ਵਿਅਕਤੀ ਸਰੀਰ ਤੋਂ ਨਹੀਂ, ਗਿਆਨ ਤੋਂ ਹੁੰਦਾ ਹੈ ਮਹਾਨ

05/28/2020 4:43:42 PM

ਜਲੰਧਰ(ਬਿਊਰੋ)- ਬਾਲ ਅਸ਼ਟਾਵਕਰ ਨੇ ਆਪਣੇ ਦੋਸਤਾਂ ਨਾਲ ਖੇਡ ਕੇ ਘਰ ਮੁੜਨ ’ਤੇ ਮਾਂ ਨੂੰ ਪੁੱਛਿਆ, ‘‘ਹੇ ਮਾਤਾ, ਮੇਰੇ ਪਿਤਾ ਜੀ ਕਿੱਥੇ ਹਨ?’’ ਮਾਂ ਬੋਲੀ, ‘‘ਪੁੱਤਰ, ਤੇਰੇ ਪਿਤਾ ਰਾਜਾ ਜਨਕ ਦੀ ਸਭਾ ਵਿਚ ਵਿਦਵਾਨਾਂ ਨਾਲ ਸ਼ਾਸਤਰਾਂ ਦੇ ਗਿਆਨ ਦਾ ਵਟਾਂਦਰਾ ਕਰਨ ਗਏ ਸਨ ਪਰ ਅਜੇ ਤਕ ਨਹੀਂ ਮੁੜੇ। ਮੈਨੂੰ ਵੀ ਫਿਕਰ ਹੋ ਰਿਹਾ ਹੈ।’’ ਇਹ ਸੁਣ ਕੇ ਅਸ਼ਟਾਵਕਰ ਬੋਲਿਆ, ‘‘ਹੇ ਮਾਤਾ, ਫਿਕਰ ਨਾ ਕਰੋ। ਮੈਂ ਕੱਲ ਸਵੇਰੇ ਹੀ ਰਾਜੇ ਦੀ ਸਭਾ ਵਿਚ ਜਾ ਕੇ ਪਤਾ ਲਾਵਾਂਗਾ ਕਿ ਕੀ ਗੱਲ ਹੈ?’’ ਮਾਂ ਬੋਲੀ, ‘‘ਤੂੰ ਬੱਚਾ ਏਂ, ਰਾਜੇ ਦੀ ਸਭਾ ਵਿਚ ਤੇਰਾ ਦਾਖਲ ਹੋਣਾ ਸੌਖਾ ਨਹੀਂ। ਉਥੇ ਤੇਰਾ ਮਜ਼ਾਕ ਵੀ ਉਡਾਇਆ ਜਾ ਸਕਦਾ ਹੈ ਕਿਉਂਕਿ ਤੇਰਾ ਸਰੀਰ 8 ਥਾਵਾਂ ਤੋਂ ਵਿੰਗਾ-ਟੇਢਾ ਹੈ।’’ ਅਸ਼ਟਾਵਕਰ ਬੋਲਿਆ, ‘‘ਮਾਂ ਡਰ ਨਾ, ਮੈਂ ਆਪਣੇ ਪਿਤਾ ਨਾਲ ਜਲਦੀ ਵਾਪਸ ਆਵਾਂਗਾ।’’



ਇਹ ਕਹਿ ਕੇ ਅਸ਼ਟਾਵਕਰ ਨੇ ਰਾਜੇ ਦੀ ਸਭਾ ਵੱਲ ਪ੍ਰਸਥਾਨ ਕੀਤਾ। ਉਸ ਦੇ ਵਿੰਗੇ-ਟੇਢੇ ਸਰੀਰ ਨੂੰ ਦੇਖ ਕੇ ਸਭਾ ਵਿਚ ਮੌਜੂਦ ਸਾਰੇ ਵਿਦਵਾਨ ਠਹਾਕੇ ਲਾ ਕੇ ਹੱਸਣ ਲੱਗੇ ਕਿ ਇਹ ਬੱਚਾ ਵੀ ਸਾਡੇ ਨਾਲ ਸ਼ਾਸਤਰਾਂ ਦੇ ਗਿਆਨ ਦਾ ਵਟਾਂਦਰਾ ਕਰੇਗਾ? ਉਨ੍ਹਾਂ ਵਿਦਵਾਨਾਂ ਦੀ ਹਰਕਤ ਦੇਖ ਕੇ ਅਸ਼ਟਾਵਕਰ ਵੀ ਹੱਸਣ ਲੱਗਾ। ਉਸ ਨੂੰ ਹੱਸਦਾ ਦੇਖ ਕੇ ਸਭਾ ਵਿਚ ਮੌਜੂਦ ਸਾਰੇ ਵਿਦਵਾਨ ਹੈਰਾਨ ਰਹਿ ਗਏ। ਰਾਜੇ ਨੇ ਅਸ਼ਟਾਵਕਰ ਤੋਂ ਹੱਸਣ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, ‘‘ਹੇ ਰਾਜਨ, ਮੈਂ ਸੁਣਿਆ ਹੈ ਕਿ ਤੁਹਾਡੀ ਰਾਜ ਸਭਾ ਵਿਦਵਾਨਾਂ  ਨਾਲ ਸੁਸ਼ੋਭਿਤ ਹੈ ਪਰ ਇਹ ਤਾਂ ਝੂਠੇ ਤੇ ਗਿਆਨ ਦੇ ਘੁਮੰਡ ਵਿਚ ਚੂਰ ਹਨ। ਮੈਂ ਇਨ੍ਹਾਂ ਵਿਦਵਾਨਾਂ ਨੂੰ ਦੇਖ ਕੇ ਹੱਸ ਰਿਹਾ ਹਾਂ।’’


ਉਹ ਫਿਰ ਬੋਲਿਆ, ‘‘ਹੇ ਰਾਜਨ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਹੱਡੀ, ਖੂਨ, ਮਾਸ ਤੇ ਚਮੜੀ ਨਾਲ ਲਿਪਟੇ ਸਰੀਰ ਵਿਚ ਦੇਖਣ ਲਾਇਕ ਕੀ ਹੈ? ਤੁਸੀਂ ਦੱਸੋ ਕੀ ਵਿੰਗੇ-ਟੇਢੇ ਸਰੀਰ ਵਿਚ ਆਤਮਾ ਵੀ ਵਿੰਗੀ-ਟੇਢੀ ਹੁੰਦੀ ਹੈ? ਜੇ ਨਦੀ ਵਿੰਗੀ ਹੈ ਤਾਂ ਕੀ ਉਸ ਦਾ ਪਾਣੀ ਵੀ ਵਿੰਗਾ ਹੁੰਦਾ ਹੈ?’’
ਅਸ਼ਟਾਵਕਰ ਬੋਲਿਆ, ‘‘ਵਿਅਕਤੀ ਸਰੀਰ ਤੋਂ ਨਹੀਂ, ਗਿਆਨ ਤੋਂ ਮਹਾਨ ਹੁੰਦਾ ਹੈ।’’ ਰਾਜਾ ਜਨਕ ਅਸ਼ਟਾਵਕਰ ਦੇ ਵਚਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਬਾਲ ਅਸ਼ਟਾਵਕਰ ਨੂੰ ਆਪਣਾ ਗੁਰੂ ਮੰਨਦਿਆਂ ਗਿਆਨ ਹਾਸਲ ਕੀਤਾ।

manju bala

This news is Content Editor manju bala