ਮੰਨੈ ਨਾਨਕ ਭਵਹਿ ਨ ਭਿਖ।।

07/10/2019 9:46:31 AM

ਪੰਦਰਵੀਂ  ਪਾਉੜੀ

ਮੰਨੈ ਨਾਨਕ ਭਵਹਿ ਨ ਭਿਖ।।

ਮੰਨੈ, ਪਾਵਹਿ ਮੋਖੁ ਦੁਆਰ।।

 ਮੰਨੈ, ਪਰਵਾਰੈ ਸਾਧਾਰ।।

 ਮੰਨੈ, ਤਰੈ ਤਾਰੇ ਗੁਰੁ ਸਿਖ।।

 ਮੰਨੈ, ਨਾਨਕ ਭਵਹਿ ਨ ਭਿਖ।।

 ਐਸਾ ਨਾਮੁ ਨਿਰੰਜਨੁ ਹੋਇ  ਜੇ ਕੋ ਮੰਨਿ ਜਾਣੈ ਮਨਿ ਕੋਇ।। ੧੫।।

ਇਸ ਪਾਉੜੀ ਵਿਚ ਸੱਭ ਤੋਂ ਅਹਿਮ ਨੁਕਤਾ ਮੁਕਤੀ ਹੈ। ਮੁਕਤੀ ਹੀ ਅਹਿਮ ਹੈ। ਬਹੁਤ ਕੁਝ ਵਿਚਾਰ ਲਿਆ ਗਿਆ। ਝੂਠ ਦੀ ਪਾਲ ਤੋਂ ਲੈ ਕੇ ਸਚਿਆਰ ਦੀ ਪ੍ਰਾਪਤੀ ਤੱਕ। ਹੁਣ ਸਿਧਾਂਤਕ ਨੁਕਤਾ ਮੁਕਤੀ ਹੈ। ਇਸ ਪਉੜੀ ਦੀ ਪਹਿਲੀ ਸਤਰ ਹੀ ਕਹਿ ਰਹੀ ਹੈ, ਮੰਨੈ ਪਾਵਹਿ ਮੋਖੁ ਦੁਆਰ।। ਮੁਕਤੀ ਦਾ ਰਾਹ ਮਿਲ ਗਿਆ। ਇੱਥੇ ਸਾਨੂੰ ਭਾਰਤੀ ਫਲਸਫੇ 'ਚ ਪੁਰਸ਼ਾਰਥ ਦੇ ਸਿਧਾਂਤ ਨੂੰ ਸਮਝਣਾ ਹੋਵੇਗਾ। ਜੇਕਰ ਅਸੀਂ ਚਾਰੇ ਵੇਦਾਂ ਉੱਤੇ ਨਿਗ੍ਹਾ ਮਾਰਦੇ ਹਾਂ ਤਾਂ ਸਾਨੂੰ ਤਿੰਨ ਪੁਰਸ਼ਾਰਥ ਲੱਭਦੇ ਨੇ, ਧਰਮ, ਅਰਥ ਤੇ ਕਾਮ। ਚੌਥਾ ਪੁਰਸ਼ਾਰਥ ਵੇਦਾਂ 'ਚ ਨਹੀਂ ਹੈ। ਇਹ ਬੁੱਧਇਜ਼ਮ ਦੇ ਫੈਲਣ ਤੋਂ ਬਾਅਦ ਉਪਨਿਸ਼ਦਾਂ 'ਚ ਮਿਲਦਾ ਹੈ। ਧਰਮ, ਅਰਥ, ਕਾਮ ਤੇ ਮੋਕਸ਼। ਧਰਮ ਭਾਵ ਮਨੁੱਖ ਜਿਸ ਗੁਣ ਨੂੰ ਧਾਰਨ ਕਰ ਸਕਦਾ ਹੈ। ਪਾਣੀ ਦਾ ਧਰਮ ਹੈ ਵਹਿਣਾ। ਅਗਨ ਦਾ ਧਰਮ ਹੈ ਪ੍ਰਕਾਸ਼ ਦੇਣਾ। ਅਰਥ ਭਾਵ ਸਿਰਫ ਆਰਥਿਕਤਾ ਨਹੀਂ। ਪਦਾਰਥਕ ਪਹੁੰਚ ਵੀ ਅਰਥ ਹੈ। ਪਹੁੰਚ ਤੋਂ ਭਾਵ ਹੈ ਇੱਥੇ। ਸੂਕਸ਼ਮ ਭਾਵ, ਸਥੂਲ ਨਹੀਂ। ਕਾਮ ਦਾ ਭਾਵ ਵੀ ਕਾਮੁਕਤਾ ਨਹੀਂ ਹੈ। ਜਿਸ ਵਕਤ ਸਤਿਗੁਰੂ ਨਾਮਦੇਵ ਕਹਿੰਦੇ ਨੇ ਕਿ ਲੋਗ ਕੁਟੰਬ ਸਭੀ ਤੇ ਤੋਰੈ, ਤਾਂ ਉਹਨਾਂ ਦਾ ਭਾਵ ਕਾਮ ਤੋਂ ਮੁਕਤੀ ਹੀ ਹੈ। ਮੁਕਤੀ ਭਾਵ ਅਗਿਆਨ ਤੋਂ ਗਿਆਨ ਤੱਕ ਦਾ ਸਫਰ। ਇਸੇ ਕਰਕੇ ਪਹਿਲਾਂ ਸਾਰੇ ਸਫਰਾਂ ਬਾਰੇ ਗੁਰੂ ਨਾਨਕ ਦੇਵ ਜੀ ਪਹਿਲੀਆਂ ਪਾਉੜੀਆਂ ਵਿਚ ਬਹੁਤ ਕੁੱਝ ਸਿਧਾਂਤਕ ਕਹਿ ਆਏ ਹਨ। ਹੁਣ ਮੁਕਤੀ ਹੈ।  ਮੁਕਤੀ ਭਾਵ ਸਵੈ-ਪਹਿਚਾਣ। ਪਹਿਚਾਣ ਵੀ ਬਾਹਰੀ ਨਹੀਂ ਅੰਦਰੂਨੀ। ਜੋ ਪਿੰਡੇ ਹੈ, ਉਹੀ ਬ੍ਰਹਿਮੰਡੇ ਹੈ। ਇਸ ਅਹਿਸਾਸ ਨੂੰ ਪਾ ਲੈਣਾ। ਸਵੈ ਦੀ ਜਾਗਰੂਕਤਾ। ਜਾਗ ਗਿਆ। ਚਾਨਣ ਹੋ ਗਿਆ। ਅੰਤਰ ਕਿਤੇ ਚਾਨਣ ਹੋ ਗਿਆ। ਮੰਨ ਲਿਆ ਤਾਂ ਚਾਨਣ ਹੋ ਗਿਆ। ਅਸੀਂ ਪਹਿਲਾਂ ਵੀ ਵਿਚਾਰ ਕੀਤਾ ਸੀ ਕਿ ਜਿੱਥੇ ਹਜਰਤ ਸੁਲਤਾਨ ਬਾਹੂ ਮਹਿਕ ਕਹਿ ਰਹੇ ਨੇ, ਸਤਿਗੁਰ ਨਾਨਕ ਉਸਨੂੰ ਲੋਅ ਕਹਿ ਰਹੇ ਨੇ। ਇਹੀ ਜਾਗਣਾ ਹੈ। ਵਿਵੇਕ ਹੈ। ਵਿਵੇਕੀ ਬਨਣਾ ਹੈ। ਉਸਨੂੰ ਮੰਨਣਾ ਹੈ, ਤਾਂ ਪਾ ਲੈਣਾ ਹੈ। ਇਹ ਮੋਖੁ ਦਾ ਦੁਆਰ ਹੈ। ਮੁਕਤੀ ਦਾ ਰਾਹ ਹੈ। ਗਿਆਨ ਦਾ ਰਾਹ ਹੈ। 

