ਜਾਂ ਸਜਾਈ ਹੋਈ ਥਾਂ ਉੱਪਰ ਨਹੀਂ ਸਗੋਂ ਇਕ ਵੱਡੀ ਸਿਲਾ ਉੱਪਰ ਬਿਰਾਜਮਾਨ ਹਨ। ਚਿੱਤਰਕਾਰ ਆਮ ਤੌਰ ’ਤੇ ਗੁਰੂ ਜੀ ਨੂੰ ਚੌਂਕੜਾ ਮਾਰੀ ਦਿਖਾਉਂਦੇ ਹਨ। ਪਰ ਅੱਲ੍ਹਾ ਰੱਖਾ ਪ੍ਰਚੱਲਿਤ ਰਵਾਇਤ ਨੂੰ ਤੋੜਦਾ ਹੈ। ਕਿਰਪਾਲ ਸਿੰਘ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਵੱਡੀ ਚੱਟਾਨ ਜਾਂ ਨਿੱਕੇ-ਵੱਡੇ ਪੱਥਰ ਸਮੂਹ ਉੱਪਰ ਬੈਠਿਆਂ ਦਿਖਾਇਆ ਹੈ।

ਚਿੱਤਰਕਾਰ ਆਪਣੇ ਵਿਸ਼ੇ ਨੂੰ ਵੱਧ ਤੋਂ ਵੱਧ ਥਾਂ ਦੇਣਾ ਚਾਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਸੀਸ ਉੱਪਰ ਪੱਗ ਸੋਭ ਰਹੀ ਹੈ, ਜੋ ਥੋੜ੍ਹੀ ਢਿੱਲੀ ਲੱਗਦੀ ਹੈ। ਆਮ ਵਾਂਗ ਗੋਲ, ਕੱਸਵੀਂ, ਪੋਚਵੀਂ ਨਹੀਂ।

ਉਨ੍ਹਾਂ ਖੁੱਲ੍ਹੇ ਲੰਮੇ ਕੁੜਤੇ ਦੇ ਨਾਲ ਚਾਦਰਾ ਬੰਨ੍ਹਿਆ ਪ੍ਰਤੀਤ ਹੁੰਦਾ ਹੈ। ਪੈਰੀਂ ਲੱਕੜ ਦੇ ‘ਪਊਏ’ ਹਨ। ਲੱਕ ਦੁਆਲੇ ਲਾਲ ਰੰਗ ਦੀ ਚਾਦਰ ਰੱਖੀ ਹੈ, ਜੋ ਪੱਥਰ ਤੋਂ ਹੁੰਦੀ ਹੋਈ ਧਰਤੀ ਤੱਕ ਅੱਪੜੀ ਹੋਈ ਹੈ। ਚਿੱਤਰਕਾਰ ਦਾ ਬਰੱਸ਼ ਦੱਸਦਾ ਹੈ ਪਹਿਨੇ ਹੋਏ ਵਸਤਰ ਕੀਮਤੀ ਨਹੀਂ। ਇਹ ਸਮੇਂ ਸਥਾਨ ਦੇ ਨਾਲ-ਨਾਲ ਹੈ। ਚਾਦਰ, ਖੇਸ, ਲੋਈ ਦੀ ਵਰਤੋਂ ਕਿਵੇਂ-ਕਿਵੇਂ ਹੋ ਸਕਦੀ ਹੈ, ਯਾਤਰੂ ਵੱਧ ਜਾਣਦਾ ਹੈ।

ਪੱਗ ਉੱਪਰ ਜਾਂ ਗਲ ਵਿਚ ਸੇਲੀ ਨਹੀਂ। ਹੱਥ ਵਿਚ ਸਿਮਰਨਾ ਨਹੀਂ। ਗਲ ਮੋਤੀਆਂ ਦੀਆਂ ਮਾਲਾਵਾਂ ਨਹੀਂ ਸੋਭ ਰਹੀਆਂ। ਇਸ ਤਰ੍ਹਾਂ ਇਹ ਚਿੱਤਰ ਗੁਰੂ ਨਾਨਕ ਦੇਵ ਜੀ ਦੀ ਵੱਖਰੀ ਨੁਹਾਰ ਸਾਡੇ ਸਾਹਮਣੇ ਲਿਆਉਂਦਾ ਹੈ। ਸੱਜ-ਧੱਜ ਨੂੰ ਵੇਖਦੀ ਆ ਰਹੀ ਅੱਖ ਨੂੰ ਇਹ ਵਰਤਾਰਾ ਹਲੂਣਾ ਦੇ ਸਕਦਾ ਹੈ।

