ਸੂਰਜ ਉਪਾਸਨਾ ਦਾ ਤਿਉਹਾਰ ‘ਛਠ ਪੂਜਾ’ ਅੱਜ ਤੋਂ ਸ਼ੁਰੂ

10/31/2019 1:16:42 PM

ਜਲੰਧਰ(ਹਰਿੰਦਰ ਸ਼ਾਹ)- ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ। ਜਿੰਨੇ ਤਿਉਹਾਰ ਭਾਰਤ ’ਚ ਮਨਾਏ ਜਾਂਦੇ ਹਨ, ਓਨੇ ਸ਼ਾਇਦ ਹੀ ਕਿਸੇ ਦੇਸ਼ ’ਚ ਮਨਾਏ ਜਾਂਦੇ ਹੋਣਗੇ। ਇਨ੍ਹਾਂ ਤਿਉਹਾਰਾਂ ਵਿਚੋਂ ਇਕ ਹੈ ਸੂਰਜ ਉਪਾਸਨਾ ਦਾ ਤਿਉਹਾਰ ‘ਛਠ ਪੂਜਾ’, ਜੋ ਕਿ ਦੀਵਾਲੀ ਤੋਂ 6 ਦਿਨ ਬਾਅਦ ਮਨਾਇਆ ਜਾਂਦਾ ਹੈ।
ਭਾਰਤ ਦੇ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ’ਚ ਮਨਾਏ ਜਾਣ ਵਾਲੇ ਇਸ ਮਹਾਉਤਸਵ ਨੂੰ ਇਨ੍ਹਾਂ ਇਲਾਕਿਆਂ ਦੇ ਲੋਕਾਂ ਦੇ ਪੰਜਾਬ, ਦਿੱਲੀ, ਮੁੰਬਈ ਵਰਗੇ ਵੱਡੇ ਮਹਾਨਗਰਾਂ ’ਚ ਰਹਿਣ ਕਾਰਨ ਉਥੇ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਛਠ ਪੂਜਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ। ਹਿੰਦੂ ਕੈਲੰਡਰ ਮੁਤਾਬਕ ਕੱਤਕ ਮਹੀਨੇ ਦੇ ਚਾਨਣ ਪੱਖ ਦੀ ਚੌਥ ਤਿਥੀ ਤੋਂ ਸਪਤਮੀ ਤਿਥੀ ਦੇ ਸੂਰਜ ਚੜ੍ਹਨ ਤਕ ਛਠ ਪੂਜਾ ਦਾ ਤਿਉਹਾਰ ਚੱਲਦਾ ਹੈ। ਮੁੱਖ ਤੌਰ ’ਤੇ ਕੱਤਕ ਮਹੀਨੇ ਦੇ ਚਾਨਣ ਪੱਖ ਦੀ ਛੇਵੀਂ ਤਿਥੀ ਨੂੰ ਛਠ ਮਈਆ ਦੀ ਪੂਜਾ ਹੁੰਦੀ ਹੈ। ਉਨ੍ਹਾਂ ਦੀ ਪੂਜਾ ਨਾਲ ਸੰਤਾਨ ਪ੍ਰਾਪਤੀ, ਸੰਤਾਨ ਦੀ ਰੱਖਿਆ ਅਤੇ ਸੁਖ ਖੁਸ਼ਹਾਲੀ ਦਾ ਵਰਦਾਨ ਹਾਸਲ ਹੁੰਦਾ ਹੈ। ਛਠ ਮਈਆ ਨੂੰ ਸੂਰਜ ਦੇਵਤਾ ਦੀ ਭੈਣ ਮੰਨਿਆ ਜਾਂਦਾ ਹੈ।

ਪਹਿਲਾ ਦਿਨ

‘ਨਹਾਏ ਖਾਏ’