ਦੂਸਰੀ ਸਤਰ ਬਹੁਤ ਅਹਿਮੀਅਤ ਵਾਲੀ ਹੈ। ਅਸੀਂ ਪਹਿਲੀ ਸਤਰ ਬਾਰੇ ਗੱਲ ਕਰਦਿਆਂ ਸਤਿਗੁਰੂ ਨਾਮਦੇਵ ਦੇ ਹਵਾਲੇ ਨਾਲ ਕੁਟੰਬ ਨਾਲੋਂ ਤੋੜਨ ਦੀ ਗੱਲ ਕੀਤੀ ਹੈ। ਗੁਰੂ ਲੋਕਾਂ ਦੇ ਅਨੁਭਵ ਜੋ ਨੇ, ਉਹਨਾਂ ਦੀ ਵਿਸ਼ਾਲਤਾ ਦਾ ਕੋਈ ਪਾਰਾਵਾਰ ਨਹੀਂ। ਪਰ ਇੱਥੇ ਗੁਰੂ ਨਾਨਕ ਦੇਵ ਜੀ ਵੀ ਕੁਟੰਬ ਵੱਲ ਇਸ਼ਾਰਾ ਕਰ ਰਹੇ ਨੇ। ਪਰਵਾਰੈ। ਨਾਮਦੇਵ ਸਾਹਿਬ ਜੀ ਦੇ ਹੀ ਹਵਾਲੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਕਿ ਉਹ ਜਦੋਂ ਕਹਿੰਦੇ ਨੇ ਕਿ ਉਹ ਕਿਹੜਾ ਬੇਢੀ ਹੈ, ਜਿਸਨੇ ਉਹਨਾਂ ਦੀ ਝੋਂਪੜੀ ਬਣਾਈ ਹੈ? ਤਾਂ ਸਵਾਲ ਦੇ ਜਵਾਬ ਵਿਚ ਹੀ ਇਸ਼ਾਰਾ ਹੈ ਕਿ ਜਿੱਥੇ ਵੀ ਸਾਧੂ ਲੋਕ, ਗੁਣੀ ਲੋਕ, ਗੁਰੂ ਲੋਕ ਜਾ ਕੇ ਬੈਠਣਗੇ, ਆਲਾ-ਦੁਆਲਾ ਖੁਦ-ਬ-ਖੁਦ ਹੀ ਸਵਰਗ ਹੋ ਜਾਵੇਗਾ। ਨਾਮਦੇਵ ਜਿੱਥੇ ਜਾ ਕੇ ਬੈਠਣਗੇ, ਝੋਂਪੜੀ ਜਾਗ੍ਰਤ ਹੋ ਜਾਵੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਜਾ ਕੇ ਬੈਠਣਗੇ, ਉਹ ਥਾਂ ਸੁਹਾਵੀ, ਜਾਗ੍ਰਤ ਹੋ ਜਾਵੇਗੀ। ਇੱਥੇ ਫਿਰ ਇੱਕ ਸਾਖੀ ਦਾ ਹਵਾਲਾ ਸਮਝਾਉਣ ਵਾਸਤੇ ਕਿ ਜੇਕਰ ਗੁਰੂ ਨਾਨਕ ਦੇਵ ਜੀ ਮੱਝੀਆਂ ਚਰਾਉਣ ਗਏ ਨੇ ਤਾਂ ਸੱਪ ਵੱਲੋਂ ਵੀ ਉਹਨਾਂ ਨੂੰ ਛਾਂ ਦੇਣੀ, ਮੈਟਾਫਰ ਹੈ। ਉਹਨਾਂ ਦੇ ਜਲੌਅ ਦਾ ਮੈਟਾਫਰ। ਇਹ ਵੱਡੇ ਲੋਕ, ਗੁਰੂ ਲੋਕ, ਏਨੀ ਹੀ ਸ਼ਕਤੀ ਦੇ ਮਾਲਕ ਹੁੰਦੇ ਨੇ। ਪਰਿਵਾਰ ਵੱਲ ਇਸ਼ਾਰਾ ਹੈ ਦੂਸਰੀ ਸਤਰ। ਮੰਨੈ, ਪਰਵਾਰੈ ਸਾਧਾਰ£ ਮੰਨ ਲਿਆ, ਉਸ ਲੈਅ 'ਚ ਆ ਗਏ, ਜਾਣ ਲਿਆ, ਗਾ ਲਿਆ, ਸੁਣ ਲਿਆ, ਉਹਦੀ ਕਿਰਪਾ ਹੋ ਗਈ ਤਾਂ ਖੁਦ ਦੇ ਨਾਲ ਹੀ ਆਲਾ-ਦੁਆਲਾ ਵੀ ਮਹਿਕ ਉੱਠੇਗਾ। ਇਹ ਨੇਕ ਕਮਾਈ ਦਾ ਅਸਰ ਹੈ। 