ਇਹ ਰੂਪ ਰਚਨਾ ਜਨਮ ਸਾਖੀਆਂ ਦੀਆਂ ਤਸਵੀਰਾਂ ਕੰਧ ਚਿੱਤਰਾਂ ਤੋਂ ਵੀ ਭਿੰਨ ਹੈ, ਬਹੁਤ ਭਿੰਨ ਹੈ। ਉਥੇ ਜਾਣੇ-ਪਛਾਣੇ ਬਿਰਤਾਂਤ ਨੂੰ ਲੈ ਕੇ ਉਲੀਕੇ ਅਕਾਰਾਂ ਦੇ ਅੰਦਰ ਬਾਹਰ ਰੰਗ ਭਰੇ ਹੁੰਦੇ ਹਨ। ਕਹੀ ਗੱਲ, ਚਿੱਤਰ ਰਾਹੀਂ ਸਮਝ ਆ ਜਾਂਦੀ ਹੈ ਪਰ ਇਹ ਤਸਵੀਰ ਆਪਣੇ ਪਿਛੋਕੜ ਤੋਂ ਅਣਜਾਣ ਹੈ। ਅਣਜਾਣ ਤਾਂ ਆਪਣੇ ਭਵਿੱਖ ਤੋਂ ਵੀ ਹੈ। ਇਹ ਸਿੱਖ ਕੌਣ ਹੈ? ਗੁਰੂ ਜੀ ਤੱਕ ਕਿਵੇਂ, ਕਿਉਂ ਆਇਆ? ਕਿਸ ਤਰ੍ਹਾਂ ਦੀ ਵਾਰਤਾਲਾਪ ਹੋਈ? ਸੰਵਾਦ ਉਪਰੰਤ ਸਿੱਖ ਕਿੱਧਰ ਗਿਆ, ਉਸ ਦਾ ਕੀ ਬਣਿਆ, ਅਜਿਹੇ ਪ੍ਰਸ਼ਨਾਂ ਦੇ ਉੱਤਰ ਇਸ ਦ੍ਰਿਸ਼ ਪਾਸ ਨਹੀਂ ਹਨ।

ਇਕ ਪ੍ਰਸੰਗ ਜੋ ਆਮ ਲੱਗ ਸਕਦਾ ਹੈ, ਅਸਲ ਵਿਚ ਇਹੋ ਜਿਹਾ ਨਹੀਂ ਹੈ। ਗੁਰੂ ਜੀ ਦੇ ਜੀਵਨ ਅੰਦਰ ਇਹੋ ਜਿਹੀ ਸਥਿਤੀ ਅਨੇਕਾਂ ਵਾਰ ਬਣੀ ਹੋਵੇਗੀ। ਇਹ ਛੱਬ ਅਨੇਕਾਂ ਵਿਚੋਂ ਇਕ ਦੀ ਪ੍ਰਤੀਨਿਧਤਾ ਕਰ ਰਹੀ ਮਹਿਸੂਸ ਹੁੰਦੀ ਹੈ। ਇਹ ਸਿੱਖ ਭਾਈ ਮਰਦਾਨਾ ਨਹੀਂ ਹੈ ਕਿਉਂਕਿ ਰਬਾਬ ਉਸ ਦੇ ਸੰਗ ਸਾਥ ਨਹੀਂ ਹੈ।

ਗੁਰੂ ਨਾਨਕ ਦੇਵ ਜੀ ਜਿਵੇਂ ਬੈਠੇ ਹਨ, ਸੁਭਾਵਿਕ ਲੱਗਦੇ ਹਨ। ਜਿਸ ਪੱਥਰ ਉੱਪਰ ਬੈਠੇ ਹਨ, ਕੁਦਰਤੀ ਪਿਆ ਲੱਗਦਾ ਹੈ। ਪੱਥਰ ਨੂੰ ਪੱਥਰ ਰਹਿਣ ਦਿੱਤਾ ਗਿਆ ਹੈ। ਉਸ ਉੱਪਰ ਕੋਈ ਕੱਪੜਾ ਗਲੀਚਾ ਨਹੀਂ ਵਿਛਾਇਆ।