ਪਹਿਲਾ ਦਿਨ ਕੱਤਕ ਚਾਨਣ ਚੌਥ ਨੂੰ ਨਹਾਏ ਖਾਏ ਵਜੋਂ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਘਰ ਦੀ ਸਫਾਈ ਕਰ ਕੇ ਉਸ ਨੂੰ ਪਵਿੱਤਰ ਬਣਾ ਲਿਆ ਜਾਂਦਾ ਹੈ। ਇਸ ਤੋਂ ਬਾਅਦ ਛਠ ਵਰਤ ਕਰਨ ਵਾਲੇ ਇਸ਼ਨਾਨ ਕਰ ਕੇ ਪਵਿੱਤਰ ਤਰੀਕੇ ਨਾਲ ਬਣੇ ਸ਼ੁੱਧ ਸ਼ਾਕਾਹਾਰੀ ਭੋਜਨ ਨੂੰ ਗ੍ਰਹਿਣ ਕਰ ਕੇ ਵਰਤ ਦੀ ਸ਼ੁਰੂਆਤ ਕਰਦੇ ਹਨ। ਘਰ ਦੇ ਬਾਕੀ ਮੈਂਬਰ ਵਰਤ ਰੱਖਣ ਵਾਲੇ ਦੇ ਭੋਜਨ ਤੋਂ ਬਾਅਦ ਹੀ ਖਾਣਾ ਖਾਂਦੇ ਹਨ। ਭੋਜਨ ਦੇ ਰੂਪ ’ਚ ਕੱਦੂ, ਦਾਲ ਤੇ ਚੌਲ ਗ੍ਰਹਿਣ ਕੀਤੇ ਜਾਂਦੇ ਹਨ। ਇਹ ਦਾਲ ਛੋਲਿਆਂ ਦੀ ਹੁੰਦੀ ਹੈ।

ਦੂਸਰਾ ਦਿਨ

ਖਰਨਾ ਤੇ ਲੋਹੰਡਾ

ਦੂਜੇ ਦਿਨ ਕੱਤਕ ਮਹੀਨੇ ਦੇ ਚਾਨਣ ਪੱਖ ਦੀ ਪੰਜਵੀਂ ਨੂੰ ਵਰਤ ਰੱਖਣ ਵਾਲਾ ਸਾਰਾ ਦਿਨ ਵਰਤ ਰੱਖਣ ਤੋਂ ਬਾਅਦ ਸ਼ਾਮ ਨੂੰ ਭੋਜਨ ਕਰਦਾ ਹੈ, ਜਿਸ ਨੂੰ ਖਰਨਾ ਕਿਹਾ ਜਾਂਦਾ ਹੈ। ਇਸ ਸਾਲ ਖਰਨਾ ਅਤੇ ਲੋਹੰਡਾ 1 ਨਵੰਬਰ ਨੂੰ ਹੈ। ਖਰਨਾ ਦਾ ਪ੍ਰਸ਼ਾਦ ਲੈਣ ਲਈ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਪ੍ਰਸ਼ਾਦ ਵਜੋਂ ਗੰਨੇ ਦੇ ਰਸ ’ਚ ਬਣੇ ਹੋਏ ਚੌਲਾਂ ਦੀ ਖੀਰ ਨਾਲ ਦੁੱਧ ਚੌਲ ਦਾ ਪਿੱਠਾ ਤੇ ਘਿਓ ਨਾਲ ਚੋਪੜੀ ਰੋਟੀ ਬਣਾਈ ਜਾਂਦੀ ਹੈ। ਇਸ ਵਿਚ ਲੂਣ ਜਾਂ ਖੰਡ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ।