ਹੁਣ ਹੋਰ ਵਿਸਤਾਰ ਹੋ ਗਿਆ। ਥੌਟ ਦਾ ਵਿਸਤਾਰ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਇਹ ਖਾਸੀਅਤ ਹੈ ਕਿ ਇੱਕ ਨੁਕਤੇ ਤੋਂ ਸ਼ੁਰੂ ਹੋ ਕੇ ਬ੍ਰਹਿਮੰਡ ਤੱਕ ਫੈਲ ਜਾਂਦੀ ਹੈ। ਤੀਜੀ ਸਤਰ 'ਚ ਫੈਲਾਅ ਹੈ। ਵਿਚਾਰ ਨੇ ਪਕੜ ਬਣਾਈ ਤੇ ਹੁਣ ਉਸੇ ਦੇ ਸਿਰ 'ਤੇ ਫੈਲ ਰਿਹਾ ਹੈ। ਮੰਨੈ, ਤਰੈ ਤਾਰੇ ਗੁਰੁ ਸਿਖ£ ਤਰੈ, ਮੁਕਤੀ ਦਾ ਹੀ ਵਿਸਤਾਰ ਹੈ। ਤਰੈ, ਮੁਕਤ ਹੋ ਗਿਆ। ਇੱਕ ਹੈ, ਤਰੈ। ਫਿਰ ਬਹੁਤ ਸਾਰੇ ਹੋ ਗਏ। ਅਣਗਿਣਤ। ਜੋ ਵੀ ਗੁਰੂ ਦੇ ਚਰਨ 'ਚ ਹੈ, ਉਹੀ ਤਰ ਗਿਆ। ਇੱਕ ਦੇ ਜਲੌਅ ਨਾਲ ਹੀ ਤਰ ਗਿਆ। ਉਹਦਾ ਹੀ ਪ੍ਰਭਾਵ ਏਨਾ ਕਿ ਦੂਰ-ਨੇੜਲੇ ਸੱਭ 'ਤੇ ਅਸਰ ਹੈ। ਉਹ ਵੀ ਨਾਲ ਹੀ ਤਰ ਗਏ। ਨਾਨਕ ਤੇ ਮੁੱਖ ਉੱਜਲੇ। ਸੱਭ ਦੇ ਚਿਹਰਿਆਂ 'ਤੇ ਨੂਰ ਹੈ, ਤੇਜ ਹੈ, ਤਪ ਦਾ ਪ੍ਰਭਾਵ ਹੈ। ਸੱਭ ਹੀ ਤਾਰ ਦਿੱਤੇ। ਆਪ ਮੁਕਤ, ਹੋਰ ਮੁਕਤ ਕਰਾਏ। ਇਹੀ ਗੁਰਸਿੱਖ ਦੀ ਪ੍ਰਾਪਤੀ ਹੈ। ਉਹ ਜਦੋਂ ਜਾਗ੍ਰਤ ਹੁੰਦਾ ਹੈ ਤਾਂ ਉਸਦੇ ਤੇਜ ਦੇ ਪ੍ਰਭਾਵ ਨਾਲ ਹੋਰ ਪਤਾ ਨਹੀਂ ਕਿੰਨੇ ਲੋਕ ਜਾਗ੍ਰਤ ਹੋ ਉੱਠਦੇ ਨੇ। ਇਸ ਅਵਸਥਾ ਦੀ ਸੋਝੀ ਵੀ ਕਿਸੇ ਵਿਰਲੇ ਨੂੰ ਹੀ ਆਉਂਦੀ ਹੈ। ਇਹ ਜੋ ਘਟਿਤ ਹੋਇਆ ਹੈ, ਇਸਦੀ ਖਬਰ ਵੀ ਵਿਰਲੇ ਨੂੰ ਹੀ ਹੋ ਸਕਦੀ ਹੈ। ਇਸ ਬਾਰੇ ਵੀ ਉਹੀ ਦੱਸ ਸਕਦਾ ਹੈ। ਇਸ ਬਾਰੇ ਗੁਰੂ ਨਾਨਕ ਦੇਵ ਜੀ ਦੱਸ ਸਕਦੇ ਨੇ, ਕਬੀਰ ਦੱਸ ਸਕਦੇ ਨੇ, ਉਹ ਵੀ ਇੱਕ ਨੂਰ ਦਾ ਇਸ਼ਾਰਾ ਕਰਦੇ ਨੇ। ਪਲਟੂ ਦੱਸ ਸਕਦੇ ਨੇ, ਜਦੋਂ ਨਿਕਸੇ ਇੱਕ ਆਵਾਜ਼ ਚਿਰਾਗ ਕੀ ਜੋਤੀ ਮਾਹੇ, ਕਹਿੰਦੇ ਨੇ। ਉਸ ਸੂਖਮ ਆਵਾਜ਼ ਨੂੰ ਪਲਟੂ ਸੁਣ ਸਕਦੇ ਨੇ। ਚਿਰਾਗ ਦੀ ਜੋਤੀ 'ਚੋਂ ਨਿਕਲ ਰਹੀ ਰੂਹਾਨੀ ਆਵਾਜ਼ ਨੂੰ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਕਹਿ ਰਹੇ ਕਿ