ਜਿਵੇਂ ਉਹ ਬੈਠੇ ਹਨ, ਗਿਆਤ ਹੁੰਦਾ ਹੈ ਉਹ ਵਡੇਰੀ ਉਮਰ ਦੇ ਹਨ। ਉਨ੍ਹਾਂ ਦਾ ਖੱਬਾ ਹੱਥ ਸਿਲਾ ਉੱਪਰ ਟਿਕਿਆ ਹੋਇਆ ਹੈ ਜਦੋਂਕਿ ਸੱਜਾ ਹੱਥ ਸੁਭਾਵਿਕ ਹਰਕਤ ਵਿਚ ਹੈ। ਗੱਲਬਾਤ ਦੌਰਾਨ ਅਜਿਹੇ ਸੰਕੇਤ ਹੁੰਦੇ ਰਹਿੰਦੇ ਹਨ। ਸ਼ਬਦ/ਬੋਲ ਗੁਰੂ ਜੀ ਵੱਲੋਂ ਉਚਾਰੇ ਜਾ ਰਹੇ ਹਨ। ਉਨ੍ਹਾਂ ਦਾ ਸਿਰ ਹਲਕਾ ਜਿਹਾ ਅੱਗੇ ਨੂੰ ਝੁਕਿਆ ਹੋਇਆ ਹੈ। ਜੋ ਸੁਣਿਆ ਜਾ ਰਿਹਾ ਹੈ, ਜਾਪਦਾ ਹੈ ਉਸ ਪ੍ਰਤੀ ਕੋਈ ਕਿੰਤੂ-ਪ੍ਰੰਤੂ, ਸ਼ੱਕ-ਸ਼ੁਬਹਾ ਨਹੀਂ। ਕਹੇ ਸ਼ਬਦਾਂ ਨੂੰ ‘ਗੁਰੁ ਪ੍ਰਸਾਦਿ’ ਵਜੋਂ ਪ੍ਰਾਪਤ ਕੀਤਾ ਜਾ ਰਿਹਾ ਹੈ। ਸਮਝਾਏ ਨੂੰ ਸਮਝਿਆ ਜਾ ਰਿਹਾ ਹੈ।

ਇਹ ਗੁਰੂ ਅਤੇ ਸਿੱਖ ਦਾ ਸਬੰਧ ਹੈ, ਜੋ ਚਿੱਤਰ ਰਾਹੀਂ ਸਾਕਾਰ ਕੀਤਾ ਗਿਆ ਹੈ। ਇਹ ਰੀਤ ਹੈ, ਜਿਸ ਦੇ ਵੱਲ ਸੰਕੇਤ ਹੈ। ਇਹ ਸੰਗਲੀ ਦੀ ਕੜੀ ਹੈ। ਜੇ ਨਿਰੰਤਰਤਾ ਨੂੰ ਕਾਇਮ ਰੱਖਣਾ ਹੈ ਤਾਂ ਕੜੀ ਦੀ ਮਜ਼ਬੂਤੀ ਵੱਲ ਧਿਆਨ ਦੇਣਾ ਪਵੇਗਾ। ਅੱਲ੍ਹਾ ਬਖਸ਼ ਦਾ ਚਿੱਤਰ ਇਸੇ ਨੂੰ ਰੇਖਾਂਕਿਤ ਕਰ ਰਿਹਾ ਹੈ। ਜੇ ਗੁਰੂ ਅਤੇ ਸਿੱਖ ਵਿਚਾਲੇ ਇਕਸੁਰਤਾ ਨਾ ਹੁੰਦੀ ਤਾਂ ਦ੍ਰਿਸ਼ ਵਿਚੋਂ ਇਕਾਗਰਤਾ ਦੀ ਝਲਕ ਨਾ ਮਿਲਦੀ।

ਚਿੱਤਰਕਾਰ ਗੁਰੂ ਜੀ ਨੂੰ ਉਚੇਰਾ ਰੱਖ ਰਿਹਾ ਹੈ। ਉਹ ਸਮੁੱਚ ਨੂੰ ਦੇਖ ਰਹੇ ਹਨ ਪਰ ਸਿੱਖ ਦੀ ਸਥਿਤੀ ਅਜਿਹੀ ਨਹੀਂ ਹੈ। ਸਿੱਖ ਸਿਰਫ ਗੁਰੂ ਚਰਨਾਂ ਨੂੰ ਦੇਖਦਿਆਂ ‘ਗੁਰੂ ਵਚਨ/ਸ਼ਬਦ’ ਨੂੰ ਸੁਣ ਰਿਹਾ ਹੈ। ਆਸ-ਪਾਸ ਜਾਂ ਦੂਰ-ਦੁਰਾਡੇ ਪ੍ਰਕਿਰਤੀ ਦੇ ਸਿਵਾਏ ਹੋਰ ਕੋਈ ਵਿਅਕਤੀ, ਪਰਿੰਦਾ, ਜਾਨਵਰ ਨਹੀਂ ਹੈ। ਇਹ ਵੀ ਇਕ ਰਸ ਇਕਾਗਰਤਾ ਹੈ, ਜਿੱਥੇ ਬਚਨ ਬਿਲਾਸ ਚੱਲ ਰਿਹਾ ਹੈ।