ਤੀਸਰਾ ਦਿਨ

ਸੰਧਿਆ ਅਰਘ

ਤੀਸਰੇ ਦਿਨ ਕੱਤਕ ਸ਼ੁਕਲ ਛਠੀ ਨੂੰ ਦਿਨ ’ਚ ਛਠ ਪ੍ਰਸ਼ਾਦ ਬਣਾਇਆ ਜਾਂਦਾ ਹੈ। ਜਿਸ ਤਰ੍ਹਾਂ ਸੈਂਕੜੇ ਸਾਲ ਪਹਿਲਾਂ ਇਹ ਉਤਸਵ ਮਨਾਇਆ ਜਾਂਦਾ ਸੀ, ਉਸੇ ਤਰ੍ਹਾਂ ਅੱਜ ਵੀ ਇਸ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਲਈ ਜੋ ਪ੍ਰਸ਼ਾਦ ਹੁੰਦਾ ਹੈ, ਉਹ ਘਰ ’ਚ ਹੀ ਤਿਆਰ ਕੀਤਾ ਜਾਂਦਾ ਹੈ। ਠੇਕੁਆ ਅਤੇ ਕਸਾਰ ਤੋਂ ਇਲਾਵਾ ਹੋਰ ਜੋ ਵੀ ਪਕਵਾਨ ਬਣਾਏ ਜਾਂਦੇ ਹਨ, ਉਹ ਖੁਦ ਵਰਤ ਕਰਨ ਵਾਲੇ ਜਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਘਰਾਂ ’ਚ ਹੀ ਤਿਆਰ ਕਰਦੇ ਹਨ। ਠੇਕੁਆ ਗੁੜ ਅਤੇ ਆਟੇ ਨਾਲ ਤਿਆਰ ਕੀਤਾ ਜਾਂਦਾ ਹੈ, ਉਥੇ ਕਸਾਰ ਚੌਲਾਂ ਦੇ ਆਟੇ ਤੇ ਗੁੜ ਨਾਲ ਤਿਆਰ ਕੀਤੀ ਜਾਂਦੀ ਹੈ। ਛਠ ਲਈ ਇਸਤੇਮਾਲ ਹੋਣ ਵਾਲੇ ਬਰਤਨ ਜਾਂ ਤਾਂ ਬਾਂਸ ਦੇ ਬਣੇ ਹੁੰਦੇ ਹਨ ਜਾਂ ਫਿਰ ਮਿੱਟੀ ਦੇ। ਸ਼ਾਮ ਨੂੰ ਪੂਰੀ ਤਿਆਰੀ ਨਾਲ ਬਾਂਸ ਦੀ ਟੋਕਰੀ ’ਚ ਅਰਘ ਦਾ ਸੂਪ ਸਜਾਇਆ ਜਾਂਦਾ ਹੈ। ਵਰਤ ਰੱਖਣ ਵਾਲੇ ਦੇ ਨਾਲ ਪਰਿਵਾਰ ਦੇ ਸਾਰੇ ਲੋਕ ਸੂਰਜ ਨੂੰ ਅਰਘ ਦੇਣ ਲਈ ਘਾਟ ਵੱਲ ਚਲੇ ਜਾਂਦੇ ਹਨ। ਸਾਰੇ ਛਠ ਵਰਤ ਰੱਖਣ ਵਾਲੇ ਇਕ ਤੈਅ ਤਲਾਬ ਜਾਂ ਨਦੀ ਦੇ ਕੰਢੇ ਇਕੱਠੇ ਹੋ ਕੇ ਸਮੂਹਿਕ ਤੌਰ ’ਤੇ ਅਰਘ ਦਾਨ ਕਰਦੇ ਹਨ। ਸੂਰਜ ਨੂੰ ਪਾਣੀ ਤੇ ਦੁੱਧ ਦਾ ਅਰਘ ਦਿੱਤਾ ਜਾਂਦਾ ਹੈ ਅਤੇ ਛਠ ਮਈਆ ਦੇ ਪ੍ਰਸ਼ਾਦ ਨਾਲ ਭਰੇ ਸੂਪ ਨਾਲ ਪੂਜਾ ਕੀਤੀ ਜਾਂਦੀ ਹੈ। ਇਸ ਸਾਲ ਡੁੱਬਦੇ ਸੂਰਜ ਨੂੰ ਦਿੱਤਾ ਜਾਣ ਵਾਲਾ ਸੰਧਿਆ ਅਰਘ 2 ਨਵੰਬਰ ਸ਼ਨੀਵਾਰ ਨੂੰ ਹੈ।

ਚੌਥਾ ਦਿਨ

ਸਵੇਰ ਦਾ ਅਰਘ

ਚੌਥੇ ਦਿਨ ਕੱਤਕ ਸ਼ੁਕਲ ਸਪਤਮੀ ਦੀ ਸਵੇਰ ਉਗਦੇ ਹੋਏ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ। ਵਰਤ ਰੱਖਣ ਵਾਲੇ ਉਥੇ ਮੁੜ ਇਕੱਠੇ ਹੁੰਦੇ ਹਨ, ਜਿਥੇ ਉਨ੍ਹਾਂ ਨੇ ਸ਼ਾਮ ਨੂੰ ਅਰਘ ਦਿੱਤਾ ਸੀ। ਸਾਰੇ ਵਰਤ ਰੱਖਣ ਵਾਲੇ ਸਵੇਰੇ ਤੜਕਸਾਰ ਉਠ ਕੇ ਪੂਜਾ ਦੀ ਸਾਰੀ ਸਮੱਗਰੀ ਸੂਪ ’ਚ ਸਜਾ ਕੇ ਘਾਟ ’ਤੇ ਜਾਣ ਲਈ ਤੁਰ ਪੈਂਦੇ ਹਨ ਅਤੇ ਪਾਣੀ ’ਚ ਖੜ੍ਹੇ ਹੋ ਕੇ ਸੂਰਜ ਭਗਵਾਨ ਦੇ ਨਿਕਲਣ ਦੀ ਪੂਰੀ ਸ਼ਰਧਾ ਨਾਲ ਉਡੀਕ ਕਰਦੇ ਹਨ। ਜਿਵੇਂ ਹੀ ਸੂਰਜ ਚੜ੍ਹਦਾ ਹੈ ਤਾਂ ਸਾਰੇ ਸ਼ਰਧਾਲੂ ਛਠ ਮਈਆ ਦੇ ਜੈਕਾਰੇ ਲਾ ਕੇ ਸੂਰਜ ਨੂੰ ਅਰਘ ਦਿੰਦੇ ਹਨ। ਅਖੀਰ ’ਚ ਵਰਤ ਰੱਖਣ ਵਾਲੇ ਕੱਚੇ ਦਾ ਸ਼ਰਬਤ ਪੀ ਕੇ ਅਤੇ ਥੋੜ੍ਹਾ ਪ੍ਰਸ਼ਾਦ ਖਾ ਕੇ ਵਰਤ ਪੂਰਾ ਕਰਦੇ ਹਨ। ਇਸ ਵਾਰ ਸਵੇਰ ਦਾ ਅਰਘ ਅਤੇ ਪਾਰਣ 3 ਨਵੰਬਰ ਨੂੰ ਹੈ।

ਛਠ ਪੂਜਾ ’ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਹੁੰਦੀ ਹੈ ਲੋੜ

-ਆਪਣੇ ਲਈ ਨਵੇਂ ਕੱਪੜੇ
-ਛਠ ਪੂਜਾ ਦਾ ਪ੍ਰਸ਼ਾਦ ਰੱਖਣ ਲਈ ਬਾਂਸ ਦੀਆਂ 2 ਵੱਡੀਆਂ ਟੋਕਰੀਆਂ
-ਬਾਂਸ ਜਾਂ ਪਿੱਤਲ ਦੇ ਸੂਪ
-ਦੁੱਧ ਅਤੇ ਪਾਣੀ ਲਈ ਇਕ ਗਲਾਸ, ਇਕ ਲੋਟਾ ਅਤੇ ਥਾਲੀ
-ਪੱਤਿਆਂ ਸਣੇ 5 ਗੰਨੇ
-ਪਾਣੀ ਵਾਲਾ ਨਾਰੀਅਲ
-ਧੂਪ, ਚੌਲ, ਸਿੰਦੂਰ, ਦੀਪਕ
-ਹਲਦੀ, ਮੂਲੀ ਅਤੇ ਅਦਰਕ ਦਾ ਹਰਾ ਪੌਦਾ
-ਮਿੱਠਾ ਨਿੰਬੂ ਵੱਡਾ, ਸ਼ਰੀਫਾ, ਕੇਲਾ ਅਤੇ ਨਾਸ਼ਪਤੀ
-ਸ਼ਕਰਕੰਦੀ ਅਤੇ ਸੁਥਨੀ
-ਪਾਨ ਅਤੇ ਸਾਬਤ ਸੁਪਾਰੀ
-ਸ਼ਹਿਦ
-ਕੁਮਕੁਮ, ਚੰਦਨ, ਅਗਰਬੱਤੀ ਜਾਂ ਧੂਪ ਅਤੇ ਕਪੂਰ
-ਮਠਿਆਈ
-ਗੁੜ, ਕਣਕ ਅਤੇ ਚੌਲਾਂ ਦਾ ਆਟਾ

manju bala

This news is Edited By manju bala