ਮੰਨੈ ਤਰੈ ਤਾਰੇ ਗੁਰੁ ਸਿਖ।। 

ਹੁਣ ਮੁਕਤੀ ਦਾ ਵਿਸਤਾਰ ਹੈ। ਪਹਿਲਾਂ ਵਿਚਾਰ ਦਾ ਵਿਸਤਾਰ ਸੀ। ਹੁਣ ਮੁਕਤੀ ਦਾ ਹੀ ਵਿਸਤਾਰ ਹੈ। ਮੰਨੈ, ਨਾਨਕ ਭਵਹਿ ਨ ਭਿਖ।। ਆਵਾਗਵਣ ਨਹੀਂ ਹੈ। ਅਗਿਆਨ ਤੋਂ ਛੁਟਕਾਰਾ ਹੈ। ਪਹਿਲਾਂ ਅਗਿਆਨ ਹੈ ਤਾਂ ਆਵਾਗਵਣ ਹੈ। ਆਉਂਦਕ ਜਾਂਦਕ ਲੱਗੀ ਹੋਈ ਹੈ। ਭਟਕਣ ਹੈ। ਹੁਣ ਪ੍ਰਕਾਸ਼ ਹੋਇਆ ਹੈ ਤਾਂ ਸਹਿਜਤਾ ਹੈ। ਗੁਰੂ ਰਵਿਦਾਸ ਜੀ ਸਹਿਜਤਾ 'ਚੋਂ ਰਜਾ ਦੇਖਦੇ ਨੇ। ਸਹਿਜੇ ਹੋਇ ਸੋ ਹੋਇ। ਜੋ ਉਸਦੀ ਰਜਾ 'ਚ ਹੋ ਰਿਹਾ ਹੈ, ਸਹਿਜਤਾ 'ਚ ਹੋ ਰਿਹਾ ਹੈ, ਉਹੀ ਹੈ। ਗੁਰੂ ਨਾਨਕ ਜਿਸਨੂੰ ਹੁਕਮ ਕਹਿ ਰਹੇ ਨੇ। ਜਪੁਜੀ ਸਾਹਿਬ ਦੀ ਬਾਣੀ 'ਚ ਹੀ ਹੁਕਮ ਦੇ ਹਵਾਲੇ ਨੇ। ਗੁਰੂ ਰਵਿਦਾਸ ਉਸਨੂੰ ਸਹਿਜ ਕਹਿ ਰਹੇ ਨੇ। ਮੰਨੈ, ਨਾਨਕ ਭਵਹਿ ਨ ਭਿਖ।। ਭਵਹਿ, ਆਵਾਗਵਨ ਹੈ। ਭਿਖ, ਪਰਾਇਆ ਬਾਰੁ ਹੈ। ਭਿਖ, ਨੂੰ ਸਮਝਣ ਲਈ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਹੀ ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਕੋਲ ਜਾਣਾ ਪਵੇਗਾ। ਫਰੀਦਾ ਬਾਰ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ।। ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ। ਬਹੁਤ ਵੱਡੀ ਗੱਲ ਹੈ, ਵਿਚਾਰ ਹੈ। ਪਰਾਏ ਦੁਆਰ ਦੀ ਮੁਥਾਜੀ ਨਹੀਂ ਚਾਹੀਦੀ। ਹੇ ਪਰਮਾਤਮਾ ਇਹਦੇ ਨਾਲੋਂ ਜਾਨ ਕੱਢ ਲੈ। ਬਹੁਤ ਮੁਸ਼ਕਿਲ ਹੈ ਇਹ। ਮੇਰੇ ਵੱਸ ਦੀ ਗੱਲ ਨਹੀਂ। ਮਰਨਾ ਮਨਜ਼ੂਰ ਹੈ। ਇਹ ਅਹਿਸਾਸ ਹੈ। ਇਸੇ ਅਹਿਸਾਸ ਨੂੰ ਗੁਰੂ ਨਾਨਕ ਦੇਵ ਜੀ ਭਿਖੁ ਕਹਿ ਰਹੇ ਨੇ। ਭਿਖੁ ਤੋਂ ਮੁਕਤੀ ਹੋ ਜਾਂਦੀ ਹੈ। ਪਰਾਏ ਦੁਆਰ ਉੱਤੇ ਵਾਰ-ਵਾਰ ਭਟਕਣ ਨਹੀਂ ਹੈ। ਇਹ ਬਹੁਤ ਹੀ ਸੂਕਸ਼ਮ ਅਹਿਸਾਸ ਨੇ। ਇਹਨਾਂ ਤੱਕ ਰਸਾਈ ਜ਼ਰੂਰੀ ਬਹੁਤ ਹੈ, ਪਰ ਮੁਸ਼ਕਿਲ ਹੈ। ਫਿਰ ਜੇਕਰ ਕਿਰਪਾ ਹੋ ਗਈ ਤਾਂ ਮੋਖੁ ਦੁਆਰ ਹੈ। ਭਟਕਣ ਤੋਂ ਛੁਟਕਾਰਾ ਹੈ। ਆਪ ਤਰਦਾ ਹੈ ਤੇ ਦੂਸਰਿਆਂ ਨੂੰ ਵੀ ਤਾਰ ਦਿੰਦਾ ਹੈ। 