ਆਮ ਤੌਰ ’ਤੇ ਸ਼ੈਲੀਬੱਧ ਜਾਂ ਦੂਜੇ ਚਿਤੇਰਿਆਂ ਦੇ ਕੰਮ ਵਿਚ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਾਲ ਰੁੱਖ ਥੱਲੇ ਬੈਠਿਆਂ ਦਿਖਾਇਆ ਜਾਂਦਾ ਹੈ। ਇਹ ਕੈਨਵਸ ਇਸ ਤੋਂ ਮੁਕਤ ਹੈ। ਆਸ-ਪਾਸ ਛੋਟੇ ਮੋਟੇ ਰੁੱਖ ਜਾਂ ਝਾੜੀਆਂ, ਵੱਖ-ਵੱਖ ਅਕਾਰਾਂ ਦੇ ਪੱਥਰ ਇੱਧਰ-ਉੱਧਰ ਖਿੱਲਰੇ ਪਏ ਹਨ। ਦੂਰ, ਖੱਬੇ ਵੱਲ ਇਕ ਭਾਰਾ ਰੁੱਖ ਹੈ। ਸਿੱਖ ਅਤੇ ਰੁੱਖ ਵਿਚਾਲੇ ਇਕ ਕੁਦਰਤੀ ਤਲਾਬ ਹੈ। ਹੋਰ ਕਿਸੇ (ਮੋਇਫ) ਵਿਸ਼ੇਸ਼ ਦੀ ਝਲਕ ਨਹੀਂ ਮਿਲ ਰਹੀ। ਇੱਥੇ ਪ੍ਰਕਾਸ਼ ਦੀ ਆਮਦ ਨੂੰ ਵਸੀਹ ਪੱਧਰ ’ਤੇ ਵਿਚਾਰਿਆ ਗਿਆ ਹੈ, ਜੋ ਖੱਬੇ ਵੱਲ ਦੀ ਜ਼ੋਰ ਨਾਲ ਕੈਨਵਸ ਫਰੇਮ ਵਿਚ ਪ੍ਰਵੇਸ਼ ਕਰਦਾ ਹੈ। ਪ੍ਰਕਾਸ਼ ਸਿੱਖ ਦੀ ਪਿੱਠ ਰੌਸ਼ਨ ਕਰਨ ਉਪਰੰਤ ਅਗਾਂਹ ਤੁਰਦਿਆਂ ਉਹ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਨੂੰ ਪ੍ਰਕਾਸ਼ਿਤ ਕਰਦਾ ਹੈ। ਧੁੱਪ ਛਾਂ ਦੀ ਵਰਤੋਂ ਚਿੱਤਰ ਵਿਚ ਬਾਖੂਬੀ ਹੋਈ ਹੈ।

ਗੁਰੂ ਜੀ ਦਾ ਚਿਹਰਾ ਇਕ ਤਾਂ ਕੁਦਰਤੀ ਸੂਰਜੀ ਲੋਅ ਨਾਲ ਪ੍ਰਕਾਸ਼ਿਤ ਹੋਣ ਕਰਕੇ ਵਿਸ਼ੇਸ਼ ਹੈ ਅਤੇ ਦੂਜਾ ਉਨ੍ਹਾਂ ਦੇ ਸੀਸ ਪਿੱਛੇ ‘ਹਾਲਾ’ ਹੈ। ਪ੍ਰਕਾਸ਼ਿਤ ਚਿਹਰੇ ਦੇ ਮੁਕਾਬਲੇ ਸਿੱਖ ਦਾ ਚਿਹਰਾ ਉਸ ਸਥਿਤੀ ਵਿਚ ਨਹੀਂ ਹੈ। ਗੁਰੂ ਅਤੇ ਸਿੱਖ ਦਾ ਭੇਦ ਪੇਂਟਰ ਨੇ ਆਪਣੇ ਹੁਨਰ ਨਾਲ ਉਭਾਰਿਆ ਹੈ।

ਗੁਰੂ ਜੀ ਦੇ ਸਾਰੇ ਵਸਤਰ ਪੀਲੇ ਰੰਗ ਦੇ ਹਨ। ਲੱਕ ਦੁਆਲੇ ਲਾਲ-ਲਾਖੇ ਰੰਗ ਦੀ ਚਾਦਰ ਹੈ। ਸਾਰੀ ਬਣਤਰ ਵਿਚ ਇਹੋ ਤੇਜ਼ ਰੰਗ ਵਾਲੀ ਵਸਤੂ ਹੈ। ਸਿੱਖ ਦੇ ਸਿਰ ਉੱਪਰ ਸਫੈਦ ਪਗੜੀ ਅਤੇ ਸਰੀਰ ’ਤੇ ਭੂਸਲੇ ਰੰਗ ਦੇ ਵਸਤਰ ਹਨ। ਹਰੇ-ਭੂਰੇ ਰੰਗ ਦੀ ਚਾਦਰ ਲੱਤਾਂ ਉੱਪਰ ਦਿਸ ਰਹੀ ਹੈ।

-ਜਗਤਾਰਜੀਤ ਸਿੰਘ

98990-91186