ਐਸਾ ਨਾਮੁ ਨਿਰੰਜਨੁ ਹੋਇ।। ਜੇ ਕੋ ਮੰਨਿ ਜਾਣੈ ਮਨਿ ਕੋਇ ।। ੧੫।। ਉਸ ਕੁਦਰਤ ਦੀ ਅੰਤਰ-ਆਤਮਾ ਦੀ ਝਲਕ ਹੈ। ਉਹ ਜੋ ਇੱਕੋ ਸੱਚ ਹੈ। ਉਹ ਜੋ ਜੁਗਾਂ ਤੋਂ, ਜੁਗਾਤਰਾਂ ਤੋਂ ਸੱਚ ਹੈ। ਉਹੀ ਨਾਮ। ਉਹੀ ਜੋ ਨਿਰਵੈਰ ਹੈ। ਨਿਰਭਉ ਹੈ। ਅਕਾਲ ਹੈ। ਅਜੂਨੀ ਹੈ। ਕਾਲ ਰਹਿਤ ਹੈ। ਜੂਨ 'ਚ ਨਹੀਂ ਪੈਂਦਾ। ਆਪੇ ਉਗਮਦਾ ਹੈ, ਵਿਗਸਦਾ ਹੈ, ਆਪੇ 'ਚ ਹੀ ਵੀਲੀਨ ਹੋ ਜਾਂਦਾ ਹੈ। ਉਹੀ ਨਿਰੰਜਨ , ਉਹੀ ਬੇਦਾਗ਼, ਉਹੀ ਜੋ ਨਿਰਗੁਣ ਵੀ ਹੈ ਤੇ ਸਰਗੁਣ ਵੀ। ਉਹੀ ਜੋ ਲੋਅ ਹੈ। ਉਸੇ ਨਿਰੰਜਨ ਦਾ ਜਦੋਂ ਗਿਆਨ ਹੋ ਗਿਆ, ਜਦੋਂ ਮੰਨ ਲਿਆ ਉਸਨੂੰ। ਸਮਝ ਲਿਆ। ਜਾਣ ਲਿਆ। ਉਸੇ ਨਿਰੰਜਨ ਦੀ ਕਿਰਪਾ ਹੋ ਗਈ। ਸਹਿਜ ਹੋ ਗਏ। ਗਿਆਨ ਕਾਰਣੈ ਕਰਮ ਅਭਿਆਸ। ਕਰਮ ਜੋ ਹੈ, ਉਹ ਗਿਆਨ ਦੀ ਪ੍ਰਾਪਤੀ ਲਈ ਹੈ। ਗਿਆਨ ਹੋ ਗਿਆ, ਤਾਂ ਭਟਕਣ ਖਤਮ। ਇਹ ਉਸੇ ਨਿਰੰਜਨ ਦੀ ਕਿਰਪਾ ਹੈ। ਇਹ ਕੁੱਝ ਪਾਉੜੀਆਂ ਨਿਰੰਜਨ ਦੇ ਸਿਧਾਂਤ ਨੂੰ ਸਮਝਾਉਂਦੀਆਂ ਨੇ। ਉਸੇ ਨੂੰ ਮੰਨਣ, ਉਸੇ 'ਚ ਵੀਲੀਨ ਹੋਣ ਦੀ ਅਵਸਥਾ ਨੂੰ, ਅਹਿਸਾਸ ਨੂੰ ਜਾਗਉਂਦੀਆਂ ਨੇ। ਗੁਰੂ ਨਾਨਕ ਦੇਵ ਜੀ ਨੇ ਮਨੁੱਖ ਉੱਤੇ ਏਨੀ ਵਿਸ਼ਾਲ ਕਿਰਪਾ ਕੀਤੀ ਹੈ ਬਾਣੀ ਰਾਹੀਂ ਕਿ ਉਹਨਾਂ ਨੂੰ ਅਸੀਂ ਆਪ ਮੁਹਾਰੇ ਨਮਨ ਕਰਦੇ ਹਾਂ। ਉਹਨਾਂ ਦੀ ਬਾਣੀ ਸੱਚ 'ਚ ਵੈਰਾਗ ਦੀ ਅਵਸਥਾ 'ਚ ਲੈ ਜਾਂਦੀ ਹੈ। ਉਹ ਅੰਦਰੋਂ ਬਾਹਰੋਂ ਵੈਰਾਗੀ ਸਨ। ਮਨੁੱਖ ਨੂੰ ਤਾਰਨ ਆਏ। ਮਨੁੱਖ ਨੂੰ ਮੋਖੁ ਦਾ ਰਾਹ ਦਿਖਾਉਣ ਆਏ ਸਨ। ਦਿਖਾ ਗਏ। ਹੁਣ ਉਸ ਰਸਤੇ 'ਤੇ ਤੁਰਨਾ ਤਾਂ ਅਸੀਂ ਹੀ ਹੈ। ਉਹ ਜੇਕਰ ਕਿਰਪਾ ਕਰਨ ਤਾਂ ਮਨੁੱਖ ਭਟਕਣ ਤੋਂ ਬਚ ਜਾਵੇ। ਆਪਣੇ ਜੀਵਨ ਦੇ ਸਚਿਆਰ ਦੇ ਰਾਹ ਤੁਰ ਪਵੇ। 
ਦੇਸ ਰਾਜ ਕਾਲੀ

7986702493